September 9, 2024

Mitter Sain Meet

Novelist and Legal Consultant

ਸਥਾਪਤੀ ਵੱਲ ਦਾ ਸਫ਼ਰ- ਬਰਨਾਲੇ ਤੋਂ ਦਿੱਲੀ ਤੱਕ

  1. 29 ਅਪ੍ਰੈਲ 1990 ਨੂੰ ਤਫ਼ਤੀਸ਼ ਨਾਵਲ ਤੇ ਬਰਨਾਲੇ ਹੋਇਆ ਮਹਾਂਸੰਵਾਦ

          30/40 ਸਾਲ ਪਹਿਲਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਬਣੀਆਂ ਸਾਹਿਤ ਸਭਾਵਾਂ ਆਪਣੇ ਮੈਂਬਰਾਂ ਨੂੰ ਪਰਪੱਕ ਲੇਖਕ ਬਣਾਉਣ ਲਈ ਵਚਨਬੱਧ ਅਤੇ ਯਤਨਸ਼ੀਲ ਹੁੰਦੀਆਂ ਸਨ। ਸਭਾਵਾਂ ਵਿਚ ਲੇਖਕਾਂ ਦੀਆਂ ਲਿਖਤਾਂ ਤੇ ਉਸਾਰੂ ਬਹਿਸਾਂ ਹੁੰਦੀਆਂ ਸਨ। ਨਵੀਂ ਛਪੀ ਕਿਤਾਬ ਤੇ ਭਰਪੂਰ ਸੰਵਾਦ ਰਚਾਏ ਜਾਂਦੇ ਸਨ। ਕੇਂਦਰੀ ਲੇਖਕ ਸਭਾਵਾਂ ਵੀ ਸਾਹਿਤ ਦੀ ਪ੍ਰਫ਼ੁੱਲਤਾ ਲਈ ਵੱਡੇ ਭਰਾ ਵਾਲੀ ਭੂਮਿਕਾ ਨਿਭਾਉਂਦੀਆਂ ਸਨ। 90 ਦੇ ਦਹਾਕੇ ਵਿਚ ਜਦੋਂ ਕਿਸੇ ਸਥਾਨਕ ਲੇਖਕ ਸਭਾ ਨੇ ਕਿਸੇ ਪੁਸਤਕ ਤੇ ਸੰਵਾਦ ਰਚਾਉਣਾ ਹੁੰਦਾ ਤਾਂ ਉਸ ਸੰਵਾਦ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਭਰਪੂਰ ਸਹਿਯੋਗ ਦਿੰਦੀ। ਪੁਸਤਕ ਤੇ ਦੋ ਵਿਦਵਾਨਾਂ ਤੋਂ ਖੋਜ-ਪੱਤਰ ਲਿਖਵਾਉਣ ਅਤੇ ਉਨ੍ਹਾਂ ਵਿਦਵਾਨਾਂ ਦੇ ਸੰਵਾਦ ਵਿਚ ਹਾਜ਼ਰ ਹੋਣ ਅਤੇ ਉਨ੍ਹਾਂ ਦੇ ਮਿਹਨਤਾਨੇ ਦੇ ਖਰਚ ਦੀ ਜ਼ਿੰਮੇਵਾਰੀ ਕੇਂਦਰੀ ਸਭਾ ਨਿਭਾਉਂਦੀ। ਕੇਂਦਰੀ ਸਭਾ ਦਾ ਪ੍ਰਧਾਨ ਜਾਂ ਜਨਰਲ ਸਕੱਤਰ ਨਿੱਜੀ ਰੂਪ ਵਿਚ ਸਮਾਗਮ ਵਿਚ ਸ਼ਿਰਕਤ ਕਰਦਾ। ਉਨ੍ਹੀਂ ਦਿਨੀਂ ਪੁਸਤਕ ਦੇ ਲੇਖਕ, ਮੁੱਖ ਮਹਿਮਾਨ, ਪ੍ਰਧਾਨ ਜਾਂ ਪਰਚਾ ਲਿਖਣ ਵਾਲੇ ਵਿਦਵਾਨਾਂ ਦਾ ਸਨਮਾਨ ਕਰਨ ਦਾ ਰਿਵਾਜ਼ ਨਹੀਂ ਸੀ। ਅਲੋਚਕ ਆਪ ਮੁਹਾਰੇ ਸਮਾਗਮ ਵਿਚ ਸ਼ਾਮਲ ਹੋ ਜਾਂਦੇ ਸਨ। ਇਲਾਕੇ ਦੇ ਵੱਡੇ ਲੇਖਕ ਹੁੰਮ-ਹੁਮਾ ਕੇ ਸਮਾਗਮਾਂ ਵਿਚ ਹਾਜ਼ਰੀ ਲਵਾਉਂਦੇ ਸਨ। ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਜਾਂ ਬਹਿਸ ਵਿਚ ਹਿੱਸਾ ਲੈ ਕੇ ਫੋਟੋ ਖਿਚਾਉਣ ਦੀ ਲਾਲਸਾ ਵੀ ਨਹੀਂ ਸੀ ਹੁੰਦੀ। ਚਾਹ-ਪਾਣੀ ਅਤੇ ਖਾਣਾ ਕੇਵਲ ਭੁੱਖ ਮਿਟਾਉਣ ਲਈ ਵਰਤਦਾ ਸੀ। ਇਨ੍ਹਾਂ ਕਾਰਨਾਂ ਕਾਰਨ ਸਾਹਿਤਕ ਸਮਾਗਮ ਉਤਸਵ ਹੀ ਬਣ ਜਾਂਦੇ ਸਨ।

          1990 ਵਿਚ ਇੰਦਰ ਸਿੰਘ ਖਮੋਸ਼ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਜਨਰਲ ਸਕੱਤਰ ਸਨ। ਜਦੋਂ ਮੈਂ ਸਰਕਾਰੀ ਸਕੂਲ ਬਰਨਾਲੇ ਵਿਚ ਪੜ੍ਹਦਾ ਸੀ ਤਾਂ ਖਮੋਸ਼ ਸਾਹਿਬ ਉਸੇ ਸਕੂਲ ਵਿਚ ਅਧਿਆਪਕ ਹੁੰਦੇ ਸਨ। ਮੈਂ ਉਨ੍ਹਾਂ ਦਾ ਵਿਦਿਆਰਥੀ ਤਾਂ ਨਹੀਂ ਰਿਹਾ ਪਰ ਸਾਹਿਤਕ ਮੱਸ ਰੱਖਣ ਕਾਰਨ ਉਨ੍ਹਾਂ ਦੇ ਸੰਪਰਕ ਵਿਚ ਜ਼ਰੂਰ ਰਿਹਾ। ਬਾਅਦ ਵਿਚ ਲਗਾਤਾਰ ਉਨ੍ਹਾਂ ਤੋਂ ਸਾਹਿਤਕ ਅਗਵਾਈ ਲੈਂਦਾ ਰਿਹਾ। ਇਸ ਲਈ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਿਹਾ।

1986 ਵਿਚ ਰਾਮਪੁਰਾਫੂਲ ਤੋਂ ਬਦਲ ਕੇ ਮੈਂ ਜਗਰਾਓਂ ਆ ਗਿਆ। ਇੱਥੇ 4 ਸਾਲ ਸਾਹਿਤਕ ਸਰਗਰਮੀਆਂ ਵਿਚ ਤਨਦੇਹੀ ਨਾਲ ਹਿੱਸਾ ਲਿਆ। ਇਸ ਸਰਗਰਮੀ ਕਾਰਨ ਪੰਜਾਬ ਦੇ ਪ੍ਰਮੁੱਖ ਲੇਖਕਾਂ ਅਤੇ ਚਿੰਤਕਾਂ ਨਾਲ ਸੰਪਰਕ ਸਥਾਪਿਤ ਹੋ ਗਿਆ। ਜਗਰਾਓਂ ਦੇ ਲੇਖਕਾਂ ਨਾਲ ਵੀ ਗਹਿਰੇ ਸਬੰਧ ਬਣ ਗਏ।

ਤਫ਼ਤੀਸ਼ ਨਾਵਲ ਦੇ ਛਪਦਿਆਂ ਹੀ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਗਈ। ਹੁੰਦੀ ਚਰਚਾ ਨੂੰ ਧਿਆਨ ਵਿਚ ਰੱਖ ਕੇ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ, ਜਿਸ ਦਾ ਮੈਂ ਕਾਲਜ ਸਮੇਂ ਤੋਂ ਹੀ ਮੈਂਬਰ ਸੀ, ਤਫ਼ਤੀਸ਼ ਉੱਪਰ ਮਹਾਂਸੰਵਾਦ ਰਚਾਉਣ ਦਾ ਫ਼ੈਸਲਾ ਕਰ ਲਿਆ। ਵਿਦਵਾਨਾਂ ਨੂੰ ਨਾਵਲ ਬਾਰੇ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਕਾਮਰੇਡ ਸੁਰਜੀਤ ਗਿੱਲ ਨੇ ਅਤੇ ਲੇਖਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਰਾਮ ਸਰੂਪ ਅਣਖੀ ਹੁਰਾਂ ਨੇ ਲਈ। ਇੰਦਰ ਸਿੰਘ ਖਮੋਸ਼ ਹੁਰਾਂ ਨੇ ਕੇਂਦਰੀ ਸਭਾ ਨਾਲ ਸੰਪਰਕ ਸਾਧਿਆ ਅਤੇ ਹੋਰ ਪ੍ਰਬੰਧਕੀ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ। ਇਨ੍ਹਾਂ ਸਥਾਪਿਤ ਚਿੰਤਕਾਂ ਅਤੇ ਲੇਖਕਾਂ ਦੀ ਸਰਪ੍ਰਸਤੀ ਵਿਚ ਤਫ਼ਤੀਸ਼ ਤੇ ਹੋਈ ਗੋਸ਼ਟੀ ਇੱਕ ਮਹਾਂਸੰਵਾਦ ਵਿਚ ਬਦਲ ਗਈ। ਅਲੋਚਨਾ ਦੇ ਥੰਮ ਜਾਣੇ ਜਾਂਦੇ ਡਾ.ਜੋਗਿੰਦਰ ਸਿੰਘ ਰਾਹੀ, ਟੀ.ਆਰ. ਵਿਨੋਦ, ਨਿਰੰਜਨ ਤਸਨੀਮ ਦੇ ਨਾਲ-ਨਾਲ ਗੁਰਸ਼ਰਨ ਭਾਅ ਜੀ ਵੀ ਹੁੰਮ-ਹੁਮਾ ਕੇ ਸਮਾਗਮ ਵਿਚ ਸ਼ਾਮਲ ਹੋਏ।

ਨਾਵਲ ਤੇ ਹੋਏ ਇਸ ਮਹਾਂਸੰਵਾਦ ਕਾਰਨ ਨਾਵਲ ਦੀ ਚਰਚਾ ਡਾ.ਟੀ.ਆਰ. ਵਿਨੋਦ ਰਾਹੀਂ ਪੰਜਾਬੀ ਯੂਨੀਵਰਸਿਟੀ, ਡਾ.ਜੋਗਿੰਦਰ ਸਿੰਘ ਰਾਹੀ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ.ਰਘੂਬੀਰ ਸਿੰਘ ਰਾਹੀਂ ਪੰਜਾਬ ਯੂਨੀਵਰਸਿਟੀ ਦੀਆਂ ਹੱਦਾਂ ਵਿਚ ਪ੍ਰਵੇਸ਼ ਕਰ ਗਈ। ਇਸ ਸੰਵਾਦ ਨੇ ਤਫ਼ਤੀਸ਼ ਨਾਵਲ ਦੀਆਂ ਪੰਜਾਬੀ ਸਾਹਿਤ ਵਿਚ ਜੜ੍ਹਾਂ ਲਾ ਦਿੱਤੀਆਂ। ਇਹੋ ਸਾਹਿਤਕ ਗੋਸ਼ਟੀਆਂ ਦਾ ਮੁੱਖ ਉਦੇਸ਼ ਹੁੰਦਾ ਹੈ।

ਇਹ ਇਸੇ ਸੰਵਾਦ ਦਾ ਸਿੱਟਾ ਸੀ ਕਿ 30 ਸਾਲ ਲੰਘ ਜਾਣ ਬਾਅਦ ਵੀ ਤਫ਼ਤੀਸ਼ ਨਾਵਲ ਦੀ ਚਮਕ ਮੱਧਮ ਨਹੀਂ ਪਈ। ਬਹੁਤੇ ਵਿਸਥਾਰ ਵਿਚ ਨਾ ਜਾਂਦੇ ਹੋਏ ਇਸ ਸਮਾਗਮ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਤਫਤੀਸ਼ ਤੇ ਹੋਈ ਵਿਚਾਰ ਚਰਚਾ ਦੀ ਆਡੀਓ ਰਿਕਾਰਡਿੰਗ

2. 14 ਮਈ 1994 ਵਿਚ ਨਾਵਲ ਕਟਹਿਰਾ ਤੇ ਬਰਨਾਲੇ ਹੋਇਆ ਗੰਭੀਰ ਸੰਵਾਦ

1994 ਵਿਚ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਇੱਕ ਵਾਰ ਫੇਰ ਇਤਿਹਾਸ ਦੁਹਰਾਇਆ। ਕਟਹਿਰਾ ਨਾਵਲ ਦੇ ਪ੍ਰਕਾਸ਼ਿਤ ਹੁੰਦਿਆਂ ਹੀ ਇੱਕ ਵਾਰ ਫੇਰ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਸ ਨਾਵਲ ਤੇ ਵੀ ਗੰਭੀਰ ਸੰਵਾਦ ਰਚਾਇਆ। ਅਜੀਤ ਅਖ਼ਬਾਰ ਸਮੂਹ ਦੀ ਪ੍ਰਮੁੱਖ ਹਸਤੀ ਬੀਬੀ ਪਰਕਾਸ਼ ਕੌਰ ਦੇ —– ਨੇ ਇਸ ਗੋਸ਼ਟੀ ਲਈ ਹਰ ਪੱਖੋਂ ਭਰਪੂਰ ਸਹਿਯੋਗ ਦਿੱਤਾ। ਇਸ ਸਮਾਗਮ ਵਿਚ ਨਾਵਲ ਤੇ ਪਰਚੇ ਪ੍ਰੋ.ਸ.ਸ. ਦੁਸਾਂਝ, ਅਮਰਜੀਤ ਗਰੇਵਾਲ ਵੱਲੋਂ ਪੜ੍ਹੇ ਗਏ। ਪੜ੍ਹੇ ਗਏ ਪਰਚਿਆਂ ਨੂੰ ਪੰਜਾਬੀ ਸਾਹਿਤ ਸਭਾ ਵੱਲਿੋਂ ਇੱਕ ਕਿਤਾਬਚੇ ਵਿਚ ਪ੍ਰਕਾਸ਼ਿਤ ਕਰਕੇ ਸਮਾਗਮ ਵਿਚ ਹਾਜ਼ਰ ਵਿਅਕਤੀਆਂ ਨੂੰ ਵੰਡੇ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ.ਸੁਖਦੇਵ ਸਿੰਘ ਖਾਹਰਾ ਨੇ ਉਚੇਚ ਤੌਰ ਤੇ ਇਸ ਸਮਾਗਮ ਵਿਚ ਹਾਜ਼ਰੀ ਲਗਵਾਈ। ਸਮਾਗਮ ਵਿਚ ਪੜ੍ਹੇ ਗਏ ਪਰਚਿਆਂ ਨੇ ਬਾਅਦ ਵਿਚ ਪ੍ਰੋ.ਸੁਖਦੇਵ ਸਿੰਘ ਖਾਹਰਾ ਵੱਲੋਂ ਸੰਵਾਦ ਕੀਤੀ ਪੁਸਤਕ ‘ਨਾਵਲਕਾਰ ਮਿੱਤਰ ਸੈਨ ਮੀਤ’ ਦੀ ਨੀਂਹ ਰੱਖੀ। ਇਸ ਸਮਾਗਮ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

.