ਸੰਮੇਲਨਾਂ ਦੀ ਸਫ਼ਲਤਾ ਤ ਪ੍ਰਬੰਧਕ ਡਾਢੇ ਖੁਸ਼ ਸਨ। ਉਨ੍ਹਾਂ ਦੇ ਮਨਾਂ ਵਿਚ ਪੰਜਾਬੀ ਦੇ ਵਿਕਾਸ ਦੀ ਆਸ ਦੇ ਬੀਜ ਬੀਜੇ ਜਾ ਚੁੱਕੇ ਸਨ। ਪ੍ਰਬੰਧਕ ਚਾਹੁੰਦੇ ਸਨ ਕਿ ਆਮ ਕਾਨਫ਼ਰੰਸਾਂ ਵਾਂਗ ਇਸ ਕਾਨਫ਼ਰੰਸ ਦਾ ਵੀ ਵੈਨਕੂਵਰ ਦੇ ਹਵਾਈ ਅੱਡੇ ਤੇ ਹੀ ਭੋਗ ਨਾ ਪੈ ਜਾਵੇ। ਅਸੀਂ ਪੰਜਾਬ ਜਾ ਕੇ ਪੰਜਾਬੀ ਦੇ ਵਿਕਾਸ ਲਈ ਵਿੱਢੇ ਸੰਘਰਸ਼ ਨੂੰ ਹੋਰ ਤੇਜ਼ ਕਰੀਏ। ਸਾਨੂੰ ਵੀ ਡਰ ਸੀ ਕਿ ਸਾਨੂੰ ਜਹਾਜ਼ ਚੜ੍ਹਾ ਕੇ ਪ੍ਰਬੰਧਕ ਵੀ ਕਿਧਰੇ ਆਪਣੇ ਕਾਰੋਬਾਰਾਂ ਵਿਚ ਨਾ ਉਲਝ ਜਾਣ।
ਅੱਧੀ ਸਦੀ ਪਹਿਲਾਂ ਵੈਨਕੂਵਰ ਦੀ ਧਰਤੀ ਤੋਂ ਗ਼ਦਰੀ ਬਾਬਿਆਂ ਨੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਵਿੱਢਿਆ ਸੀ। ਉਸੇ ਧਰਤੀ ਤੋਂ ਹੁਣ ਮਾਂ ਬੋਲੀ ਪੰਜਾਬੀ ਦੇ ਵੱਡੇ ਧੀਆਂ-ਪੁੱਤਾਂ ਨੇ ਪੰਜਾਬੀ ਦੇ ਸਰਕਾਰੇ-ਦਰਬਾਰੇ ਖੁੱਸੇ ਸਤਿਕਾਰ ਨੂੰ ਮੁੜ ਬਹਾਲ ਕਰਨ ਲਈ ਬੀੜਾ ਚੁੱਕ ਲਿਆ ਸੀ। ਦੋਹਾਂ ਧਿਰਾਂ ਦੀ ਇੱਛਾ ਸੀ ਕਿ ਨਵਾਂ ਸ਼ੁਰੂ ਹੋਇਆ ਇਹ ਸੰਘਰਸ਼ ਆਪਣੇ ਉਦੇਸ਼ ਦੀ ਪ੍ਰਾਪਤੀ ਤੱਕ ਜਾਰੀ ਰਹੇ।
ਗਰਚਾ ਸਾਹਿਬ ਵਿਦੇਸ਼ ਜਾ ਚੁੱਕੇ ਸਨ। ਬਾਕੀ ਚਾਰੋਂ ਪ੍ਰਬੰਧਕ (ਮੋਤਾ ਸਿੰਘ ਝੀਤਾ, ਕੁਲਦੀਪ ਸਿੰਘ, ਸਤਨਾਮ ਸਿੰਘ ਜੌਹਲ ਅਤੇ ਦਵਿੰਦਰ ਸਿੰਘ ਘਟੌੜਾ), ਮੈਂ ਅਤੇ ਮਹਿੰਦਰ ਸਿੰਘ ਸੇਖੋਂ ਸੰਮੇਲਨ ਦੀਆਂ ਪ੍ਰਾਪਤੀਆਂ, ਘਾਟਾਂ ਅਤੇ ਅਗਲੀਆਂ ਯੋਜਨਾਵਾਂ ਉਲੀਕਣ ਦੇ ਉਦੇਸ਼ ਨਾਲ, ਆਪਣੀ ਘਰ ਵਾਸਪੀ ਤੋਂ ਇੱਕ ਦਿਨ ਪਹਿਲਾਂ, 01 ਜੁਲਾਈ ਨੂੰ ਘਟੌੜਾ ਸਾਹਿਬ ਦੇ ਘਰ ਇਕੱਠੇ ਹੋ ਗਏ।
ਇਸ ਇਕੱਤਰਤਾ ਵਿਚ ਵਿਚਾਰਾਂ ਦੇ ਹੋਏ ਸਮੁੰਦਰ ਮੰਥਨ ਵਿਚੋਂ ਕਈ ਅਨਮੋਲ ਰਤਨ ਹੱਥ ਲੱਗੇ। ਉਨ੍ਹਾਂ ਵਿਚੋਂ ਇੱਕ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦੀ ਸਥਾਪਨਾ ਹੈ। ਘਟੌੜਾ ਸਾਹਿਬ ਦੀ ਪਤਨੀ (ਸਰਬਜੀਤ ਕੌਰ) ਨੇ ਆਪਣੀ ਪ੍ਰਾਹੁਣਚਾਰੀ ਦੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ।
ਹਿਸਾਬ ਦਾ ਲੇਖਾ ਜੋਖਾ – (ਪ੍ਰੰਬਧਕਾਂ ਦੀ ਦਰਿਆ ਦਿਲੀ)
ਮੇਰੀ ਪਤਨੀ ਦਾ ਮੇਰੇ ਨਾਲ ਕੈਨੇਡਾ ਜਾਣਾ ਸੁਭਾਵਕ ਸੀ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ। ਉਹ ਉਨਾਂ ਦੀ ਸਪੋਂਸਰਸ਼ਿਪ ਵੀ ਭੇਜ ਦੇਣ। ਨਾਲ ਹੀ ਸਪਸ਼ਟ ਕੀਤਾ ਕਿ ਮੇਰੀ ਪਤਨੀ ਦਾ ਉਨਾਂ ਤੇ ਇਕ ਪੈਸੇ ਦਾ ਵੀ ਆਰਥਿਕ ਬੋਝ ਨਹੀਂ ਪਵੇਗਾ।
ਵੈਨਕੁਵਰ ਤੋਂ ਕੈਲਗਰੀ, ਕੂਲਗਰੀ ਤੋਂ ਵਿਨੀਪੈਗ ਅਤੇ ਵਿਨੀਪੈਗ ਤੋਂ ਵੈਨਕੁਵਰ ਦਾ ਸਫਰ ਅਸੀਂ ਜ਼ਹਾਜ ਰਾਹੀਂ ਕੀਤਾ। ਸਾਡਾ ਅਟੈਚੀ ਕੇਸ ਵੱਡਾ ਸੀ। ਹਰ ਫ਼ਲਾਈਟ ਤੇ ਉਸ ਤੇ 75 ਡਾਲਰ ਵੱਧ ਖਰਚ ਹੁੰਦੇ ਸਨ। ਇੰਝ ਵਾਧੂ ਖਰਚਾ ਹਜ਼ਾਰ ਡਾਲਰ ਦੇ ਕਰੀਬ ਹੋਇਆ ਹੋਵੇਗਾ।
ਵਾਪਸੀ ਤੋਂ ਇਕ ਦਿਨ ਪਹਿਲਾਂ ਮੈਂ ਪ੍ਰਬੰਧਕਾਂ ਨੂੰ ਆਪਣਾ ਵਾਧਾ ਯਾਦ ਕਰਵਾ ਕੇ ਉਨਾਂ ਨੂੰ ਇਨਾਂ ਉਡਾਨਾਂ ਤੇ ਹੋਇਆ ਖਰਚ ਮੈਥੋਂ ਲੈ ਲੈਣ ਦੀ ਬੇਨਤੀ ਕੀਤੀ।
“ਤੁਸੀਂ ਸਾਡੇ ਮਹਿਮਾਨ ਹੋ। ਨਾਲ ਭੈਣ ਜੀ ਵੀ। ਸਾਨੂੰ ਅਜਿਹੀਆਂ ਗੱਲਾਂ ਕਰਕੇ ਸ਼ਰਮਿਦਾ ਨਾ ਕਰੋ।”
ਮੈਂ ਬਥੇਰੀ ਜਿੱਦ ਕੀਤੀ। ਪਰ ਦਰਿਆ ਦਿਲੀ ਦਾ ਸਬੂਤ ਦਿੰਦੇ ਪ੍ਰੰਬਧਕਾਂ ਨੇ ਮੇਰੀ ਇਕ ਨਾ ਸੁਣੀ।
More Stories
ਕਨੇਡਾ ਫੇਰੀ-2018
ਆਖਰੀ ਹਫ਼ਤਾ: ਕਾਮੇ ਕਿਰਤੀਆਂ ਨਾਲ
ਦੋ ਦੁਖਦਾਈ ਯਾਦਗਾਰੀ ਵਰਤਾਰੇ