ਚਾਅ ਚਾਅ ਵਿਚ ਮੈਂ ਕੈਨੇਡਾ ਘੁੰਮਣ ਦਾ ਪ੍ਰੋਗ੍ਰਾਮ ਪੂਰੇ ਇੱਕ ਮਹੀਨੇ ਦਾ ਬਣਾ ਲਿਆ। ਪ੍ਰਬੰਧਕਾਂ ਦੀਆਂ ਯੋਜਨਾਵਾਂ ਤੋਂ ਪੂਰੇ ਅੱਠ ਦਿਨ ਵੱਧ। ਸਾਡੇ ਮੇਜ਼ਬਾਨ ਕਿਰਪਾਲ ਸਿੰਘ ਗਰਚਾ ਸਾਹਿਬ ਨੇ ਪਹਿਲਾਂ ਹੀ ਵਿਦੇਸ਼ ਘੁੰਮਣ ਦਾ ਪ੍ਰੋਗ੍ਰਾਮ ਬਣਾਇਆ ਹੋਇਆ ਸੀ। ਸਾਡੇ ਵਿਨੀਪੈਗ ਤੋਂ ਵਾਪਸ ਆਉਣ ਤੱਕ ਉਨ੍ਹਾਂ ਨੇ ਆਪਣੇ ਟੂਰ ਲਈ ਨਿਕਲ ਜਾਣਾ ਸੀ। ਹੋਟਲ ਅਤੇ ਟੈਕਸੀਆਂ ਦੇ ਖਰਚੇ ਸਾਥੋਂ ਝੱਲ ਨਹੀਂ ਸੀ ਹੋਣੇ। ਇਸ ਔਖੇ ਸਮੇਂ ਸੇਖੋਂ ਸਾਹਿਬ ਦੇ ਭਾਣਜਿਆਂ ਸੁਰਜੀਤ ਸਿੰਘ ਗਿੱਲ (ਗਾਲਿਬ) ਅਤੇ ਹਰਦੀਪ ਸਿੰਘ ਗਿੱਲ ਨੇ ਸਾਡੀ ਬਾਂਹ ਫੜੀ।
ਕੁੱਬੇ ਦੇ ਜਿਵੇਂ ਪਿੱਠ ‘ਚ ਵੱਜੀ ਲੱਤ ਰਾਸ ਆ ਗਈ। ਭਾਣਜਿਆਂ ਦੇ ਨਾਲ-ਨਾਲ ਸਾਨੂੰ ਸੇਖੋਂ ਸਾਹਿਬ ਦੇ ਹੋਰ ਰਿਸ਼ਤੇਦਾਰਾਂ ਦੇ ਘਰੀਂ ਜਾਣ ਦਾ ਮੌਕਾ ਮਿਲਿਆ। ਇਨ੍ਹਾਂ ਵਿਚੋਂ ਬਹੁਤੇ ਕਿਰਤੀਆਂ ਤੋਂ ਕਰੋੜਪਤੀ ਬਣੇ ਸਨ। ਇੰਝ ਇਹ ਹਫ਼ਤਾ ਕਾਮੇ ਕਿਰਤੀਆਂ ਨਾਲ ਵਿਚਰਣ ਅਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦੇ ਅਧਿਐਨ ਨੂੰ ਸਮਰਪਿਤ ਹੋ ਗਿਆ।
ਇਨ੍ਹਾਂ ਵਿਚੋਂ ਮੈਂ ਤਿੰਨ ਪੀੜ੍ਹੀਆਂ ਨਾਲ ਸਬੰਧਤ ਪੰਜ ਪਰਿਵਾਰਾਂ ਦਾ ਇੱਥੇ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ
ਪਹਿਲਾਂ ਚਾਲੀ/ਪੰਤਾਲੀ ਸਾਲ ਪਹਿਲਾਂ ਕੈਨੇਡਾ ਆਈ ਪਹਿਲੀ ਪੀੜ੍ਹੀ ਦੇ ਦੋ ਪ੍ਰਤੀਨਿਧ ਪਰਿਵਾਰ
(ੳ) ਗਾਲਿਬ ਪਰਿਵਾਰ
ਗ਼ਦਰੀ ਬਾਬਿਆਂ ਦੇ ਸਮੇਂ ਤੋਂ ਵਧੀਆ ਜ਼ਿੰਦਗੀ ਜਿਊਣ ਦੇ ਸੁਪਨੇ ਅੱਖਾਂ ਵਿਚ ਸਮੋਈ, ਪੰਜਾਬੀ ਕੈਨੇਡਾ ਦੀ ਧਰਤੀ ਤੇ ਪੈਰ ਧਰਦੇ ਆ ਰਹੇ ਹਨ। ਕੈਨੇਡਾ ਦੀ ਮਿੱਟੀ ਵੀ ਉਨ੍ਹਾਂ ਦੇ ਖੂਨ-ਪਸੀਨੇ ਦਾ ਰੱਜਵਾਂ ਮੁੱਲ ਪਾਉਂਦੀ ਹੈ ਅਤੇ ਝੋਲੀ ਡਾਲਰਾਂ ਨਾਲ ਭਰਦੀ ਰਹਿੰਦੀ ਹੈ।
ਕੈਨੇਡਾ ਵਿਚ ਸਭ ਤੋਂ ਔਖਾ ਕੰਮ ਜੰਗਲਾਂ ਵਿਚ ਪੌਦੇ ਲਾਉਣ ਦਾ ਮੰਨਿਆ ਜਾਂਦਾ ਹੈ।
ਪਹਿਲਾਂ ਗੱਲ ਕਰਦੇ ਹਾਂ, 40 ਸਾਲ ਪਹਿਲਾਂ (1979 ਵਿਚ), ਇਸੇ ਕੰਮ ਤੋਂ ਕੈਨੇਡਾ ਵਿਚ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੇ ਸੁਰਜੀਤ ਸਿੰਘ ਗਾਲਿਬ ਦੀ। ਉਹ ਸਾਬਕਾ ਫ਼ੌਜੀ ਹਨ। ਫ਼ੌਜ ਵਿਚ ਇੰਜੀਨੀਅਰਿੰਗ ਵਿਭਾਗ ਵਿਚ ਤਾਇਨਾਤ ਸਨ। ਫ਼ੌਜ ਦੇ ਆਪਣੇ ਤਜਰਬੇ ਦਾ ਲਾਭ ਉਠਾਉਂਦੇ ਹੋਏ, ਖੂਨ-ਪਸੀਨੇ ਦੀ ਕਮਾਈ ਵਿਚੋਂ ਬਚਾਈ ਰਕਮ ਨਾਲ ਪਹਿਲਾਂ ਉਨ੍ਹਾਂ ਨੇ ਜ਼ਮੀਨ ਖੋਦਣ ਵਾਲੀ ਇੱਕ ਪੁਰਾਣੀ ਮਸ਼ੀਨ ਖਰੀਦੀ। ਹੌਲੀ-ਹੌਲੀ ਪੁਰਾਣੀਆਂ ਕੋਠੀਆਂ ਢਾਹੁਣ ਦਾ ਕੰਮ ਵੀ ਸ਼ੁਰੂ ਕਰ ਲਿਆ। ਕਾਰੋਬਾਰ ਹੋਰ ਵਧਣ ਲੱਗਿਆ। 12 ਕੁ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਚਚੇਰੇ ਭਰਾ ਹਰਦੀਪ ਸਿੰਘ ਗਿੱਲ ਨੂੰ ਵੀ ਕੈਨੇਡਾ ਬੁਲਾ ਲਿਆ। ਦੋਹਾਂ ਨੇ ਰਲ ਕੇ ਕੰਮ ਹੋਰ ਵਧਾ ਲਿਆ। ਅੱਜ ਉਨ੍ਹਾਂ ਦੀ ਕੰਪਨੀ ਵਿਚ 100 ਦੇ ਲਗਭਗ ਵਰਕਰ ਕੰਮ ਕਰਦੇ ਹਨ। ਸਾਰੇ ਪੰਜਾਬੀ ਖ਼ੁਦ ਉਨ੍ਹਾਂ ਵੱਲੋਂ, ਬਿਨ੍ਹਾਂ ਕਿਸੇ ਲੁੱਟ-ਖਸੁੱਟ ਦੇ, ਪੰਜਾਬੋਂ ਬੁਲਾਏ ਹੋਏ ਹਨ। ਹੁਣ ਕੰਪਨੀ ਵਿਚ ਬੀਸੀਆਂ ਨਵੀਆਂ ਆਧੁਨਿਕ ਮਸ਼ੀਨਾਂ ਹਨ। ਆਪਣੇ ਰਹਿਣ ਲਈ ਆਲੀਸ਼ਾਨ ਕੋਠੀ ਅਤੇ ਵਰਕਰਾਂ ਲਈ ਅਪਾਰਟਮੈਂਟ ਹਨ। ਖੱਬੀ ਸੋਚ ਦੇ ਧਾਰਨੀ ਹੋਣ ਕਾਰਨ ਆਪਣੇ ਵਰਕਰਾਂ ਤੇ ਮੇਹਰ ਦੀ ਨਜ਼ਰ ਰੱਖਦੇ ਹਨ। ਦਿਲੋਂ ਵੀ ਦਰਿਆ। ਇੱਕ ਹਫ਼ਤਾ ਆਪਣਾ ਕਾਰੋਬਾਰ ਵੀ ਸੰਭਾਲਿਆ ਅਤੇ ਸਾਨੂੰ ਵੈਨਕੂਵਰ ਵੀ ਘੁਮਾਇਆ।
(ਅ) ਧਨੋਆ ਪਰਿਵਾਰ
ਸਰਹੰਦੋਂ ਆਏ ਹਰਦੇਵਪਾਲ ਸਿੰਘ ਧਨੋਆ ਦੀ ਪਿੱਠ-ਭੂਮੀ ਅਤੇ ਕਾਰੋਬਾਰ ਵੀ ਗਾਲਿਬ ਹੁਰਾਂ ਵਾਲਾ ਹੈ। ਅੱਜ ਉਹ ਵੀ ਵੱਡੀ ਕੰਪਨੀ ਦੇ ਮਾਲਕ ਹਨ। ਅੱਜ ਉਨ੍ਹਾਂ ਦੀ ਵੀ ਕੈਨੇਡਾ ਦੀ ਪਾਸ਼ ਕਲੋਨੀ ਡੈਲਟਾ ਵਿਚ ਕੋਠੀ ਹੈ ਜਿਸ ਦੀ ਕੀਮਤ ਇੱਕ ਮਿਲੀਅਨ ਡਾਲਰ ਤੋਂ ਉੱਪਰ ਹੈ। ਬੱਚੇ ਉੱਚ ਸਿੱਖਿਆ ਪ੍ਰਾਪਤ ਕਰਕੇ ਸਫ਼ਲਤਾ ਦੀਆਂ ਬੁਲੰਦੀਆਂ ਛੋਹ ਰਹੇ ਹਨ।
ਫੇਰ ਵੀਹ/ਪੱਚੀ ਸਾਲ ਬਾਅਦ ਕੈਨੇਡਾ ਆਈ ਉਨ੍ਹਾਂ ਤੋਂ ਅਗਲੀ ਪੀੜ੍ਹੀ
(ੲ) ਸੇਖੋਂ ਪਰਿਵਾਰ
ਗੁਰੂ ਤੇਗ ਬਹਾਦਰ ਕਾਲਜ ਮੁੱਲਾਂਪੁਰ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ 1996 ਵਿਚ ਕੈਨੇਡਾ ਆਏ ਇੰਦਰਦੀਪ ਸਿੰਘ ਸੇਖੋਂ ਨੇ ਪਹਿਲਾਂ, ਆਮ ਪੰਜਾਬੀਆਂ ਵਾਂਗ ਟੈਕਸੀ ਚਲਾਈ। ਫੇਰ ਟਰਾਲਾ। ਹੁਣ ਉਹ ਦੋ ਟਰਾਲਿਆਂ ਦਾ ਮਾਲਕ ਹੈ। ਬੱਚੇ ਉੱਚ-ਸਿੱਖਿਆ ਪ੍ਰਾਪਤ ਹੀ ਨਹੀਂ ਕਰ ਰਹੇ ਸਗੋਂ ਪੜ੍ਹਾਈ ਵਿਚ ਹੁਸ਼ਿਆਰ ਵੀ ਹਨ। ਪੱਛਮੀ ਸੱਭਿਆਚਾਰ ਤੋਂ ਅਣਭਿੱਜ ਰਹਿ ਕੇ ਸੇਖੋਂ ਹੁਰਾਂ ਨੇ ਇੱਧਰ ਵੀ ਪੰਜਾਬੀ ਸੱਭਿਆਚਾਰ ਪੂਰੀ ਤਰ੍ਹਾਂ ਅਪਣਾਇਆ ਹੋਇਆ ਹੈ। ਦੋਸਤਾਂ-ਮਿੱਤਰਾਂ ਅਤੇ ਸਾਕ-ਸਬੰਧੀਆਂ ਨਾਲ ਪੂਰਾ ਮਿਲਵਰਤਣ ਬਣਾਇਆ ਹੋਇਆ ਹੈ। ਖੁਸ਼ੀ ਕਿਸੇ ਵੀ ਪਰਿਵਾਰ ਦੇ ਘਰ ਹੋਵੇ ਸਾਰੇ ਰਲ ਕੇ ਮਨਾਉਂਦੇ ਹਨ। ਸਾਡੀ ਫੇਰੀ ਵਾਲੇ ਦਿਨ ਕਈ ਪਰਿਵਾਰ ਉਨ੍ਹਾਂ ਦੇ ਘਰ ਆਏ ਹੋਏ ਸਨ।
ਗਾਲਿਬ, ਧਨੋਆ ਅਤੇ ਸੋਖੋਂ ਹੁਰਾਂ ਦੀ ਸਫ਼ਲਤਾ ਦਾ ਵੱਡਾ ਰਾਜ਼ ਇਹ ਹੈ ਕਿ ਅੱਜ-ਕੱਲ੍ਹ ਵੱਡੇ ਕਾਰੋਬਾਰਾਂ ਦੇ ਮਾਲਕ ਹੁੰਦੇ ਹੋਏ ਵੀ ਉਨ੍ਹਾਂ ਨੇ ਆਪ ਮਸ਼ੀਨਾਂ ਅਤੇ ਗੱਡੀਆਂ ਚਲਾਉਣੀਆਂ ਨਹੀਂ ਛੱਡੀਆਂ।
(ਸ) ਗੋਰਾਇਆ ਪਰਿਵਾਰ
ਕੈਨੇਡਾ ਹੀ ਨਹੀਂ ਪੰਜਾਬੀਆਂ ਨੇ ਅਮਰੀਕਾ ਵਿਚ ਵੀ ਆਪਣੀ ਕਾਬਲੀਅਤ ਦੇ ਝੰਡੇ ਗੱਡੇ ਹੋਏ ਹਨ। ਗੋਰਾਇਆ ਦੇ ਮਾਸਟਰ ਦਲਬੀਰ ਸਿੰਘ ਨੇ ਆਪਣੀ ਜਵਾਨੀ ਵਿਚ ਆਪਣੇ ਮਿੱਤਰਾਂ ਵਾਂਗ ਅਮਰੀਕਾ ਵਸਣ ਦਾ ਸੁਪਨਾ ਲਿਆ ਸੀ। ਕਬੀਲਦਾਰੀ ਦੀ ਮਝਦਾਰ ਵਿਚ ਫਸਿਆਂ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਇੱਧਰ ਆਉਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਆਪਣੇ ਹੌਂਸਲੇ ਬੁਲੰਦ ਰੱਖ ਕੇ, ਉਨ੍ਹਾਂ ਨੇ ਆਪਣੀ ਮੰਜ਼ਿਲ ਆਪਣੇ ਬੇਟੇ ਰਾਹੀਂ ਸਰ ਕੀਤੀ। ਡਾ.ਹਰਬੀਰ ਸਿੰਘ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵੈਟਰਨਰੀ ਵਿਚ ਸਰਜਰੀ ਦੀ ਮਾਸਟਰਜ਼ ਦੀ ਡਿਗਰੀ ਕਰਵਾਈ। ਸੀਆਟਲ ਭੇਜ ਕੇ ਵੈਟਰਨਰੀ ਹਸਪਤਾਲ ਖੁਲਵਾਇਆ। ਹੁਣ ਡਾ.ਹਰਬੀਰ ਸਿੰਘ ਸੀਆਟਲ ਦਾ ਨਾਮੀ-ਗ੍ਰਾਮੀ ਵੈਟਰਨਰੀ ਸਰਜਨ ਹੈ। ਉਸ ਦੇ 1000 ਗਜ ਵਚ ਫੈਲੇ ਹਸਪਤਾਲ ਵਿਚ ਪੰਜਾਬੀਆਂ ਦੇ ਨਾਲ-ਨਾਲ ਬੀਸੀਆਂ ਗੌਰੇ ਵੀ ਕੰਮ ਕਰਦੇ ਹਨ।
ਸੀਆਟਲ ਦੀ ਇੱਕ ਦਿਨਾ ਫੇਰੀ ਦੌਰਾਨ ਸਾਡਾ ਮਾਸਟਰ ਦਲਬੀਰ ਸਿੰਘ ਹੁਰਾਂ ਦੇ ਘਰ ਜਾਣਾ ਵੀ ਤੈਅ ਸੀ। ਮਾਸਟਰ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਖੁੱਲ੍ਹੇ-ਡੁੱਲੇ ਪੰਜਾਬੀ ਸੁਭਾਅ ਅਨੁਸਾਰ ਸਾਡਾ ਨਿੱਘਾ ਸਵਾਗਤ ਕੀਤਾ। ਹੁੱਭ ਕੇ ਕੋਠੀ ਅਤੇ ਹਸਪਤਾਲ ਦਿਖਾਇਆ। ਕੋਠੀ ਅਤੇ ਹਸਪਤਾਲ ਦੀ ਨੁਹਾਰ ਤੋਂ ਸਾਫ਼ ਨਜ਼ਰ ਆਉਂਦਾ ਸੀ ਕਿ ਜਵਾਨੀ ਢਲਣ ਤੋਂ ਪਹਿਲਾਂ-ਪਹਿਲਾਂ ਹੀ ਡਾ.ਹਰਬੀਰ ਸਿੰਘ ਨੇ ਅਰਬਪਤੀ ਬਣ ਜਾਣਾ ਸੀ।
ਅਖੀਰ ਵਿਚ ਪਿਛਲੇ ਦਹਾਕੇ ਆਈ ਨੌਜਵਾਨ ਪੀੜ੍ਹੀ
ਗਾਲਿਬ ਤੋਂ ਡਾ.ਗੁਰਬੀਰ ਸਿੰਘ ਤੱਕ ਦੀ ਸਫ਼ਲਤਾ ਦੇ ਵਿਦੇਸ਼ਾਂ ਵਿਚ ਝੂਲਦੇ ਝੰਡਿਆਂ ਦੀ ਖਬਰ ਜਦੋਂ ਪੰਜਾਬ ਪੁੱਜਦੀ ਹੈ ਤਾਂ ਉਹ ਪੰਜਾਬ ਦੀ ਜਵਾਨੀ ਦਾ ਆਦਰਸ਼ ਬਣ ਜਾਂਦੀ ਹੈ। ਨੌਜਵਾਨ ਆਪਣੀਆਂ ਅੱਖਾਂ ਵਿਚ ਉਨ੍ਹਾਂ ਵਰਗੇ ਬਣਨ ਦੇ ਸੁਪਨੇ ਲਈ, ਜਾਨ ਅਤੇ ਮਾਲ ਤਲੀ ਤੇ ਧਰ ਕੇ, ਅਮਰੀਕਾ-ਕਨੇਡਾ ਵੱਲ ਵਿਹੀਰਾਂ ਘੱਤ ਦਿੰਦੇ ਹਨ।
ਗਾਲਿਬ ਸਾਹਿਬ ਨੇ ਜਿਸ ਅਪਾਰਟਮੈਂਟ ਵਿਚ ਸਾਨੂੰ ਠਹਿਰਾਇਆ ਸੀ ਉੱਥੇ ਪਿਛਲੇ ਦਹਾਕੇ ਵੈਨਕੂਵਰ ਆਇਆ ਇੱਕ ਨੌਜਵਾਨ ਜੋੜਾ ਰਹਿੰਦਾ ਸੀ। ਸੁਆਣੀ ਸੁਖਬੀਰ ਕੌਰ ਉਰਫ਼ ਸੁੱਖੀ ਨੂੰ ਘੱਟੋ-ਘੱਟ ਡੇਢ ਸ਼ਿਫ਼ਟ ਅਤੇ ਉਸ ਦੇ ਪਤੀ ਗੁਰਬੀਰ ਸਿੰਘ ਨੂੰ ਦੋ ਸ਼ਿਫ਼ਟਾਂ ਲਈ ਕੰਮ ਤੇ ਜਾਣਾ ਪੈਂਦਾ ਸੀ। ਅੱਠ ਦਿਨਾਂ ਵਿਚ ਉਹ ਸਾਨੂੰ ਕੇਵਲ ਦੋ ਵਾਰ ਕੁਝ ਘੰਟਿਆਂ ਲਈ ਹੀ ਮਿਲ ਸਕੇ।
ਇਸ ਨਵੇਂ ਜੋੜੇ ਦੀ ਹੱਡ-ਤੋੜਵੀਂ ਸਖਤ ਮਿਹਨਤ ਤੋਂ ਭਾਸਦਾ ਸੀ ਕਿ ਉਹ ਵੀ ਗਾਲਿਬ, ਧਨੋਆ ਅਤੇ ਸੇਖੋਂ ਵੱਲੋਂ ਪਾਈਆਂ ਲੀਹਾਂ ਤੇ ਤੁਰ ਪਏ ਹਨ।
————
ਸੰਮੇਲਨ ਦੇ ਕੈਨੇਡਾ ਵਾਸੀਆਂ ਤੇ ਉਸਾਰੂ ਪ੍ਭਾਵ
ਫ਼ੇਰੀ ਦੇ ਆਖਰੀ ਹਫ਼ਤੇ ਵੀ ਅਸੀਂ ਆਪਣੇ ਉਦੇਸ਼ ਤੋਂ ਨਹੀਂ ਭਟਕੇ। ਮਾਂ ਬੋਲੀ ਦੇ ਪਸਾਰ ਅਤੇ ਪ੍ਰਚਾਰ ਵਿਚ ਉਵੇਂ ਹੀ ਲੱਗੇ ਰਹੇ। ਇਨ੍ਹੀਂ ਦਿਨੀਂ ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲੇ ਉਨਾਂ ਵਿਚੋਂ ਬਹੁਤੇ ਸੰਮੇਲਨ ਵਿਚ ਆਏ ਸਨ ਅਤੇ ਸਮਾਗਮ ਵਿਚ ਉੱਠੇ ਮੁੱਦਿਆਂ ਤੋਂ ਪ੍ਭਾਵਿਤ ਸਨ। ਉੱਥੇ ਸ਼ਾਇਦ ਉਨ੍ਹਾਂ ਨੂੰ ਬਹੁਤੇ ਨੁਕਤੇ ਪੂਰੀ ਤਰ੍ਹਾਂ ਸਮਝ ਨਹੀਂ ਸਨ ਆਏੇ। ਆਪਣੇ ਮਨਾਂ ਵਿਚ ਉੱਠਦੇ ਸ਼ੰਕਿਆਂ ਦੇ ਨਿਵਾਰਣ ਲਈ ਉਹ ਸਾਥੋਂ ਢੇਰਾਂ ਪ੍ਰਸ਼ਨ ਪੁੱਛਦੇ ਸਨ। ਨਾਲੇ ਇਹ ਵੀ ਪੁੱਛਦੇ ਸਨ ਕਿ ਉਹ ਵਿਦੇਸ਼ਾਂ ਵਿਚ ਬੈਠੇ ਮਾਂ ਬੋਲੀ ਪੰਜਾਬੀ ਲਈ ਕੀ ਕਰਨ?
ਅਸੀਂ ਉਨ੍ਹਾਂ ਨੂੰ ਹੇਠ ਲਿਖੇ ਸੁਝਾਅ ਦਿੰਦੇ ਸਾਂ:
1. ਹਰ ਸਿਆਸੀ ਪਾਰਟੀ ਦੇ ਨੁਮਾਇੰਦੇ ਚੰਦਾ ਮੰਗਣ ਇੱਧਰ ਆਉਂਦੇ ਰਹਿੰਦੇ ਹਨ। ਜੇ ਕੋਈ ਸੱਤਾਧਾਰੀ ਧਿਰ ਦਾ ਨੁਮਾਇੰਦਾ ਆਵੇ ਤਾਂ ਉਸ ਤੋਂ ਪੁੱਛੋ ਕਿ ਉਨ੍ਹਾਂ ਦੀ ਸਰਕਾਰ ਨੇ ‘ਪੰਜਾਬ ਰਾਜ ਭਾਸ਼ਾ ਐਕਟ 1967’ ਦੀਆਂ ਵਿਵਸਥਾਵਾਂ ਹੁਣ ਤੱਕ ਲਾਗੂ ਕਿਉਂ ਨਹੀਂ ਕੀਤੀਆਂ? ਨਾਲੇ ਉਨ੍ਹਾਂ ਤੇ ਦਬਾਅ ਪਾਓ ਕਿ ਉਹ ਇਨ੍ਹਾਂ ਵਿਵਸਥਾਵਾਂ ਨੂੰ ਲਾਗੂ ਕਰਨ ਤਾਂ ਜੋ ਪੰਜਾਬੀ ਦੇ ਵਿਕਾਸ ਦਾ ਰਾਹ ਪੱਧਰਾ ਹੋ ਸਕੇ। ਜੇ ਨੁਮਾਇੰਦਾ ਕਿਸੇ ਵਿਰੋਧੀ ਸਿਆਸੀ ਧਿਰ ਦਾ ਹੋਵੇ ਤਾਂ ਉਸ ਤੋਂ ਵਾਅਦਾ ਲਓ ਕਿ ਉਹ ਪੰਜਾਬ ਜਾ ਕੇ ਪੰਜਾਬੀ ਦੇ ਵਿਕਾਸ ਨੂੰ ਆਪਣੀ ਪਾਰਟੀ ਦਾ ਮੁੱਖ ਮੁੱਦਾ ਬਣਾਏਗਾ। ਉਸ ਦੀ ਪਾਰਟੀ ਪੰਜਾਬੀ ਨੂੰ ਸਹੀ ਅਰਥਾਂ ਵਿਚ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਬਣਾਏਗੀ।
2. ਜੇ ਕਿਸੇ ਇੱਧਰ ਆਏ ਧਾਰਮਿਕ ਸੰਸਥਾ ਦੇ ਨੁਮਾਇੰਦੇ ਜਾਂ ਪ੍ਰਚਾਰਕ ਨਾਲ ਰੁਬਰੂ ਹੋਣ ਦਾ ਮੌਕਾ ਮਿਲੇ ਤਾਂ ਉਸ ਨਾਲ ਵੀ ਇਹੋ ਸੰਵਾਦ ਰਚਾਇਆ ਜਾਵੇ।
3. ਪੰਜਾਬ ਤੋਂ, ਬਹੁਤ ਸਾਰੇ ਆਪੇ ਬਣੇ ਬੁੱਧੀਜੀਵੀ ਲੇਖਕ ਅਤੇ ਵਿਦਵਾਨ ਕਾਨਫ਼ਰੰਸਾਂ ਵਿਚ ਹਿੱਸਾ ਲੈਣ ਲਈ ਇੱਧਰ ਆਉਂਦੇ ਹਨ। ਉਹ ਆਪਣੇ ਵੱਲੋਂ ਪੰਜਾਬੀ ਦੇ ਵਿਕਾਸ ਵਿਚ ਪਾਏ ਗਏ ਯੋਗਦਾਨ ਦੇ ਸੋਹਲੇ ਗਾਉਂਦੇ ਹਨ। ਅਜਿਹੇ ਲੇਖਕਾਂ ਅਤੇ ਵਿਦਵਾਨਾਂ ਤੋਂ ਪੁੱਛੋ ਕਿ ਉਨ੍ਹਾਂ ਦੀਆਂ ਕਵਿਤਾਵਾਂ ਦੇ ਕਿੰਨੇ ਸਰੋਤੇ ਅਤੇ ਕਹਾਣੀਆਂ/ਨਾਵਲਾਂ ਦੇ ਕਿੰਨੇ ਪਾਠਕ ਹਨ। ਉਨ੍ਹਾਂ ਦੀਆਂ ਪੁਸਤਕਾਂ ਦੀਆਂ ਕਿੰਨੀਆਂ ਕਾਪੀਆਂ ਛਪਦੀਆਂ ਅਤੇ ਵਿਕਦੀਆਂ ਹਨ।
3. ਕੈਨੇਡਾ ਦੀਆਂ ਬੈਂਕਾਂ ਵਿਚ ਹੋਰ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਵਿਚ ਵੀ ਕੰਮ ਹੁੰਦਾ ਹੈ। ਪੰਜਾਬੀ ਵਸੋਂ ਵਾਲੇ ਇਲਾਕਿਆਂ ਵਿਚ ਸਥਿਤ ਬੈਂਕਾਂ ਵਿਚ ਪੰਜਾਬੀ ਜਾਣਦੇ ਮੁਲਾਜ਼ਮ ਨਿਯੁਕਤ ਕੀਤੇ ਜਾਂਦੇ ਹਨ। ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਦੀਆਂ ਬੈਂਕਾਂ ਵਿਚ ਕਰੋੜਾਂ ਰੁਪਏ ਜਮ੍ਹਾਂ ਹਨ। ਪੰਜਾਬ ਗਿਆਂ ਦੀ ਬੈਂਕਾਂ ਵਾਲੇ ਜਵਾਈਆਂ ਵਾਂਗ ਸੇਵਾ ਕਰਦੇ ਹਨ। ਪਹਿਲਾਂ ਇੱਥੇ ਬੈਠੇ ਆਪਣੀ-ਆਪਣੀ ਬੈਂਕ ਨੂੰ ਚਿੱਠੀ ਲਿਖੋ। ਬੇਨਤੀ ਕਰੋ। ਪੰਜਾਬ ਵਿਚ ਸਥਿਤ ਬਰਾਂਚਾਂ ਵਿਚ ਬੈਂਕ ਆਪਣਾ ਕੰਮ-ਕਾਜ ਸਾਡੀ ਮਾਂ ਬੋਲੀ ਪੰਜਾਬੀ ਵਿਚ ਵੀ ਕਰਨਾ ਸ਼ੁਰੂ ਕਰਨ। ਫੇਰ ਉਨ੍ਹਾਂ ਨੂੰ ਧਮਕੀ ਦਿਓ ਜੇ ‘ਤੁਸੀਂ ਸਾਡੀ ਬੇਨਤੀ ਸਵੀਕਾਰ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਬੈਂਕਾਂ ਵਿਚਲੇ ਆਪਣੇ ਖਾਤੇ ਬੰਦ ਕਰ ਦੇਵਾਂਗੇ’। ਦੇਖਣਾ ਕਿ ਬੈਂਕਾਂ ਨੂੰ ਕਿਵੇਂ ਭਾਜੜਾਂ ਪੈਣਗੀਆਂ। ਪਹਿਲਾਂ ਪ੍ਰਾਈਵੇਟ ਬੈਂਕ, ਖਾਤੇ ਬੰਦ ਹੋਣ ਦੇ ਡਰੋਂ ਆਪਣਾ ਕੰਮ-ਕਾਜ ਪੰਜਾਬੀ ਵਿਚ ਕਰਨਾ ਸ਼ੁਰੂ ਕਰਨਗੇ। ਫੇਰ ਉਨ੍ਹਾਂ ਨੂੰ ਦੇਖੋ-ਦੇਖੀ, ਉਸੇ ਡਰੋਂ ਸਰਕਾਰੀ ਬੈਂਕ ਵੀ।
More Stories
ਕਨੇਡਾ ਫੇਰੀ-2018
ਲੇਖਾ-ਜੋਖਾ ਇਕੱਤਰਤਾ
ਦੋ ਦੁਖਦਾਈ ਯਾਦਗਾਰੀ ਵਰਤਾਰੇ