December 7, 2024

Mitter Sain Meet

Novelist and Legal Consultant

ਸਰਗਰਮੀਆਂ

ਜਾਣ ਪਹਿਚਾਣ

ਪੰਜਾਬ ਦਿਵਸ 1018 ਅਤੇ 10 ਜਨਵਰੀ 2019 ਤੇ ਭਾਈਚਾਰੇ ਦੇ ਸੰਚਾਲਕਾਂ ਵਲੋ ਜਿਲਾ ਅਤੇ ਤਹਿਸੀਲ ਅਧਿਕਾਰੀਆਂ ਨੂੰ ਦਿੱਤੇ ਗਏ ਬੇਨਤੀ ਪੱਤਰ

ਸਾਲ 2008 ਵਿੱਚ, ਕਨੇਡਾ ਵਿੱਚ ਹੋਏ ਚਾਰ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨਾਂ ਵਿਚ ਨਿਕਲੇ  ਸਿੱਟਿਆ ਤੋਂ ਉਤਸ਼ਾਹਿਤ ਹੋ ਕੇ, ਪੰਜਾਬ ਤੋਂ ਉਹਨਾਂ ਸਮਾਗਮਾਂ ਵਿੱਚ ਹਿੱਸਾ ਲੈਣ ਗਏ ਵਿਦਵਾਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ ਇੱਕ ਅਜਿਹੀ ਸੰਸਥਾ ਦਾ ਗਠਨ ਕੀਤਾ ਜਾਵੇ ਜਿਸ ਦਾ ਇੱਕੋ ਇਕ ਉਦੇਸ਼ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਬਣੇ ਕਾਨੂੰਨਾਂ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਾਉਣਾ ਹੋਵੇ।

ਪੰਜਾਬ ਆ ਕੇ ਸਾਡੇ ਵੱਲੋਂ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਨਾਂ ਦੀ ਸੰਸਥਾ ਦਾ ਗਠਨ ਕੀਤਾ ਗਿਆ। ਪੰਜਾਬ ਦੇ 14 ਜਿਲ੍ਹਿਆਂ ਅਤੇ 5 ਤਹਿਸੀਲਾਂ ਵਿੱਚ ਇਸ ਸੰਸਥਾ ਦੀਆਂ ਇਕਾਈਆਂ ਸਥਾਪਤ ਕੀਤੀਆਂ ਗਈਆਂ।

ਇਹ ਫੈਸਲਾ ਵੀ ਕੀਤਾ ਗਿਆ ਕਿ 1 ਨਵੰਬਰ 2018 ਨੂੰ, ਪੰਜਾਬ ਦਿਵਸ ਤੇ, ਇਕਾਈਆਂ ਵਲੋਂ ਕੁੱਝ ਸਰਗਰਮੀਆਂ ਕੀਤੀਆਂ ਜਾਣ। ਜਿਲਾ ਅਤੇ ਤਹਿਸੀਲ ਇਕਾਈਆਂ ਦੇ ਸੰਚਾਲਕਾਂ ਨੂੰ ਬੇਨਤੀ  ਕੀਤੀ ਗਈ ਕਿ ਉਹ ਆਪਣੇ ਆਪਣੇ ਜਿਲੇ ਦੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ  ਭਾਸ਼ਾ ਅਫਸਰਾਂ ਅਤੇ ਜਿਲਾ ਸਿੱਖਿਆ ਅਫਸਰਾਂ ਨੂੰ, ਅਤੇ ਤਹਿਸੀਲ ਇਕਾਈਆਂ  ਆਪਣੇ ਆਪਣੇ ਐਸ.ਡੀ.ਐਮ ਅਤੇ ਬਲਾਕ ਸਿੱਖਿਆ ਅਫਸਰਾਂ ਨੂੰ ਬੇਨਤੀ ਪੱਤਰ ਦੇਣ।

ਬੇਨਤੀ ਪੱਤਰਾਂ ਵਿੱਚ ‘ਪੰਜਾਬ ਰਾਜ ਭਾਸ਼ਾ ਕਾਨੂੰਨ 1967’ ਦੀਆਂ ਵਿਵਸਥਾਵਾਂ ਅਨੁਸਾਰ ਪੰਜਾਬ ਸਰਕਾਰ ਦੇ ਸਰਕਾਰੀ ਦਫਤਰਾਂ ਵਿੱਚ ਹੁੰਦੇ ਸਾਰੇ ਦਫਤਰੀ ਕੰਮ ਕਾਜ ਨੂੰ ਪੰਜਾਬੀ ਵਿੱਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ, ਅਤੇ ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਕਾਨੂੰਨ 2008’ ਦੀਆਂ ਵਿਵਸਥਾਵਾਂ ਅਨੁਸਾਰ, ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਨੂੰ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜਾਉਣ ਨੂੰ ਯਕੀਨੀ ਬਣਾਉਣ ਲਈ, ਬੇਨਤੀਆਂ ਕਰਨਾ ਸੀ।

ਕਿਉਂਕਿ ਇਹਨਾਂ ਕਾਨੂੰਨੀ ਵਿਵਸਥਾਵਾਂ ਬਾਰੇ ਡੂੰਘੀ ਜਾਣਕਾਰੀ ਨਾ ਤਾਂ  ਇਕਾਈਆਂ ਦੇ ਸੰਚਾਲਕਾਂ ਨੂੰ ਸੀ ਅਤੇ ਨਾ ਹੀ ਅਧਿਕਾਰੀਆਂ ਨੂੰ, ਇਸ ਲਈ ਪੰਜਾਬ ਇਕਾਈ ਵੱਲੋਂ ਫੈਸਲਾ ਕੀਤਾ ਗਿਆ ਕਿ ਬੇਨਤੀ ਪੱਤਰਾਂ ਦੀ ਅਵਾਰਤ, ਕਾਨੂੰਨ ਦੀਆਂ ਵਿਵਸਥਾਵਾਂ ਅਤੇ ਇਹਨਾਂ ਵਿਵਸਥਾਵਾਂ ਨੂੰ ਲਾਗੂ ਕਰਾਉਣ ਲਈ ਸਮੇਂ ਸਮੇਂ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਹਵਾਲੇ ਆਦਿ ਤਿਆਰ ਕਰਕੇ ਇਕਾਈਆਂ ਨੂੰ ਭੇਜੇ ਜਾਣ।

 ਸੰਚਾਲਕਾਂ ਦੀ ਹੋਰ ਸਹੂਲਤ ਲਈ ਬੇਨਤੀ ਪੱਤਰਾਂ ਦੀ ਅਵਾਰਤ ਵੀ, ਪੰਜਾਬੀ ਭਾਸ਼ਾ ਪਸਾਰ ਭਾੲਚਾਰਾ ਦੀ ਲੈਟਰ ਪੈਡ ਤੇ ਟਾਈਪ ਕਰਵਾ ਕੇ ਦਿੱਤੀ ਗਈ।

ਇਕਾਈਆਂ ਵੱਲੋਂ ਇਸ ਜਿੰਮੇਵਾਰੀ ਨੂੰ ਪੂਰੇ ਉਤਸ਼ਾਹ ਅਤੇ ਗੰਭੀਰਤਾ ਨਾਲ ਸਿਰੇ ਚਾੜਿਆ ਗਿਆ।

ਹਦਾਇਤਾਂ, ਬੇਨਤੀ ਪੱਤਰ, ਸਰਗਰਮੀ ਦੀਆਂ ਤਸਵੀਰਾਂ ਅਤੇ ਅਖਬਾਰਾਂ ਵਿਚ ਛਪੀਆਂ ਰਿਪਰਟਾਂ ਅਗਲੀਆਂ ਪੋਸਟਾਂ ਵਿਚ ਦਿੱਤੀਆਂ ਗਈਆਂ ਹਨ।