October 11, 2024

Mitter Sain Meet

Novelist and Legal Consultant

ਲੁਧਿਆਣਾ ਅਕੈਡਮੀ ਦੇ ਪ੍ਰਬੰਧਕਾਂ ਨੂੰ ਲਿਖੀ ਚਿੱਠੀ – ਮਿਤੀ 22.9.24

                                                                                              

ਪੰਜਾਬੀ ਸਾਹਿਤ ਅਕੈਡਮੀ  ਲੁਧਿਆਣਾ ਦੇ ਪ੍ਰਧਾਨ/ਜਨਰਲ ਸਕੱਤਰ ਨੂੰ ਅਕੈਡਮੀ ਦੀ ਬੌਧਿਕ ਸੰਪਤੀ ਨੂੰ ਬਿਨਾਂ ਸੋਚੇ ਵਿਚਾਰੇ ਕਿਸੇ ਕਾਰਪੋਰੇਟ ਘਰਾਣੇ ਨੂੰ ਨਾ ਸੌਂਪਣ ਬਾਰੇ 22 ਸਤੰਬਰ 2024 ਨੂੰ ਲਿਖੀ ਚਿੱਠੀ

—————————————————————-

ਮਿਤੀ: 22 ਸਤੰਬਰ 2024

ਵੱਲ

 ਪ੍ਰਧਾਨ/ਜਨਰਲ ਸਕੱਤਰ

 ਪੰਜਾਬੀ ਸਾਹਿਤ ਅਕੈਡਮੀ

 ਲੁਧਿਆਣਾ।

ਵਿਸ਼ਾ :   ਅਕੈਡਮੀ ਦੀ ਬੌਧਿਕ ਸੰਪਤੀ ਨੂੰ ਬਿਨਾਂ ਸੋਚੇ ਵਿਚਾਰੇ ਕਿਸੇ ਕਾਰਪੋਰੇਟ ਘਰਾਣੇ ਨੂੰ ਨਾ ਸੌਂਪਣ ਬਾਰੇ।

ਸ੍ਰੀ ਮਾਨ ਜੀ

  ਸੋਸ਼ਲ ਮੀਡੀਏ ਤੇ ਹੋ ਰਹੇ ਚਰਚਿਆਂ ਤੋਂ ਪਤਾ ਲੱਗਿਆ ਹੈ ਕਿ ਪੰਜਾਬੀ ਸਾਹਿਤ ਅਕੈਡਮੀ ਦੇ ਕੁਝ ਪ੍ਰਬੰਧਕਾਂ ਵੱਲੋਂ, ਅਕੈਡਮੀ ਦੀ ਲਾਇਬਰੇਰੀ ਵਿੱਚ ਮੌਜੂਦ ਹਜ਼ਾਰਾਂ (ਬੇਸ਼ੁਮਾਰ ਕੀਮਤੀ) ਪੁਸਤਕਾਂ ਦੀ ਸਕੈਨਿੰਗ ਦਾ ਕੰਮ ਇਕ ਕਾਰਪੋਰੇਟ ਘਰਾਣੇ ਨਾਲ ਸਬੰਧਤ ਸੰਸਥਾ (ਰੇਖਤਾ) ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਵੀ ਚਰਚੇ ਹਨ ਕਿ ਇਸ ਬਾਹਰੀ ਅਦਾਰੇ ਵੱਲੋਂ, ਬਿਨਾਂ ਕਾਨੂੰਨੀ ਉਪਚਾਰਕਤਾਵਾਂ ਪੂਰੀਆਂ ਕਰੇ, ਸਕੈਨਿੰਗ ਦਾ ਕੰਮ ਵੱਡੇ ਪੱਧਰ ਤੇ ਸ਼ੁਰੂ ਵੀ ਕਰ ਦਿੱਤਾ ਗਿਆ ਹੈ।

 ਆਪ ਜੀ ਨੂੰ ਪਤਾ ਹੀ ਹੈ ਕਿ ਅਕੈਡਮੀ ਦੀ ਲਾਇਬਰੇਰੀ ਵਿੱਚ ਮੌਜੂਦ ਪੁਸਤਕਾਂ ਦੇ ਕਾਪੀ ਰਾਈਟ  ਉਹਨਾਂ ਪੁਸਤਕਾਂ ਦੇ ਲੇਖਕਾਂ, ਪ੍ਰਕਾਸ਼ਕਾਂ ਜਾਂ ਹੋਰ ਸੰਬੰਧਿਤ ਵਿਅਕਤੀਆਂ/ਅਦਾਰਿਆਂ ਕੋਲ ਹਨ। ਉਨਾਂ ਸੰਬੰਧਿਤ ਵਿਅਕਤੀਆਂ/ਅਦਾਰਿਆਂ ਦੀ ਇਜਾਜ਼ਤ ਦੇ ਬਿਨਾਂ ਇਹ ਪੁਸਤਕਾਂ, ਸਕੈਨ ਕਰਕੇ, ਅਗਾਂਹ ਨਹੀਂ ਵਰਤੀਆਂ ਜਾ ਸਕਦੀਆਂ।

 ਉਂਝ ਵੀ ਇਹ ਪੁਸਤਕਾਂ ਅਕੈਡਮੀ ਦਾ ਬੌਧਿਕ ਸਰਮਾਇਆ/ਜਾਇਦਾਦ ਹਨ। ਅਕੈਡਮੀ ਦੇ ਸੰਵਿਧਾਨ ਅਨੁਸਾਰ, ਪ੍ਰਬੰਧਕੀ ਬੋਰਡ, ਅਕੈਡਮੀ ਦੀ ਜਾਇਦਾਦ ਨੂੰ, ਸਾਰੇ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਬਾਹਰੀ ਵਿਅਕਤੀ ਜਾਂ ਅਦਾਰੇ ਦੇ ਹਵਾਲੇ, ਨਹੀਂ ਕਰ ਸਕਦਾ।

 ਇਨਾਂ ਹਾਲਾਤਾਂ ਵਿੱਚ, ਮੇਰੇ ਵਿਚਾਰ ਅਨੁਸਾਰ, ਅਕੈਡਮੀ ਵੱਲੋਂ ‘ਰੇਖਤਾ’ ਅਦਾਰੇ ਨਾਲ ਕੀਤੇ ਗਏ ਜਾਂ ਕੀਤੇ ਜਾ ਰਹੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ, ਅਕੈਡਮੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਮਝੌਤੇ ਨਾਲ ਸਬੰਧਤ ਕਾਨੂੰਨੀ ਪੱਖਾਂ ਦਾ ਅਧਿਐਨ ਕਰ ਲੈਣਾ ਜ਼ਰੂਰੀ ਹੈ।

 ਇਸ ਲਈ ਬੇਨਤੀ ਹੈ ਕਿ ਕਿਸੇ ਅੰਤਿਮ ਫੈਸਲੇ ਤੋਂ ਪਹਿਲਾਂ, ਸਮਝੋਤੇ ਦੇ ਖਰੜੇ ਦੀ ਇੱਕ ਕਾਪੀ ਮੈਨੂੰ ਉਪਲਬਧ ਕਰਵਾਈ ਜਾਵੇ ਤਾਂ ਜੋ ਹਰ ਕਾਨੂੰਨੀ ਪੱਖ ਤੋਂ ਮੈਂ ਖਰੜੇ ਦਾ ਗਹਿਰਾਈ ਨਾਲ ਅਧਿਐਨ ਕਰ ਸਕਾਂ। ਮੈਨੂੰ ਹੀ ਨਹੀਂ ਸਗੋਂ ਅਕੈਡਮੀ ਦੇ ਹਰ ਮੈਂਬਰ ਨੂੰ ਇਸ ਸਮਝੌਤੇ ਦੇ ਖਰੜੇ ਦੀ ਕਾਪੀ ਉਪਲਬਧ ਕਰਵਾਈ ਜਾਵੇ।

ਫੇਰ ਅਕੈਡਮੀ ਦਾ ਜਨਰਲ ਇਜਲਾਸ ਬੁਲਾ ਕੇ, ਗਹਿਰ ਗੰਭੀਰ ਚਰਚਾ ਕਰਵਾਕੇ ਅਤੇ ਜਨਰਲ ਬਾਡੀ ਦੀ ਪ੍ਰਵਾਨਗੀ ਲੈਕੇ ਹੀ ਅੰਤਿਮ ਫ਼ੈਸਲਾ ਕੀਤਾ ਜਾਵੇ। ਤਾਂ ਜੋ ਅਕੈਡਮੀ ਨੂੰ ਅਗਾਂਹ ਪੇਸ਼ ਆਉਣ ਵਾਲੀਆਂ ਕਾਨੂੰਨੀ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ।

 ਹਿਤੂ

 ਮਿੱਤਰ ਸੈਨ ਮੀਤ

 ਉਤਾਰਾ-

  -ਸੂਚਨਾ ਅਤੇ ਯੋਗ ਕਾਰਵਾਈ ਲਈ ਉਤਾਰਾ ਅਕੈਡਮੀ ਦੇ ਪ੍ਰਬੰਧਕੀ ਬੋਰਡ ਦੇ ਸਾਰੇ ਮੈਂਬਰਾਂ ਅਤੇ ਸਾਰੇ ਜੀਵਨ ਮੈਂਬਰਾਂ ਨੂੰ ਭੇਜਿਆ ਜਾਂਦਾ ਹੈ।