February 23, 2024

Mitter Sain Meet

Novelist and Legal Consultant

ਗ੍ਰਿਫਤਾਰੀ ਨਾਲ -ਸਬੰਧਤ ਕਾਨੂੰਨੀ ਵਿਵਸਥਾਵਾਂ

ਸੱਤ ਸਾਲ ਦੀ ਕੈਦ ਦੀ ਸਜ਼ਾ ਵਾਲੇ ਜ਼ੁਰਮਾਂ ਵਿੱਚ ਕੀ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ?

(ਫੌਜਦਾਰੀ ਜਾਬਤੇ ਦੀ ਧਾਰਾ 41 ਅਤੇ ਧਾਰਾ 41-ਏ ਦੀਆਂ ਵਿਵਸਥਾਵਾਂ ਦੇ ਸਧੰਰਭ ਵਿਚ)

                                                                                                                                                -ਮਿੱਤਰ ਸੈਨ ਮੀਤ

                ਆਮ ਪ੍ਰਚਲਿਤ ਪ੍ਰਕ੍ਰਿਆ ਅਧੀਨ, ਮੁਦਈ ਦਾ ਬਿਆਨ ਲਿਖਦੇ ਸਾਰ ਹੀ ਮੁਕੱਦਮਾ ਦਰਜ ਕਰ ਲਿਆ ਜਾਂਦਾ ਹੈ। ਮੁਕੱਦਮਾ ਦਰਜ ਹੁੰਦੇ ਹੀ ਮੁਕੱਦਮੇ ਵਿਚ ਨਾਮਜ਼ਦ ਵਿਅਕਤੀ (ਦੋਸ਼ੀ) ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪੁਲਿਸ ਹਿਰਾਸਤ ਵਿਚ ਰੱਖ ਕੇ (ਅਕਸਰ ਤਸ਼ੱਦਦ ਕਰਕੇ) ਉਸ ਵਿਅਕਤੀ ਨੂੰ ਜ਼ਲੀਲ ਕੀਤਾ ਜਾਂਦਾ ਹੈ। ਫਿਰ ਜੇਲ ਭੇਜ ਦਿੱਤਾ ਜਾਂਦਾ ਹੈ। ਕਈ-ਕਈ ਮਹੀਨੇ ਜੇਲ ਵਿਚ ਰਹਿਣ ਬਾਅਦ ਮੁਸ਼ਕਲ ਨਾਲ ਜ਼ਮਾਨਤ ਹੁੰਦੀ ਹੈ। ਜੇ ਜ਼ੁਰਮ ਸੰਗੀਨ ਹੋਵੇ ਤਾਂ ਜ਼ਮਾਨਤ ਸਾਲਾਂ ਤੱਕ ਨਹੀਂ ਹੁੰਦੀ। ਮੁਕੱਦਮੇ ਦੀ ਪੈਰਵਾਈ ਤੇ ਵੱਡੀ ਰਕਮ ਖਰਚ ਹੋ ਜਾਂਦੀ ਹੈ। ਦੁਖਾਂਤ ਉਸ ਸਮੇਂ ਵਾਪਰਦਾ ਹੈ ਜਦੋਂ ਮਹੀਨਿਆਂ (ਕਈ ਵਾਰ ਸਾਲਾਂ) ਬਾਅਦ ਪੁਲਿਸ ਇਹ ਸਿੱਟਾ ਕੱਢਦੀ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਨਿਰਦੋਸ਼ ਹੈ।

ਕਿਸੇ ਵਿਅਕਤੀ ਦੇ ਗ੍ਰਿਫਤਾਰ ਹੋਣ ਨਾਲ ਉਸਦੀ ਸਮਾਜਿਕ ਜ਼ਿੰਦਗੀ ਤੇ ਮਾਰੂ ਪ੍ਰਭਾਵ ਪੈਂਦਾ ਹੈ। ਉਸਨੂੰ ਸਮਾਜ ਅਤੇ ਪਰਿਵਾਰ ਵਿੱਚ ਜ਼ਲੀਲ ਹੋਣਾ ਪੈਂਦਾ ਹੈ। ਉਸਦੀ ਅਜ਼ਾਦੀ ਵਿੱਚ ਖਲਲ ਪੈਂਦਾ ਹੈ। ਧਨ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਸਾਰੀ ਉਮਰ ਲਈ ਉਸਦੀ ਇੱਜ਼ਤ ਤੇ ਧੱਬਾ ਲੱਗ ਜਾਂਦਾ ਹੈ।

ਪੁਲਿਸ ਨੂੰ ਕਿਸੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ, ਇਹ ਇੱਕ ਗੱਲ ਹੈ ਪਰ ਉਸ ਗ੍ਰਿਫਤਾਰੀ ਦਾ ਤਰਕਸੰਗਤ ਹੋਣਾ ਦੂਸਰੀ। ਪੁਲਿਸ ਅਫਸਰ, ਮੁਕੱਦਮਾ ਦਰਜ ਹੋਣ ਬਾਅਦ ਦੋਸ਼ੀ ਨੂੰ ਆਮ ਜਿਹੀ ਗੱਲ ਸਮਝ ਕੇ ਗ੍ਰਿਫਤਾਰ ਕਰ ਲੈਂਦਾ ਹੈ ਜਦੋਂ ਕਿ ਚਾਹੀਦਾ ਇਹ ਹੈ ਕਿ ਉਹ ਗ੍ਰਿਫਤਾਰੀ ਨੂੰ ਗੰਭੀਰਤਾ ਨਾਲ ਲਵੇ। ਕਿਸੇ ਵਿਅਕਤੀ ਨੂੰ ਉਸ ਸਮੇਂ ਹੀ ਗ੍ਰਿਫਤਾਰ ਕੀਤਾ ਜਾਵੇ ਜਦੋਂ ਗ੍ਰਿਫਤਾਰੀ ਪੂਰੀ ਤਰ੍ਹਾਂ ਤਰਕਸੰਗਤ ਹੋਵੇ।

ਅਗੇ ਵਧਣ ਤੋਂ ਪਹਿਲਾਂ ਇਹ ਸਮਝਣਾ ਜ਼ਰੁਰੀ ਹੈ ਕਿ ਕਾਨੂੰਨ ਜ਼ੁਰਮਾਂ ਨੂੰ, ਕਿੰਨੀਆਂ ਅਤੇ ਕਿਹੜੀਆਂ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਦਾ ਹੈ।

 (ੳ) ਸਧਾਰਨ ਜ਼ੁਰਮ: ਇਸ ਸ਼੍ਰੇਣੀ ਵਿਚ ਉਹ ਜ਼ੁਰਮ ਆਉਂਦੇ ਹਨ ਜਿਨ੍ਹਾਂ ਵਿਚ ਵੱਧੋ-ਵੱਧ ਸਜ਼ਾ ਤਿੰਨ ਸਾਲ ਤੋਂ ਘੱਟ ਕੈਦ ਦੀ ਹੁੰਦੀ ਹੈ।

(ਅ) ਗੰਭੀਰ ਜ਼ੁਰਮ: ਇਸ ਸ਼੍ਰੇਣੀ ਵਿਚ ਉਹ ਜ਼ੁਰਮ ਆਉਂਦੇ ਹਨ ਜਿਨ੍ਹਾਂ ਵਿਚ ਕੈਦ ਦੀ ਸਜ਼ਾ ਤਿੰਨ ਸਾਲ ਤੋਂ ਪੂਰੇ ਸੱਤ ਸਾਲ ਤੱਕ ਕੈਦ ਹੁੰਦੀ ਹੈ।

(ੲ) ਸੰਗੀਨ ਜ਼ੁਰਮ: ਇਸ ਸ਼੍ਰੇਣੀ ਵਿਚ ਉਹ ਜ਼ੁਰਮ ਆਉਂਦੇ ਹਨ ਜਿਨ੍ਹਾਂ ਵਿਚ ਫਾਂਸੀ, ਉਮਰ ਕੈਦ ਜਾਂ ਸੱਤ ਸਾਲ ਤੋਂ ਵੱਧ ਕੈਦ ਦੀ ਸਜ਼ਾ ਹੁੰਦੀ ਹੈ।  

 ਸੰਗੀਨ ਜ਼ੁਰਮਾਂ ਵਿਚ  ਵਾਰਦਾਤ ਵਿਚ ਸਿੱਧੇ ਤੌਰ ਤੇ ਸ਼ਾਮਲ ਮੁਲਜ਼ਮਾਂ ਤੋਂ , ਸਾਜਿਸ਼ ਦੇ ਰਹੱਸਾਂ, ਪਰਦੇ ਪਿੱਛੇ ਕੰਮ ਕਰਦੇ ਦੋਸ਼ੀਆਂ, ਅਗਲੀਆਂ ਯੋਜਨਾਵਾਂ ਆਦਿ ਬਾਰੇ ਸੂਚਨਾ ਪ੍ਰਾਪਤ ਕਰਨ ਦੇ ਨਾਲ-ਨਾਲ ਦੋਸ਼ੀਆਂ ਵੱਲੋਂ ਵਾਰਦਾਤ ਸਮੇਂ ਵਰਤੇ ਗਏ ਹਥਿਆਰਾਂ, ਵਾਹਨਾਂ ਆਦਿ ਦੀ ਬਰਾਮਦਗੀ ਕਰਨੀ ਹੁੰਦੀ ਹੈ। ਪੀੜਤ ਧਿਰ ਤੋਂ ਲੁੱਟਿਆ ਖੋਹਿਆ, ਗਬਨ ਕੀਤਾ ਧਨ ਆਦਿ ਬਰਾਮਦ ਕਰਨਾ ਹੁੰਦਾ ਹੈ। ਇਸ ਲਈ ਅਜਿਹੇ ਜ਼ੁਰਮਾਂ ਵਿਚ ਦੋਸ਼ੀ ਦੀ ਗ੍ਰਿਫਤਾਰੀ ਅਤੇ ਫਿਰ ਪੁਲਿਸ ਹਿਰਾਸਤ ਵਿਚ ਪੁੱਛ-ਗਿੱਛ ਕਰਨੀ ਜ਼ਰੂਰੀ ਹੁੰਦੀ ਹੈ। ਨਿਧੜਕ ਹੋ ਕੇ ਦੋਸ਼ੀ ਹੋਰ ਜ਼ੁਰਮ ਨਾ ਕਰਨ ਇਸ ਲਈ ਉਨ੍ਹਾਂ ਨੂੰ ਜੇਲ੍ਹ ਦੀ ਚਾਰ ਦੀਵਾਰੀ ਅੰਦਰ ਬੰਦ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇਨ੍ਹਾਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਨੂੰਨ, ਪੁਲਿਸ ਨੂੰ, ਸੰਗੀਨ ਜ਼ੁਰਮਾਂ ਦੇ ਦੋਸ਼ੀਆਂ ਨੂੰ ਬਿਨ੍ਹਾਂ ਕੋਈ ਕਾਨੂੰਨੀ ਉਪਚਾਰਕਤਾ ਨਿਭਾਏ ਗ੍ਰਿਫਤਾਰ ਕਰਨ ਦੀ ਇਜਾਜ਼ਤ ਦਿੰਦਾ ਹੈ। (ਧਾਰਾ 41 ਸੀ.ਆਰ.ਪੀ.ਸੀ.)

                ਸਧਾਰਨ ਕਿਸਮ ਦੇ ਜ਼ੁਰਮਾਂ ਵਿਚ ਦੋਸ਼ੀ ਤੋਂ ਬਹੁਤੀ ਪੁੱਛ-ਗਿੱਛ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਕਾਨੂੰਨ ਪੁਲਿਸ ਨੂੰ ਹਦਾਇਤ ਕਰਦਾ ਹੈ ਕਿ ਗ੍ਰਿਫਤਾਰ ਕਰਦਿਆਂ ਹੀ ਦੋਸ਼ੀ ਨੂੰ, ਜ਼ਮਾਨਤ ਦੀ ਪ੍ਰਕ੍ਰਿਆ ਪੂਰੀ ਕਰਕੇ, ਰਿਹਾਅ ਕਰ ਦਿੱਤਾ ਜਾਵੇ।

ਬਹੁਤੀ ਵਾਰ, ਗੰਭੀਰ ਸ਼੍ਰੇਣੀ ਦੇ ਜ਼ੁਰਮ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਬਿਨਾਂ  ਗ੍ਰਿਫਤਾਰ ਹੋਇਆਂ ਹੀ ਉਹ ਆਪਣੇ ਨਿਰਦੋਸ਼ ਹੋਣ ਦਾ ਸਬੂਤ ਪੁਲਿਸ ਕੋਲ ਪੇਸ਼ ਕਰ ਸਕਦੇ ਹਨ। ਪੁਲਿਸ ਨੂੰ ਤਫਤੀਸ਼ ਮੁਕੰਮਲ ਕਰਨ ਲਈ ਲੋੜੀਂਦਾ ਸਹਿਯੋਗ (ਮਾਲ ਮੁਕੱਦਮਾ ਆਦਿ ਵਾਪਸ ਕਰਕੇ) ਦੇ ਸਕਦੇ ਹਨ। ਬੇਕਸੂਰ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ, ਘੱਟ ਸੰਗੀਨ ਜ਼ੁਰਮ (ਉਹ ਜ਼ੁਰਮ ਜਿਨ੍ਹਾਂ ਵਿਚ ਸਜ਼ਾ ਸੱਤ ਸਾਲ ਤੱਕ ਹੋਵੇ) ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ (ਸੀ.ਆਰ.ਪੀ.ਸੀ. ਦੀ ਧਾਰਾ 41 ਅਤੇ 41-ਏ ਦੀਆਂ ਵਿਵਸਥਾਵਾਂ ਰਾਹੀਂ) ਕੁਝ ਰਾਹਤ ਦਿੰਦਾ ਹੈ। ਵਿਸ਼ੇਸ਼ ਹਾਲਾਤਾਂ ਨੂੰ ਛੱਡ ਕੇ (ਜੋ ਕੇ ਧਾਰਾ 41(ਬੀ) ਵਿਚ ਦਰਜ ਹਨ ਅਤੇ ਜਿਨ੍ਹਾਂ ਦਾ ਜ਼ਿਕਰ ਅਗੇ ਕੀਤਾ ਜਾਵੇਗਾ) ਕਾਨੂੰਨ ਇਸ ਸ਼੍ਰੇਣੀ ਦੇ ਮੁਲਜ਼ਮਾਂ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਜਿਹੇ ਦੋਸ਼ੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਅਫਸਰ ਨੂੰ ਇੱਕ ਨਿਸ਼ਚਿਤ ਕਾਨੂੰਨੀ ਪ੍ਰਕ੍ਰਿਆ ਵਿਚੋਂ ਲੰਘਣਾ ਪੈਂਦਾ ਹੈ।

ਇਹ ਕਾਨੂੰਨੀ ਪ੍ਰਕ੍ਰਿਆ, ਜੋ ਧਾਰਾ 41-ਏ ਵਿਚ ਦਰਜ ਹੈ ਇੰਝ ਹੈ। ਜੇ ਤਫਤੀਸ਼ੀ ਅਫਸਰ ਨੂੰ ਇਹ ਜਾਪਦਾ ਹੋਵੇ ਕਿ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ ਤਾਂ ਉਹ ਦੋਸ਼ੀ ਨੂੰ ਲਿਖਤੀ ਨੋਟਿਸ ਭੇਜ ਕੇ ਆਪਣਾ ਪੱਖ ਪੇਸ਼ ਕਰਨ ਲਈ ਕਹਿ ਸਕਦਾ ਹੈ। ਜੇ ਦੋਸ਼ੀ ਵੱਲੋਂ ਪੱਖ ਪੇਸ਼ ਕਰਨ ਬਾਅਦ ਤਫਤੀਸ਼ੀ ਅਫਸਰ ਨੂੰ ਜਾਪਦਾ ਹੋਵੇ ਕਿ ਦੋਸ਼ੀ ਦੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ ਤਾਂ ਉਹ ਦੋਸ਼ੀ ਨੂੰ ਗ੍ਰਿਫਤਾਰੀ ਤੋਂ ਛੋਟ ਦੇ ਸਕਦਾ ਹੈ। ਜੇ ਦੋਸ਼ੀ ਆਪਣੀ ਸਫਾਈ ਪੇਸ਼ ਕਰਨ ਵਿੱਚ ਅਸਫਲ ਰਹੇ ਅਤੇ ਤਫਤੀਸ਼ੀ ਅਫਸਰ ਨੂੰ ਤਫਤੀਸ਼ ਮੁਕੰਮਲ ਕਰਨ ਲਈ ਉਸਦੀ ਗ੍ਰਿਫਤਾਰੀ ਦੀ ਲੋੜ ਮਹਿਸੂਸ ਹੋਵੇ ਤਾਂ ਉਹ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦਾ ਹੈ।

ਇਸਦਾ ਇਹ ਵੀ ਮਤਲਬ ਨਹੀਂ ਕਿ ਇਸ ਸ਼੍ਰੇਣੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਕਾਨੂੰਨ (ਧਾਰਾ 41(ਬੀ) ਦੀਆਂ ਵਿਵਸਥਾਵਾਂ ਰਾਹੀਂ) ਵੱਲੋਂ ਅਜਿਹੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਇਸ ਵਿਵਸਥਾ ਵਿਚ ਦਰਜ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਪੁਲਿਸ ਅਫਸਰ ਇਸ ਵਰਗ ਦੇ ਜ਼ੁਰਮ ਕਰਨ ਵਾਲੇ ਦੋਸ਼ੀ ਨੂੰ ਵੀ ਤੁਰੰਤ ਗ੍ਰਿਫਤਾਰ ਕਰ ਸਕਦਾ ਹੈ।   

ਇਨਾਂ ਵਿਵਸਥਾਵਾਂ ਦੀ ਗਹਿਰਾਈ ਵਿਚ ਸਮਝ ਨਾ ਹੋਣ ਕਾਰਨ ਪੁਲਿਸ ਅਫਸਰ ਇਨਾਂ ਵਿਵਸਥਾਵਾਂ ਦੀ ਸਹੀ ਵਰਤੋਂ ਕਰਨ ਵਿਚ ਅਸਮਰਥ ਰਹੇ। ਵਿਵਸਥਾਵਾਂ ਦੀ ਸਖਤੀ ਤੋਂ ਡਰਦੇ ਹੋਏ ਕਈ ਵਾਰ ਪੁਲਿਸ ਅਧਿਕਾਰੀਆਂ ਵਲੋਂ ਉਨਾਂ ਦੋਸ਼ੀਆਂ ਨੂੰ ਵੀ ਗਰਿਫਤਾਰ ਨਹੀਂ ਕੀਤਾ ਗਿਆ ਜਿਨਾਂ ਨੂੰ ਤੁਰੰਤ ਗਰਿਫਤਾਰ ਕੀਤਾ ਜਾ ਸਕਦਾ ਸੀ। ਜਾਂ ਫੇਰ ਉਨਾਂ ਦੋਸ਼ੀਆਂ ਨੂੰ ਗਰਿਫਤਾਰ ਕੀਤਾ ਜਾਦਾਂ ਰਿਹਾ ਜਿਨਾਂ ਨੂੰ ਗਰਿਫਤਾਰੀ ਤੋਂ ਪਹਿਲਾਂ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣਾ ਜਰੂਰੀ ਸੀ।                                                                                                   

ਅਜਿਹੇ ਭੰਬਲਭੂਸੇ ਨੂੰ ਸਪਸ਼ਟ ਕਰਨ ਦੇ ਉਦੇਸ਼ ਨਾਲ ਮਾਣਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਇੱਕ ਮਹੱਤਵਪੂਰਣ ਫੈਸਲੇ (ਅਰਨੇਸ਼ ਕੁਮਾਰ ਬਨਾਮ ਬਿਹਾਰ ਸਰਕਾਰ, 2014(3) ਆਰ.ਸੀ.ਆਰ. (ਕ੍ਰਿਮੀਨਲ) 527), ਰਾਹੀਂ, ਗਿਰਫਤਾਰੀ ਨਾਲ ਸਬੰਧਤ ਇਨਾਂ ਵਿਵਸਥਾਵਾਂ ਨੂੰ ਹੋਰ ਸਪੱਸ਼ਟ ਕਰਦੇ ਹੋਏ ਅਤੇ ਦੋਸ਼ੀਆਂ ਦੇ ਹੱਕਾਂ ਨੂੰ ਹੋਰ ਸੁਰਿਖਤ ਕਰਦੇ ਹੋਏ, ਗਰਿਫਤਾਰੀ ਤੋਂ ਪਹਿਲਾਂ, ਪਾਲਣਾ ਲਈ, ਪੁਲਿਸ ਅਧਿਕਾਰੀਆਂ ਅਤੇ ਮਜਿਸਟਰੇਟਾਂ ਨੂੰ ਕੁੱਝ ਮਹੱਤਵਪੂਰਣ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।

ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼

ਪਹਿਲਾ ਸਟੈਪ: ਤਫਤੀਸ਼ੀ ਅਫਸਰ ਦੀ ਦੋਸ਼ੀ ਵੱਲੋਂ ਜ਼ੁਰਮ ਕੀਤੇ ਜਾਣ ਬਾਰੇ ਤਸੱਲੀ

ਧਾਰਾ 41(1)(b)(i) ਵਿੱਚ ਇਹ ਦਰਜ ਹੈ ਕਿ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਤਫਤੀਸ਼ੀ ਲਈ ਇਹ ਤਸੱਲੀ ਕਰਨੀ ਜ਼ਰੂਰੀ ਹੈ ਕਿ ਦੋਸ਼ੀ ਵੱਲੋਂ ਸੱਚਮੁੱਚ ਕੋਈ ਜ਼ੁਰਮ ਕੀਤਾ ਗਿਆ ਹੈ। ਇਸ ਫੈਸਲੇ ਰਾਹੀਂ ਸੁਪਰੀਮ ਕੋਰਟ ਵੱਲੋਂ ਤਫਤੀਸ਼ੀ ਅਫਸਰ ਦੇ ਮੋਢਿਆਂ ਉੱਪਰ ਇੱਕ ਹੋਰ ਜ਼ਿੰਮੇਵਾਰੀ ਪਾਈ ਗਈ ਹੈ। ਸੁਪਰੀਮ ਕੋਰਟ ਵੱਲੋਂ ਮੰਗ ਕੀਤੀ ਗਈ ਹੈ ਕਿ ਫੈਸਲੇ ਤੇ ਪੁੱਜਣ (ਕਿ ਜ਼ੁਰਮ ਹੋਇਆ ਹੈ ਜਾਂ ਨਹੀਂ) ਤੋਂ ਪਹਿਲਾਂ ਤਫਤੀਸ਼ੀ ਅਫਸਰ ਸ਼ਿਕਾਇਤ ਵਿੱਚ ਲੱਗੇ ਦੋਸ਼ਾਂ ਬਾਰੇ ਮੁੱਢਲੀ ਪੜਤਾਲ ਕਰੇ। ਤਫਤੀਸ਼ੀ ਅਫਸਰ ਲਈ ਇਹ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਉਹ ਆਪਣੀ ਤਸੱਲੀ (ਕਿ ਕੀ ਦੋਸ਼ੀ ਮੁਲਜ਼ਮ ਹੈ ਜਾਂ ਬੇਕਸੂਰ) ਦੇ ਕਾਰਨਾਂ ਨੂੰ ਲਿਖਤੀ ਰੂਪ ਵੀ ਦੇਵੇ।

ਸੁਪਰੀਮ ਕੋਰਟ ਦੀ ਇਸ ਹਦਾਇਤ ਦੀ ਪਾਲਣਾ ਨੂੰ ਹੇਠ ਲਿਖੀ ਉਦਾਹਰਣ ਰਾਹੀਂ ਸਮਝਿਆ ਜਾ ਸਕਦਾ ਹੈ:

ਉਦਾਹਰਣ: (ੳ) ਧਾਰਾ 406/498-ਏ ਆਈ.ਪੀ.ਸੀ. ਅਧੀਨ ਦਰਜ ਹੋਏ ਮੁਕੱਦਮੇ ਵਿੱਚ ਜੇ ਸ਼ਿਕਾਇਤਕਰਤਾ ਵੱਲੋਂ ਹੋਰ ਮੁਲਜ਼ਮਾਂ ਦੇ ਨਾਲ-ਨਾਲ ਆਪਣੇ ਪਤੀ ਦੇ ਦਾਦੇ ਤੇ ਵੀ ਹੋਰ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਅਤੇ ਇਸਤਰੀ ਧਨ ਨੂੰ ਗਬਨ ਕਰਨ ਦਾ ਦੋਸ਼ ਲਗਾਇਆ ਗਿਆ ਹੋਵੇ ਤਾਂ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਤਫਤੀਸ਼ੀ ਅਫਸਰ ਨੂੰ ਇਹਨਾਂ ਦੋਸ਼ਾਂ ਦੀ ਸਰਸਰੀ ਪੜਤਾਲ ਕਰ ਲੈਣੀ ਚਾਹੀਦੀ ਹੈ। ਜੇ ਪੜਤਾਲ ਤੋਂ ਇਹ ਪਾਇਆ ਜਾਵੇ ਕਿ ਦੋਸ਼ੀ ਦੀ ਉਮਰ 75 ਸਾਲ ਦੇ ਲਗਭਗ ਹੈ, ਉਸਨੂੰ ਦੋ ਵਾਰ ਹਾਰਟ ਅਟੈਕ ਹੋ ਚੁੱਕਾ ਹੈ ਅਤੇ ਉਹ ਮੰਜੇ ਨਾਲ ਲੱਗਿਆ ਹੋਇਆ ਹੈ। ਬਿਮਾਰੀ ਕਾਰਨ ਉਹ ਪਰਿਵਾਰਿਕ ਮਸਲਿਆਂ ਵੱਲ ਧਿਆਨ ਨਹੀਂ ਦਿੰਦਾ। ਬਹੁਤਾ ਸਮਾਂ ਉਹ ਆਪਣੇ ਦੂਜੇ ਪੁੱਤਰ ਦੇ ਘਰ ਰਹਿੰਦਾ ਹੈ। ਘਰ ਵਿੱਚ ਉਸਦੀ ਕੋਈ ਪੁੱਛ ਪਰਤੀਤ ਨਹੀਂ ਹੈ। ਉਸਦੇ ਆਪਣੇ ਪੋਤੇ ਦੇ ਵਿਆਹੁਤਾ ਜੀਵਨ ਵਿੱਚ ਦਖਲ ਦੇਣ ਦੀ ਕੋਈ ਸੰਭਾਵਨਾ ਨਹੀਂ ਹੈ। ਵਿਆਹ ਸਮੇਂ ਉਸਨੂੰ ਇੱਕ ਕੰਬਲ ਅਤੇ ਕੇਵਲ 1100/- ਰੁਪਏ ਹੀ ਸ਼ਗਨ ਦੇ ਤੌਰ ਤੇ ਦਿੱਤੇ ਗਏ ਸਨ। ਸ਼ਾਦੀ ਦੇ 5 ਸਾਲ ਬਾਅਦ ਕੰਬਲ ਦੀ ਬਰਾਮਦਗੀ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਇਸ ਸਮੇਂ ਦੌਰਾਨ ਉਹ ਕੰਬਲ ਘਸ/ਫਟ ਚੁੱਕਾ ਹੋਵੇਗਾ। ਇਸ ਸਰਸਰੀ ਘੋਖ-ਪੜਤਾਲ ਬਾਅਦ ਜੇ ਤਫਤੀਸ਼ੀ ਅਫਸਰ ਇਸ ਸਿੱਟੇ ਤੇ ਪੁੱਜਦਾ ਹੈ ਕਿ ਸ਼ਿਕਾਇਤਕਰਤਾ ਦੇ ਪਤੀ ਦੇ ਦਾਦੇ ਵੱਲੋਂ ਕੋਈ ਜ਼ੁਰਮ ਨਹੀਂ ਕੀਤਾ ਗਿਆ ਤਾਂ ਉਹ ਆਪਣੇ ਇਸ ਸਿੱਟੇ ਨੂੰ ਆਪਣੀ ਜਿਮਨੀ (ਪੁਲਿਸ ਫਾਈਲ) ਵਿੱਚ ਦਰਜ ਕਰੇਗਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰੇਗਾ।

(ਅ) ਇਸੇ ਮੁਕੱਦਮੇ ਵਿੱਚ ਹੋਰ ਮੁੱਢਲੀ ਘੋਖ ਕਰਨ ਤੇ ਜੇ ਤਫਤੀਸ਼ੀ ਅਫਸਰ ਇਸ ਸਿੱਟੇ ਤੇ ਪੁੱਜਦਾ ਹੈ ਕਿ ਸ਼ਿਕਾਇਤਕਰਤਾ ਦਾ ਪਤੀ ਸ਼ਰਾਬੀ ਕਿਸਮ ਦਾ ਹੈ ਅਤੇ ਅਕਸਰ ਸ਼ਿਕਾਇਤਕਰਤਾ ਦੀ ਕੁੱਟ-ਮਾਰ ਕਰਦਾ ਰਹਿੰਦਾ ਹੈ। ਉਹ ਬੇਰੁਜ਼ਗਾਰ ਹੈ। ਉਸਨੇ ਸ਼ਿਕਾਇਤਕਰਤਾ ਦੇ ਬਹੁਤੇ ਗਹਿਣੇ ਵੇਚ ਦਿੱਤੇ ਹਨ। ਉਹ ਹੋਰ ਦਹੇਜ ਲਿਆਉਣ ਲਈ ਉਸਨੂੰ ਅਕਸਰ ਤੰਗ ਪਰੇਸ਼ਾਨ ਕਰਦਾ ਹੈ ਜਿਸਦਾ ਸਬੂਤ ਸ਼ਿਕਾਇਤਕਰਤਾ ਦੇ ਪੇਕਿਆਂ ਵੱਲੋਂ ਉਸਨੂੰ ਸਮਝਾਉਣ ਲਈ ਕਈ ਵਾਰ ਲਿਆਂਦੀਆਂ ਪੰਚਾਇਤਾਂ ਤੋਂ ਮਿਲਦਾ ਹੈ। ਤਫਤੀਸ਼ੀ ਅਫਸਰ ਆਪਣੀ ਜਿਮਨੀ ਵਿੱਚ ਦੋਸ਼ੀ ਵੱਲੋਂ ਜ਼ੁਰਮ ਕਰਨ ਦੀ ਆਪਣੀ ਇਸ ਤਸੱਲੀ ਨੂੰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਸਕਦਾ ਹੈ।

ਨੋਟ: ਸੁਪਰੀਮ ਕੋਰਟ ਵੱਲੋਂ ਇਸ ਮੁਕੱਦਮੇ ਰਾਹੀਂ ਇਹ ਦਿਸ਼ਾ ਨਿਰਦੇਸ਼ ਦਿੱਤਾ ਗਿਆ ਹੈ ਕਿ ਤਫਤੀਸ਼ੀ ਅਫਸਰ ਪਹਿਲਾਂ ਮੁੱਢਲੀ ਪੜਤਾਲ ਕਰੇਗਾ ਅਤੇ ਫਿਰ ਦੋਸ਼ੀ ਦੇ ਜ਼ੁਰਮ ਕਰਨ ਜਾਂ ਨਾ ਕਰਨ ਬਾਰੇ ਆਪਣੇ ਸਿੱਟੇ ਨੂੰ ਲਿਖਤੀ ਰੂਪ (ਆਪਣੀ ਜਿਮਨੀ ਵਿੱਚ) ਦੇਵੇਗਾ।

ਦੂਜਾ ਸਟੈਪ: ਫੌਰੀ ਗ੍ਰਿਫਤਾਰੀ ਲਈ ਤਸੱਲੀ

ਇਸ ਸਿੱਟੇ ਤੇ ਪੁੱਜ ਜਾਣ ਬਾਅਦ ਤਫਤੀਸ਼ੀ ਅਫਸਰ ਇਹ ਫੈਸਲਾ ਕਰੇਗਾ ਕਿ ਕੀ ਦੋਸ਼ੀ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਜਾਂ ਨਹੀਂ? ਸੁਪਰੀਮ ਕੋਰਟ ਵੱਲੋਂ ਇਸ ਮੁਕੱਦਮੇ ਵਿੱਚ ਤਫਤੀਸ਼ੀ ਅਫਸਰ ਨੂੰ ਦਿਸ਼ਾ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਆਪਣੇ ਆਪ ਤੋਂ ਇਹ ਪ੍ਰਸ਼ਨ ਪੁੱਛੇ ਕਿ ਕੀ ਦੋਸ਼ੀ ਦੀ ਗ੍ਰਿਫਤਾਰੀ ਜ਼ਰੂਰੀ ਹੈ? ਗ੍ਰਿਫਤਾਰੀ ਕਰਨ ਨਾਲ ਕੀ ਕੋਈ ਉਦੇਸ਼ ਪੂਰਾ ਹੋਵੇਗਾ? ਜੇ ਉਸਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਵਿੱਚ ਮਿਲਣ ਤਾਂ ਉਹ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦਾ ਹੈ।

ਧਾਰਾ 41(1)(b)(ii) ਵਿੱਚ ਪੰਜ ਅਜਿਹੀਆਂ ਸ਼ਰਤਾਂ ਦਰਜ ਕੀਤੀਆਂ ਗਈਆਂ ਹਨ ਜਿਹਨਾਂ ਵਿੱਚੋਂ ਇੱਕ ਜਾਂ ਵੱਧ ਸ਼ਰਤ ਪੂਰੀ ਹੋਣ ਤੇ ਹੀ ਦੋਸ਼ੀ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਵੱਲੋਂ ਇਹ ਦਿਸ਼ਾ ਨਿਰਦੇਸ਼ ਦਿੱਤਾ ਗਿਆ ਹੈ ਕਿ ਫੌਰੀ ਗ੍ਰਿਫਤਾਰੀ ਕਰਨ ਤੋਂ ਪਹਿਲਾਂ ਤਫਤੀਸ਼ੀ ਅਫਸਰ ਵੱਲੋਂ ਲਿਖਤੀ ਰੂਪ ਵਿੱਚ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਕਿਸ ਸ਼ਰਤ ਨੂੰ ਪੂਰੀ ਕਰਦੀ ਹੈ।

ਇਸ ਦਿਸ਼ਾ ਨਿਰਦੇਸ਼ ਦੀ ਪਾਲਣਾ ਨੂੰ ਹੇਠ ਲਿਖੀਆਂ ਉਦਾਹਰਣਾਂ ਰਾਹੀਂ ਸਮਝਿਆ ਜਾ ਸਕਦਾ ਹੈ:

1. ਪਹਿਲੀ ਸ਼ਰਤ: ਦੋਸ਼ੀ ਨੂੰ ਹੋਰ ਜ਼ੁਰਮ ਕਰਨ ਤੋਂ ਰੋਕਣ ਲਈ (ਧਾਰਾ 41(1)(b)(ii)(a)

ਉਦਾਹਰਣ:

(ੳ)ਜੇ ਦੋਸ਼ੀ ਉੱਪਰ ਸ਼ਿਕਾਇਤਕਰਤਾ ਦੀ ਜੇਬ ਕੱਟਣ ਦਾ ਦੋਸ਼ ਹੋਵੇ ਅਤੇ ਥਾਣੇ ਦਾ ਰਿਕਾਰਡ ਘੋਖਣ ਤੇ ਇਹ ਪਤਾ ਚਲਦਾ ਹੋਵੇ ਕਿ ਦੋਸ਼ੀ ਪੇਸ਼ਾਵਰ ਜੇਬ ਕਤਰਾ, ਚੋਰ ਅਤੇ ਖੋਹਾਂ ਕਰਨ ਵਾਲਾ ਹੈ। ਅਜਿਹੇ ਦੋਸ਼ੀ ਨੂੰ ਜੇ ਫੌਰੀ ਤੌਰ ਤੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਸ ਵੱਲੋਂ ਇਸ ਤਰ੍ਹਾਂ ਦੇ ਹੋਰ ਜ਼ੁਰਮ ਕਰਨ ਦੀ ਪੂਰੀ ਸੰਭਾਵਨਾ ਹੈ। ਤਫਤੀਸ਼ੀ ਅਫਸਰ ਆਪਣੀ ਜਿਮਨੀ ਵਿੱਚ ਇਹ ਲਿਖਤੀ ਰਿਪੋਰਟ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦਾ ਹੈ।

2. ਦੂਜੀ ਸ਼ਰਤ: ਮੁਕੱਦਮੇ ਦੀ ਸਹੀ ਢੰਗ ਨਾਲ ਤਫਤੀਸ਼ ਪੂਰੀ ਕਰਨ ਲਈ (ਧਾਰਾ 41(1)(b)(ii)(b)

ਉਦਾਹਰਣ:

ਜੇ ਸ਼ਿਕਾਇਤਕਰਤਾ ਵੱਲੋਂ ਆਪਣੀ ਫੈਕਟਰੀ ਵਿੱਚੋਂ ਭਾਰੀ ਮਾਤਰਾ ਵਿੱਚ ਸਾਈਕਲਾਂ ਦੇ ਪੁਰਜੇ ਚੋਰੀ ਹੋਣ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਹੋਵੇ। ਚੋਰੀ ਦੇ ਮਾਲ ਨੂੰ ਟਰੱਕ ਵਿੱਚ ਲੱਦ ਕੇ ਲੈ ਕੇ ਗਿਆ ਹੋਵੇ। ਸ਼ਿਕਾਇਤਕਰਤਾ ਵੱਲੋਂ ਦੋਸ਼ੀ ਨੂੰ ਕਿਸੇ ਕਬਾੜੀਏ ਕੋਲ ਚੋਰੀ ਦਾ ਮਾਲ ਵੇਚਦੇ ਦੇਖਿਆ ਗਿਆ ਹੋਵੇ। ਤਫਤੀਸ਼ ਮੁਕੰਮਲ ਕਰਨ ਲਈ ਉਸ ਕੋਲੋਂ ਉਸਦੇ ਸਾਥੀ ਦੋਸ਼ੀਆਂ, ਵਾਰਦਾਤ ਲਈ ਵਰਤੇ ਗਏ ਟਰੱਕ ਦੇ ਮਾਲਕ ਬਾਰੇ ਪਤਾ ਕਰਨਾ ਅਤੇ ਮਾਲ ਮੁਕੱਦਮਾ ਬਰਾਮਦ ਕਰਨਾ ਰਹਿੰਦਾ ਹੋਵੇ। ਤਫਤੀਸ਼ੀ ਅਫਸਰ ਆਪਣੀ ਜਿਮਨੀ ਵਿੱਚ ਇਹਨਾਂ ਕਾਰਨਾਂ ਨੂੰ ਦਰਜ ਕਰਕੇ ਦੋਸ਼ੀ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰ ਸਕਦਾ ਹੈ।

3. ਤੀਜੀ ਸ਼ਰਤ: ਗਵਾਹੀ ਨੂੰ ਖੁਰਦ-ਬੁਰਦ ਕਰਨ ਜਾਂ ਉਸ ਵਿੱਚ ਛੇੜ-ਛਾੜ ਕਰਨ ਤੋਂ ਰੋਕਣ ਲਈ (ਧਾਰਾ 41(1)(b)(ii)(c)

ਉਦਾਹਰਣ:

ਜੇ ਦੋਸ਼ੀ ਵੱਲੋਂ ਕੋਈ ਆਪੱਤੀਜਨਕ ਲਿਟਰੇਚਰ ਛਾਪਿਆ ਗਿਆ ਹੋਵੇ ਜਾਂ ਕੋਈ ਜਾਅਲੀ ਦਸਤਾਵੇਜ਼ ਤਿਆਰ ਕੀਤਾ ਗਿਆ ਹੋਵੇ ਅਤੇ ਫੌਰੀ ਗ੍ਰਿਫਤਾਰੀ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਵੱਲੋਂ ਉਸ ਲਿਟਰੇਚਰ ਨੂੰ ਸਾੜੇ ਜਾਣ ਜਾਂ ਜਾਅਲੀ ਦਸਤਾਵੇਜ਼ ਉੱਪਰ ਆਪਣੀ ਜਾਅਲੀ ਹੱਥ ਲਿਖਤ ਨੂੰ ਮਿਟਾਏ ਜਾਣ ਦੀ ਸੰਭਾਵਨਾ ਹੋਵੇ ਤਾਂ ਤਫਤੀਸ਼ੀ ਅਫਸਰ ਆਪਣੇ ਇਸ ਸਿੱਟੇ ਨੂੰ ਆਪਣੀ ਜਿਮਨੀ ਵਿੱਚ ਦਰਜ ਕਰਕੇ ਦੋਸ਼ੀ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰ ਸਕਦਾ ਹੈ।

4. ਚੌਥੀ ਸ਼ਰਤ: ਗਵਾਹਾਂ ਨੂੰ ਗਵਾਹੀ ਦੇਣ ਤੋਂ ਰੋਕਣ ਦੀ ਸੰਭਾਵਨਾ ਨੂੰ ਨਕਾਰਨ ਲਈ (ਧਾਰਾ 41(1)(b)(ii)(d)

ਉਦਾਹਰਣ:

ਜੇ ਵਾਰਦਾਤ ਦੇ ਚਸ਼ਮਦੀਦ ਗਵਾਹ ਦੋਸ਼ੀ ਦੇ ਰਿਸ਼ਤੇਦਾਰ, ਮਿੱਤਰ ਜਾਂ ਉਸਦੇ ਮੁਲਾਜ਼ਮ ਆਦਿ ਹੋਣ ਅਤੇ ਫੌਰੀ ਗ੍ਰਿਫਤਾਰੀ ਨਾ ਹੋਣ ਕਾਰਨ ਦੋਸ਼ੀ ਵੱਲੋਂ ਉਹਨਾਂ ਗਵਾਹਾਂ ਨੂੰ ਲਾਲਚ ਦੇ ਕੇ, ਪ੍ਰੇਰ ਕੇ ਜਾਂ ਧਮਕਾ ਕੇ ਗਵਾਹੀ ਦੇਣ ਤੋਂ ਰੋਕਣ ਦੀ ਸੰਭਾਵਨਾ ਹੋਵੇ ਤਾਂ ਤਫਤੀਸ਼ੀ ਅਫਸਰ ਆਪਣੇ ਇਸ ਸਿੱਟੇ ਨੂੰ ਆਪਣੀ ਜਿਮਨੀ ਵਿੱਚ ਦਰਜ ਕਰਕੇ ਦੋਸ਼ੀ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰ ਸਕਦਾ ਹੈ।

5. ਪੰਜਵੀਂ ਸ਼ਰਤ: ਮੁਕੱਦਮੇ ਦੀ ਸੁਣਵਾਈ ਸਮੇਂ ਦੋਸ਼ੀ ਦੇ ਅਦਾਲਤ ਵਿੱਚ ਹਾਜ਼ਰ ਰਹਿਣ ਦੀ ਸੰਭਾਵਨਾ ਨੂੰ ਯਕੀਨੀ ਬਣਾਉਣ ਲਈ (ਧਾਰਾ 41(1)(b)(ii)(e)

ਉਦਾਹਰਣ:

ਜੇ ਦੋਸ਼ੀ ਐਨ.ਆਰ.ਆਈ. ਹੋਵੇ ਜਾਂ ਕਿਸੇ ਹੋਰ ਪ੍ਰਾਂਤ ਵਿੱਚ ਰਹਿਣ ਵਾਲਾ ਪ੍ਰਵਾਸੀ ਮਜ਼ਦੂਰ ਹੋਵੇ ਅਤੇ ਫੌਰੀ ਤੌਰ ਤੇ ਗ੍ਰਿਫਤਾਰ ਨਾ ਕੀਤੇ ਜਾਣ ਦੀ ਸੂਰਤ ਵਿੱਚ ਦੋਸ਼ੀ ਦੇ ਵਿਦੇਸ਼ ਚਲੇ ਜਾਣ ਜਾਂ ਲਾਪਤਾ ਹੋਣ ਦੀ ਸੰਭਾਵਨਾ ਹੋਵੇ ਤਾਂ ਤਫਤੀਸ਼ੀ ਅਫਸਰ ਆਪਣੇ ਇਸ ਸਿੱਟੇ ਨੂੰ ਆਪਣੀ ਜਿਮਨੀ ਵਿੱਚ ਦਰਜ ਕਰਕੇ ਦੋਸ਼ੀ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰ ਸਕਦਾ ਹੈ।

ਤੀਜਾ ਸਟੈਪ: ਗ੍ਰਿਫਤਾਰੀ ਦੇ ਕਾਰਨਾਂ ਨੂੰ ਲਿਖਤੀ ਰੂਪ

ਸੁਪਰੀਮ ਕੋਰਟ ਵੱਲੋਂ ਇਸ ਫੈਸਲੇ ਵਿੱਚ ਤਫਤੀਸ਼ੀ ਅਫਸਰ ਨੂੰ ਇਹ ਦਿਸ਼ਾ ਨਿਰਦੇਸ਼ ਦਿੱਤਾ ਗਿਆ ਹੈ ਕਿ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਦੇ ਕਾਰਨਾਂ ਨੂੰ ਲਿਖਤੀ ਰੂਪ (ਜਿਮਨੀ ਵਿੱਚ) ਦੇਵੇ। ਤਫਤੀਸ਼ੀ ਅਫਸਰ ਇਹਨਾਂ ਕਾਰਨਾਂ ਨੂੰ ਆਪਣੀ ਜਿਮਨੀ ਵਿੱਚ ਦਰਜ ਕਰੇ।

ਚੌਥਾ ਸਟੈਪ: ਦੋਸ਼ੀ ਦੀ ਹੋਰ ਪੁਲਿਸ ਹਿਰਾਸਤ ਪ੍ਰਾਪਤ ਕਰਨਾ ਕਿਉਂ ਜਰੂਰੀ ਹੈ? ਤਫਤੀਸ਼ੀ ਅਫਸਰ ਇਸ ਪ੍ਰਸ਼ਨ ਦਾ ਉਤਰ ਤਲਾਸ਼ੇ ਅਤੇ ਲੋੜ ਮਹਿਸੂਸ ਹੋਣ ਤੇ ਹੀ ਹੋਰ ਪੁਲਿਸ ਰਿਮਾਂਡ ਦੀ ਮੰਗ ਕਰੇ।

ਉਦਾਹਰਣ:

ਜੇ ਚੋਰੀ ਦੇ ਕਿਸੇ ਮੁਕੱਦਮੇ ਵਿੱਚ ਕਈ ਦੋਸ਼ੀਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੋਵੇ ਅਤੇ ਮਾਲ ਵੀ ਭਾਰੀ ਮਾਤਰਾ ਵਿੱਚ ਚੋਰੀ ਹੋਇਆ ਹੋਵੇ। ਫੜੇ ਗਏ ਦੋਸ਼ੀ ਕੋਲੋਂ ਕੁਝ ਮਾਲ ਮੁਕੱਦਮਾ ਬਰਾਮਦ ਹੋ ਚੁੱਕਾ ਹੋਵੇ ਅਤੇ ਉਸਦੇ ਦੱਸਣ ਅਨੁਸਾਰ ਬਾਕੀ ਦਾ ਮਾਲ ਮੁਕੱਦਮਾ ਬਾਕੀ ਦੇ ਦੋਸ਼ੀਆਂ ਦੇ ਕਬਜ਼ੇ ਵਿੱਚ ਹੋਵੇ। ਅਜਿਹੀ ਸਥਿਤੀ ਵਿੱਚ ਬਾਕੀ ਦੇ ਮਾਲ ਮੁਕੱਦਮੇ ਨੂੰ ਬਰਾਮਦ ਕਰਾਉਣ ਅਤੇ ਸਾਥੀ ਦੋਸ਼ੀਆਂ ਦੀ ਸ਼ਨਾਖਤ ਕਰਾਉਣ ਲਈ ਦੋਸ਼ੀ ਦੀ ਹੋਰ ਪੁੱਛ-ਗਿੱਛ ਕਰਨੀ ਜ਼ਰੂਰੀ ਹੋਵੇ। ਅਜਿਹੀ ਪੁੱਛ-ਗਿੱਛ ਤਾਂ ਹੀ ਸੰਭਵ ਹੋਵੇ ਜੇ ਦੋਸ਼ੀ ਦੀ ਪੁਲਿਸ ਹਿਰਾਸਤ ਵਿੱਚ ਵਾਧਾ ਹੋਵੇ। ਤਫਤੀਸ਼ੀ ਅਫਸਰ ਦੋਸ਼ੀ ਦੀ ਹੋਰ ਪੁਲਿਸ ਹਿਰਾਸਤ ਲਈ ਲੋੜੀਂਦੇ ਇਹਨਾਂ ਕਾਰਨਾਂ ਨੂੰ ਲਿਖਤੀ ਰੂਪ (ਜਿਮਨੀ ਵਿੱਚ) ਦੇਵੇਗਾ।

ਪੰਜਵਾਂ ਸਟੈਪ: ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਦੇ ਸਮੇਂ ਤਫਤੀਸ਼ੀ ਅਫਸਰ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ

1. ਦੋਸ਼ੀ ਦੇ ਨਾਲ-ਨਾਲ, ਤਫਤੀਸ਼ੀ ਅਫਸਰ ਅਦਾਲਤ ਵਿੱਚ ਆਪਣੀ ਇੱਕ ਲਿਖਤੀ ਰਿਪੋਰਟ ਵੀ ਪੇਸ਼ ਕਰੇਗਾ ਜਿਸ ਵਿੱਚ ਹੇਠ ਲਿਖੀ ਸੂਚਨਾ ਦਰਜ ਹੋਵੇਗੀ:

ੳ) ਪਰਚੇ ਵਿਚ ਦਰਜ ਦੋਸ਼ਾਂ ਨਾਲ ਸਬੰਧਤ ਤੱਥ,

ਅ) ਜ਼ੁਰਮ ਦੋਸ਼ੀ ਵੱਲੋਂ ਹੀ ਕੀਤਾ ਗਿਆ ਹੈ ਇਸਦੇ ਕਾਰਨ ਅਤੇ

ੲ) ਇਸ ਸੰਬੰਧੀ ਤਫਤੀਸ਼ੀ ਅਫਸਰ ਵੱਲੋਂ ਕੱਢੇ ਗਏ ਸਿੱਟੇ।

2. ਇਸ ਰਿਪੋਰਟ ਦੇ ਨਾਲ-ਨਾਲ ਤਫਤੀਸ਼ੀ ਅਫਸਰ ਇਕ ਪੜਤਾਲ ਸੂਚੀ (ਚੈਕ ਲਿਸਟ) ਜਿਸ ਵਿੱਚ ਧਾਰਾ

41(1)(b)(ii) ਦੀਆਂ ਕਿਹੜੀਆਂ ਸ਼ਰਤਾਂ ਦੋਸ਼ੀ ਤੇ ਲਾਗੂ ਹੁੰਦੀਆਂ ਹਨ ਬਾਰੇ ਜਾਣਕਾਰੀ ਦਰਜ ਹੋਵੇਗੀ, ਵੀ ਪੇਸ਼ ਕਰੇਗਾ।

ਉਕਤ ਸਾਰੀ ਪ੍ਰਕ੍ਰਿਆ ਦਾ ਸੰਖੇਪ

1. ਦੋਸ਼ੀ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰਨ ਤੋਂ ਪਹਿਲਾਂ ਤਫਤੀਸ਼ੀ ਅਫਸਰ ਲਈ ਇਹ ਤਸੱਲੀ ਕਰ ਲੈਣਾ ਜ਼ਰੂਰੀ ਹੈ ਕਿ ਦੋਸ਼ੀ ਵੱਲੋਂ ਸੱਚ ਮੁੱਚ ਜ਼ੁਰਮ ਕੀਤਾ ਗਿਆ ਹੈ। ਤਫਤੀਸ਼ੀ ਅਫਸਰ ਲਈ ਇਹ ਤਸੱਲੀ ਕਰ ਲੈਣਾ ਵੀ ਜ਼ਰੂਰੀ ਹੈ ਕਿ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਲਈ ਧਾਰਾ 41(1)(b)(ii) ਵਿੱਚ ਦਰਜ ਇੱਕ ਜਾਂ ਵੱਧ ਸ਼ਰਤ ਪੂਰੀ ਹੁੰਦੀ ਹੈ। ਇਹ ਵੀ ਕਿ ਤਫਤੀਸ਼ ਮੁਕੰਮਲ ਕਰਨ ਲਈ ਦੋਸ਼ੀ ਦੀ ਹੋਰ ਪੁਲਿਸ ਹਿਰਾਸਤ ਲੋੜੀਂਦੀ ਹੈ। ਤਫਤੀਸ਼ੀ ਅਫਸਰ ਲਈ ਇਹਨਾਂ ਸਾਰੇ ਸਿੱਟਿਆਂ ਨੂੰ ਲਿਖਤੀ ਰੂਪ ਦੇਣਾ ਵੀ ਜ਼ਰੂਰੀ ਹੈ।

2. ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਦੇ ਸਮੇਂ ਤਫਤੀਸ਼ੀ ਅਫਸਰ ਨੂੰ ਆਪਣੀ ਉਕਤ ਰਿਪੋਰਟ ਅਤੇ ਪੜਤਾਲ ਸੂਚੀ ਵੀ ਪੇਸ਼ ਕਰਨੀ ਪਵੇਗੀ।

ਮੈਜਿਸਟ੍ਰੇਟ ਵੱਲੋਂ ਅਪਣਾਈ ਜਾਣ ਵਾਲੀ ਪ੍ਰਕ੍ਰਿਆ

ਜਦੋਂ ਦੋਸ਼ੀ ਨੂੰ, ਪੁਲਿਸ ਹਿਰਾਸਤ ਵਿਚ, ਅਦਾਲਤ ਵਿਚ ਪੇਸ਼ ਕੀਤਾ ਜਾਦਾ ਹੈ ਤਾਂ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਮਜਿਸਟਰੇਟ ਲਈ ਹੇਠ ਲਿਖੀ ਪ੍ਰਕ੍ਰਿਆ ਅਪਣਾਉਣੀ ਜਰੂਰੀ:

ਪਹਿਲਾ ਸਟੈਪ: ਮੁੱਢਲੀ ਨਿਆਇਕ ਪੜਤਾਲ

ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜਦੋਂ ਕਿਸੇ ਦੋਸ਼ੀ ਨੂੰ ਹੋਰ ਪੁਲਿਸ ਹਿਰਾਸਤ ਦੀ ਮੰਗ ਕਰਦੇ ਹੋਏ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਹੋਵੇ ਤਾਂ ਮੈਜਿਸਟ੍ਰੇਟ ਪਹਿਲਾਂ ਤਫਤੀਸ਼ੀ ਅਫਸਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਤੇ ਪੜਤਾਲ ਸੂਚੀ ਦੀ ਮੁੱਢਲੀ ਨਿਆਇਕ ਪੜਤਾਲ ਕਰੇਗਾ। ਪੜਤਾਲ ਕਰਦੇ ਸਮੇਂ ਉਹ ਇਹਨਾਂ ਪ੍ਰਸ਼ਨਾਂ ਦੀ ਘੋਖ ਕਰੇਗਾ ਕਿ ਕੀ ਤਫਤੀਸ਼ੀ ਅਫਸਰ ਨੇ ਆਪਣੀ ਰਿਪੋਰਟ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਦੇ ਕਾਰਨ ਦਰਜ ਕੀਤੇ ਹਨ, ਕੀ ਸਰਸਰੀ ਨਜ਼ਰ ਮਾਰਨ ਤੇ ਉਹ ਕਾਰਨ ਸਹੀ ਜਾਪਦੇ ਹਨ, ਕੀ ਤਫਤੀਸ਼ੀ ਅਫਸਰ ਵੱਲੋਂ ਗ੍ਰਿਫਤਾਰੀ ਲਈ ਕੱਢੇ ਗਏ ਸਿੱਟੇ ਸਹੀ ਹਨ? ਕੀ ਗ੍ਰਿਫਤਾਰੀ ਲਈ ਧਾਰਾ 41(1)(b)(ii) ਵਿੱਚ ਦਰਜ ਸ਼ਰਤਾਂ ਵਿੱਚੋਂ ਕੋਈ ਸ਼ਰਤ ਲਾਗੂ ਹੁੰਦੀ ਹੈ? ਮੈਜਿਸਟ੍ਰੇਟ ਆਪਣੇ ਸਿੱਟੇ ਨੂੰ ਲਿਖਤੀ ਰੂਪ ਵਿੱਚ ਦਰਜ ਕਰੇਗਾ।

ਦੂਜਾ ਸਟੈਪ: ਮੁੱਢਲੀ ਪੜਤਾਲ ਬਾਅਦ ਜੇ ਦੋਸ਼ੀ ਦੀ ਗ੍ਰਿਫਤਾਰੀ ਅਤੇ ਉਸਨੂੰ ਪੁਲਿਸ ਹਿਰਾਸਤ ਵਿੱਚ ਭੇਜਣ ਦੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਹੋਣ ਤਾਂ ਮੈਜਿਸਟ੍ਰੇਟ ਦੋਸ਼ੀ ਨੂੰ ਪੁਲਿਸ ਹਿਰਾਸਤ ਵਿੱਚ ਭੇਜੇ ਜਾਣ ਦਾ ਹੁਕਮ ਦੇਵੇਗਾ।

ਤੀਜਾ ਸਟੈਪ: ਮੁੱਢਲੀ ਪੜਤਾਲ ਬਾਅਦ ਜੇ ਦੋਸ਼ੀ ਦੀ ਗ੍ਰਿਫਤਾਰੀ ਅਤੇ ਉਸਨੂੰ ਪੁਲਿਸ ਹਿਰਾਸਤ ਵਿੱਚ ਭੇਜਣ ਦੀਆਂ ਸ਼ਰਤਾਂ ਪੂਰੀਆਂ ਨਾ ਹੁੰਦੀਆਂ ਹੋਣ ਤਾਂ ਮੈਜਿਸਟ੍ਰੇਟ ਦੋਸ਼ੀ ਨੂੰ ਰਿਹਾ ਕਰਨ ਦਾ ਹੁਕਮ ਦੇਵੇਗਾ।

ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਮੈਜਿਸਟ੍ਰੇਟ ਵਿਰੁੱਧ ਵਿਭਾਗੀ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ

                                                ਭਾਗ-2

ਜੇ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਦੀ ਜ਼ਰੂਰਤ ਨਾ ਹੋਵੇ ਤਾਂ ਤਫਤੀਸ਼ੀ ਅਫਸਰ ਵਲੋਂ ਅਪਣਾਈ ਜਾਣ ਵਾਲੀ ਪ੍ਰਕ੍ਰਿਆ

ਜੇ ਤਫਤੀਸ਼ੀ ਅਫਸਰ ਨੂੰ ਇਹ ਜਾਪਦਾ ਹੋਵੇ ਕਿ ਦੋਸ਼ੀ ਦੀ ਫੌਰੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ ਤਾਂ ਉਹ ਦੋਸ਼ੀ ਨੂੰ ਲਿਖਤੀ ਨੋਟਿਸ ਭੇਜ ਕੇ ਆਪਣਾ ਪੱਖ ਪੇਸ਼ ਕਰਨ ਲਈ ਕਹਿ ਸਕਦਾ ਹੈ। ਨੋਟਿਸ ਪ੍ਰਾਪਤ ਹੋਣ ਤੇ ਦੋਸ਼ੀ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਉਹ ਨੋਟਿਸ ਵਿਚ ਦਰਜ ਹਦਾਇਤਾਂ ਦੀ ਪੁਰੀ ਤਰਾਂ ਪਾਲਣਾ ਕਰੇ ਅਤੇ ਪੁਲਿਸ ਅਧਿਕਾਰੀ ਨੂੰ ਪੜਤਾਲ ਵਿਚ ਸਹਿਯੋਗ ਦੇਵੇ। ਕਾਨੂੰਨ ਪੁਲਿਸ ਅਧਿਕਾਰੀ ਨੂੰ ਹਦਾਇਤ ਦਿੰਦਾ ਹੈ ਕਿ ਜਿੰਨਾ ਚਿਰ ਦੋਸ਼ੀ ਨੋਟਿਸ ਵਿਚ ਦਰਜ ਹਦਾਇਤਾਂ ਦੀ ਪਾਲਣਾ ਕਰਦਾ ਹੈ ਉਨਾਂ ਚਿਰ ਉਸ ਨੂੰ ਗਰਿਫਤਾਰ ਨਾ ਕੀਤਾ ਜਾਵੇ। ਦੇਖਣ ਵਿਚ ਆਉਂਦਾ ਸੀ ਕਿ ਪੁਲਿਸ ਅਫਸਰ ਨੋਟਿਸ ਦੇਣ ਵਿਚ ਆਨਾ ਕਾਨੀ ਕਰਦੇ ਸਨ ਜਾਂ ਫੇਰ ਪੁੱਛ ਗਿਛ ਮਹੀਨਿਆਂ, ਕਦੇ ਕਦੇ ਸਾਲਾਂ ਤੱਕ ਲਟਕਾਈ ਰੱਖਦੇ ਸਨ। ਇਸ ਸਮੱਸਿਆ ਨੂੰ ਨਜਿੱਠਣ ਲਈ, ਆਪਣੇ ਇਸ ਫੈਸਲੇ ਵਿਚ ਸੁਪਰੀਮ ਕੋਰਟ ਵਲੋਂ ਨੋਟਿਸ ਜਲਦੀ ਦੇਣ ਅਤੇ ਫੇਰ ਜਲਦੀ ਨਿਪਟਾਰੇ ਲਈ ਦਿਸ਼ਾ ਰਿਦੇਸ਼ ਦਿੱਤੇ ਹਨ ਜੋ ਇਸ ਤਰਾਂ ਹਨ:

ਤਫਤੀਸ਼ੀ ਅਫਸਰ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਵੇ, ਇਸ ਲਈ, ਉਸ ਦੇ ਅਧਿਕਾਰਾਂ ਨੂੰ ਸੀਮਿਤ ਕਰ ਦਿੱਤਾ ਗਿਆ ਹੈ। ਹੁਣ ਉਸ ਨੂੰ ਨੋਟਿਸ ਨਾਲ ਸਬੰਧਤ ਹਰ ਕਾਰਵਾਈ ਨੂੰ ਲਿਖਤੀ ਰੂਪ ਦੇਣਾ ਪਵੇਗਾ। ਮਾਮਲਾ ਜ਼ਿਲ੍ਹਾ ਪੁਲਿਸ ਅਧਿਕਾਰੀ ਦੇ ਧਿਆਨ ਵਿੱਚ ਰਹੇ ਇਹ ਵਿਵਸਥਾ ਵੀ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਅਫਸਰ ਨੂੰ ਵੀ ਆਪਣੇ ਫ਼ਰਜ਼ ਨਿਸ਼ਚਿਤ ਸਮਾਂ ਸੀਮਾ ਵਿੱਚ ਨਿਭਾਉਣੇ ਪੈਣਗੇ। ਨਾਲ ਹੀ ਆਪਣੇ ਹਰ ਹੁਕਮ ਨੂੰ ਲਿਖਤੀ ਰੂਪ ਦੇਣਾ ਪਵੇਗਾ।

ਤਫਤੀਸ਼ੀ ਅਫਸਰ ਅਤੇ ਜ਼ਿਲ੍ਹਾ ਪੁਲਿਸ ਅਫਸਰ ਵੱਲੋਂ ਅਪਣਾਈ ਜਾਣ ਵਾਲੀ ਪ੍ਰਕ੍ਰਿਆ

ਪਹਿਲਾ ਸਟੈਪ: ਦੋਸ਼ੀ ਦੀ ਫੌਰੀ ਗ੍ਰਿਫਤਾਰੀ ਦੀ ਲੋੜ ਕਿਉਂ ਨਹੀਂ ਹੈ? ਤਫਤੀਸ਼ੀ ਅਫਸਰ ਇਨਾਂ ਕਾਰਨਾਂ ਨੂੰ ਲਿਖਤੀ ਰੂਪ ਦੇਵੇਗਾ।

ਦੂਜਾ ਸਟੈਪ: ਇਸ ਫੈਸਲੇ ਦੀ ਅਦਾਲਤ ਨੂੰ ਲਿਖਤੀ ਸੂਚਨਾ

ੳ)           ਪੁਲਿਸ ਅਫਸਰ ਆਪਣੇ ਇਸ ਫੈਸਲੇ ਦੀ ਲਿਖਤੀ ਰੂਪ ਵਿਚ ਸੂਚਨਾ, ਮੁਕੱਦਮਾ ਦਰਜ ਹੋਣ ਦੇ ਦੋ ਹਫਤਿਆਂ ਦੇ ਅੰਦਰ-ਅੰਦਰ ਇਲਾਕਾ ਮੈਜਿਸਟ੍ਰੇਟ ਨੂੰ ਭੇਜੇਗਾ।

ਅ)  ਇਲਾਕਾ ਮੈਜਿਸਟ੍ਰੇਟ ਨੂੰ ਸੂਚਨਾ ਦੇਣ ਦੇ ਸਮੇਂ ਵਿਚ ਜੇ ਵਾਧਾ ਕਰਨ ਦੀ ਲੋੜ ਹੋਵੇ ਤਾਂ ਸਮੇਂ ਵਿੱਚ ਵਾਧਾ ਕਰਨ ਦਾ ਅਧਿਕਾਰ ਕੇਵਲ ਜ਼ਿਲ੍ਹੇ ਦਾ ਪੁਲਿਸ ਕਪਤਾਨ ਕੋਲ ਹੀ ਹੋਵੇਗਾ। ਪੁਲਿਸ ਕਪਤਾਨ ਲਈ ਸਮੇਂ ਵਿੱਚ ਕੀਤੇ ਵਾਧੇ ਦੇ ਕਾਰਨਾਂ ਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਹੈ।

ਤੀਜਾ ਸਟੈਪ: ਦੋਸ਼ੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਲਿਖਤੀ ਨੋਟਿਸ

ੳ) ਮੁਕੱਦਮਾ ਦਰਜ ਹੋਣ ਦੇ ਦੋ ਹਫਤਿਆਂ ਦੇ ਅੰਦਰ-ਅੰਦਰ ਪੁਲਿਸ ਅਫਸਰ ਲਈ, ਦੋਸ਼ੀ ਨੂੰ ਉਸ ਅੱਗੇ ਪੇਸ਼ ਹੋ ਕੇ, ਆਪਣਾ ਪੱਖ ਪੇਸ਼ ਕਰਨ ਦਾ ਨੋਟਿਸ ਭੇਜਣਾ ਜ਼ਰੂਰੀ ਹੈ।

ਅ) ਜੇ ਇਸ ਸਮੇਂ ਵਿੱਚ ਵਾਧਾ ਕਰਨ ਦੀ ਲੋੜ ਹੋਵੇ ਤਾਂ ਸਮੇਂ ਵਿੱਚ ਵਾਧਾ ਕਰਨ ਦਾ ਅਧਿਕਾਰ ਕੇਵਲ ਜ਼ਿਲ੍ਹੇ ਦਾ ਪੁਲਿਸ ਕਪਤਾਨ ਕੋਲ ਹੀ ਹੋਵੇਗਾ। ਪੁਲਿਸ ਕਪਤਾਨ ਲਈ ਸਮੇਂ ਵਿੱਚ ਕੀਤੇ ਵਾਧੇ ਦੇ ਕਾਰਨਾਂ ਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਹੈ।

ਚੌਥਾ ਸਟੈਪ: ਦੋਸ਼ੀ ਦੀ ਗ੍ਰਿਫਤਾਰੀ ਸਮੇਂ ਧਾਰਾ 41(1)(b) ‘ਚ ਦਰਜ ਹਦਾਇਤਾਂ ਦੀ ਪੂਰਤੀ

ਜੇ ਦੋਸ਼ੀ ਪੁਲਿਸ ਅਫਸਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਪੁਲਿਸ ਅਫਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਸਕਦਾ ਹੈ। ਅਜਿਹੀ ਗ੍ਰਿਫਤਾਰੀ ਸਮੇਂ ਵੀ ਪੁਲਿਸ ਅਫਸਰ ਅਤੇ ਮੈਜਿਸਟ੍ਰੇਟ ਲਈ ਉਹਨਾਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਜਿਹਨਾਂ ਦੀ ਧਾਰਾ 41 ਅਧੀਨ ਗ੍ਰਿਫਤਾਰੀ ਕਰਦੇ ਸਮੇਂ ਜ਼ਰੂਰੀ ਹੈ।

                ਜੇ ਤਫਤੀਸ਼ੀ ਅਫਸਰ ਉੱਪਰ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ, ਉਸ ਵਿਰੁੱਧ (ੳ) ਅਦਾਲਤ ਦੀ ਮਾਣ ਹਾਨੀ ਅਤੇ/ਜਾਂ ਫਿਰ (ਅ) ਵਿਭਾਗੀ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ।