July 13, 2024

Mitter Sain Meet

Novelist and Legal Consultant

ਹਾਲਾਤ ਤੇ ਅਧਾਰਿਤ ਗਵਾਹੀ /Circumstantial evidence

ਹਾਲਾਤ ਤੇ ਅਧਾਰਿਤ ਗਵਾਹੀ (Circumstantial evidence)

ਹੋਏ ਜ਼ੁਰਮਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਸ਼੍ਰੇਣੀ ਵਿੱਚ ਉਹ ਜ਼ੁਰਮ ਆਉਂਦੇ ਹਨ ਜਿਹੜੇ ਗਵਾਹਾਂ ਦੀ ਹਾਜ਼ਰੀ ਵਿੱਚ ਹੁੰਦੇ ਹਨ। ਜਿਵੇਂ ਕਿ ਲੜਾਈ ਝਗੜੇ ਅਤੇ ਬਲਾਤਕਾਰ ਆਦਿ ਦੇ ਕੇਸ। ਇਸ ਸ਼੍ਰੇਣੀ ਵਿੱਚ ਪੈਂਦੇ ਜ਼ੁਰਮਾਂ ਨੂੰ ਸਿੱਧ ਕਰਨ ਲਈ ਜ਼ਖ਼ਮੀ ਵਿਅਕਤੀ ਜਾਂ ਪੀੜਤ ਲੜਕੀ ਦਾ ਬਿਆਨ ਹੀ ਕਾਫ਼ੀ ਹੁੰਦਾ ਹੈ। ਦੂਜੀ ਸ਼੍ਰੇਣੀ ਵਿੱਚ ਉਹ ਜ਼ੁਰਮ ਆਉਂਦੇ ਹਨ ਜਿਹੜੇ ਲੁਕ ਛਿਪ ਕੇ ਕੀਤੇ ਜਾਂਦੇ ਹਨ ਜਾਂ ਜਿਹਨਾਂ ਵਿੱਚ ਪੀੜਤ ਜਾਂ ਜ਼ਖ਼ਮੀ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ। ਚਸ਼ਮਦੀਦ ਗਵਾਹਾਂ ਦੇ ਮਰਨ ਨਾਲ ਸਬੂਤ ਵੀ ਮਿਟ ਜਾਂਦੇ ਹਨ।
ਇੱਕ ਕਹਾਵਤ ਹੈ ਕਿ ਮੁਲਜ਼ਮ ਜਿੰਨਾ ਮਰਜ਼ੀ ਹੁਸ਼ਿਆਰ ਹੋਵੇ, ਉਹ ਆਪਣੇ ਪਿੱਛੇ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਹੈ। ਦੂਸਰੀ ਸ਼੍ਰੇਣੀ (blind cases) ਵਿੱਚ ਪੈਂਦੇ ਜ਼ੁਰਮਾਂ ਵਿੱਚ ਦੋਸ਼ੀਆਂ ਦੀ ਸ਼ਨਾਖ਼ਤ ਲਈ ਅਤੇ ਵਾਰਦਾਤ ਦੀਆਂ ਕੜੀਆਂ ਨੂੰ ਜੋੜਨ ਲਈ ਜੋ ਸਬੂਤ ਇਕੱਠੇ ਕੀਤੇ ਜਾਂਦੇ ਹਨ, ਉਹਨਾਂ ਨੂੰ ‘ਹਾਲਾਤ ਤੇ ਅਧਾਰਿਤ ਗਵਾਹੀ’ ਗਵਾਹੀ ਆਖਿਆ ਜਾਂਦਾ ਹੈ।

ਹਾਲਾਤ ਤੇ ਅਧਾਰਤ ਗਵਾਹੀ ਦਾ ਅਰਥ

Case : Ajit Sawant Majagavi v/s State of Karnatka 1997, Cri.L.J. 3964 (SC)

Para “18. ….. Circumstantial evidence is not direct to the point in issue but consists of evidence of various other facts which are so closely associated with the fact in issue that taken together, they form a chain of circumstances from which the existence of the principal fact can be legally inferred or presumed.”

 ਹਾਲਾਤ ਤੇ ਅਧਾਰਤ ਗਵਾਹੀ ਦੀ ਮਹੱਤਤਾ

ਕਾਨੂੰਨ ਦੀ ਨਜ਼ਰ ਵਿੱਚ ਇਸ ਤਰ੍ਹਾਂ ਦੀ ਸ਼ਹਾਦਤ ਦੀ ਬਹੁਤ ਅਹਿਮੀਅਤ ਹੈ। ਜੇ ਕਾਨੂੰਨ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਇਹ ਸ਼ਹਾਦਤ ਮਿਸਲ ਉੱਪਰ ਆ ਜਾਵੇ ਤਾਂ ਦੋਸ਼ੀ ਨੂੰ, ਕਾਨੂੰਨ ਦੁਆਰਾ ਨਿਸ਼ਚਿਤ ਵੱਧ ਤੋਂ ਵੱਧ ਸਜ਼ਾ ਵੀ ਹੋ ਸਕਦੀ ਹੈ।

Case : State of Goa v/s Pandurang Mohite 2009 AIR (SC) 1066 (SC)

“12. There is no doubt that conviction can be based solely on circumstantial evidence but it should be tested by the touch-stone of law relating to circumstantial evidence…….

 ਹਾਲਾਤ ਤੇ ਅਧਾਰਤ ਗਵਾਹੀ ਦੀਆਂ ਲੜੀਆਂ

ਹਰ ਵਾਰਦਾਤ ਕਈ ਕੜੀਆਂ ਤੇ ਅਧਾਰਿਤ ਹੁੰਦੀ ਹੈ। ਜਦੋਂ ਕਿਸੇ ਵਾਰਦਾਤ ਦਾ ਕੋਈ ਚਸ਼ਮਦੀਦ ਗਵਾਹ ਨਾ ਹੋਵੇ ਤਾਂ ਦੋਸ਼ੀ ਦਾ ਜ਼ੁਰਮ ਸਿੱਧ ਕਰਨ ਲਈ, ਵਾਰਦਾਤ ਨਾਲ ਜੁੜੀ ਹਰ ਕੜੀ ਨੂੰ, ਬਿਨ੍ਹਾਂ ਸ਼ੱਕ, ਸਿੱਧ ਕਰਨਾ ਕਾਨੂੰਨ ਦੀ ਮੁੱਢਲੀ ਲੋੜ ਹੈ। ਜੇ ਇੱਕ ਕੜੀ ਵੀ ਸਿੱਧ ਹੋਣੋ ਰਹਿ ਜਾਵੇ ਤਾਂ ਦੋਸ਼ੀ ਨੂੰ ਸ਼ੱਕ ਦਾ ਫ਼ਾਇਦਾ ਦੇ ਕੇ ਬਰੀ ਕਰ ਦਿੱਤਾ ਜਾਂਦਾ ਹੈ। ਕੁਝ ਮਹੱਤਵਪੂਰਨ ਕੜੀਆਂ ਇਹ ਹਨ:
ੳ) ਜ਼ੁਰਮ ਪਿਛਲਾ ਮੰਤਵ
ਜ਼ੁਰਮ ਕਰਨ ਪਿੱਛੇ ਦੋਸ਼ੀ ਦਾ ਕੋਈ ਨਾ ਕੋਈ ਮੰਤਵ ਹੁੰਦਾ ਹੈ। ਜਿਵੇਂ ਚੋਰੀ, ਡਕੈਤੀ ਕਰਦੇ ਸਮੇਂ ਹੋਏ ਕਤਲ ਪਿੱਛੇ ਦੋਸ਼ੀਆਂ ਦਾ ਮੰਤਵ ਮ੍ਰਿਤਕ ਨੂੰ ਮਾਰਨਾ ਘੱਟ, ਉਸ ਕੋਲੋਂ ਨਗਦੀ ਜਾਂ ਗਹਿਣਾ ਆਦਿ ਲੁੱਟਣਾ ਵੱਧ ਹੁੰਦਾ ਹੈ। ਇਸੇ ਤਰ੍ਹਾਂ ਨਿਰੋ ਕਤਲ ਵਾਲੀ ਵਾਰਦਾਤ ਪਿੱਛੇ ਦੋਸ਼ੀ ਦਾ ਮੰਤਵ ਕਿਸੇ ਪੁਰਾਣੀ ਰੰਜਿਸ਼ ਦਾ ਬਦਲਾ ਲੈਣਾ ਹੁੰਦਾ ਹੈ। ਜਨਮ ਮਿਤੀ ਅਤੇ ਉੱਚ ਵਿੱਦਿਆ ਦੀਆਂ ਡਿਗਰੀਆਂ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਪਿੱਛੇ ਦੋਸ਼ੀ ਦਾ ਮੰਤਵ ਕਿਸੇ ਅਜਿਹੀ ਨੌਕਰੀ ਨੂੰ ਪ੍ਰਾਪਤ ਕਰਨਾ ਹੋ ਸਕਦਾ ਹੈ, ਜਿਸ ਦੀ ਘੱਟੋ-ਘੱਟ aੁਮਰ ਦੀ ਸੀਮਾ ਲੰਘ ਚੁੱਕੀ ਹੋਵੇ ਜਾਂ ਦੋਸ਼ੀ ਘੱਟੋ-ਘੱਟ ਯੋਗਤਾਵਾਂ ਵੀ ਪੂਰੀਆਂ ਨਾ ਕਰਦਾ ਹੋਵੇ। ਦੋਸ਼ੀ ਵੱਲੋਂ ਦਸਤਾਵੇਜ਼ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਨ ਦੇ ਮੰਤਵ ਨਾਲ ਤਿਆਰ ਕੀਤੇ ਹੋ ਸਕਦੇ ਹਨ।

ਅ) ਵਾਰਦਾਤ ਦੀ ਤਿਆਰੀ
ਵਾਰਦਾਤ ਨੂੰ ਸਿਰੇ ਚੜ੍ਹਾਉਣ ਲਈ ਦੋਸ਼ੀ ਵੱਲੋਂ ਪਹਿਲਾਂ ਤਿਆਰੀ ਕੀਤੀ ਜਾਂਦੀ ਹੈ। ਜੇ ਉਸ ਨੇ ਕਤਲ ਕਰਨਾ ਹੈ ਤਾਂ ਪਹਿਲਾਂ ਕਤਲ ਲਈ ਹਥਿਆਰ (ਪਿਸਤੌਲ, ਬੰਦੂਕ ਆਦਿ) ਪ੍ਰਾਪਤ ਕਰੇਗਾ। ਜੇ ਮ੍ਰਿਤਕ ਨੂੰ ਜ਼ਹਿਰ ਦੇ ਕੇ ਮਾਰਨਾ ਹੈ ਤਾਂ ਜ਼ਹਿਰ ਦਾ ਪ੍ਰਬੰਧ ਕਰੇਗਾ। ਵਾਰਦਾਤ ਠੀਕ-ਠਾਕ ਸਿਰੇ ਚੜ੍ਹ ਜਾਵੇ, ਇਸ ਲਈ ਹਾਲਾਤ ਦਾ ਪੂਰਾ ਜਾਇਜ਼ਾ ਲੈਣ ਲਈ ਦੋਸ਼ੀ ਵੱਲੋਂ ਰਿੱਕੀ ਕੀਤੀ ਜਾਂਦੀ ਹੈ। ਦੋਸ਼ੀ ਵੱਲੋਂ ਵਾਰਦਾਤ ਲਈ ਕੀਤੀ ਗਈ ਤਿਆਰੀ ਵਾਲੀ ਕੜੀ ਬਹੁਤ ਮਹੱਤਵਪੂਰਨ ਹੁੰਦੀ ਹੈ। ਤਫ਼ਤੀਸ਼ੀ ਨੂੰ ਦੋਸ਼ੀ ਵੱਲੋਂ ਹਥਿਆਰ ਕਿੱਥੋਂ ਪ੍ਰਾਪਤ ਕੀਤੇ ਗਏ, ਜ਼ਹਿਰ ਕਿਸ ਵਿਅਕਤੀ ਕੋਲੋਂ ਲਿਆਂਦੀ ਗਈ ਅਤੇ ਰਿੱਕੀ ਲਈ ਕਿਸ-ਕਿਸ ਵਿਅਕਤੀ ਨਾਲ ਸੰਪਰਕ ਕੀਤਾ ਗਿਆ ਆਦਿ ਤੱਥ ਇਕੱਠੇ ਕਰਕੇ ਮਿਸਲ ਤੇ ਲਿਆਉਣੇ ਚਾਹੀਦੇ ਹਨ।
ੲ) ਮੌਕਾ ਵਾਰਦਾਤ ਤੋਂ ਮਿਲਣ ਵਾਲੇ ਸਬੂਤ
ਜਿਸ ਥਾਂ ਉੱਪਰ ਵਾਰਦਾਤ ਹੋਈ ਹੁੰਦੀ ਹੈ ਉਸ ਉੱਪਰ ਬਹੁਤ ਸਾਰੇ ਅਜਿਹੇ ਸਬੂਤ ਬਾਕੀ ਰਹਿ ਜਾਂਦੇ ਹਨ, ਜਿਹਨਾਂ ਦੀ ਘੋਖ ਪੜਤਾਲ ਕਰਕੇ ਦੋਸ਼ੀ ਦੀ ਸ਼ਨਾਖ਼ਤ ਹੋ ਸਕਦੀ ਹੈ ਅਤੇ ਇਹ ਸਿੱਧ ਹੋ ਸਕਦਾ ਹੈ ਕਿ ਵਾਰਦਾਤ ਉਸੇ ਦੋਸ਼ੀ ਵੱਲੋਂ ਕੀਤੀ ਗਈ ਹੈ।
ਉਦਾਹਰਣ: ਕਤਲ ਦੇ ਜ਼ੁਰਮ ਵਿੱਚ ਆਪਣਾ ਬਚਾਅ ਕਰਦੇ ਸਮੇਂ ਮ੍ਰਿਤਕ ਵੱਲੋਂ ਜੱਦੋ-ਜਹਿਦ ਕੀਤੀ ਜਾਂਦੀ ਹੈ। ਉਸ ਜੱਦੋ-ਜਹਿਦ ਦੇ ਨਿਸ਼ਾਨ ਮੌਕੇ ਵਾਲੀ ਥਾਂ ਤੇ ਬਾਕੀ ਰਹਿ ਜਾਂਦੇ ਹਨ। ਮ੍ਰਿਤਕ ਦੇ ਵਾਲ, ਕੱਪੜਿਆਂ ਦੇ ਟੁਕੜੇ ਜਾਂ ਖ਼ੂਨ, ਦੋਸ਼ੀ ਦੇ ਹਥਿਆਰ ਨਾਲ ਚਿਪਕ ਸਕਦੇ ਹਨ। ਕੁਝ ਖ਼ੂਨ ਮੌਕੇ ਉੱਪਰ ਵੀ ਡੁੱਲ੍ਹ ਸਕਦਾ ਹੈ। ਜੇ ਦੋਹਾਂ ਧਿਰਾਂ ਵਿੱਚ ਲੜਾਈ ਖੁਲ੍ਹ ਕੇ ਹੋਈ ਹੋਵੇ ਤਾਂ ਦੋਸ਼ੀ ਦਾ ਖ਼ੂਨ ਵੀ ਜ਼ਮੀਨ ਉੱਪਰ ਡਿਗ ਸਕਦਾ ਹੈ। ਇਸੇ ਤਰ੍ਹਾਂ ਬਲਾਤਕਾਰ ਬਾਅਦ ਹੋਏ ਕਤਲ ਵਾਲੇ ਜ਼ੁਰਮਾਂ ਵਿੱਚ ਵੀ ਔਰਤ ਵੱਲੋਂ ਆਪਣੀ ਇੱਜ਼ਤ ਬਚਾਉਂਦੇ ਸਮੇਂ ਜੱਦੋ-ਜਹਿਦ ਕੀਤੀ ਗਈ ਹੁੰਦੀ ਹੈ। ਇਸ ਜੱਦੋ-ਜਹਿਦ ਵਿੱਚ ਉਸ ਵੱਲੋਂ ਆਪਣੇ ਨੌਹਾਂ ਅਤੇ ਦੰਦਾਂ ਦੀ ਵਰਤੋਂ ਕਰਕੇ ਦੋਸ਼ੀ ਦੇ ਜਿਸਮ ਤੇ ਜ਼ਖ਼ਮ ਕੀਤੇ ਜਾ ਸਕਦੇ ਹਨ। ਮੌਕੇ ਉੱਪਰ ਦੋਸ਼ੀ ਦੀਆਂ ਉਂਗਲਾਂ, ਪੈਰਾਂ ਅਤੇ ਜੋੜਿਆਂ ਦੇ ਨਿਸ਼ਾਨ ਰਹਿ ਸਕਦੇ ਹਨ। ਦੋਸ਼ੀ ਦੀ ਪੱਗ ਜਾਂ ਕੋਈ ਹੋਰ ਕੱਪੜਾ ਵੀ ਮੌਕੇ ਤੇ ਡਿੱਗ ਸਕਦਾ ਹੈ। ਇਹਨਾਂ ਸਬੂਤਾਂ ਦੇ ਅਧਾਰ ਤੇ ਦੋਸ਼ੀ ਦੀ ਸ਼ਨਾਖ਼ਤ ਨੂੰ ਪੱਕਿਆਂ ਕੀਤਾ ਜਾ ਸਕਦਾ ਹੈ ਅਤੇ ਇਹ ਵੀ ਸਿੱਧ ਕੀਤਾ ਜਾ ਸਕਦਾ ਹੈ ਕਿ ਵਾਰਦਾਤ ਦੋਸ਼ੀ ਵੱਲੋਂ ਹੀ ਕੀਤੀ ਗਈ ਹੈ।
ਕਈ ਵਾਰ ਜ਼ੁਰਮ ਵਾਹਨਾਂ (ਜਿਵੇਂ ਕਿ ਕਾਰ ਆਦਿ) ਵਿੱਚ ਕੀਤਾ ਜਾਂਦਾ ਹੈ। ਪੀੜਤ ਵਿਅਕਤੀ ਨੂੰ ਪਹਿਲਾਂ ਅਗਵਾ ਕੀਤਾ ਜਾਂਦਾ ਹੈ, ਫਿਰ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਕਤਲ ਕਰਕੇ ਲਾਸ਼ ਨੂੰ ਸੁੱਟ ਦਿੱਤਾ ਜਾਂਦਾ ਹੈ। ਅਜਿਹੇ ਵਾਹਨ ਦਾ ਬਰੀਕੀ ਨਾਲ ਕੀਤਾ ਮੁਆਇਨਾ ਵੀ, ਦੋਸ਼ੀ ਦੀ ਸ਼ਨਾਖ਼ਤ ਅਤੇ ਉਸ ਵੱਲੋਂ ਕੀਤੀ ਗਈ ਵਾਰਦਾਤ ਦੇ ਸਬੂਤ ਹਾਸਲ ਕਰਨ ਵਿੱਚ ਮੱਦਦ ਕਰ ਸਕਦਾ ਹੈ।
ਸ) ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਦੋਸ਼ੀ ਦਾ ਅਸਾਧਾਰਨ ਵਿਵਹਾਰ
ਦੋਸ਼ੀ ਵੱਲੋਂ ਆਪਣੇ ਜ਼ੁਰਮ ਨੂੰ ਸਿਰੇ ਚਾੜ੍ਹਨ ਲਈ ਬਣਾਈ ਯੋਜਨਾ ਅਤੇ ਜ਼ੁਰਮ ਤੋਂ ਬਾਅਦ ਸਬੂਤਾਂ ਨੂੰ ਮਿਟਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਘਬਰਾਹਟ ਕਾਰਨ ਦੋਸ਼ੀ ਦਾ ਵਿਵਹਾਰ ਵੀ ਅਸਾਧਾਰਨ ਹੋ ਜਾਂਦਾ ਹੈ। ਦੋਸ਼ੀ ਦਾ ਵਾਰਦਾਤ ਤੋਂ ਝੱਟ ਪਹਿਲਾਂ ਅਤੇ ਬਾਅਦ ਦਾ ਅਸਾਧਾਰਨ ਵਿਵਹਾਰ ਵੀ ਦੋਸ਼ੀ ਵੱਲੋਂ ਕੀਤੇ ਜ਼ੁਰਮ ਨੂੰ ਸਿੱਧ ਕਰਨ ਵਾਲੀਆਂ ਕੜੀਆਂ ਵਿੱਚ ਅਹਿਮ ਕੜੀ ਮੰਨਿਆ ਜਾਂਦਾ ਹੈ। ਹਾਲਾਤ ਤੇ ਅਧਾਰਿਤ ਗਵਾਹੀ ਵਾਲੇ ਕੇਸਾਂ ਵਿੱਚ ਤਫ਼ਤੀਸ਼ੀ ਅਫ਼ਸਰ ਵੱਲੋਂ ਇਸ ਕੜੀ ਦੇ ਜੋੜਨ ਵਾਲੇ ਸਬੂਤਾਂ ਨੂੰ ਵੀ ਮਿਸਲ ਤੇ ਲਿਆਉਣਾ ਚਾਹੀਦਾ ਹੈ।
ਦੋਸ਼ੀ ਦੇ ਅਸਾਧਾਰਨ ਵਿਵਹਾਰ ਨੂੰ ਹੇਠ ਲਿਖੀਆਂ ਉਦਾਹਰਣਾਂ ਰਾਹੀਂ ਸਮਝਿਆ ਜਾ ਸਕਦਾ ਹੈ:
ਉਦਾਹਰਣਾਂ:
1. ਇੱਕ ਕੇਸ ਵਿੱਚ ਦੋਸ਼ੀ ਉੱਪਰ ਕਾਲਜ ਦੇ ਪ੍ਰੋਫ਼ੈਸਰ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨ ਦਾ ਦੋਸ਼ ਸੀ। ਦੋਸ਼ੀ ਕਈ ਦਿਨ ਕਾਲਜ ਅੱਗੇ ਖਾਣ ਪੀਣ ਦੇ ਸਮਾਨ ਲਈ ਲੱਗੀਆਂ ਰੇਹੜੀਆਂ ਉੱਪਰ ਆ ਕੇ ਖੜ੍ਹਦਾ ਸੀ। ਸਮਾਂ ਬਤੀਤ ਕਰਨ ਲਈ ਸਮਾਨ ਖਰੀਦ ਕੇ ਖਾਣ ਲੱਗਦਾ ਸੀ। ਨਾਲ ਹੀ ਰੇਹੜੀ ਵਾਲਿਆਂ ਤੋਂ ਆਨੇ ਬਹਾਨੇ ਪ੍ਰੋਫ਼ੈਸਰ ਦੇ ਕਾਲਜ ਵਿੱਚੋਂ ਬਾਹਰ ਆਉਣ ਦੇ ਸਮੇਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਸੀ। ਜਦੋਂ ਪ੍ਰੋਫ਼ੈਸਰ ਕਾਲਜ ਵਿੱਚੋਂ ਬਾਹਰ ਨਿਕਲਦਾ ਸੀ ਤਾਂ ਉਹ ਖਾਣ ਪੀਣ ਵਾਲਾ ਸਮਾਨ ਵਿਚੇ ਛੱਡ ਕੇ ਪ੍ਰੋਫ਼ੈਸਰ ਦਾ ਪਿੱਛਾ ਕਰਨ ਲੱਗਦਾ ਸੀ। ਸਬੱਬ ਨਾਲ ਪ੍ਰੋਫ਼ੈਸਰ ਕਾਲਜੋਂ ਨਿਕਲਦਿਆਂ ਹੀ ਕਿਸੇ ਵਿਦਿਆਰਥੀ ਜਾਂ ਸਾਥੀ ਅਧਿਆਪਕ ਨਾਲ ਕਿਸੇ ਸਵਾਰੀ ਉੱਪਰ ਬੈਠ ਕੇ ਘਰ ਚਲਾ ਜਾਂਦਾ ਸੀ। ਤਿੰਨ ਦਿਨ ਦੋਸ਼ੀ ਦੇ ਯਤਨ ਅਸਫ਼ਲ ਹੁੰਦੇ ਰਹੇ। ਚੌਥੇ ਦਿਨ ਉਹ ਆਪਣੇ ਉਦੇਸ਼ ਦੀ ਪ੍ਰਾਪਤੀ ਵਿੱਚ ਕਾਮਯਾਬ ਹੋ ਗਿਆ। ਪ੍ਰੋਫ਼ੈਸਰ ਦੇ ਅਗਵਾ ਹੋਣ ਬਾਅਦ ਦੋਸ਼ੀ ਨੂੰ ਮੁੜ ਕਾਲਜ ਸਾਹਮਣੇ ਨਹੀਂ ਦੇਖਿਆ ਗਿਆ। ਇਸ ਤਰ੍ਹਾਂ ਇਸ ਵਾਰਦਾਤ ਵਿੱਚ ਰੇਹੜੀਆਂ ਵਾਲੇ, ਦੋਸ਼ੀ ਦੇ ਪਹਿਲੇ ਵਿਵਹਾਰ ਦੇ ਅਹਿਮ ਗਵਾਹ ਬਣੇ।
2. ਕਤਲ ਕੇਸ ਵਿੱਚ ਦੋਸ਼ੀ ਦਾ ਵਾਰਦਾਤ ਵਾਲੀ ਥਾਂ ਤੋਂ ਘਬਰਾਏ ਹੋਏ ਬਾਹਰ ਨਿਕਲਣਾ, ਉਸ ਦੇ ਹੱਥ ਵਿੱਚ ਫੜੇ ਹੋਏ ਹਥਿਆਰਾਂ ਦਾ ਖ਼ੂਨ ਨਾਲ ਲੱਥ-ਪੱਥ ਹੋਣਾ, ਵਾਰਦਾਤ ਦੇ ਕੁਝ ਘੰਟਿਆਂ ਬਾਅਦ ਦੋਸ਼ੀ ਦਾ ਆਪਣੇ ਹਥਿਆਰਾਂ ਨੂੰ ਸਾਫ਼ ਕਰਦੇ ਦੇਖਿਆ ਜਾਣਾ, ਕੱਪੜਿਆਂ ਨੂੰ (ਜਿਹਨਾਂ ਵਿੱਚ ਦੋਸ਼ੀ ਦੇ ਖ਼ੂਨ ਅਲੂਦ ਕੱਪੜੇ ਵੀ ਸ਼ਾਮਲ ਹੋ ਸਕਦੇ ਹਨ) ਸਾੜਦੇ ਦੇਖਿਆ ਜਾਣਾ, ਘਬਰਾਏ ਹੋਏ ਕਿਸੇ ਭਾਰੀ ਚੀਜ਼ ਨੂੰ ਨਹਿਰ ਆਦਿ ਵਿੱਚ ਸੁੱਟਣਾ ਆਦਿ ਦੋਸ਼ੀ ਦੇ ਵਾਰਦਾਤ ਤੋਂ ਬਾਅਦ ਵਾਲੇ ਅਸਾਧਾਰਨ ਵਿਵਹਾਰ ਨੂੰ ਸਿੱਧ ਕਰਨ ਵਾਲੇ ਤੱਥ ਹੋ ਸਕਦੇ ਹਨ ਅਤੇ ਦੋਸ਼ੀ ਨੂੰ ਸਜ਼ਾ ਕਰਾਉਣ ਲਈ ਅਧਾਰ ਬਣ ਸਕਦੇ ਹਨ।
) ਦੋਸ਼ੀ ਕੋਲੋਂ ਹੋਈਆਂ ਬਰਾਮਦਗੀਆਂ
ਗ੍ਰਿਫ਼ਤਾਰੀ ਸਮੇਂ ਦੋਸ਼ੀ ਕੋਲੋਂ ਵਾਰਦਾਤ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਵਸਤੂਆਂ ਬਰਾਮਦ ਹੁੰਦੀਆਂ ਹਨ। ਇਹ ਵਸਤੂਆਂ ਵੀ ਵਾਰਦਾਤ ਦੀਆਂ ਕੜੀਆਂ ਨੂੰ ਜੋੜਨ ਲਈ ਲਾਭਕਾਰੀ ਸਿੱਧ ਹੋ ਸਕਦੀਆਂ ਹਨ।

1) ਹਥਿਆਰਾਂ ਦੀ ਬਰਾਮਦਗੀ
ਵਾਰਦਾਤ ਕਰਦੇ ਸਮੇਂ ਦੋਸ਼ੀ ਵੱਲੋਂ ਵਰਤੇ ਗਏ ਹਥਿਆਰਾਂ ਉੱਪਰ (ਜਿਵੇਂ ਕਿ ਕਿਰਪਾਨ, ਗੰਡਾਸਾ, ਛੁਰਾ ਆਦਿ) ਮ੍ਰਿਤਕ ਦੇ ਖ਼ੂਨ ਦੇ ਧੱਬੇ, ਵਾਲ ਜਾਂ ਪਹਿਨੇ ਹੋਏ ਕਿਸੇ ਕੱਪੜੇ ਦਾ ਟੁਕੜਾ ਲੱਗ (ਚਿਪਕ) ਸਕਦਾ ਹੈ। ਇਹਨਾਂ ਵਸਤਾਂ ਉਪਰਲੇ ਖ਼ੂਨ ਨੂੰ ਮ੍ਰਿਤਕ ਦੇ ਖ਼ੂਨ ਨਾਲ ਮਿਲਾਣ ਕਰਵਾ ਕੇ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਜ਼ੁਰਮ ਦੋਸ਼ੀ ਵੱਲੋਂ ਹੀ ਕੀਤਾ ਗਿਆ ਹੈ।

2) ਵਾਰਦਾਤ ਵਿੱਚ ਵਰਤਿਆ ਗਿਆ ਵਾਹਨ
ਕਈ ਵਾਰ ਦੋਸ਼ੀ ਵੱਲੋਂ ਵਾਰਦਾਤ ਵਾਲੀ ਥਾਂ ਤੇ ਪੁੱਜਣ ਲਈ ਜਾਂ ਵਾਰਦਾਤ ਤੋਂ ਬਾਅਦ ਫ਼ਰਾਰ ਹੋਣ ਲਈ ਕਿਸੇ ਵਾਹਨ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਗਵਾਹ ਵੱਲੋਂ ਅਜਿਹੇ ਵਾਹਨ ਦਾ ਰਜਿਸਟਰੇਸ਼ਨ ਨੰਬਰ ਵੀ ਨੋਟ ਕੀਤਾ ਜਾ ਸਕਦਾ ਹੈ। ਅਜਿਹੇ ਵਾਹਨ ਦੀ ਬਰਾਮਦਗੀ, ਉਸ ਵਾਹਨ ਦੀ ਦੋਸ਼ੀ ਵੱਲੋਂ ਕੀਤੀ ਗਈ ਵਰਤੋਂ ਦੇ ਸਬੂਤ, ਦੋਸ਼ੀ ਨੂੰ ਵਾਰਦਾਤ ਨਾਲ ਜੋੜਨ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ।

3) ਚੋਰੀ ਹੋਏ ਮਾਲ ਦੀ ਬਰਾਮਦਗੀ
ਚੋਰੀ, ਲੁੱਟ, ਖੋਹ ਜਾਂ ਡਕੈਤੀ ਆਦ ਦੇ ਜ਼ੁਰਮਾਂ ਵਿੱਚ ਦੋਸ਼ੀਆਂ ਵੱਲੋਂ ਪੀੜਤ ਧਿਰ ਦਾ ਸਮਾਨ ਚੋਰੀ ਕਰ ਲਿਆ ਜਾਂਦਾ ਹੈ। ਚੋਰੀ ਦਾ ਸਾਰਾ ਜਾਂ ਕੁਝ ਮਾਲ ਦੋਸ਼ੀਆਂ ਕੋਲੋਂ ਬਰਾਮਦ ਹੋ ਸਕਦਾ ਹੈ। ਅਜਿਹੇ ਸਮਾਨ ਦੀ ਬਰਾਮਦਗੀ ਵੀ ਦੋਸ਼ੀ ਨੂੰ ਵਾਰਦਾਤ ਨਾਲ ਜੋੜ ਸਕਦੀ ਹੈ। ਬਰਾਮਦ ਹੋਇਆ ਮਾਲ ਪੀੜਤ ਧਿਰ ਦਾ ਹੀ ਹੈ, ਇਹ ਸਿੱਧ ਕਰਨ ਲਈ ਉਹਨਾਂ ਵਸਤੂਆਂ ਦੀ ਮਾਲਕੀ ਨੂੰ ਸਿੱਧ ਕਰਦੇ ਹੋਏ ਦਸਤਾਵੇਜ਼ ਮਿਸਲ ਉੱਪਰ ਲਿਆਉਣੇ ਜ਼ਰੂਰੀ ਹਨ, ਜਿਵੇਂ ਕਿ ਕਿਸੇ ਕਾਰ ਦੀ ਮਾਲਕੀ ਸਿੱਧ ਕਰਨ ਲਈ ਉਸ ਦੀ ਆਰ.ਸੀ. ਅਤੇ ਫ਼ਰਿਜ ਦੀ ਮਾਲਕੀ ਸਿੱਧ ਕਰਨ ਲਈ ਉਸ ਦਾ ਬਿੱਲ ਆਦਿ।

ਕ) ਹੋਰ ਸਬੰਧਤ ਵਸਤੂਆਂ ਦੀ ਬਰਾਮਦਗੀ
ਕਈ ਵਾਰ ਦੋਸ਼ੀ ਵੱਲੋਂ ਵਾਰਦਾਤ ਨੂੰ ਸਿਰੇ ਚਾੜ੍ਹਨ ਲਈ ਕੁਝ ਹੋਰ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਆਪਣੇ ਸਾਥੀ ਦੋਸ਼ੀਆਂ ਜਾਂ ਮ੍ਰਿਤਕ ਨਾਲ ਸੰਪਰਕ ਕਾਇਮ ਕਰਨ ਲਈ ਦੋਸ਼ੀ ਵੱਲੋਂ ਆਪਣੇ ਮੋਬਾਇਲ ਫੋਨ ਦੀ ਵਰਤੋਂ। ਮ੍ਰਿਤਕ ਅਤੇ ਉਸਦੇ ਸਾਥੀ ਦੋਸ਼ੀਆਂ ਦੀ ਸਾਜ਼-ਬਾਜ਼ ਨੂੰ ਸਿੱਧ ਕਰਨ ਲਈ ਮੋਬਾਇਲ ਫੋਨ ਅਤੇ ਫੋਨਾਂ ਦੀ ਕਾਲ ਡੀਟੇਲ ਲਾਹੇਵੰਦ ਸਿੱਧ ਹੋ ਸਕਦੀ ਹੈ। ਸਿਮ ਕਾਰਡ ਦੋਸ਼ੀ ਦਾ ਹੀ ਸੀ, ਇਹ ਸਿੱਧ ਕਰਨ ਲਈ ਮੋਬਾਇਲ ਫੋਨ ਕੰਪਨੀ ਦਾ ਸਬੰਧਤ ਰਿਕਾਰਡ ਅਤੇ ਮੋਬਾਇਲ ਫੋਨ ਤੋਂ ਹੋਈਆਂ ਕਾਲਾਂ ਦੀ ਡੀਟੇਲ ਮਿਸਲ ਤੇ ਆਉਣੀ ਜ਼ਰੂਰੀ ਹੈ।

ਹਾਲਾਤ ਤੇ ਅਧਾਰਤ ਗਵਾਹੀ ਨੂੰ ਪਰਖਣ ਦੇ ਮਾਪਦੰਡ

ਸੁਪਰੀਮ ਕੋਰਟ ਵੱਲੋਂ Case : Padala Veera Reddy v/s State of Andhra Pradesh 1990 Cri.L.J. 605 (SC) ਵਿਚ ਹਾਲਾਤ ਤੇ ਅਧਾਰਤ ਗਵਾਹੀ ਨੂੰ ਪਰਖਣ ਦੇ ਹੇਠ ਲਿਖੇ ਮਾਪਦੰਡ ਨਿਸ਼ਚਿਤ ਕੀਤੇ ਹਨ।
“1. ਉਹ ਹਾਲਾਤ ਜਿਹਨਾਂ ਦੇ ਅਧਾਰ ਤੇ ਦੋਸ਼ੀ ਦੇ ਮੁਜ਼ਰਮ ਹੋਣ ਦਾ ਸਿੱਟਾ ਕੱਢਿਆ ਜਾ ਰਿਹਾ ਹੋਵੇ ਜ਼ਰੂਰੀ ਤੌਰ ਤੇ ਢੁੱਕਵੇਂ ਅਤੇ ਦ੍ਰਿੜਤਾ ਨਾਲ ਸਿੱਧ ਕੀਤੇ ਗਏ ਹੋਣ।
2. ਉਹ ਹਾਲਾਤ ਨਿਸ਼ਚਿਤ ਤੌਰ ਉੱਤੇ ਅਤੇ ਬਿਨ੍ਹਾਂ ਕਿਸੇ ਸ਼ੱਕ ਦੇ, ਦੋਸ਼ੀ ਦੇ ਮੁਜ਼ਰਮ ਹੋਣ ਵੱਲ ਇਸ਼ਾਰਾ ਕਰਦੇ ਹੋਣ।
3. ਹਾਲਾਤਾਂ ਨੂੰ ਸਮੁੱਚਤਾ ਵਿੱਚ ਵਾਚਣ ਤੇ ਵਾਰਦਾਤ ਦੀ ਇੱਕ ਇਸ ਤਰ੍ਹਾਂ ਦੀ ਮੁਕੰਮਲ ਲੜੀ ਬਣਦੀ ਹੋਵੇ ਜਿਸ ਤੋਂ ਇਹ ਸਿੱਟਾ ਨਿਕਲਦਾ ਹੋਵੇ ਕਿ ਜ਼ੁਰਮ ਕੇਵਲ ਦੋਸ਼ੀ ਵੱਲੋਂ ਹੀ ਕੀਤਾ ਗਿਆ ਹੈ ਅਤੇ ਕਿਸੇ ਹੋਰ ਵੱਲੋਂ ਨਹੀਂ।
4. ਹਾਲਾਤ ਤੇ ਅਧਾਰਿਤ ਗਵਾਹੀ ਪੂਰੀ ਤਰ੍ਹਾਂ ਮੁਕੰਮਲ ਹੋਵੇ ਅਤੇ ਉਸ ਤੋਂ ਦੋਸ਼ੀ ਤੋਂ ਬਿਨ੍ਹਾਂ ਕਿਸੇ ਹੋਰ ਵੱਲੋਂ ਜ਼ੁਰਮ ਕੀਤੇ ਜਾਣ ਦੀ ਕੋਈ ਸੰਭਾਵਨਾ ਵੱਲ ਇਸ਼ਾਰਾ ਨਾ ਹੁੰਦਾ ਹੋਵੇ। ਅਜਿਹੀ ਗਵਾਹੀ ਦੋਸ਼ੀ ਦੇ ਮੁਜ਼ਰਮ ਹੋਣ ਨੂੰ ਹੀ ਸਿੱਧ ਨਾ ਕਰਦੀ ਹੋਵੇ ਸਗੋਂ ਉਸਦੇ ਬੇਕਸੂਰ ਹੋਣ ਨੂੰ ਵੀ ਝੁਠਲਾਉਂਦੀ ਹੋਵੇ।”