December 8, 2024

Mitter Sain Meet

Novelist and Legal Consultant

ਦਹੇਜ/ਇਸਤਰੀ ਧਨ ਦੇ ਗ਼ਬਨ ਦਾ ਜ਼ੁਰਮ

-kanuni-Mudli Jankarਔਰਤ ਦੇ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਵੱਲੋਂ ਦਹੇਜ/ਇਸਤਰੀ ਧਨ ਦੇ ਗ਼ਬਨ ਦਾ ਜ਼ੁਰਮ
(Misappropriation of dowry/istri dhan: Offence-Section 406 IPC
)

ਪਰਿਵਾਰਕ ਰਿਸ਼ਤਿਆਂ ਵਿਚ ਤੇਜ਼ੀ ਨਾਲ ਭੰਨਤੋੜ ਹੋ ਰਹੀ ਹੈ। ਨਤੀਜਾ ਝਗੜਿਆਂ ਨੂੰ ਪੁਲਿਸ ਅਤੇ ਅਦਾਲਤ ਵਿਚ ਲਿਜਾਉਣ ਵਿਚ ਨਿਕਲਦਾ ਹੈ। ਕਾਨੂੰਨ ਨੇ ਟਰਮ ਦਹੇਜ ਨੂੰ ਆਮ ਭਾਸ਼ਾ ਵਿਚ ਸਮਝਣ ਵਾਲੀ ਟਰਮ ਨਾਲੋਂ ਕੁਝ ਵੱਖਰੇ ਢੰਗ ਨਾਲ ਪਰਿਭਾਸ਼ਤ ਕੀਤਾ ਹੈ। ਦਹੇਜ ਟਰਮ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਦੋਵੇਂ ਧਿਰਾਂ ਭੰਬਲ ਭੂਸਿਆਂ ਵਿਚ ਪਈਆਂ ਰਹਿੰਦੀਆਂ ਹਨ। ਨਤੀਜੇ ਵਜੋਂ ਮਸਲੇ ਲੰਬੇ ਸਮੇਂ ਤੱਕ ਲਟਕਦੇ ਰਹਿੰਦੇ ਹਨ। ਕਈ ਵਾਰ ਅਸਫਲਤਾ ਹੀ ਹੱਥ ਲੱਗਦੀ ਹੈ। ਜੇ ਪਤੀ ਜਾਂ ਸਹੁਰਾ ਪਰਿਵਾਰ ਦਾ ਕੋਈ ਹੋਰ ਮੈਂਬਰ ਦਹੇਜ/ਇਸਤਰੀ ਧਨ ਦੀ ਦੁਰਵਰਤੋਂ ਜਾਂ ਗਬਨ ਕਰਦਾ ਹੈ ਤਾਂ ਉਹ ਧਾਰਾ 406 ਆਈ.ਪੀ.ਸੀ. ਦੇ ਜ਼ੁਰਮ ਦੀ ਸਜ਼ਾ ਦਾ ਭਾਗੀਦਾਰ ਬਣ ਜਾਂਦਾ ਹੈ।

ਟਰਮ ਦਹੇਜ/ਇਸਤਰੀ ਧਨ ਦੀ ਕਾਨੂੰਨ ਅਨੁਸਾਰ ਪਰਿਭਾਸ਼ਾ

ਭਾਰਤੀ ਸਮਾਜ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਰਿਹਾ ਹੈ। ਕਮਾਈ ਦੇ ਸਾਧਨਾਂ ਅਤੇ ਧਨ ਦੌਲਤ ਉੱਪਰ ਮਰਦ ਦਾ ਕਬਜ਼ਾ ਰਿਹਾ ਹੈ। ਏਨਾ ਕੁਝ ਹੁੰਦੇ ਹੋਏ ਵੀ, ਪੁਰਾਣੇ ਸਮਿਆਂ ਤੋਂ ਹੀ, ਔਰਤ ਦੇ ਸਵੈਮਾਣ ਦਾ ਖਿਆਲ ਵੀ ਰੱਖਿਆ ਜਾਂਦਾ ਰਿਹਾ ਹੈ। ਖ਼ਾਸ-ਖ਼ਾਸ ਸਮਿਆਂ ਉੱਪਰ, ਜਿਵੇਂ ਕਿ ਵਿਆਹ ਅਤੇ ਪੁੱਤਰ ਪੈਦਾ ਹੋਣ ਸਮੇਂ ਔਰਤਾਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ। ਤੋਹਫ਼ੇ ਦੇਣ ਵਾਲਿਆਂ ਵਿੱਚ ਔਰਤ ਦੇ ਮਾਪਿਆਂ ਦੇ ਰਿਸ਼ਤੇਦਾਰ, ਸਹੁਰਾ ਪਰਿਵਾਰ ਅਤੇ ਸਹੁਰੇ ਪਰਿਵਾਰ ਦੇ ਰਿਸ਼ਤੇਦਾਰ ਆਦਿ ਸ਼ਾਮਲ ਹੁੰਦੇ ਹਨ। ਇਹ ਤੋਹਫ਼ੇ ਹੀ ਇਸਤਰੀ ਧਨ ਹੁੰਦੇ ਹਨ। ਇਸਤਰੀ ਧਨ ਉੱਪਰ ਔਰਤ ਦਾ ਏਕਾਧਿਕਾਰ ਹੁੰਦਾ ਹੈ। ਉਸ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ (ਘੋਰ ਸੰਕਟ ਦੇ ਦਿਨਾਂ ਨੂੰ ਛੱਡ ਕੇ) ਇਸਤਰੀ ਧਨ ਨੂੰ ਵਰਤਣ ਦਾ ਅਧਿਕਾਰ ਨਹੀਂ ਹੁੰਦਾ।

ਉਹ ਤੋਹਫ਼ੇ ਜੋ ਇਸਤਰੀ ਧਨ ਦਾ ਹਿੱਸਾ ਹੁੰਦੇ ਹਨ

(ੳ) ਆਮ ਤੌਰ ਉੱਤੇ ਲੜਕੀ ਦੇ ਮਾਪਿਆਂ ਵੱਲੋਂ ਦਿੱਤੇ ਗਏ ਦਹੇਜ ਨੂੰ ਹੀ ਇਸਤਰੀ ਧਨ ਮੰਨਿਆ ਜਾਂਦਾ ਹੈ। ਜਦੋਂ ਕਿ ਇਸਤਰੀ ਧਨ ਦੀ ਪਰਿਭਾਸ਼ਾ ਅਨੁਸਾਰ ਉਹ ਸਭ ਤੋਹਫ਼ੇ ਜੋ ਕਿ ਲੜਕੀ ਦੇ ਮਾਪਿਆਂ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਜਾਂਦੇ ਹਨ, ਉਹ ਵੀ ਇਸਤਰੀ ਧਨ ਦਾ ਹਿੱਸਾ ਹੀ ਹੁੰਦੇ ਹਨ। ਜਿਵੇਂ ਕਿ ਦੁਲਹਨ ਦੇ ਮਾਪਿਆਂ, ਭੁਆ, ਚਾਚਿਆਂ, ਭੈਣਾਂ, ਜੀਜਿਆਂ ਆਦਿ ਵੱਲੋਂ ਦਿੱਤੇ ਗਏ ਗਹਿਣੇ ਅਤੇ ਹੋਰ ਤੋਹਫ਼ੇ ਵੀ ਇਸਤਰੀ ਧਨ ਦਾ ਹਿੱਸਾ ਹੀ ਹੁੰਦੇ ਹਨ।

(ਅ) ਇਸੇ ਤਰ੍ਹਾਂ ਲੜਕੀ ਦੇ ਪਤੀ, ਸੱਸ, ਸਹੁਰਾ ਅਤੇ ਸਹੁਰੇ ਪਰਿਵਾਰ ਦੇ ਹੋਰ ਰਿਸ਼ਤੇਦਾਰਾਂ ਵੱਲੋਂ ਜਿਵੇਂ ਕਿ ਲੜਕੀ ਦੇ ਪਤੀ ਦੇ ਮਾਮਿਆਂ, ਮਾਸੀਆਂ, ਭੂਆ ਆਦਿ ਵੱਲੋਂ ਦਿੱਤੇ ਗਏ ਗਹਿਣੇ ਅਤੇ ਤੋਹਫ਼ੇ ਵੀ ਇਸਤਰੀ ਧਨ ਦਾ ਹਿੱਸਾ ਹੁੰਦੇ ਹਨ।

ਉਹ ਤੋਹਫ਼ੇ ਜੋ ਇਸਤਰੀ ਧਨ ਦਾ ਹਿੱਸਾ ਨਹੀਂ ਹੁੰਦੇ

ਵਿਆਹ ਸਮੇਂ ਦੁਲਹਨ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਉਸ ਦੇ ਪਤੀ, ਸੱਸ, ਸਹੁਰੇ ਅਤੇ ਸਹੁਰਾ ਪਰਿਵਾਰ ਦੇ ਹੋਰ ਰਿਸ਼ਤੇਦਾਰਾਂ ਨੂੰ ਗਹਿਣੇ ਅਤੇ ਤੋਹਫ਼ੇ ਦਿੱਤੇ ਜਾਂਦੇ ਹਨ। ਇਹ ਤੋਹਫੇ ਸਮਾਜਿਕ ਰਸਮਾਂ ਅਨੁਸਾਰ ਦਿੱਤੇ ਜਾਂਦੇ ਹਨ। ਇਹਨਾਂ ਤੋਹਫ਼ਿਆਂ ਉੱਪਰ ਉਹਨਾਂ ਵਿਅਕਤੀਆਂ ਦਾ ਹੀ ਅਧਿਕਾਰ ਹੁੰਦਾ ਹੈ, ਜਿਹਨਾਂ ਨੂੰ ਉਹ ਤੋਹਫੇ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਕਿ ਲੜਕੀ ਦੇ ਪਤੀ ਨੂੰ ਦਿੱਤਾ ਗਿਆ ਸੋਨੇ ਦਾ ਕੜਾ, ਕੰਠਾ, ਘੜੀ ਆਦਿ। ਇਸੇ ਤਰ੍ਹਾਂ ਲੜਕੀ ਦੇ ਸਹੁਰੇ ਅਤੇ ਸੱਸ ਨੂੰ ਤੋਹਫੇ ਵਿੱਚ ਦਿੱਤੀਆਂ ਗਈਆਂ ਛਾਪਾਂ, ਕੰਬਲ, ਸੂਟ ਆਦਿ। ਲੜਕੀ ਦੇ ਜੇਠ, ਦਿਓਰ ਅਤੇ ਨਣਦੋਈਏ ਆਦਿ ਨੂੰ ਵੀ ਰਸਮੀ ਤੋਹਫ਼ੇ ਦਿੱਤੇ ਜਾਂਦੇ ਹਨ। ਇਹ ਤੋਹਫ਼ੇ ਇਸਤਰੀ ਧਨ ਦਾ ਹਿੱਸਾ ਨਾ ਹੋਣ ਕਾਰਨ ਇਹਨਾਂ ਉੱਪਰ ਲੜਕੀ ਦਾ ਕੋਈ ਅਧਿਕਾਰ ਨਹੀਂ ਹੁੰਦਾ।

ਮੰਗਣਾ (Ring Ceremony) ਅਤੇ ਵਿਆਹ ਉੱਪਰ ਹੋਇਆ ਖਰਚਾਦਹੇਜ ਨਹੀਂ ਹੁੰਦਾ

ਕਾਨੂੰਨ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਪੀੜਤ ਲੜਕੀ ਵੱਲੋਂ ਵਿਆਹ ਅਤੇ ਉਸ ਤੋਂ ਪਹਿਲਾਂ ਹੋਈਆਂ ਰਸਮਾਂ ਉੱਪਰ ਹੋਏ ਖਰਚੇ ਨੂੰ ਵੀ ਇਸਤਰੀ ਧਨ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ ਅਤੇ ਖਰਚੇ ਨੂੰ ਗ਼ਬਨ ਨਾਲ ਜੋੜ ਦਿੱਤਾ ਜਾਂਦਾ ਹੈ। ਇਹਨਾਂ ਰਸਮਾਂ ਉੱਪਰ ਹੋਇਆ ਖਰਚ, ਕਿਉਂਕਿ ਇਸਤਰੀ ਧਨ ਦਾ ਹਿੱਸਾ ਨਹੀਂ ਹੁੰਦਾ, ਇਸ ਲਈ ਇਸ ਖਰਚ ਨੂੰ ਨਾ ਗ਼ਬਨ ਹੋਏ ਇਸਤਰੀ ਧਨ ਵਿੱਚ ਸ਼ਾਮਲ ਮੰਨਿਆ ਜਾ ਸਕਦਾ ਹੈ ਅਤੇ ਨਾ ਹੀ ਅਜਿਹੇ ਖਰਚੇ ਨੂੰ ਦੋਸ਼ੀਆਂ ਕੋਲੋਂ ਬਰਾਮਦ ਕਰਵਾਇਆ ਜਾ ਸਕਦਾ ਹੈ।

ਤਫ਼ਤੀਸ਼ ਦੌਰਾਨ ਹੁੰਦੀਆਂ ਉਕਤਾਈਆਂ

  1. 1. ਇਸਤਰੀ ਧਨ ਬਾਰੇ ਅਧੂਰੀ ਜਾਣਕਾਰੀ ਕਾਰਨ

ਇਸਤਰੀ ਧਨ ਦੀ ਅਧੂਰੀ ਜਾਣਕਾਰੀ ਹੋਣ ਕਾਰਨ ਤਫ਼ਤੀਸ਼ ਦੌਰਾਨ, ਤਫ਼ਤੀਸ਼ੀ ਅਫ਼ਸਰਾਂ ਵੱਲੋਂ ਹੇਠ ਲਿਖੀਆਂ ਉਕਤਾਈਆਂ ਕੀਤੀਆਂ ਜਾਂਦੀਆਂ ਹਨ:

ੳ) ਪੀੜਤ ਲੜਕੀ ਨੂੰ ਸਹੁਰੇ ਪਰਿਵਾਰ ਜਾਂ ਸਹੁਰੇ ਪਰਿਵਾਰ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਤੋਹਫ਼ਿਆਂ ਨੂੰ ਇਸਤਰੀ ਧਨ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਅਤੇ ਉੇਹਨਾਂ ਦੀ ਬਰਾਮਦਗੀ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ, ਜਿਸ ਕਾਰਨ ਪੀੜਤ ਲੜਕੀ ਨੂੰ ਆਰਥਿਕ ਨੁਕਸਾਨ ਪੁੱਜਦਾ ਹੈ।

ਅ) ਪੀੜਤ ਲੜਕੀ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਜਾਂ ਰਿਸ਼ਤੇਦਾਰਾਂ ਨੂੰ ਜੋ ਤੋਹਫ਼ੇ ਦਿੱਤੇ ਗਏ ਹੁੰਦੇ ਹਨ, ਉਹਨਾਂ ਨੂੰ ਇਸਤਰੀ ਧਨ ਦਾ ਹਿੱਸਾ ਮੰਨ ਕੇ, ਉਹਨਾਂ ਦੀ ਵਰਤੋਂ ਨੂੰ ਗ਼ਬਨ ਆਖ ਕੇ, ਜ਼ੁਰਮ ਲਗਾਏ ਜਾਂਦੇ ਹਨ ਅਤੇ ਫਿਰ ਉਹਨਾਂ ਦੀ ਬਰਾਮਦਗੀ ਲਈ ਪੁਲਿਸ ਹਿਰਾਸਤ ਦੀ ਮੰਗ ਕੀਤੀ ਜਾਂਦੀ ਹੈ, ਜੋ ਮੰਗ ਕਾਨੂੰਨ ਅਨੁਸਾਰ ਨਹੀਂ ਹੁੰਦੀ।
ੲ) ਪੀੜਤ ਲੜਕੀ ਦੇ ਨਾਲ-ਨਾਲ ਤਫ਼ਤੀਸ਼ੀ ਅਫ਼ਸਰਾਂ ਵੱਲੋਂ ਵਿਆਹ ਦੀਆਂ ਰਸਮਾਂ ਤੇ ਹੋਏ ਖਰਚੇ ਨੂੰ ਇਸਤਰੀ ਧਨ ਦਾ ਹਿੱਸਾ ਮੰਨ ਕੇ ਇਹ ਗਲਤੀ ਦੁਹਰਾਈ ਜਾਂਦੀ ਹੈ। ਅਜਿਹੇ ਖਰਚੇ ਦੀ ਬਰਾਮਦਗੀ ਲਈ ਪੁਲਿਸ ਹਿਰਾਸਤ ਦੀ ਮੰਗ ਆਦਿ ਕੀਤੀ ਜਾਂਦੀ ਹੈ ਜੋ ਕਿ ਕਾਨੂੰਨ ਅਨੁਸਾਰ ਨਹੀਂ ਹੁੰਦੀ।

  1. 2. ਇਸਤਰੀ ਧਨ ਦੀ ਮਾਲਕੀ ਸਿੱਧ ਕਰਨ ਲਈ, ਖਰੀਦ ਸਮੇਂ ਦੁਕਾਨਦਾਰ ਵੱਲੋਂ ਜਾਰੀ ਕੀਤੇ ਬਿਲਾਂ ਦੀ ਮਹੱਤਤਾ

ਪੀੜਤ ਲੜਕੀ ਦੇ ਮਾਪਿਆਂ ਵੱਲੋਂ ਦਹੇਜ ਵਿੱਚ ਦਿੱਤੇ ਗਏ ਸਮਾਨ ਨੂੰ ਦੋ ਹਿੱਸਿਆਂ ਵਿੱਚ ਵੰਡਿਆਂ ਜਾ ਸਕਦਾ ਹੈ:
(ੳ) ਪਹਿਲੀ ਸ਼੍ਰੇਣੀ ਵਿੱਚ ਉਹ ਵਸਤੂਆਂ ਆਉਂਦੀਆਂ ਹਨ ਜਿਹਨਾਂ ਦੇ ਬਿਲ ਕਾਨੂੰਨ ਅਨੁਸਾਰ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਹਾਸਲ ਕਰਨੇ ਜ਼ਰੂਰੀ ਹੁੰਦੇ ਹਨ। ਜਿਸ ਤਰ੍ਹਾਂ ਕਿ ਮੋਟਰ ਸਾਇਕਲ, ਸਕੂਟਰ ਜਾਂ ਕਾਰ ਆਦਿ ਦੇ ਬਿਲ, ਰਜਿਸਟਰੇਸ਼ਨ ਸਰਟੀਫਿਕੇਟ ਹਾਸਲ ਕਰਨ ਲਈ ਜ਼ਰੂਰੀ ਹੁੰਦੇ ਹਨ। ਇਸੇ ਤਰ੍ਹਾਂ ਟੈਲੀਵਿਜ਼ਨ, ਫ਼ਰਿਜ ਆਦਿ ਦੇ ਬਿਲ, ਅਜਿਹੀਆਂ ਵਸਤੂਆਂ ਦੇ ਭਵਿੱਖ ਵਿੱਚ ਖਰਾਬ ਹੋਣ ਤੇ ਉਹਨਾਂ ਦੀ ਮੁਰੰਮਤ ਆਦਿ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੁੰਦੇ ਹਨ। ਅਜਿਹੇ ਬਿਲਾਂ ਨੂੰ ਕਾਨੂੰਨ ਅਨੁਸਾਰ ਸਿੱਧ ਕਰਨ ਵਿੱਚ ਬਹੁਤੀ ਔਕੜ ਮਹਿਸੂਸ ਨਹੀਂ ਹੁੰਦੀ।

(ਅ) ਦੂਸਰੀ ਸ਼੍ਰੇਣੀ ਵਿੱਚ ਅਜਿਹੀਆਂ ਵਸਤੂਆਂ ਆਉਂਦੀਆਂ ਹਨ, ਜਿਹਨਾਂ ਲਈ ਬਿਲ ਪ੍ਰਾਪਤ ਕਰਨਾ ਜ਼ਰੂਰੀ ਨਹੀਂ ਹੁੰਦਾ। ਟੈਕਸ ਆਦਿ ਦੀ ਚੋਰੀ ਕਰਨ ਲਈ, ਦੁਕਾਨਦਾਰ ਵਸਤੂਆਂ ਦੇ ਬਿਲ ਜਾਰੀ ਨਹੀਂ ਕਰਦੇ ਜੇ ਕੁਝ ਜਾਰੀ ਹੋਏ ਵੀ ਹੋਣ ਤਾਂ ਅਜਿਹੇ ਬਿਲਾਂ ਉੱਪਰ ਖਰੀਦਦਾਰ ਦਾ ਨਾਂ ਆਦਿ ਦਰਜ ਨਹੀਂ ਹੁੰਦਾ। ਅਜਿਹੇ ਬਿਲਾਂ ਨੂੰ ਸਿੱਧ ਕਰਨ ਲਈ, ਤਫ਼ਤੀਸ਼ੀ ਅਫ਼ਸਰ ਵੱਲੋਂ ਕਾਨੂੰਨ ਦੀਆਂ ਲੋੜਾਂ ਅਨੁਸਾਰ ਯਤਨ ਨਹੀਂ ਕੀਤੇ ਜਾਂਦੇ। ਕੇਵਲ ਬਿਲਾਂ ਨੂੰ ਮਿਸਲ ਨਾਲ ਲਗਾ ਦਿੱਤਾ ਜਾਂਦਾ ਹੈ ਅਤੇ ਦੁਕਾਨਦਾਰ ਦਾ ਸੰਖੇਪ ਜਿਹਾ ਬਿਆਨ ਦਰਜ ਕਰ ਲਿਆ ਜਾਂਦਾ ਹੈ। ਕਾਨੂੰਨ ਦੀ ਇਸ ਘਾਟ ਕਾਰਨ ਇਹ ਬਿਲ ਸਿੱਧ ਨਹੀਂ ਹੁੰਦੇ। ਬਿਲ ਸਿੱਧ ਨਾ ਹੋਣ ਕਾਰਨ ਉਹਨਾਂ ਵਸਤੂਆਂ ਦੀ ਮਾਲਕੀ ਸਿੱਧ ਨਹੀਂ ਹੁੰਦੀ। ਨਤੀਜੇ ਵਜੋਂ ਕੇਸ ਕਮਜ਼ੋਰ ਹੋ ਜਾਂਦਾ ਹੈ।

ਤਫ਼ਤੀਸ਼ ਵਿੱਚ ਸੁਧਾਰ ਲਈ ਸੁਝਾਅ

  1. 1. ਬਿਲ ਸਿੱਧ ਕਰਨ ਦਾ ਸਹੀ ਢੰਗ

ਤਫ਼ਤੀਸ਼ੀ ਅਫ਼ਸਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਬਿਲ ਜਾਰੀ ਕਰਨ ਵਾਲੇ ਵਿਅਕਤੀ ਦਾ ਬਿਆਨ ਵਿਸਥਾਰ ਨਾਲ ਲਿਖੇ ਅਤੇ ਉਸ ਬਿਆਨ ਵਿੱਚ ਸਪੱਸ਼ਟ ਕਰੇ ਕਿ ਬਿਲ ਭਾਵੇਂ ਉਸ ਨੇ ਕੈਸ਼ ਅਦਾਇਗੀ ਦਾ ਜਾਰੀ ਕੀਤਾ ਹੈ ਪਰ ਉਸ ਨੂੰ ਯਾਦ ਹੈ ਕਿ ਇਹ ਵਸਤੂਆਂ ਲੜਕੀ ਜਾਂ ਉਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਵੱਲੋਂ, ਵਿਆਹ ਵਿੱਚ ਦਹੇਜ ਦੇਣ ਲਈ, ਖਰੀਦੀਆਂ ਸਨ। ਦੁਕਾਨਦਾਰ ਵੱਲੋਂ ਜਦੋਂ ਕੋਈ ਬਿਲ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਦੀ ਨਕਲ ਆਪਣੇ ਰਿਕਾਰਡ ਲਈ ਵੀ ਰੱਖੀ ਜਾਂਦੀ ਹੈ। ਦੁਕਾਨਦਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਗਵਾਹੀ ਦੇਣ ਆਉਣ ਸਮੇਂ ਉਸ ਰਿਕਾਰਡ ਨੂੰ ਵੀ ਨਾਲ ਲੈ ਕੇ ਆਵੇ ਤਾਂ ਜੋ ਗਵਾਹੀ ਨੂੰ ਮਜ਼ਬੂਤੀ ਮਿਲ ਸਕੇ।

  1. 2. ਦਹੇਜ ਦੀ ਸਪੁਰਦਗੀ ਦਾ ਸਭ ਤੋਂ ਵੱਡਾ ਸਬੂਤ ਵਿਆਹ ਸਮੇਂ ਲਈਆਂ ਗਈਆਂ ਫੋਟੋਆਂ ਦੀ ਸਹੀ ਵਰਤੋਂ

ਵਿਆਹ ਸਮੇਂ ਦੋਹਾਂ ਧਿਰਾਂ ਵੱਲੋਂ ਵਿਆਹ ਦੀਆਂ ਰਸਮਾਂ ਦੀਆਂ ਫੋਟੋਆਂ ਲੈਣ ਲਈ ਫੋਟੋਗਰਾਫ਼ਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਾਰੀਆਂ ਰਸਮਾਂ ਦੀ ਵੀਡੀਓ ਰੀਕਾਰਡਿੰਗ ਵੀ ਕੀਤੀ ਜਾਂਦੀ ਹੈ।

ਫੋਟੋਆਂ ਸਬੰਧੀ ਤਫ਼ਤੀਸ਼ ਦੀ ਮੌਜੂਦਾ ਸਥਿਤੀ

ਤਫ਼ਤੀਸ਼ ਦੌਰਾਨ ਕੇਵਲ ਫ਼ੋਟੋਗਰਾਫ਼ਰ ਦਾ ਬਿਆਨ ਲਿਖ ਲਿਆ ਜਾਂਦਾ ਜਿਸ ਵਿੱਚ ਵਿਆਹ ਦੀ ਮਿਤੀ, ਖਿੱਚੀਆਂ ਗਈਆਂ ਫੋਟੋਆਂ ਦੀ ਗਿਣਤੀ ਅਤੇ ਲਏ ਗਏ ਮਿਹਨਤਾਨੇ ਦਾ ਹੀ ਜ਼ਿਕਰ ਹੁੰਦਾ ਹੈ ਜੋ ਮਤਲਬ ਸਿੱਧ ਕਰਨ ਲਈ ਕਾਫ਼ੀ ਨਹੀਂ ਹੁੰਦਾ।
ਸਹੀ ਤਫ਼ਤੀਸ਼

ਫੋਟੋਆਂ ਅਤੇ ਵੀਡੀਓ ਰੀਕਾਰਡਿੰਗ ਦੀ ਉਚਿਤ ਵਰਤੋਂ ਕਰਕੇ ਹੇਠ ਲਿਖੇ ਤੱਥ, ਜਿਹਨਾਂ ਨੂੰ ਸਿੱਧ ਕਰਨ ਲਈ ਹੋਰ ਸਬੂਤ ਪ੍ਰਾਪਤ ਕਰਨੇ ਮੁਸ਼ਕਿਲ ਹੁੰਦੇ ਹਨ, ਸਿੱਧ ਕੀਤੇ ਜਾ ਸਕਦੇ ਹਨ।

ਵਿਆਹ ਦਾ ਪੱਧਰ

ਆਮ ਤੌਰ ਉੱਤੇ ਦੋਸ਼ੀ ਧਿਰ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਵਿਆਹ ਸਧਾਰਨ ਕਿਸਮ ਦਾ ਸੀ ਅਤੇ ਉਸ ਵਿੱਚ ਕੋਈ ਲੈਣ-ਦੇਣ ਨਹੀਂ ਹੋਇਆ। ਵਿਆਹ ਸਮੇਂ ਲਈਆਂ ਫੋਟੋਆਂ ਰਾਹੀਂ ਇਸ ਤੱਥ ਨੂੰ ਝੁਠਲਾਇਆ ਜਾ ਸਕਦਾ ਹੈ।

(ੳ) ਦੋਸ਼ੀ ਧਿਰ ਨੂੰ ਤੋਹਫ਼ਿਆਂ ਦੀ ਸਪੁਰਦਗੀ

ਪੀੜਤ ਲੜਕੀ ਦੇ ਪਤੀ, ਸਹੁਰਾ, ਸੱਸ ਜਾਂ ਹੋਰ ਰਿਸ਼ਤੇਦਾਰਾਂ ਨੂੰ ਜਦੋਂ ਰਸਮੀ ਤੋਹਫ਼ੇ ਦਿੱਤੇ ਜਾਂਦੇ ਹਨ ਤਾਂ ਉਹਨਾਂ ਦੀਆਂ ਫੋਟੋਆਂ ਲਈਆਂ ਜਾਂਦੀਆਂ ਹਨ। ਇਹਨਾਂ ਫੋਟੋਆਂ ਵਿੱਚ ਦਿੱਤੇ ਜਾ ਰਹੇ ਤੋਹਫ਼ਿਆਂ ਉੱਪਰ ਕੈਮਰਾ ਫੋਕਸ ਕਰਕੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਦਿਖਾਇਆ ਗਿਆ ਹੁੰਦਾ ਹੈ। ਜਿਵੇਂ ਕਿ ਸੱਸ ਨੂੰ ਦਿੱਤਾ ਜਾ ਰਿਹਾ ਸੋਨੇ ਦਾ ਸੈਟ ਫੋਟੋ ਵਿੱਚ ਸਾਫ਼ ਦਿਖਾਈ ਦੇ ਰਿਹਾ ਹੁੰਦਾ ਹੈ। ਅਜਿਹੀਆਂ ਫੋਟੋਆਂ ਰਾਹੀਂ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਜੇ ਦੁਲਹਨ ਦੇ ਸਹੁਰੇ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰ ਨੂੰ ਕੀਮਤੀ ਤੋਹਫ਼ੇ ਦਿੱਤੇ ਗਏ ਹਨ ਤਾਂ ਦੁਲਹਨ ਨੂੰ ਵੀ ਭਾਰੀ ਮਾਤਰਾ ਵਿੱਚ ਦਹੇਜ ਦਿੱਤਾ ਗਿਆ ਹੋਵੇਗਾ।

() ਦੋਸ਼ੀਆਂ ਨੂੰ ਦਹੇਜ ਦੀ ਸਪੁਰਦਗੀ

ਦਹੇਜ ਵਿੱਚ ਦਿੱਤੀਆਂ ਗਈਆਂ ਵਸਤੂਆਂ ਦੀ ਇੱਕ ਸ਼੍ਰੇਣੀ ਉਹ ਵੀ ਹੁੰਦੀ ਹੈ ਜਿਹਨਾਂ ਦਾ ਕੋਈ ਬਿਲ ਆਦਿ ਨਹੀਂ ਹੁੰਦਾ, ਕਿਉਂ ਕਿ ਕਈ ਵਾਰ ਅਜਿਹੀਆਂ ਵਸਤੂਆਂ ਘਰੋਂ ਹੀ ਦੇ ਦਿੱਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਗਹਿਣੇ, ਬਿਸਤਰੇ, ਬਰਤਨ ਆਦਿ। ਅਜਿਹੀਆਂ ਚੀਜ਼ਾਂ ਨੂੰ ਦਹੇਜ ਵਿੱਚ ਦਿੱਤਾ ਗਿਆ ਸਿੱਧ ਕਰਨ ਲਈ ਇਹਨਾਂ ਫੋਟੋਆਂ ਦੀ ਉਚਿਤ ਵਰਤੋਂ ਕੀਤੀ ਜਾ ਸਕਦੀ ਹੈ। ਵਿਆਹ ਦੀਆਂ ਪ੍ਰਚੱਲਤ ਰਸਮਾਂ ਵਿੱਚੋਂ ਇੱਕ ਮਹੱਤਵਪੂਰਨ ਰਸਮ ਇਹ ਹੈ ਕਿ ਦੁਲਹਨ ਨੂੰ ਦਿੱਤੇ ਜਾਣ ਵਾਲੇ ਦਹੇਜ ਨੂੰ ਟਰੰਕਾਂ ਅਤੇ ਪੇਟੀਆਂ ਵਿੱਚ ਪਾ ਕੇ ਜਿੰਦੇ ਲਗਾ ਦਿੱਤੇ ਜਾਂਦੇ ਹਨ। ਉਹਨਾਂ ਜਿੰਦਿਆਂ ਦੀਆਂ ਚਾਬੀਆਂ ਸਹੁਰੇ ਪਰਿਵਾਰ ਦੇ ਕਿਸੇ ਮੁੱਖ ਵਿਅਕਤੀ ਦੇ ਸਪੁਰਦ ਕਰ ਦਿੱਤੀਆਂ ਜਾਂਦੀਆਂ ਹਨ। ਸਹੁਰੇ ਘਰ ਪੁੱਜ ਕੇ ਉਸ ਮੁਖੀ ਵੱਲੋਂ ਉਹ ਚਾਬੀਆਂ ਦੁਲਹਨ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਦੁਲਹਨ ਉਸ ਦਹੇਜ ਉੱਪਰ ਕਾਬਜ਼ ਹੋ ਜਾਂਦੀ ਹੈ।

ਪਰਿਵਾਰ ਦੇ ਮੁਖੀ ਨੂੰ ਚਾਬੀਆਂ ਦਿੱਤੇ ਜਾਣ ਦੀ ਰਸਮ ਦੀਆਂ ਫੋਟੋਆਂ ਦਹੇਜ ਦੀ ਸਪੁਰਦਾਰੀ ਨੂੰ ਸਿੱਧ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।
ਫੋਟੋਆਂ ਨੂੰ ਸਿੱਧ ਕਰਨ ਦਾ ਕਾਨੂੰਨੀ ਢੰਗ

ਵਿਆਹ ਸਮੇਂ ਲਈਆਂ ਗਈਆਂ ਫੋਟੋਆਂ ਜਾਂ ਵੀਡੀਓ ਰਿਕਾਰਡਿੰਗ ਨੂੰ ਹੇਠ ਲਿਖੇ ਢੰਗ ਨਾਲ ਸਿੱਧ ਕੀਤਾ ਜਾਣਾ ਚਾਹੀਦਾ ਹੈ:
1. ਸਬੰਧਤ ਫੋਟੋਗਰਾਫ਼ਰ ਦਾ ਬਿਆਨ ਲਿਖ ਕੇ

  1. 2. ਫ਼ੋਟੋ ਵਿਚ ਨਜ਼ਰ ਆ ਰਹੇ ਕਿਸੇ ਵਿਅਕਤੀ ਦਾ ਬਿਆਨ ਲਿਖ ਕੇ

ਕਈ ਵਾਰ ਫੋਟੋਗਰਾਫ਼ਰ ਉਪਲੱਬਧ ਨਹੀਂ ਹੁੰਦਾ। ਕਈ ਵਾਰ ਉਪਲੱਬਧ ਹੋਣ ਦੇ ਬਾਵਜੂਦ ਵੀ ਉਸ ਨੂੰ ਫੋਟੋਆਂ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਦੀ ਪਹਿਚਾਣ ਨਹੀਂ ਹੁੰਦੀ। ਇਸ ਕਠਿਨਾਈ ਨੂੰ ਦੂਰ ਕਰਨ ਲਈ ਫੋਟੋ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਦੇ ਬਿਆਨ ਲਿਖ ਕੇ, ਫੋਟੋ ਵਿੱਚ ਨਜ਼ਰ ਆਉਂਦੇ ਤੱਥਾਂ ਨੂੰ ਸਿੱਧ ਕੀਤਾ ਜਾਣਾ ਚਾਹੀਦਾ ਹੈ। ਇਹ ਬਿਆਨ ਲਿਖਦੇ ਸਮੇਂ ਗਵਾਹ ਤੋਂ ਸਪੱਸ਼ਟ ਕਰਵਾ ਲੈਣਾ ਚਾਹੀਦਾ ਹੈ ਕਿ ਫੋਟੋ ਵਿੱਚ ਤੋਹਫ਼ੇ ਭੇਂਟ ਕਰਦਾ ਦਿਖਾਈ ਦੇ ਰਿਹਾ ਵਿਅਕਤੀ ਕੌਣ ਹੈ ਅਤੇ ਤੋਹਫ਼ੇ ਪ੍ਰਾਪਤ ਕਰਨ ਵਾਲਾ ਵਿਅਕਤੀ ਕੌਣ ਹੈ ਤਾਂ ਜੋ ਦਹੇਜ ਨੂੰ ਸਪੁਰਦ ਕਰਨ ਵਾਲੇ ਅਤੇ ਦਹੇਜ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਹੋ ਸਕੇ। ਅਜਿਹੇ ਗਵਾਹਾਂ ਤੋਂ ਫੋਟੋਆਂ ਵਿੱਚ ਨਜ਼ਰ ਆ ਰਹੀਆਂ ਵਸਤੂਆਂ ਦਾ ਵਰਨਣ ਵੀ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਦਹੇਜ ਵਿੱਚ ਦਿੱਤੀ ਗਈ ਵਸਤੂ ਦੀ ਕੀਮਤ ਕਿੰਨੀ ਹੈ। ਉਦਾਹਰਣ ਲਈ ਫੋਟੋ ਵਿੱਚ ਜੇ ਪੀੜਤ ਲੜਕੀ ਦੇ ਮਾਪਿਆਂ ਵੱਲੋਂ ਕਿਸੇ ਗਹਿਣੇ ਨੂੰ ਦਿੱਤਾ ਜਾ ਰਿਹਾ ਦਿਖਾਈ ਦੇ ਰਿਹਾ ਹੈ ਤਾਂ ਗਵਾਹ ਤੋਂ ਇਹ ਸਪੱਸ਼ਟ ਕਰਵਾ ਦੇਣਾ ਚਾਹੀਦਾ ਹੈ ਕਿ ਉਹ ਵਸਤੂ ਸੋਨੇ ਦੀ ਹੈ ਜਾਂ ਚਾਂਦੀ ਦੀ ਅਤੇ ਉਸ ਦਾ ਵਜ਼ਨ ਅਤੇ ਕੀਮਤ ਕਿੰਨੀ ਕੁ ਹੈ ਆਦਿ।