‘ਪ੍ਰਗਤੀਵਾਦ ਬਾਰੇ ਸਰਵ ਹਿੰਦ ਸੈਮੀਨਾਰ’ ਤੋਂ ਇਕ ਸ਼ਗਿਰਦ ਅਤੇ ਸਾਹਿਤਕ ਕਾਮੇ ਵਜੋਂ ਸ਼ੁਰੂਆਤ
ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਸਾਲ 1835 ਵਿਚ ਹੋਈ ਸੀ। ਸੰਘ ਦੀ ਸਥਾਪਨਾ ਦੀ 150ਵੀਂ ਵਰ੍ਹੇ-ਗੰਢ ਦੇ ਸਬੰਧ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਦੋ ਦਿਨਾ ‘ਪ੍ਰਗਤੀਵਾਦ ਬਾਰੇ ਸਰਵ ਹਿੰਦ ਸੈਮੀਨਾਰ’ (11-12 ਜੂਨ 1988 ਨੂੰ) ਬਰਨਾਲੇ ਵਿਚ ਕੀਤਾ ਗਿਆ। ਉਸ ਸਮੇਂ ਕੇਂਦਰੀ ਲੇਖਕ ਸਭਾ ਦੀ ਵਾਗਡੋਰ ਪ੍ਰਸਿੱਧ ਮਾਰਕਸੀ ਚਿੰਤਕ ਡਾ.ਰਵਿੰਦਰ ਸਿੰਘ ਰਵੀ ਦੇ ਹੱਥਾਂ ਵਿਚ ਸੀ। ਉਨ੍ਹਾਂ ਨੇ ਆਪਣੀ ਪ੍ਰਬੰਧਕੀ ਕੁਸ਼ਲਤਾ ਦੇ ਜੌਹਰ ਦਿਖਾਉਂਦੇ ਹੋਏ, ਇੱਕ ਪਾਸੇ ਦੇਸ਼ ਦੇ ਸੰਸਾਰ ਪ੍ਰਸਿੱਧ ਹਿੰਦੀ ਅਤੇ ਉਰਦੂ ਦੇ ਸਾਹਿਤਕਾਰਾਂ, ਮਾਰਕਸੀ ਚਿੰਤਕਾਂ, ਸਿਆਸਤਦਾਨਾਂ ਨੂੰ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ ਅਤੇ ਦੂਜੇ ਪਾਸੇ ਬਰਨਾਲੇ ਦੀ ਪੰਜਾਬੀ ਲੇਖਕ ਸਭਾ ਨਾਲ ਜੁੜੇ ਲੇਖਕਾਂ ਨੂੰ ਸੁਯੋਗ ਪ੍ਰਬੰਧਾਂ ਲਈ ਹੱਲਾਸ਼ੇਰੀ ਦਿੱਤੀ। ਸਭ ਦੇ ਸਹਿਯੋਗ ਨਾਲ ਇਹ ਦੋ ਦਿਨਾ ਸੈਮੀਨਾਰ ਇੱਕ ਵਿਆਹ ਵਰਗੇ ਉਤਸਵ ਵਿਚ ਬਦਲ ਗਿਆ।
ਪੰਜਾਬ ਹੀ ਨਹੀਂ ਨੇੜੇ-ਤੇੜੇ ਦੇ ਸੂਬਿਆਂ ਵਿਚੋਂ ਵੀ ਲੇਖਕ ਵੱਡੇ ਪੱਧਰ ਤੇ ਸਮਾਗਮ ਵਿਚ ਸ਼ਾਮਲ ਹੋਏ ਸਨ। ਜਿਵੇਂ ਹਰ ਕੋਈ ਇੱਕ ਦੂਜੇ ਨੂੰ ਮਿਲਣ ਅਤੇ ਮਿਲਣੀਆਂ ਦੇ ਯਾਦਗਾਰੀ ਪਲਾਂ ਨੂੰ ਕੈਮਰਿਆਂ ਜਕੜਨ ਲਈ ਕਾਹਲਾ ਸੀ। ਹਰ ਸਿਖਾਂਦਰੂ ਦੀ ਇੱਛਾ ਸੀ ਕਿ ਉਸਨੂੰ ਕਿਸੇ ਵੱਡੇ ਸਾਹਿਤਕਾਰਾਂ ਦੀ ਛੋਹ ਪ੍ਰਾਪਤ ਹੋ ਜਾਵੇ ਅਤੇ ਗੁਰੂਜਨ ਤੋਂ ਆਸ਼ੀਰਵਾਦ ਪ੍ਰਾਪਤ ਹੋ ਜਾਵੇ। ਮੌਕਾ ਮਿਲਦਿਆਂ ਹੀ ਲੇਖਕ ਆਪਸ ਵਿਚ ਜਾਂ ਵੱਡੇ ਲੇਖਕਾਂ ਦੁਆਲੇ ਝੁਰਮਟ ਬੰਨ੍ਹ ਕੇ ਖੜ੍ਹੇ ਹੋ ਜਾਂਦੇ ਸਨ। ਇੱਕ ਦੂਜੇ ਤੋਂ ਅੱਗੇ ਹੋ ਹੋ ਮਹਾਂਰੱਥੀਆਂ ਨਾਲ ਫੋਟੋਆਂ ਖਿਚਾਉਂਦੇ ਸਨ। ਚਾਈਂ ਚਾਈਂ ਆਪਣੀਆਂ ਪੁਸਤਕਾਂ ਭੇਂਟ ਕਰਦੇ ਸਨ। ਕਈ ਵਾਰ ਇਹ ਸੁਭਾਗ ਮੈਨੂੰ ਵੀ ਪ੍ਰਾਪਤ ਹੋਇਆ।
ਉਨ੍ਹੀਂ ਦਿਨੀਂ ਮੇਰਾ ਕਹਾਣੀ-ਸੰਗ੍ਰਹਿ ‘ਲਾਮ’ ਪ੍ਰਕਾਸ਼ਤ ਹੋਇਆ ਹੀ ਸੀ। ਇੱਕ ਸੈਸ਼ਨ ਵਿਚ ਮੈਨੂੰ ਆਪਣਾ ਇਹ ਕਹਾਣੀ-ਸੰਗ੍ਰਹਿ, ਨਾਮਵਰ ਕਹਾਣੀਕਾਰ ਕਮਲੇਸ਼ ਦੇ ਹੱਥੋਂ ਲੋਕ-ਅਰਪਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਗੁਰਸ਼ਰਨ ਭਾਅ ਜੀ ਨੇ ਰਾਤ ਨੂੰ ਆਪਣਾ ਨਾਟਕ ਖੇਡਣਾ ਸੀ। ਦਿਨੇ ਉਹ ਵਿਹਲੇ ਸਨ। ਮੈਂ ਆਪਣੇ ਪ੍ਰੇਰਣਾ-ਸ੍ਰੋਤ ਨੂੰ ਆਪਣੇ ਘਰ ਲਿਜਾਣ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲਾਉਣ ਦੀ ਇੱਛਾ ਉਨ੍ਹਾਂ ਨਾਲ ਸਾਂਝੀ ਕੀਤੀ। ਉਹ ਝੱਟ ਸਹਿਮਤ ਹੋ ਗਏ। ਭਾਅ ਜੀ ਭਗਵਾਨ ਬਣ ਕੇ ਕੀੜੀ ਦੇ ਘਰ ਪਹੁੰਚੇ। ਮੇਰੇ ਮਾਤਾ ਜੀ, ਭਰਾਵਾਂ, ਪਤਨੀ ਅਤੇ ਭਰਜਾਈ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਸਭ ਨੇ ਮਿਲ ਕੇ ਚਾਈਂ-ਚਾਈਂ ਉਨ੍ਹਾਂ ਨਾਲ ਫੋਟੋ ਖਿਚਵਾਈ। ਉਹ ਫੋਟੋ ਅੱਜ ਵੀ ਸਾਡੇ ਪਰਿਵਾਰ ਦੇ ਖਜ਼ਾਨੇ ਦਾ ਸਭ ਤੋਂ ਕੀਮਤੀ ਗਹਿਣਾ ਹੈ।
ਸਮਾਗਮ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਬਰਨਾਲੇ ਦੇ ਨਾਮਵਰ ਲੇਖਕਾਂ ਓਮ ਪ੍ਰਕਾਸ਼ ਗਾਸੋ, ਇੰਦਰ ਸਿੰਘ ਖਾਮੋਸ਼ ਅਤੇ ਰਾਮ ਸਰੂਪ ਅਣਖੀ ਦੇ ਹੱਥਾਂ ਵਿਚ ਸੀ। ਪੰਜਾਬੀ ਸਾਹਿਤ ਸਭਾ ਦਾ ਸਰਗਰਮ ਮੈਂਬਰ ਹੋਣ ਕਾਰਨ ਮੈਨੂੰ ਵੀ ਕਈ ਜ਼ਿੰਮੇਵਾਰੀਆਂ ਸੰਭਾਲੀਆਂ ਗਈਆਂ । ਮੈਨੂੰ ਪਤਾ ਸੀ ਕਿ ਜੇ ਸਾਹਿਤਕ ਸਮਾਗਮਾਂ ਦੇ ਕੁਸ਼ਲ ਪ੍ਰਬੰਧਾਂ ਦੇ ਗੁਰ ਸਿੱਖਣੇ ਹਨ ਤਾਂ ਇਸ ਮੌਕੇ ਤੋਂ ਭਰਪੂਰ ਲਾਭ ਉਠਾਇਆ ਜਾਵੇ। ਇਸ ਸਵਾਰਥ ਕਾਰਨ ਮੈਂ ਹਰ ਜ਼ਿੰਮੇਵਾਰੀ ਖੁਸ਼ੀ ਖੁਸ਼ੀ ਨਿਭਾਈ।
ਵਿਚ ਦੀ ਕੁਝ ਸਮਾਂ ਵੱਡੇ ਸਾਹਿਤਕਾਰਾਂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦੇ ਪ੍ਰਵਚਨ ਸੁਣਨ ਲਈ ਵੀ ਕੱਢ ਲੈਂਦਾ।
ਉਸ ਸਮਾਗਮ ਵਿਚ ਵੱਡੇ ਬੰਦਿਆਂ ਦੀ ਸ਼ਗਿਰਦੀ ਕਰਕੇ ਸਿੱਖੇ ਗ਼ੁਰ ਮੇਰੀਆਂ ਅਗਲੀਆਂ ਵੱਡੀਆਂ ਕਾਮਯਾਬੀਆਂ ਦੀ ਨੀਂਹ ਬਣੇ।
__________________________________________________________
ਪ੍ਰਸਿੱਧ ਕਹਾਣੀਆਂ ਅਤੇ ਨਾਵਲ ‘ਤਫ਼ਤੀਸ਼’ ਦੀ ਸਿਰਜਣ ਭੂਮੀ ਜਗਰਾਓਂ ਵਿਚ ਚਾਰ ਸਾਲ
1986 ਵਿਚ ਮੈਂ ਰਾਮਪੁਰਾਫੂਲ ਤੋਂ ਬਦਲ ਕੇ ਜਗਰਾਓਂ ਆ ਗਿਆ। ਖੁਸ਼ਕਿਸਮਤੀ ਨਾਲ ਜਿਹੜਾ ਘਰ ਕਿਰਾਏ ਤੇ ਲਿਆ ਉਸ ਘਰ ਦੇ ਮਾਲਕ ਅਵਤਾਰ ਸਿੰਘ ਪੰਜਾਬੀ ਦੀ ਐਮ.ਏ., ਲੈਕਚਰਾਰ ਅਤੇ ਸਾਹਿਤਕ ਮੱਸ ਰੱਖਣ ਵਾਲੇ ਸਨ। ਉਨ੍ਹਾਂ ਦੇ ਸਹਿਯੋਗ ਨਾਲ ਕੁਝ ਹੀ ਮਹੀਨਿਆਂ ਵਿਚ ਜਗਰਾਓਂ ਦੇ ਲੇਖਕਾਂ ਨਾਲ ਗੂੜ੍ਹਾ ਸੰਪਰਕ ਹੋ ਗਿਆ। ਓਮ ਪ੍ਰਕਾਸ਼ ਅੱਤਰੇ, ਜਗਰਾਓਂ ਦੇ ਸਿਰਕੱਢ ਵਕੀਲ ਸਨ। ਉਹ ਵੀ ਕਵਿਤਾ ਅਤੇ ਗ਼ਜ਼ਲ ਲਿਖਦੇ ਸਨ। ਕਚਿਹਰੀਆਂ ਵਿਚ ਇਕੱਠੇ ਕੰਮ ਕਰਨ ਕਾਰਨ ਉਨ੍ਹਾਂ ਨਾਲ ਵੀ ਨੇੜਤਾ ਹੋ ਗਈ। ਇੰਝ ਦਿਨਾਂ ਵਿਚ ਹੀ, ਸਾਹਿਤਕ ਖੇਤਰ ਵਿਚ ਪਹਿਚਾਣ ਬਣ ਗਈ।
ਉਨ੍ਹਾਂ ਦਿਨਾਂ ਵਿਚ, ਜਗਰਾਓਂ ਵਿਚ, ਪ੍ਰਿੰਸੀਪਲ ਤਖ਼ਤ ਸਿੰਘ ਦਾ ਬੋਲਬਾਲਾ ਸੀ। ਉਨ੍ਹਾਂ ਦੇ ਪ੍ਰਭਾਵ ਅਧੀਨ ਜਗਰਾਓਂ ਦੇ ਬਹੁਤੇ ਲੇਖਕ ਕਵਿਤਾ ਅਤੇ ਗ਼ਜ਼ਲ ਲਿਖਦੇ ਸਨ। ਕਈਆਂ ਦੇ ਉਹ ਉਸਤਾਦ ਸਨ। ਨਾਮੀ ਗ਼ਜ਼ਲ-ਗੋ ਹੋਣ ਕਾਰਨ ਉਨ੍ਹਾਂ ਦੀ ਦੂਰ-ਦੂਰ ਤੱਕ ਜਾਣ-ਪਹਿਚਾਣ ਸੀ। ਪ੍ਰਿੰਸੀਪਲ ਤਖ਼ਤ ਸਿੰਘ ਦੇ ਪੁੱਛੇ ਬਿਨ੍ਹਾਂ, ਜਗਰਾਓਂ ਦੇ ਸਾਹਿਤਕ ਖੇਤਰ ਵਿਚ, ਪੱਤਾ ਵੀ ਨਹੀਂ ਸੀ ਹਿਲਦਾ। ਜਿਹੜੇ ਪ੍ਰਿੰਸੀਪਲ ਸਾਹਿਬ ਦੀ ਈਨ ਨਹੀਂ ਸੀ ਮੰਨਣਾ ਚਾਹੁੰਦੇ ਉਨ੍ਹਾਂ ਨੂੰ ਵੱਖਰੇ ਸਾਹਿਤਕ ਪਲੇਟਫਾਰਮ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ। ਕਾਮਰੇਡ ਸੁਰਜੀਤ ਗਿੱਲ ਦਾ ਪਿੰਡ ਘੋਲੀਆ, ਜਗਰਾਓਂ ਤੋਂ ਮਸਾਂ 50-60 ਕਿਲੋਮੀਟਰ ਦੀ ਦੂਰੀ ਤੇ ਹੈ। ਜਗਰਾਓਂ ਦੇ ਨੇੜੇ ਹੋਣ ਕਾਰਨ ਉਨ੍ਹਾਂ ਦਾ ਜਗਰਾਓਂ ਦੇ ਲੇਖਕਾਂ ਵਿਚ ਚੰਗਾ ਪ੍ਰਭਾਵ ਸੀ। ਜਗਰਾਓਂ ਦੇ ਬਹੁਤੇ ਲੇਖਕ ਖੱਬੇ ਪੱਖੀ ਸਨ। ਅਜਿਹੇ ਹਾਲਾਤਾਂ ਨੇ ਸਾਨੂੰ ਵੱਖਰਾ ਗਰੁੱਪ ਬਣਾ ਕੇ ਮਰਜੀ ਦੀਆਂ ਸਰਗਰਮੀਆਂ ਕਰਨ ਦਾ ਮੌਕਾ ਦਾ ਦਿੱਤਾ।
ਸੁਰਜੀਤ ਗਿੱਲ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਮੈਂ ਜਗਰਾਓਂ ਦੇ ਸਿਰਕੱਢ ਲੇਖਕਾਂ ਸ਼ਾਕਰ ਪਰਸ਼ਾਰਥੀ, ਦਿਓਲ, ਅਵਤਾਰ ਸਿੰਘ, ਕੇਸਰ ਸਿੰਘ ਨੀਰ, ਹਰਕੋਮਲ ਬਰਿਆੜ, ਅਜੀਤ ਪਿਆਸਾ ਅਤੇ ਓਮ ਪ੍ਰਕਾਸ਼ ਅੱਤਰੇ ਨਾਲ ਮਿਲ ਕੇ ਜਗਰਾਓਂ ਵਿਚ ਸਾਹਿਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਹਰਭਜਨ ਹਲਵਾਰਵੀ, ਡਾ.ਰਘਬੀਰ ਸਿੰਘ ਸਿਰਜਣਾ, ਹਰਭਜਨ ਸਿੰਘ ਹੁੰਦਲ, ਰਾਮ ਸਰੂਪ ਅਣਖੀ ਅਤੇ ਓਮ ਪ੍ਰਕਾਸ਼ ਗਾਸੋਂ ਵਰਗੇ ਸਥਾਪਿਤ ਲੇਖਕਾਂ ਨੇ ਸਮਾਗਮਾਂ ਦੀ ਰੌਣਕ ਵਧਾਈ।
ਸਮਾਗਮ -1
ਸਮਾਗਮ-2
ਸਮਾਗਮ-3 ਅਤੇ 4
ਰਾਮਪੁਰਾਫੂਲ ਵਿਚ ਰਚੀਆਂ ਪੰਜ-ਸੱਤ ਕਹਾਣੀਆਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਕਹਾਣੀਆਂ ਦੀ ਰਚਨਾ ਜਗਰਾਓਂ ਵਿਚ ਹੀ ਹੋਈ। ਬਾਅਦ ਵਿਚ ਇਹ ਕਹਾਣੀਆਂ ‘ਲਾਮ’ ਅਤੇ ‘ਠੋਸ ਸਬੂਤ’ ਕਹਾਣੀ ਸੰਗ੍ਰਹਿਾਂ ਵਿਚ ਪ੍ਰਕਾਸ਼ਿਤ ਹੋਈਆਂ। ‘ਤਫ਼ਤੀਸ਼’ ਦੀ ਸਿਰਜਣਾ ਵੀ ਇਸੇ ਸ਼ਹਿਰ ਵਿਚ ਹੋਈ। ਪ੍ਰੇਮ ਗੋਰਖੀ ਵੱਲੋਂ ਸਾਰੀ ਰਾਤ ਕਹਾਣੀਆਂ ਦੇ ਪਾਠ ਲਈ ਕੀਤੇ ਜਾਂਦੇ ਸਮਾਗਮ ‘ਦੀਵਾ ਬਲੇ ਸਾਰੀ ਰਾਤ’ ਰਾਹੀਂ ਵੀ ਇਸ ਖੇਤਰ ਵਿਚ ਮੈਨੂੰ ਆਪਣੀ ਛਾਪ ਛੱਡਣ ਦਾ ਮੌਕਾ ਮਿਲਿਆ। (2 ਨਵੰਬਰ 2020)
————————————————————————————-
ਸਾਹਿਤ ਦੇ ਮੱਕੇ ਤੋਂ ਸ਼ੁਰੂਆਤ
- ਪੁਨਰਵਾਸ ਤੇ ਵਿਚਾਰ ਚਰਚਾ
2. 29 ਅਪ੍ਰੈਲ 1990 ਨੂੰ ਤਫ਼ਤੀਸ਼ ਨਾਵਲ ਤੇ ਬਰਨਾਲੇ ਹੋਇਆ ਮਹਾਂਸੰਵਾਦ
30/40 ਸਾਲ ਪਹਿਲਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਬਣੀਆਂ ਸਾਹਿਤ ਸਭਾਵਾਂ, ਆਪਣੇ ਮੈਂਬਰਾਂ ਨੂੰ ਪਰਪੱਕ ਲੇਖਕ ਬਣਾਉਣ ਲਈ ਵਚਨਬੱਧ ਅਤੇ ਯਤਨਸ਼ੀਲ ਹੁੰਦੀਆਂ ਸਨ। ਸਭਾਵਾਂ ਵਿਚ ਲੇਖਕਾਂ ਦੀਆਂ ਲਿਖਤਾਂ ਤੇ ਉਸਾਰੂ ਬਹਿਸਾਂ ਹੁੰਦੀਆਂ ਸਨ। ਸਭਾਵਾਂ ਵੱਲੋਂ ਨਵੀਂਆਂ ਛਪੀਆਂ ਕਿਤਾਬਾਂ ਤੇ ਭਰਪੂਰ ਸੰਵਾਦ ਰਚਾਏ ਜਾਂਦੇ ਸਨ। ਕੇਂਦਰੀ ਲੇਖਕ ਸਭਾ ਵੀ ਸਾਹਿਤ ਦੀ ਪ੍ਰਫ਼ੁੱਲਤਾ ਲਈ ਵੱਡੇ ਭਰਾ ਵਾਲੀ ਭੂਮਿਕਾ ਨਿਭਾਉਂਦੀ ਸੀ। 90 ਦੇ ਦਹਾਕੇ ਵਿਚ, ਜਦੋਂ ਕਿਸੇ ਸਥਾਨਕ ਲੇਖਕ ਸਭਾ ਨੇ ਕਿਸੇ ਪੁਸਤਕ ਤੇ ਸੰਵਾਦ ਰਚਾਉਣਾ ਹੁੰਦਾ ਤਾਂ ਉਸ ਸੰਵਾਦ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਭਰਪੂਰ ਸਹਿਯੋਗ ਦਿੰਦੀ ਸੀ। ਪੁਸਤਕ ਤੇ ਦੋ ਵਿਦਵਾਨਾਂ ਤੋਂ ਖੋਜ-ਪੱਤਰ ਲਿਖਵਾਉਣ, ਉਨ੍ਹਾਂ ਵਿਦਵਾਨਾਂ ਦੀ ਸੰਵਾਦ ਵਿਚ ਹਾਜ਼ਰੀ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਦੇ ਮਿਹਨਤਾਨੇ ਆਦਿ ਦੇ ਖਰਚ ਦੀ ਜ਼ਿੰਮੇਵਾਰੀ ਕੇਂਦਰੀ ਸਭਾ ਨਿਭਾਉਂਦੀ ਸੀ। ਕੇਂਦਰੀ ਸਭਾ ਦਾ ਪ੍ਰਧਾਨ ਜਾਂ ਜਨਰਲ ਸਕੱਤਰ ਨਿੱਜੀ ਰੂਪ ਵਿਚ ਸਮਾਗਮ ਵਿਚ ਹੁੰਦਾ ਸੀ। ਉਨ੍ਹੀਂ ਦਿਨੀਂ ਪੁਸਤਕ ਦੇ ਲੇਖਕ, ਮੁੱਖ ਮਹਿਮਾਨ, ਪ੍ਰਧਾਨ ਜਾਂ ਪਰਚਾ ਲਿਖਣ ਵਾਲੇ ਵਿਦਵਾਨਾਂ ਦਾ ਸਨਮਾਨ ਕਰਨ ਦਾ ਰਿਵਾਜ਼ ਨਹੀਂ ਸੀ। ਅਲੋਚਕ ਆਪ ਮੁਹਾਰੇ ਸਮਾਗਮ ਵਿਚ ਸ਼ਾਮਲ ਹੋ ਜਾਂਦੇ ਸਨ। ਇਲਾਕੇ ਦੇ ਵੱਡੇ ਲੇਖਕ ਹੁੰਮ-ਹੁਮਾ ਕੇ ਸਮਾਗਮਾਂ ਵਿਚ ਹਾਜ਼ਰੀ ਲਵਾਉਂਦੇ ਸਨ। ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਜਾਂ ਬਹਿਸ ਵਿਚ ਹਿੱਸਾ ਲੈ ਕੇ ਫੋਟੋ ਖਿਚਾਉਣ ਦੀ ਲਾਲਸਾ ਵੀ ਨਹੀਂ ਸੀ ਹੁੰਦੀ। ਚਾਹ-ਪਾਣੀ ਅਤੇ ਖਾਣਾ ਕੇਵਲ ਭੁੱਖ ਮਿਟਾਉਣ ਲਈ ਵਰਤਦਾ ਸੀ। ਇੰਝ ਸਾਹਿਤਕ ਸਮਾਗਮ, ਉਤਸਵ ਬਣ ਜਾਂਦੇ ਸਨ।
1990 ਵਿਚ ਇੰਦਰ ਸਿੰਘ ਖਮੋਸ਼ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਜਨਰਲ ਸਕੱਤਰ ਸਨ। ਜਦੋਂ ਮੈਂ ਸਰਕਾਰੀ ਸਕੂਲ ਬਰਨਾਲੇ ਵਿਚ ਪੜ੍ਹਦਾ ਸੀ ਤਾਂ ਖਮੋਸ਼ ਸਾਹਿਬ ਉਸੇ ਸਕੂਲ ਵਿਚ ਅਧਿਆਪਕ ਹੁੰਦੇ ਸਨ। ਮੈਂ ਉਨ੍ਹਾਂ ਦਾ ਵਿਦਿਆਰਥੀ ਤਾਂ ਨਹੀਂ ਰਿਹਾ ਪਰ ਸਾਹਿਤਕ ਮੱਸ ਰੱਖਣ ਕਾਰਨ ਉਨ੍ਹਾਂ ਦੇ ਸੰਪਰਕ ਵਿਚ ਜ਼ਰੂਰ ਰਿਹਾ। ਬਾਅਦ ਵਿਚ ਲਗਾਤਾਰ ਉਨ੍ਹਾਂ ਤੋਂ ਸਾਹਿਤਕ ਅਗਵਾਈ ਲੈਂਦਾ ਰਿਹਾ। ਬਰਨਾਲੇ ਤੋਂ ਬਾਹਰ ਰਹਿਣ ਦੇ ਬਾਵਜੂਦ ਵੀ ਮੈਂ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਿਹਾ।
1986 ਵਿਚ ਰਾਮਪੁਰਾਫੂਲ ਤੋਂ ਬਦਲ ਕੇ ਮੈਂ ਜਗਰਾਓਂ ਆ ਗਿਆ। ਇੱਥੇ 4 ਸਾਲ ਸਾਹਿਤਕ ਸਰਗਰਮੀਆਂ ਵਿਚ ਤਨਦੇਹੀ ਨਾਲ ਹਿੱਸਾ ਲਿਆ। ਇਸ ਸਰਗਰਮੀ ਕਾਰਨ ਪੰਜਾਬ ਦੇ ਪ੍ਰਮੁੱਖ ਲੇਖਕਾਂ ਅਤੇ ਚਿੰਤਕਾਂ ਨਾਲ ਸੰਪਰਕ ਸਥਾਪਿਤ ਹੋ ਗਿਆ। ਜਗਰਾਓਂ ਦੇ ਲੇਖਕਾਂ ਨਾਲ ਵੀ ਗਹਿਰੇ ਸਬੰਧ ਬਣ ਗਏ।
‘ਤਫ਼ਤੀਸ਼’ ਨਾਵਲ ਦੇ ਛਪਦਿਆਂ ਹੀ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਗਈ। ਹੁੰਦੀ ਚਰਚਾ ਨੂੰ ਧਿਆਨ ਵਿਚ ਰੱਖ ਕੇ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ, ਜਿਸ ਦਾ ਮੈਂ ਕਾਲਜ ਸਮੇਂ ਤੋਂ ਹੀ ਮੈਂਬਰ ਸੀ, ਤਫ਼ਤੀਸ਼ ਉੱਪਰ ਮਹਾਂਸੰਵਾਦ ਰਚਾਉਣ ਦਾ ਫ਼ੈਸਲਾ ਕਰ ਲਿਆ। ਵਿਦਵਾਨ ਅਲੋਚਕਾਂ ਨਾਲ ਸੰਪਰਕ ਦੀ ਜ਼ਿੰਮੇਵਾਰੀ ਕਾਮਰੇਡ ਸੁਰਜੀਤ ਗਿੱਲ ਨੇ ਅਤੇ ਲੇਖਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਰਾਮ ਸਰੂਪ ਅਣਖੀ ਹੁਰਾਂ ਨੇ ਲੈ ਲਈ। ਇੰਦਰ ਸਿੰਘ ਖਮੋਸ਼ ਹੁਰਾਂ ਨੇ ਕੇਂਦਰੀ ਸਭਾ ਨਾਲ ਸੰਪਰਕ ਸਾਧਿਆ ਅਤੇ ਹੋਰ ਪ੍ਰਬੰਧਕੀ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ। ਅਲੋਚਨਾ ਦੇ ਥੰਮ ਜਾਣੇ ਜਾਂਦੇ ਡਾ.ਜੋਗਿੰਦਰ ਸਿੰਘ ਰਾਹੀ, ਟੀ.ਆਰ. ਵਿਨੋਦ, ਨਿਰੰਜਨ ਤਸਨੀਮ ਦੇ ਨਾਲ-ਨਾਲ ਗੁਰਸ਼ਰਨ ਭਾਅ ਜੀ ਵੀ ਹੁੰਮ-ਹੁਮਾ ਕੇ ਸਮਾਗਮ ਵਿਚ ਸ਼ਾਮਲ ਹੋਏ। ਇਨ੍ਹਾਂ ਸਥਾਪਿਤ ਚਿੰਤਕਾਂ ਅਤੇ ਲੇਖਕਾਂ ਦੀ ਸਰਪ੍ਰਸਤੀ ਵਿਚ ਤਫ਼ਤੀਸ਼ ਤੇ ਹੋਈ ਗੋਸ਼ਟੀ ਇੱਕ ਮਹਾਂਸੰਵਾਦ ਵਿਚ ਬਦਲ ਗਈ।
ਨਾਵਲ ਤੇ ਹੋਏ ਇਸ ਮਹਾਂਸੰਵਾਦ ਕਾਰਨ ਨਾਵਲ ਦੀ ਚਰਚਾ ਡਾ.ਟੀ.ਆਰ. ਵਿਨੋਦ ਰਾਹੀਂ ਪੰਜਾਬੀ ਯੂਨੀਵਰਸਿਟੀ, ਡਾ.ਜੋਗਿੰਦਰ ਸਿੰਘ ਰਾਹੀ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ.ਰਘਬੀਰ ਸਿੰਘ ਰਾਹੀਂ ਪੰਜਾਬ ਯੂਨੀਵਰਸਿਟੀ ਦੀਆਂ ਹੱਦਾਂ ਵਿਚ ਪ੍ਰਵੇਸ਼ ਕਰ ਗਈ। ਗੁਰਸ਼ਰਨ ਭਾਅ ਜੀ ਇਸ ਨੂੰ ਪਿੰਡਾਂ ਦੇ ਸੱਥਾਂ ਤੱਕ ਲੈ ਗਏ। ਇੰਝ ਇਸ ਸੰਵਾਦ ਨੇ ਤਫ਼ਤੀਸ਼ ਨਾਵਲ ਦੀਆਂ ਪੰਜਾਬੀ ਸਾਹਿਤ ਵਿਚ ਜੜ੍ਹਾਂ ਲਾ ਦਿੱਤੀਆਂ। ਇਹੋ ਸਾਹਿਤਕ ਗੋਸ਼ਟੀਆਂ ਦਾ ਮੁੱਖ ਉਦੇਸ਼ ਹੁੰਦਾ ਹੈ।
ਇਹ ਇਸੇ ਸੰਵਾਦ ਦਾ ਸਿੱਟਾ ਸੀ ਕਿ ਅੱਜ 30 ਸਾਲ ਲੰਘ ਜਾਣ ਬਾਅਦ ਵੀ, ਤਫ਼ਤੀਸ਼ ਨਾਵਲ ਦੀ ਚਮਕ ਮੱਧਮ ਨਹੀਂ ਪਈ।
- ਨਾਵਲ ਦੇ ਹੋਏ ਵਿਚਾਰ ਵਟਾਂਦਰੇ ਦੀ ਰਿਕਾਰਡਿੰਗ -1
————————————————————————————-
25 ਮਈ 1993 ਨੂੰ ਨਾਵਲ ਕਟਹਿਰਾ ਤੇ ਬਰਨਾਲੇ ਵਿਚ ਗੰਭੀਰ ਸੰਵਾਦ
1993 ਵਿਚ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਇੱਕ ਵਾਰ ਫੇਰ ਇਤਿਹਾਸ ਦੁਹਰਾਇਆ।
ਕਟਹਿਰਾ ਨਾਵਲ ਦੇ ਪ੍ਰਕਾਸ਼ਿਤ ਹੁੰਦਿਆਂ ਹੀ ਇੱਕ ਵਾਰ ਫੇਰ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਸ ਨਾਵਲ ਤੇ ਵੀ ਗੰਭੀਰ ਸੰਵਾਦ ਰਚਾਇਆ। ਉਨ੍ਹਾਂ ਦਿਨਾਂ ਵਿਚ ਅਜੀਤ ਅਖ਼ਬਾਰ ਸਮੂਹ ਟਰੱਸਟ ਦੇ ਮੈਂਬਰ ਬੀਬੀ ਪਰਕਾਸ਼ ਕੌਰ ਸਾਹਿਤਕ ਸਰਗਰਮੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦੇ ‘ਸਾਹਿਤ ਮੰਚ’ ਨੇ ਇਸ ਗੋਸ਼ਟੀ ਲਈ ਹਰ ਪੱਖੋਂ, ਆਰਥਕ ਸਮੇਤ, ਭਰਪੂਰ ਸਹਿਯੋਗ ਦਿੱਤਾ। ਸਮਾਗਮ ਦੀ ਪ੍ਰਧਾਨਗੀ ਚਿੰਤਕ ਪ੍ਰੋ.ਐਸ.ਐਸ. ਦੁਸਾਂਝ ਨੇ ਕੀਤੀ। ਖੋਜ-ਪੱਤਰ ਅਮਰਜੀਤ ਗਰੇਵਾਲ, ਹਰਭਜਨ ਸਿੰਘ ਭਾਟੀਆ ਅਤੇ ਸਰਜੀਤ ਗਿੱਲ ਨੇ ਲਿਖੇ। ਕਿਸੇ ਮਜਬੂਰੀ ਕਾਰਨ ਡਾ.ਭਾਟੀਆ ਸਮਾਗਮ ਵਿਚ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਦੀ ਕਮੀ ਪ੍ਰੋ.ਸੁਖਦੇਵ ਸਿੰਘ ਖਾਹਰਾ ਨੇ ਪੂਰੀ ਕੀਤੀ। ਪੜ੍ਹੇ ਗਏ ਪਰਚਿਆਂ ਨੂੰ ਪੰਜਾਬੀ ਸਾਹਿਤ ਸਭਾ ਵੱਲੋਂ ਪਹਿਲਾਂ ਹੀ ‘ਕਟਹਿਰਾ ਦਾ ਥੀਮਕ ਅਧਿਐਨ’ ਕਿਤਾਬਚੇ ਵਿਚ ਛਾਪ ਲਿਆ ਸੀ। ਇਸ ਪੁਸਿਤਕਾ ਨੂੰ ਹਾਜ਼ਰ ਮੈਂਬਰਾਂ ਵਿਚ ਵੰਡਿਆ ਗਿਆ। ਸਮਾਗਮ ਵਿਚ ਪੜ੍ਹੇ ਗਏ ਪਰਚਿਆਂ ਨੇ ਬਾਅਦ ਵਿਚ ਪ੍ਰੋ.ਸੁਖਦੇਵ ਸਿੰਘ ਖਾਹਰਾ ਵੱਲੋਂ ਸੰਵਾਦ ਕੀਤੀ ਪੁਸਤਕ ‘ਨਾਵਲਕਾਰ ਮਿੱਤਰ ਸੈਨ ਮੀਤ’ ਦੀ ਨੀਂਹ ਰੱਖੀ।
ਸਮਾਗਮ ‘ਚ ਹਾਜਰੀ
ਇਸ ਸੰਵਾਦ ਨੇ ਪੰਜਾਬੀ ਨਾਵਲ ਦੇ ਪਿੜ ਵਿਚ ਫੁੱਟੀਆਂ ਮੇਰੀਆਂ ਜੜ੍ਹਾਂ ਨੂੰ ਹੋਰ ਮਜਬੂਤੀ ਬਖ਼ਸ਼ੀ।
ਇਸ ਗੋਸ਼ਟੀ ਦੇ ਸੰਵਾਦ ਟੇਪਾਂ ਵਿਚ ਰਿਕਾਰਡ ਕੀਤੇ ਗਏ। ਪ੍ਰਵਚਨਾਂ ਅਤੇ ਬਹਿਸ ਦੇ ਕੁੱਝ ਅੰਸ਼ਾਂ ਦਾ ਲਿੰਕ ਇਹ ਹੈ।(2 ਨਵੰਬਰ 2020)
—————————————————————————————————————
ਸਾਹਿਤ ਸੰਸਥਾਨ ਰਾਹੀਂ ਲੁਧਿਆਣੇ ਦੇ ਸਾਹਿਤਕ ਪਿੜ ਵਿਚ ਪ੍ਰਵੇਸ਼
ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿਚ, ਪੰਜਾਬ ਵਿਚ ਚੱਲ ਰਹੇ ਕਾਲੇ ਦੌਰ ਵਿਚ, ਪੁਲਿਸ ਦੀ ਭੂਮਿਕਾ ਵੱਲ ਉਂਗਲ ਕਰਦੇ ਨਾਵਲ ‘ਤਫ਼ਤੀਸ਼’ ਦੀ ਪ੍ਰਕਾਸ਼ਨਾ ਅਤੇ ਇਸ ਨਾਵਲ ਨੂੰ ਪਾਠਕਾਂ ਤੋਂ ਲੈ ਕੇ ਗੰਭੀਰ ਚਿੰਤਕਾਂ ਤੱਕ ਕੋਲੋਂ ਅੱਖਾਂ ਤੇ ਬਿਠਾ ਲੈਣ ਕਾਰਨ, ਸਰਕਾਰ ਦਾ ਨਜ਼ਲਾ ਮੇਰੇ ਤੇ ਝੜਨਾ ਸ਼ੁਰੂ ਹੋ ਗਿਆ। 1990 ਦੀ ਮਈ ਦੇ ਪਹਿਲੇ ਦਿਨ ਮੇਰੀ ਜਗਰਾਓਂ ਤੋਂ ਅਜਨਾਲੇ ਦੀ ਬਦਲੀ ਦੇ ਹੁਕਮ ਆ ਗਏ। ਉਨ੍ਹੀਂ ਦਿਨੀਂ, ਜਗਰਾਓਂ ਨਾਲੋਂ ਅਜਨਾਲਾ ਖੇਤਰ ਵਿਚ ਮੇਰੇ ਵਰਗੇ ਸਿਰ ਮੁੰਨੇ ਵਾਲੇ ਦੀ ਜਾਨ ਨੂੰ ਵੱਧ ਖਤਰਾ ਸੀ। ਖਾੜਕੂਆਂ ਨਾਲੋਂ ਵੱਧ ਖਤਰਾ, ਪੁਲਿਸ ਦੀ ਨਾਰਾਜ਼ਗੀ ਮੁੱਲ ਲੈ ਲੈਣ ਕਾਰਨ, ਪੁਲਿਸ ਤੋਂ ਸੀ। ਲੇਖਕ ਭਾਈਚਾਰੇ ਨੇ ਸਲਾਹ ਦਿੱਤੀ ਕਿ ਆਪਾਂ ਪੁਲਿਸ ਦੀ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਾ। ਕਿਸੇ ਵੀ ਕੀਮਤ ਤੇ ਜਾਨ ਨੂੰ ਖਤਰੇ ਵਿਚ ਨਹੀਂ ਪਾਉਣਾ। ਮੈਂ ਲੇਖਕਾਂ ਦੀ ਸਲਾਹ ਤੇ ਫੁੱਲ ਚੜ੍ਹਾਏ।
ਨਵੀਂ ਥਾਂ ਤੇ ਹਾਜ਼ਰ ਨਾ ਹੋਣ ਕਾਰਨ ਮੈਨੂੰ ਨੌਕਰੀ ਤੋਂ ਗੈਰ-ਹਾਜਰ ਕਰਾਰ ਦੇ ਦਿੱਤਾ ਗਿਆ ਅਤੇ ਨੌਕਰੀਓਂ ਕੱਢਣ ਦੇ ਨੋਟਿਸ ਜਾਰੀ ਹੋਣ ਲੱਗੇ। ਨੋਟਿਸ ਜਾਰੀ ਹੋਣ ਤੋਂ ਪਹਿਲਾਂ ਸਰਕਾਰ ਵਿਚ ਪ੍ਰਭਾਵ ਰੱਖਣ ਵਾਲੇ ਕੁਝ ਲੇਖਕ ਮੇਰੀ ਬਦਲੀ ਰੁਕਵਾਉਣ ਦੇ ਯਤਨ ਕਰ ਰਹੇ ਸਨ। ਸਰਕਾਰ ਦੀ ਵੱਧ ਨਾਰਾਜ਼ਗੀ ਕਾਰਨ ਉਹ ਯਤਨ ਸਫ਼ਲ ਨਹੀਂ ਸੀ ਹੋ ਰਹੇ। ਨੌਕਰੀ ਨੂੰ ਖਤਰਾ ਖੜ੍ਹਾ ਹੋਇਆ ਦੇਖ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਇਹ ਮਾਮਲਾ ਆਪਣੇ ਹੱਥ ਵਿਚ ਲੈ ਲਿਆ। ਉਨ੍ਹੀਂ ਦਿਨੀਂ ਤੇਰਾਂ ਸਿੰਘ ਚੰਨ ਸਭਾ ਦੇ ਜਨਰਲ ਸਕੱਤਰ ਸਨ। ਉਨ੍ਹਾਂ ਨੇ ਡਾ.ਹਰਚਰਨ ਸਿੰਘ ਅਤੇ ਦੋ ਹੋਰ ਸਥਾਪਿਤ ਲੇਖਕਾਂ ਨੂੰ ਨਾਲ ਲੈ ਕੇ ਚੀਫ਼ ਸੈਕਟਰੀ ਨੂੰ ਮਿਲਣ ਦਾ ਪ੍ਰੋਗ੍ਰਾਮ ਬਣਾਇਆ। ਉਨ੍ਹਾਂ ਹੀ ਮੈਨੂੰ ਦੱਸਿਆ ਕਿ ਸ਼੍ਰੀ ਐਨ.ਐਸ. ਰਤਨ. ਜੋ ਖੁਦ ਨਾਮਵਰ ਕਹਾਣੀਕਾਰ ਹਨ, ਸੀਨੀਅਰ ਆਈ.ਏ.ਐਸ. ਅਫ਼ਸਰ ਹੋਣ ਦੇ ਨਾਲ-ਨਾਲ ਲੇਖਕਾਂ ਦੇ ਖੈਰ-ਖੁਆਹ ਵੀ ਹਨ। ਮੈਨੂੰ ਉਨ੍ਹਾਂ ਤੋਂ ਵੀ ਮੱਦਦ ਲੈਣ ਦੀ ਸਲਾਹ ਦਿਤੀ। ਝਿਜਕਦੇ ਹੋਏ ਮੈਂ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਓਹੋ ਜਿਹੇ ਹੋਣ ਦਾ ਸਬੂਤ ਦਿੱਤਾ ਜਿਹੋ ਜਿਹਾ ਮੈਂ ਉਨ੍ਹਾਂ ਬਾਰੇ ਸੁਣਿਆ ਸੀ। ਮੇਰੀ ਵਿਥਿਆ ਸੁਣ ਕੇ ਉਨ੍ਹਾਂ ਨੇ ਝੱਟ ਮੇਰੇ ਮਹਿਕਮੇ ਦੇ ਇੰਚਾਰਜ ਆਈ.ਏ.ਐਸ. ਅਧਿਕਾਰੀ, ਜਿਹੜੇ ਉਨ੍ਹਾਂ ਦੇ ਨਜ਼ਦੀਕੀ ਵੀ ਸਨ, ਨੂੰ ਮੇਰੀ ਮੱਦਦ ਕਰਨ ਲਈ ਫੋਨ ਕਰ ਦਿੱਤਾ। ਕਿਉਂਕਿ ਮੇਰੇ ਤੇ ਸਰਕਾਰ ਤੇ ਉਂਗਲ ਉਠਾਉਣ, ਉਹ ਵੀ ਪੁਲਿਸ ਵਰਗੀ ਅਜਿਹੀ ਸੰਸਥਾ ਜਿਹੜੀ ਖਾੜਕੂਆਂ ਨਾਲ ਸਿੱਧੀ ਜੰਗ ਲੜ ਰਹੀ ਸੀ, ਦੇ ਗੰਭੀਰ ਦੋਸ਼ ਸਨ। ਇਸ ਲਈ ਸਾਡੇ ਮਹਿਕਮੇ ਦਾ ਅਫ਼ਸਰ, ਰਤਨ ਸਾਹਿਬ ਦੇ ਹੁਕਮਾਂ ਤੇ ਤੁਰੰਤ ਫੁੱਲ ਨਾ ਚੜ੍ਹਾ ਸਕਿਆ। ਪਰ ਉਸ ਨੇ ਮੇਰੇ ਵਿਰੁੱਧ ਪੈਦਾ ਹੋਏ ਸਰਕਾਰੀ ਰੋਹ ਨੂੰ ਮੱਠਾ ਜ਼ਰੂਰ ਕਰ ਦਿੱਤਾ। ਅਖੀਰ ਕੇਂਦਰੀ ਲੇਖਕ ਸਭਾ ਦੇ ਲਗਾਤਾਰ ਯਤਨਾਂ ਅਤੇ ਰਤਨ ਸਾਹਿਬ ਦੇ ਸਹਿਯੋਗ ਨਾਲ, ਤਿੰਨ ਮਹੀਨੇ ਬਾਅਦ, ਮੇਰੀ ਬਦਲੀ ਅਜਨਾਲੇ ਤੋਂ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਹੋ ਗਈ।
ਪੰਜਾਬ ਪੁਲਿਸ ਅਕੈਡਮੀ ਇੱਕ ਪੁਰਾਣੇ ਕਿਲ੍ਹੇ ਵਿਚ ਸਥਿਤ ਹੈ। ਇਸ ਕਾਰਨ ਪੁਲਿਸ ਵਾਲੇ ਇਸ ਨੂੰ ‘ਕਿਲ੍ਹਾ’ ਭਾਵ ਕੈਦ ਕਹਿ ਕੇ ਬੁਲਾਉਂਦੇ ਸਨ। ਉੱਥੇ ਅਫ਼ਸਰ ਨੂੰ ਲਾਇਆ ਵੀ ਸਜ਼ਾ ਭੁਗਤਣ ਲਈ ਹੀ ਜਾਂਦਾ ਹੈ। ਇਸ ਕਿਲ੍ਹੇ ਵਿਚ ਮੈਂ ਕਰੀਬ ਡੇਢ ਸਾਲ ‘ਸਜ਼ਾ’ ਕੱਟੀ।
ਔਖੇ ਸਮੇਂ ਮੇਰੀ ਬਾਂਹ ਫੜ੍ਹਨ ਕਾਰਨ ਮੈਂ ਰਤਨ ਸਾਹਿਬ ਦੇ ਅਹਿਸਾਨ ਹੇਠ ਦੱਬਿਆ ਹੋਇਆ ਸੀ। ਮਨ ਵਿਚ ਇੱਛਾ ਸੀ ਕਿ ਉਨ੍ਹਾਂ ਦੀ ਇਸ ਕ੍ਰਿਤਿਗਤਾ ਦਾ ਮੁੱਲ ਮੋੜਿਆ ਜਾਵੇ। ਆਪਣੇ ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ, ਇੱਕ ਕਹਾਣੀਕਾਰ ਦੇ ਤੌਰ ਤੇ, ਰਤਨ ਸਾਹਿਬ ਦਾ ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ ਸਨਮਾਨ ਕਰਕੇ ਹੀ ਹੋ ਸਕਦਾ ਸੀ।
ਫਿਲੋਰ ਤੋਂ ਜਲੰਧਰ ਰਾਹੀਂ, ਜਨਵਰੀ 1992 ਵਿਚ, ਬਦਲ ਕੇ ਮੈਂ ਲੁਧਿਆਣੇ ਆ ਗਿਆ। ਲੇਖਕਾਂ ਦੇ ਸਮੁੰਦਰ ਵਿਚ ਪੈਰ ਜਮਾਉਣੇ ਔਖੇ ਸਨ। ਫੇਰ ਵੀ ਮੇਰੇ ਯਤਨ ਜਾਰੀ ਰਖੇ।
ਕਰਮਜੀਤ ਸਿੰਘ ਔਜਲਾ ਨਾਵਲਕਾਰ ਅਤੇ ਕਹਾਣੀਕਾਰ ਹੋਣ ਦੇ ਨਾਲ-ਨਾਲ ਸਾਹਿਤਕ ਸਮਾਗਮਾਂ ਦੇ ਯੋਗ ਪ੍ਰਬੰਧਕ ਦੇ ਤੌਰ ਤੇ ਵੀ ਜਾਣੇ ਜਾਂਦੇ ਹਨ। ਉਨੀਂ ਦਿਨੀਂ ਉਹ ਲੁਧਿਆਣੇ ਦੀਆਂ ਦੋ ਸਾਹਿਤਕ ਸੰਸਥਾਵਾਂ ਦਾ ਭਾਰ ਸੰਭਾਲ ਰਹੇ ਸਨ। ਇੱਕ ਸੀ ਸਿਰਜਣਧਾਰਾ ਅਤੇ ਦੂਜੀ ਸੀ ਸਾਹਿਤ ਸੰਸਥਾਨ। ਇਨ੍ਹਾਂ ਸੰਸਥਾਵਾਂ ਦੇ ਕਈ ਸਮਾਗਮਾਂ ਵਿਚ ਹਾਜ਼ਰੀ ਲਵਾ ਕੇ ਮੈਂ ਔਜਲਾ ਸਾਹਿਬ ਦੀ ਕੁਸ਼ਲਤਾ ਦਾ ਕਾਇਲ ਹੋ ਚੁੱਕਾ ਸੀ।
ਬਰਨਾਲੇ ਨੂੰ ‘ਪੰਜਾਬੀ ਸਾਹਿਤ ਦਾ ਮੱਕਾ’ ਆਖਿਆ ਜਾਂਦਾ ਹੈ। ਬਰਨਾਲੇ ਨੂੰ ਇਹ ਸਨਮਾਨ ਉਂਝ ਹੀ ਨਹੀਂ ਮਿਲ ਗਿਆ। ਪੰਜਾਬ ਦਾ ਇਹ ਇੱਕੋ-ਇੱਕ ਸ਼ਹਿਰ ਹੈ ਜਿੱਥੇ ਇੱਕੋ ਸਮੇਂ ਨਾਵਲ, ਕਹਾਣੀ, ਕਵਿਤਾ ਅਤੇ ਵਾਰਤਕ ਰਚੀ ਜਾ ਰਹੀ ਹੈ। ਉੱਚ ਪੱਧਰ ਦੀ ਸਾਹਿਤਕ ਰਸਾਲੇ ਛਪਦੇ ਰਹੇ ਹਨ ਅਤੇ ਹੁਣ ਵੀ ਛਪਦੇ ਹਨ। ਇਸ ਸ਼ਹਿਰ ਦੀ ਧਰਤੀ ਨੇ ਪ੍ਰਸਿੱਧ ਅਲੋਚਕ ਵੀ ਪੈਦਾ ਕੀਤੇ ਹਨ। ਨੌਵੇਂ ਦਹਾਕੇ ਤੱਕ ਬਰਨਾਲੇ ਦੇ ਚਾਰ ਨਾਵਲਕਾਰ (ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋਂ, ਇੰਦਰ ਸਿੰਘ ਖਾਮੋਸ਼ ਅਤੇ ਬਸੰਤ ਕੁਮਾਰ ਰਤਨ) ਪੰਜਾਬੀ ਨਾਵਲ ਵਿਚ ਆਪਣੀ ਥਾਂ ਪੱਕੀ ਕਰ ਚੁੱਕੇ ਸਨ। ਰਾਜ ਕੁਮਾਰ ਗਰਗ ਜੋ ਕਿ ਮੇਰੀ ਉਮਰ ਦਾ ਸੀ, ਨਾਵਲਕਾਰ ਦੇ ਤੌਰ ਤੇ ਆਪਣੀ ਥਾਂ ਬਣਾਉਣ ਲਈ ਸੰਘਰਸ਼ਸ਼ੀਲ ਸੀ। ਮੇਰੀ ਇੱਛਾ ਸੀ ਕਿ ਇਨ੍ਹਾਂ ਸਾਰੇ ਨਾਵਲਕਾਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ, ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ, ਲੁਧਿਆਣੇ ਸਨਮਾਨਿਤ ਕੀਤਾ ਜਾਵੇ।
ਆਪਣੀ ਇੱਛਾ ਦਾ ਇਜ਼ਹਾਰ ਮੈਂ ਕਰਮਜੀਤ ਸਿੰਘ ਔਜਲਾ ਕੋਲ ਕੀਤਾ। ਉਹ ਝੱਟ ਮੇਰੀ ਪ੍ਰਪੋਜ਼ਲ ਨਾਲ ਸਹਿਮਤ ਹੋ ਗਏ। ਵੱਡੇ ਨਾਵਲਕਾਰਾਂ ਅਤੇ ਸੀਨੀਅਰ ਆਈ.ਏ.ਐਸ. ਕਹਾਣੀਕਾਰ ਅਫ਼ਸਰ ਦਾ ਸਨਮਾਨ ਉਨ੍ਹਾਂ ਲੇਖਕਾਂ ਨਾਲੋਂ ਉੱਚਾ ਕੱਦ ਰੱਖਣ ਵਾਲੇ ਸਾਹਿਤਕਾਰ ਕੋਲੋਂ ਹੀ ਹੋ ਸਕਦਾ ਸੀ। ਘੁੰਮਦੇ-ਘੁਮਾਉਂਦੇ ਸਾਡੀ ਨਜ਼ਰ ਸੋਹਣ ਸਿੰਘ ਸ਼ੀਤਲ ਹੁਰਾਂ ਤੇ ਪਈ। ਉਨ੍ਹਾਂ ਵੀ ਝੱਟ ਸਹਿਮਤੀ ਦੇ ਦਿੱਤੀ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਪ੍ਰਬੰਧਕੀ ਟੀਮ ਨੇ ਵੀ ਪੂਰੇ ਸਹਿਯੋਗ ਦਾ ਭਰੋਸਾ ਦੇ ਦਿੱਤਾ। ਸਮਾਗਮ ਦੀ ਸਫ਼ਲਤਾ ‘ਚ ਕੁਝ ਭੂਮਿਕਾ ਬਰਨਾਲੇ ਦੇ ਨਾਵਲਕਾਰਾਂ ਅਤੇ ਰਤਨ ਸਾਹਿਬ ਦੇ ਵੱਡੇ ਸਰਕਾਰੀ ਅਹੁੱਦੇ ਨੇ ਨਿਭਾਈ।
ਸਮਾਗਮ ਆਰਾਮ ਨਾਲ ਸਫ਼ਲਤਾ ਦੀ ਪੌੜੀ ਚੜ੍ਹ ਗਿਆ। ਇਸ ਸਮਾਗਮ ਦੀ ਸਫ਼ਲਤਾ ਨੇ, ਇੱਕ ਪਾਸੇ ਮੇਰੇ ਲੁਧਿਆਣੇ ਦੇ ਸਾਹਿਤਕ ਖੇਤਰ ਵਿਚ ਪੈਰ ਜਮਾਏ, ਅਤੇ ਦੂਜੇ ਪਾਸੇ ਮੇਰੀ ਕਰਮਜੀਤ ਸਿੰਘ ਔਜਲਾ ਅਤੇ ਉਨ੍ਹਾਂ ਦੀ ਸੱਜੀ ਬਾਂਹ ਨਾਵਲਕਾਰ ਦਵਿੰਦਰ ਸਿੰਘ ਸੇਖਾ ਨਾਲ ਰਸਮੀ ਵਾਕਫ਼ੀਅਤ ਗੂੜ੍ਹੀ ਦੋਸਤੀ ਵਿਚ ਬਦਲ ਦਿੱਤੀ। ਸਾਡੀ ਤਿੰਨਾਂ ਨਾਵਲਕਾਰਾਂ ਦੀ ਤਿੱਕੜੀ ਨੇ ਅਗਲੇ ਵੀਹ ਸਾਲ ਲੁਧਿਆਣੇ ਵਿਚ ਯਾਦਗਾਰੀ ਸਮਾਗਮ ਰਚੇ ਜਿਨ੍ਹਾਂ ਵਿਚੋਂ ਕੁਝ ਦਾ ਜ਼ਿਕਰ ਅੱਗੇ ਕਰਾਂਗਾ। (2 ਨਵੰਬਰ 2020)
————————————————————————————
ਪੰਜਾਬੀ ਨਾਵਲ ਅਕੈਡਮੀ ਲੁਧਿਆਣਾ ਦੇ ਜਰਨਲ ਸੱਕਤਰ ਵਜੋਂ ਸਾਹਿਤਕ ਲਹਿਰ ਵਿਚ ਯੋਗਦਾਨ
16 ਫਰਵਰੀ 2003. ਜਰਨੈਲ ਸਿੰਘ ਸੇਖਾ ਦੇ ਨਾਵਲ ਭਘੌੜਾ ਤੇ ਵਿਚਾਰ ਚਰਚਾ
06 ਜੁਲਾਈ 2003. ਕੌਰਵ ਸਭਾ
ਪਹਿਲਾ ਸੈਸ਼ਨ
ਦੂਜਾ ਸੈਸ਼ਨ
ਪੰਜਾਬੀ ਨਾਵਲ ਅਕੈਡਮੀ 16 ਮਾਰਚ 2003
ਦਵਿੰਦਰ ਸਿੰਘ ਸੇਖਾ ਦੇ ਨਾਵਲ ‘ਤੀਜੀ ਅਲਵਿਦਾ’ ਤੇ ਸੰਵਾਦ
ਦਵਿੰਦਰ ਸਿੰਘ ਸੇਖਾ ਦਾ ਸਨਮਾਣ
ਪੰਜਾਬੀ ਨਾਵਲ ਅਕੈਡਮੀ ਵਲੋਂ, 14 ਮਈ 2006 ਨੂੰ, ਨਾਵਲ ਸੁਧਾਰ ਘਰ ਤੇ ਵਿਚਾਰ ਚਰਚਾ
ਪੰਕਜ
ਕੁੱਝ ਹੋਰ ਕੰਮ
ਹੋਰ ਸੰਸਥਾਵਾਂ ਨਾਲ ਮਿਲਕੇ ਕੀਤੀਆਂ ਕੁੱਝ ਸਰਗਰਮੀਆਂ
- 26.10 2013 ਨੂੰ ਪ੍ਰੋ ਕਿਸ਼ਨ ਸਿੰਘ ਦੀ ਪੁਸਤਕ ਲੋਕ ਅਰਪਨ ਅਤੇ ਵਿਚਾਰ ਚਰਚਾ
ਲੋਕ ਸਾਹਿਤ ਮੰਚ ਲੁਧਿਆਣਾ ਦੇ ਜਰਨਲ ਸਕੱਤਰ ਵਜੋਂ ਯੋਗਦਾਣ
ਡਾ ਐਸ. ਤਰਸੇਮ
1 ਅਕਤੂਬਰ 2017 ਨੂੰ ਕਮੋਡੋਰ (ਰਿਟ.) ਗੁਰਨਾਮ ਸਿੰਘ ਦੇ ਨਾਵਲ ‘ਤਾਰਾ ਸਿੰਘ ਕਾਬਲੀ’ ਦਾ ਲੋਕ ਅਰਪਣ ਸਮਾਗਮ
ਸਾਹਿਤ ਵਿਚਾਰ ਮੰਚ ਬਰਨਾਲਾ ਦੇ ਕਾਰਕੁਨ ਵਜੋਂ
ਸਾਹਿਤ ਚਿੰਤਕਾਂ ਦੇ ਜਨਮ ਦਿਨਾਂ ਤੇ ਸਾਹਿਤਕ ਉਤਸਵ
- ਕਾਮਰੇਡ ਸੁਰਜੀਤ ਗਿੱਲ ਦਾ 74ਵਾਂ ਜਨਮ ਦਿਨ
ਸੋਵੀਨਰ
2. ਡਾ ਟੀ.ਆਰ. ਵਿਨੋਦ
3. ਡਾ ਜੋਗਿੰਦਰ ਸਿੰਘ ਰਾਹੀ
4. ਡਾ ਸਤਿੰਦਰ ਸਿੰਘ ਨੂਰ
5. ਡਾ ਕਰਨਜੀਤ ਸਿੰਘ
6. ਮੋਹਨਜੀਤ
More Stories
ਲੋਕ ਸਾਹਿਤ ਮੰਚ ਦੀ ਸਥਾਪਣਾ– ਗੰਭੀਰ ਸੰਵਾਦ ਰਚਾਉਣ ਅਤੇ ਬਣਦੇ ਸਨਮਾਣ ਦੇਣ ਲਈ
ਸਥਾਪਤੀ ਵੱਲ ਦਾ ਸਫ਼ਰ- ਬਰਨਾਲੇ ਤੋਂ ਦਿੱਲੀ ਤੱਕ
ਸਿਰ ਤੇ ਵਿਦਵਾਨਾਂ ਦਾ ਹੱਥ- ਗੁਰਸ਼ਰਨ ਭਾਅ ਜੀ ਤੋਂ ਪ੍ਰੋ ਮਨੇਜਰ ਪਾਂਡੇ ਤੱਕ