February 23, 2024

Mitter Sain Meet

Novelist and Legal Consultant

ਸਮੱਸਿਆ ਨੂੰ ਵੱਧ ਉਲਝਉਣ ਵਾਲਾ -ਭਾਸ਼ਾ ਵਿਭਾਗ ਦਾ ‘ਵਿਆਖਿਆ ਪੱਤਰ’

‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ ਲੇਖ ਲੜੀ-2

          ਸਮੱਸਿਆ ਨੂੰ ਵੱਧ ਉਲਝਉਣ ਵਾਲਾ ਭਾਸ਼ਾ ਵਿਭਾਗ ਦਾ ‘ਵਿਆਖਿਆ ਪੱਤਰ’

                 ਇਕ ਤਰਕਸੰਗਤ ਅਤੇ ਪਰਵਾਣਿਤ ਪੁਰਸਕਾਰ ਨੀਤੀ ਦੀ ਅਣਹੋਂਦ ਕਾਰਨ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਵਲੋਂ, ਪੁਰਸਕਾਰਾਂ ਦੀ ਚੋਣ ਨੂੰ ਨਿਅੰਤਰਿਤ ਕਰਨ ਦੇ ਯਤਨ ਵਜੋਂ, ਇਹ ‘ਵਿਆਖਿਆ ਪੱਤਰ’ ਖੁਦ ਤਿਆਰ ਕੀਤਾ ਗਿਆ ਹੈ। ਅਣ-ਅਧਿਕਾਰਿਤ ਹੋਣ ਕਾਰਨ ਇਸ ਦਸਤਾਵੇਜ ਨੂੰ ਕਦੇ ‘ਵਿਆਖਿਆ ਪੱਤਰ’ ਆਖ ਦਿੱਤਾ ਜਾਂਦਾ ਹੈ ਅਤੇ ਕਦੇ ‘ਰਾਜ ਸਲਾਹਕਾਰ ਬੋਰਡ ਦਾ ਏਜੰਡਾ’ । ਇਸ ਦਸਤਾਵੇਜ ਵਿਚ ਪੁਰਸਕਾਰਾਂ ਲਈ ਜੋ ਯੋਗਤਾਵਾਂ ਤੈਅ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਨਹੀਂ ਮਿਲੀ ਹੋਈ।

          ਕਾਨੂੰਨੀ ਮਾਹਿਰਾਂ ਵੱਲੋਂ ਤਿਆਰ ਨਾ ਕੀਤੇ ਜਾਣ ਕਾਰਨ ਇਹ ‘ਵਿਆਖਿਆ ਪੱਤਰ’ ਵਿਸੰਗਤੀਆਂ ਨਾਲ ਭਰਪੂਰ ਹੈ।

          ਨਮੂਨੇ ਲਈ ਕੁਝ ਵਿਸੰਗਤੀਆਂ ਦਾ ਜ਼ਿਕਰ ਕਰਨਾ ਜਰੂਰੀ ਹੈ।

                ਸਰਕਾਰ ਵਲੋਂ ਬਹੁਤੇ ਪੁਰਸਕਾਰ ‘ਸਾਹਿਤਕਾਰਾਂ’ ਨੂੰ ਦਿੱਤੇ ਜਾਂਦੇ ਹਨ। ਇਸ ਦਸਤਾਵੇਜ ਵਿਚ ਸਭ ਤੋਂ ਪਹਿਲਾਂ ਇਹੋ ਮੱਦ ਪ੍ਰਭਾਸ਼ਿਤ ਹੋਣੀ ਚਾਹੀਦੀ ਸੀ। ਪਰ ਹੋਈ ਨਹੀਂ। ਕਵਿਤਾ, ਨਾਵਲ, ਕਹਾਣੀ, ਨਾਟਕ ਆਦਿ ਸਾਹਿਤ ਦੇ ਵੱਖ ਵੱਖ ਰੂਪ ਹਨ। ਸਾਹਿਤ  ਵਿਚ ਆਲੋਚਨਾ, ਗਿਆਨ, ਵਿਗਿਆਨ, ਕਾਨੂੰਨ ਆਦਿ ਵਿਸ਼ਿਆਂ ਤੇ ਲਿਖੇ ਨਿਬੰਧ ਸ਼ਾਮਲ ਨਹੀਂ ਹੁੰਦੇ। ਇਨ੍ਹਾਂ ਪੁਰਸਕਾਰਾਂ ਦੀ ਚੋਣ ਸਮੇਂ ‘ਸਾਹਿਤਕਾਰ’ ਕਿਸ ਨੂੰ ਮੰਨਿਆ ਜਾਵੇ? ਪੁਰਸਕਾਰਾਂ ਵਿਚ ਇੱਕ ਸ਼੍ਰੇਣੀ ‘ ਪੰਜਾਬੀ ਸਾਹਿਤਕਾਰ’ ਦੀ ਹੈ, ਦੂਜੀ ‘ਪੰਜਾਬੀ ਕਵੀ’ ਦੀ ਅਤੇ ਤੀਜੀ ‘ਪੰਜਾਬੀ ਨਾਟਕਕਾਰ’ ਦੀ। ਕੀ ਕਵੀ ਅਤੇ ਨਾਟਕਕਾਰ ਸਾਹਿਤਕਾਰ ਨਹੀਂ ਹੁੰਦੇ?

                ਇਸੇ ਤਰਾਂ ਪੁਰਸਕਾਰਾਂ ਵਿਚ ਇੱਕ ਸ਼੍ਰੇਣੀ ‘ਪੰਜਾਬੀ ਪੱਤਰਕਾਰ’ ਅਤੇ ਦੂਜੀ ‘ਪੰਜਾਬੀ ਸਾਹਿਤਕ ਪੱਤਰਕਾਰ’ ਦੀ ਹੈ। ਇਸ ਦਸਤਾਵੇਜ ਅਨੁਸਾਰ ‘ਪੱਤਰਕਾਰ’ ਤੋਂ ਭਾਵ ਕਿਸੇ ‘ਪੰਜਾਬੀ ਅਖ਼ਬਾਰ ਦਾ ਸੰਪਾਦਕ’ ਹੋਣਾ ਹੈ ਅਤੇ ‘ਸਾਹਿਤਕ ਪੱਤਰਕਾਰ’ ਤੋਂ ਭਾਵ ਕਿਸੇ ‘ਹਫ਼ਤਾਵਾਰੀ ਅਖ਼ਬਾਰ ਦਾ ਸੰਪਾਦਕ’ ਹੋਣਾ। ਦੋਹਾਂ ਪਰਿਭਾਸ਼ਾਵਾਂ ਵਿਚ ‘ਅਖ਼ਬਾਰਾਂ ਦੀ ਸੰਪਾਦਨਾ’ ਸ਼ਾਮਲ ਹੈ। ਫ਼ਰਕ ਸਿਰਫ਼ ‘ਰੋਜ਼ਾਨਾ’ ਜਾਂ ‘ਹਫ਼ਤਾਵਾਰੀ ਅਖ਼ਬਾਰ’ ਦਾ ਹੀ ਹੈ। ਭਲਾ ‘ਹਫ਼ਤਾਵਾਰੀ ਅਖ਼ਬਾਰ ਦੀ ਸੰਪਾਦਨਾ’ ਦਾ ‘ਸਾਹਿਤਕ ਪੱਤਰਕਾਰਤਾ’ ਨਾਲ ਕੀ ਸਬੰਧ? ਅਗਾਂਹ ‘ਪੱਤਰਕਾਰ’ ਤੋਂ ਭਾਵ ‘ਕਿਸੇ ਪੰਜਾਬੀ ਅਖ਼ਬਾਰ ਵਿਚ ਪੱਤਰਕਾਰੀ ਨਾਲ ਸਬੰਧਤ ਹੋਣਾ’ ਅਤੇ ‘ਸਾਹਿਤਕ ਪੱਤਰਕਾਰੀ’ ਤੋਂ ਭਾਵ ‘ਕਿਸੇ ਹਫ਼ਤਾਵਾਰੀ ਅਖ਼ਬਾਰ ਵਿਚ ਸਾਹਿਤਕ ਪੱਤਰਕਾਰੀ ਨਾਲ ਸਬੰਧਤ ਹੋਣਾ’ ਦਰਜ ਹੈ। ਹਫ਼ਤਾਵਾਰੀ ਅਖ਼ਬਾਰ ਵਿਚ ਸਾਹਿਤਕ ਪੱਤਰਕਾਰੀ ਕਿਵੇਂ ਹੁੰਦੀ ਹੈ? ਇਹ ਸਪਸ਼ਟ ਨਹੀਂ। ਪੰਜਾਬੀ ਦਾ ਲਗਭਗ ਹਰ ਅਖ਼ਬਾਰ ਹਫ਼ਤੇ ਵਿਚ ਇੱਕ ਜਾਂ ਦੋ ਦਿਨ ਸਾਹਿਤਕ ਸਮੱਗਰੀ ਛਾਪਦਾ ਹੈ। ਉਸ ਸਾਹਿਤਕ ਪੰਨੇ ਦਾ ਸੰਪਾਦਕ ਵੱਖਰਾ ਹੁੰਦਾ ਹੈ। ਇੰਝ ਇਸ ਦਸਤਾਵੇਜ ਅਨੁਸਾਰ, ਕਿਸੇ ਰੋਜ਼ਾਨਾ ਅਖ਼ਬਾਰ ਦੇ ਸਾਹਿਤਕ ਪੰਨੇ ਦਾ ਸੰਪਾਦਕ ‘ਪੱਤਰਕਾਰਾਂ’ ਦੀਆਂ ਇਨ੍ਹਾਂ ਦੋਵੇਂ ਸ਼੍ਰੇਣੀਆਂ ਦੇ ਪੁਰਸਕਾਰਾਂ ਦੇ ਯੋਗ ਹੈ। ਜੇ ਇਹ ਵਿਆਖਿਆ ਠੀਕ ਹੈ ਫੇਰ ‘ਪੱਤਰਕਾਰਾਂ’ ਦੀਆਂ ਦੋ ਸ਼੍ਰੇਣੀਆਂ ਬਣਾਉਣ ਦੀ ਕੀ ਲੋੜ ਸੀ?

                ਇਸੇ ਤਰਾਂ ਪੁਰਸਕਾਰਾਂ ਵਿਚ ਇੱਕ ਸ਼੍ਰੇਣੀ ‘ਟੈਲੀਵਿਜ਼ਨ/ਰੇਡੀਓ/ਫ਼ਿਲਮ’ ਨਾਲ ਸਬੰਧਤ ਅਦਾਕਾਰਾਂ/ਨਿਰਦੇਸ਼ਕਾਂ/ਲੇਖਕਾਂ ਆਦਿ ਦੀ ਅਤੇ ਇੱਕ ‘ਨਾਟਕ/ਥੀਏਟਰ’ਨਾਲ ਸਬੰਧਤ  ਕਲਾਕਾਰਾਂ/ਨਿਰਦੇਸ਼ਕਾਂ/ਲੇਖਕਾਂ ਆਦਿ ਦੀ। ਆਮ ਤੌਰ ਤੇ ਇਨ੍ਹਾਂ ਦੋਹਾਂ ਸ਼੍ਰੇਣੀਆਂ ਨਾਲ ਸਬੰਧਤ ਅਦਾਕਾਰ/ਨਿਰਦੇਸ਼ਕ ਆਦਿ ਇੱਕੋ ਸਮੇਂ ਟੈਲੀਵਿਜ਼ਨ, ਫ਼ਿਲਮ ਅਤੇ ਥੀਏਟਰ ਵਿਚ ਕੰਮ ਕਰ ਰਹੇ ਹੁੰਦੇ ਹਨ। ਫੇਰ ਦੋਹਾਂ ਸ਼੍ਰੇਣੀਆਂ ਦੇ ਕਲਾਕਾਰਾਂ ਆਦਿ ਵਿਚ ਕੀ ਅੰਤਰ ਹੋਇਆ? ‘ਨਾਟਕ/ਥੀਏਟਰ’ ਦੀ ਪਰਿਭਾਸ਼ਾ ਵਿਚ ‘ਲੇਖਕ’ ਵੀ ਸ਼ਾਮਲ ਹੈ। ਇੱਥੇ  ‘ਲੇਖਕ’ ਤੋਂ ਭਾਵ ਨਾਟਕਕਾਰ ਹੈ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਨਾਟਕਕਾਰ ਸਾਹਿਤਕਾਰ ਦੀ ਪਰਿਭਾਸ਼ਾ ਵਿਚ ਨਹੀਂ ਆਉਂਦਾ? ਇਸ ਦਸਤਾਵੇਜ ਰਾਹੀਂ ਇਕ ਨਾਟਕਕਾਰ ਨੂੰ ਪੁਰਸਕਾਰ ਪ੍ਰਾਪਤ ਕਰਨ ਦੇ ਦੋ ਦੋ ਮੌਕੇ ਕਿਉਂ ਦਿੱਤੇ ਜਾ ਰਹੇ ਹਨ?

                 ਪੰਜਾਬੀ ਕਵੀ ਦੀ ਪਰਿਭਾਸ਼ਾ ਅਨੁਸਾਰ ਪੁਰਸਕਾਰ ਲਈ ਚੋਣ ਕਰਦੇ ਸਮੇਂ ‘ਲੇਖਕ ਦੀ ਕਿਸੇ ਇੱਕ ਜਾਂ ਵੱਧ ਵਿਧਾਵਾਂ ਵਿਚ’ ਦੇਣ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਕੀ ਇਸ ਵਿਆਖਿਆ ਦਾ ਭਾਵ ਇਹ ਹੈ ਕਿ ‘ਕਵੀ ਪੁਰਸਕਾਰ’ ਕਵਿਤਾ ਦੀ ਥਾਂ ‘ਕਿਸੇ ਹੋਰ ਵਿਧਾ’ ਵਿਚ ਲਿਖਣ ਵਾਲੇ ਲੇਖਕ ਨੂੰ ਵੀ ਦਿੱਤਾ ਜਾ ਸਕਦਾ ਹੈ?

                ਇਸ ਦਸਤਾਵੇਜ ਅਨੁਸਾਰ, ਸਲਾਹਕਾਰ ਬੋਰਡ ਨੇ ਸਾਲ 2015 ਵਿਚ ‘ਪੰਜਾਬੀ ਗਿਆਨ ਸਾਹਿਤਕਾਰ/ਆਲੋਚਕ’ ਪੁਰਸਕਾਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਸੀ। ਇੱਕ ਦਾ ਨਾਂ ‘ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਪੁਰਸਕਾਰ’ ਅਤੇ ਦੂਜੇ ਦਾ ਨਾਂ ‘ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ’ ਰੱਖਿਆ ਗਿਆ। ਇਸ ਵਿਆਖਿਆ ਪੱਤਰ ਅਨੁਸਾਰ ਪਹਿਲਾ ਪੁਰਸਕਾਰ ‘ਆਲੋਚਨਾ ਅਤੇ ਖੋਜ’ ਦੇ ਖੇਤਰ ਵਿਚ ਪੁਸਤਕਾਂ ਲਿਖਣ ਵਾਲੇ ਲੇਖਕਾਂ ਨੂੰ ਅਤੇ ਦੂਜਾ ਪੁਰਸਕਾਰ ‘ਵਿਗਿਆਨ/ਕਾਨੂੰਨ/ਮੈਡੀਸਨ… ਅਤੇ ਆਲੋਚਨਾ ਆਦਿ’ ਖੇਤਰਾਂ ਵਿਚ ਪੁਸਤਕਾਂ ਲਿਖਣ ਵਾਲੇ ਵਿਦਵਾਨਾਂ ਨੂੰ ਦਿੱਤਾ ਜਾਵੇਗਾ। ਇੰਝ ਦੋਹਾਂ ਪੁਰਸਕਾਰਾਂ ਵਿਚ ‘ਆਲੋਚਨਾ’ ਦੇ ਖੇਤਰ ਵਿਚ ਪੁਸਤਕਾਂ ਲਿਖਣ ਵਾਲੇ ਲੇਖਕਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਆਲੋਚਕਾਂ ਨੂੰ ਦੁਹਰਾ ਗੱਫਾ ਕਿਉਂ? ਇਸ ਵਿਸੰਗਤੀ ਦਾ ਭਾਸ਼ਾ ਵਿਭਾਗ, ਸਕਰੀਨਿੰਗ ਕਮੇਟੀ ਅਤੇ ਸਲਾਹਕਾਰ ਬੋਰਡ ਵਲੋਂ ਦੁਰਉਪਯੋਗ ਕੀਤਾ ਜਾਂਦਾ ਹੈ। ਨਿਰੋਲ ਆਲੋਚਕਾਂ ਨੂੰ ਗਿਆਨ ਸਾਹਿਤ ਵਾਲੀ ਸ਼੍ਰੇਣੀ ਵਿਚ ਸ਼ਾਮਲ ਕਰ ਕੇ ਪੁਰਸਕਾਰ ਦੇ ਦਿੱਤੇ ਜਾ ਰਹੇ ਹਨ।

                18 ਵਿੱਚੋਂ 8 ਪੁਰਸਕਾਰਾਂ ਲਈ ਸੰਸਾਰ ਦੇ ਹਰ ਕੋਨੇ ਵਿੱਚ ਵਸਦਾ ਸਾਹਿਤਕਾਰ ਪੁਰਸਕਾਰ ਪ੍ਰਾਪਤ ਕਰਨ ਦੇ ਯੋਗ ਹੈ। ਪੰਜਾਬੀ ਸਾਹਿਤਕਾਰ (ਵਿਦੇਸ਼ੀ) ਨੂੰ ਛੱਡ ਕੇ ਬਾਕੀ ਸਾਰੇ ਪੁਰਸਕਾਰ ਭਾਰਤ ਵਿਚ ਵਸਦੇ ਪੰਜਾਬੀਆਂ ਲਈ ਰਾਖਵੇਂ ਹੋਣੇ ਚਾਹੀਦੇ ਹਨ ਜਿਵੇਂ ਭਾਰਤੀ ਸਹਿਤ ਅਕੈਡਮੀ ਦੇ ਪੁਰਸਕਾਰ ਭਾਰਤੀ ਨਾਗਰਿਕਾਂ ਲਈ ਰਾਖਵੇਂ ਹਨ।

                ਤਿੰਨ ਪੁਰਸਕਾਰਾਂ (ਟੈਲੀਵਿਜਨ/ਰੇਡੀਓ/ਫਿਲਮ, ਨਾਟਕ/ਥੀਏਟਰ ਅਤੇ ਗਾਇਕ/ਸੰਗੀਤਕਾਰ) ਬਾਰੇ ਇਹ ਸਪਸ਼ਟ ਨਹੀਂ ਕਿ ਕੀ ਇਹ ਪੁਰਸਕਾਰ ਉਹ ਕੇਵਲ ਪੰਜਾਬੀਆਂ ਲਈ ਰਾਖਵੇਂ ਹਨ ਜਾਂ ਇਨ੍ਹਾਂ ਤੇ ਪੰਜਾਬੋ ਬਾਹਰ ਵਸਦੇ ਭਾਰਤੀ ਅਤੇ ਵਿਦੇਸ਼ੀ ਵੀ ਆਪਣਾ ਹੱਕ ਜਤਾ ਸਕਦੇ ਹਨ।

                ਵਿਸੰਗਤੀਆਂ ਦੇ ਨਾਲ ਨਾਲ ਇਹ ਦਸਤਾਵੇਜ ਕਈ ਹੋਰ ਤਕਨੀਕੀ ਨੁਕਸਾਂ ਨਾਲ ਵੀ ਲਵਰੇਜ ਹੈ।

                ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਪੁਰਸਕਾਰ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਲੇਖਕ ਦਾ ਪੰਜਾਬ ਵਿਚ ਕੇਵਲ ਜਨਮ ਲੈਣਾ ਹੀ ਕਾਫੀ ਹੈ। ਸਾਹਿਤਕਾਰ ਭਾਵੇਂ ਜਨਮ ਤੋਂ ਤੁਰੰਤ ਬਾਅਦ ਕਿਸੇ ਹਿੰਦੀ ਭਾਸ਼ੀ ਪ੍ਰਾਂਤ ਵਿਚ ਪੱਕੇ ਤੌਰ ਤੇ ਰਹਿਣ ਲੱਗ ਪਿਆ ਹੋਵੇ ਅਤੇ ਉਸਨੇ ਮੁੜ ਕਦੇ ਪੰਜਾਬ  ਵੱਲ ਮੂੰਹ ਨਾ ਕੀਤਾ ਹੋਵੇ। ਇਸ ਵਿਆਖਿਆ ਅਨੁਸਾਰ,ਅਜਿਹਾ ਸਾਹਿਤਕਾਰ ਵੀ ਇਸ ਪੁਰਸਕਾਰ ਦੇ ਯੋਗ ਹੈ। ਇਸ ਵਿਸੰਗਤੀ ਨੂੰ ਹੋਰ ਸਪਸ਼ਟ ਕਰਨ ਲਈ ਇਕ ਉਦਾਹਰਣ ਦਿਤੀ ਜਾ ਸਕਦੀ ਹੈ।ਇਸ ਦਸਤਾਵੇਜ ਅਨੁਸਾਰ, ਜੇ ਪੰਜਾਬ ਪਰਵਾਸ ਦੌਰਾਨ ਕਿਸੇ ਬਿਹਾਰੀ ਪਰਵਾਸੀ ਦੇ ਘਰ ਜਨਮਿਆ ਬੱਚਾ ਫੌਰਣ ਆਪਣੇ ਜਾਂ ਕਿਸੇ ਹੋਰ ਸੂਬੇ ਵਿਚ ਜਾ ਵਸੇ ਅਤੇ ਆਪਣੀ ਮਾਤ ਭਾਸ਼ਾ ਹਿੰਦੀ ਵਿਚ ਸਾਹਿਤ ਰਚਨ ਲੱਗੇ ਤਾਂ ਉਹ ਜਨਮ ਦੇ ਅਧਾਰ ਤੇ ਇਸ ਪੁਰਸਕਾਰ ਦੇ ਯੋਗ ਹੋਵੇਗਾ।ਕੀ ਇਸ ਤਰਾਂ ਹੋਣਾ ਉਚਿਤ ਹੋਵੇਗਾ?  ਇਸ ਪੁਰਸਕਾਰ ਦਾ ਉਦੇਸ਼, ਪੱਕੇ ਤੌਰ ਤੇ ਪੰਜਾਬ ਵਿਚ ਰਹਿ ਰਹੇ ਅਤੇ ਪੰਜਾਬ ਦੀਆਂ ਦੂਜੀਆਂ ਤਿੰਨ ਭਾਸ਼ਾਵਾਂ ਹਿੰਦੀ, ਉਰਦੂ ਅਤੇ ਸੰਸਕ੍ਰਿਤ ਵਿਚ ਸਾਹਿਤ ਰਚ ਰਹੇ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਨਾ ਕਿ ਕੇਵਲ ਪੰਜਾਬ ਵਿਚ ਜਨਮ ਕੇ, ਕਿਸੇ ਹਿੰਦੀ ਭਾਸ਼ੀ ਪ੍ਰਾਂਤ ਦਾ ਪੱਕਾ ਵਸਨੀਕ ਬਣਕੇ, ਆਮ ਵਰਤਾਰੇ ਦੇ ਤੌਰ ਤੇ ਹਿੰਦੀ ਵਿਚ ਸਾਹਿਤ ਰਚ ਰਹੇ ਸਾਹਿਤਕਾਰ ਨੂੰ। ਹੋਰ ਪ੍ਰਾਂਤਾਂ ਦੇ ਪੱਕੇ ਵਸ਼ਿੰਦੇ ਆਪਣੇ ਪ੍ਰਾਂਤ ਦੇ ‘ਸਾਹਿਤਕ ਪੁਰਸਕਾਰਾਂ’ ਦੇ ਯੋਗ ਹੁੰਦੇ ਹਨ। ਪੰਜਾਬ ਵਿਚ ਰਹਿ ਕੇ ਹਿੰਦੀ ਵਿਚ ਸਾਹਿਤ ਰਚ ਰਹੇ ਸਾਹਿਤਕਾਰ ਦੂਜੇ ਪ੍ਰਾਂਤਾਂ ਦੇ ਪੁਰਸਕਾਰਾਂ ਦੇ ਹੱਕਦਾਰ ਨਹੀਂ ਹੁੰਦੇ। ਇਹ ਦਸਤਾਵੇਜ ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਸਾਹਿਤਕਾਰਾਂ ਉੱਪਰ ਵੀ ਇਹੋ ਵਿਵਸਥਾਵਾਂ ਲਾਗੂ ਕਰਦਾ ਹੈ।  ਇੰਝ ਇਹ ਵਿਆਖਿਆ ਪੱਤਰ’ ਪੰਜਾਬ ਵਿਚ ਰਹਿ ਕੇ ਹਿੰਦੀ,ਉਰਦੂ ਅਤੇ ਸੰਸਕ੍ਰਿਤ ਵਿਚ ਸਾਹਿਤ ਰਚ ਰਹੇ ਸਾਹਿਤਕਾਰਾਂ ਨਾਲ ਵਿਤਕਰਾ ਕਰਦਾ ਅਤੇ ਉਨ੍ਹਾਂ ਦਾ ਹੱਕ ਮਾਰਦਾ ਹੈ।

                ਲਹਿੰਦੇ ਪੰਜਾਬ ਵਾਲਿਆਂ ਦੀ ਮਾਤ ਭਾਸ਼ਾ ਪੰਜਾਬੀ ਹੈ। ਉਨ੍ਹਾਂ ਦੀ ਲਿੱਪੀ ਸ਼ਾਹਮੁਖੀ ਹੈ। ਪੰਜਾਬੀ ਵਿਚ ਸਾਹਿਤ ਉਹ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਕਾਰਨ ਅਤੇ ਸਤਿਕਾਰ ਦੇਣ ਲਈ ਰਚਦੇ ਹਨ। ਇਸ ਦੇ ਉਲਟ ਪੰਜਾਬ ਜਾਂ ਭਾਰਤ ਦੇ ਕਿਸੇ ਹੋਰ ਖਿੱਤੇ ਵਿਚੋਂ ਵਿਦੇਸ਼ਾਂ ਵਿਚ ਜਾ ਕੇ ਵਸੇ ਪੰਜਾਬੀਆਂ ਵੱਲੋਂ ਰਚਿਆ  ਜਾਂਦਾ ਸਾਹਿਤ ਗੁਰਮੁਖੀ ਲਿੱਪੀ ਵਿਚ ਹੁੰਦਾ ਹੈ। ਵਿਦੇਸ਼ਾਂ ਵਿਚ ਰਹਿ ਕੇ ਵੀ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ ਅਤੇ ਇਸ ਦੀ ਪ੍ਰਫੁਲਤਾ ਵਿਚ ਜਿਕਰਯੋਗ ਯੋਗਦਾਨ ਪਾਉਣ ਕਾਰਨ, ਭਾਰਤੀ ਪੰਜਾਬੀਆਂ ਨੂੰ ਅਜਿਹੇ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਤ ਕਰਨਾ ਤਾਂ ਸ਼ਲਾਘਾਯੋਗ ਹੈ ਪਰ ਇਹ ਮਾਪਦੰਡ ਪਾਕਿਸਤਾਨੀ ਪੰਜਾਬੀਆਂ ਤੇ ਲਾਗੂ ਕਰਨਾ ਉਚਿਤ ਨਹੀਂ ਹੈ।

       ਇੰਝ ਇਹ ‘ਵਿਆਖਿਆ ਪੱਤਰ’ ਸਮੱਸਿਆਂ ਨੂੰ ਸਲਝਾਉਂਦਾ ਘੱਟ ਅਤੇ ਉਲਝਾਉਂਦਾ ਵੱਧ ਹੈ। ਇਹ ਦਸਤਾਵੇਜ ਸਕਰੀਨਿੰਗ ਕਮੇਟੀ ਅਤੇ ਸਲਾਹਕਾਰ ਬੋਰਡ ਨੂੰ ਸੇਧ ਦੇਣ ਦੀ ਥਾਂ ਗੁੰਮਰਾਹ ਕਰਦਾ ਅਤੇ ਮਨਮਰਜੀਆਂ ਕਰਨ ਲਈ ਚੋਣਕਾਰਾਂ ਦਾ ਰਾਹ ਪੱਧਰਾ ਕਰਦਾ ਹੈ।

                ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ ਕੇ, ‘ਸ਼੍ਰੋਮਣੀ ਪੁਰਸਕਾਰ ਨੀਤੀ’ ਘੜਨ ਲਈ ਨਵੀਂ ਕਮੇਟੀ ਦਾ ਗਠਨ ਕਰੇ। ਨਵੀਂ ਕਮੇਟੀ ਵਿਚ ਰਵਾਇਤੀ ਵਿਦਵਾਨਾਂ ਦੀ ਥਾਂ ਪੰਜਾਬੀ ਦੇ ਵਿਕਾਸ ਲਈ ਜਮੀਨੀ ਪੱਧਰ ਤੇ ਕੰਮ ਕਰ ਰਹੇ ਕਾਮਿਆਂ ਅਤੇ ਕਾਨੂੰਨ ਦੇ ਜਾਣਕਾਰ ਮਾਹਿਰਾਂ ਨੂੰ ਸ਼ਾਮਲ ਕਰੇ।

                ਹੁਣ ਪੰਜਾਬ ਸਰਕਾਰ ਵਲੋਂ ਪੁਰਸਕਾਰਾਂ ਦੀ ਰਾਸ਼ੀ ਦੋ ਗੁਣਾ ਕਰ ਦਿੱਤੀ ਗਈ ਹੈ। ਅਗਲੇ ਪੁਰਸਕਾਰਾਂ ਦੇ ਫੈਸਲੇ ਨਵੀਂ ਤਰਕਸੰਗਤ ‘ ਸ਼੍ਰੋਮਣੀ ਪੁਰਸਕਾਰ ਨੀਤੀ’ਦੇ ਅਧਾਰ ਤੇ ਹੀ ਹੋਣੇ ਚਾਹੀਦੇ ਹਨ।

——

ਪੰਜਾਬੀ ਜਾਗਰਣ : 06.06.2021

ਲਿੰਕ https://epaper.punjabijagran.com/epaper/06-jun-2021-22-ludhiana-edition-ludhiana-page-7.html