ਪੰਨਾ ਨੰਬਰ -12
ਨਵੇਂ ਤੱਥ ਧਿਆਨ ਵਿੱਚ ਆਉਣ ਕਾਰਨ ਦਾਵੇ ਵਿੱਚ ਕਰਨੀ ਪਈ ਸੋਧ
ਸਲਾਹਕਾਰ ਬੋਰਡ ਵਿੱਚ ਕੁਝ ਸਾਹਿਤ ਸਭਾਵਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਸਭਾਵਾਂ ਵਿੱਚੋਂ ਇੱਕ ਪੰਜਾਬੀ ਸਾਹਿਤ ਸਭਾ ਦਿੱਲੀ ਹੈ। ਇਨ੍ਹਾਂ ਸਭਾਵਾਂ ਦੇ ਪ੍ਰਧਾਨ ਜਾਂ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਜਰਨਲ ਸਕੱਤਰ ਰਾਜ ਸਲਾਹਕਾਰ ਬੋਰਡ ਦੇ ਮੈਂਬਰ, ਅਹੁਦੇ ਦੇ ਆਧਾਰ ਤੇ, ਨਿਯੁਕਤ ਕੀਤੇ ਜਾਂਦੇ ਹਨ। ਸਾਲ 2020 ਵਿੱਚ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਪ੍ਰਧਾਨ ਗੁਲਜਾਰ ਸਿੰਘ ਸੰਧੂ ਸਨ। ਜਰਨਲ ਸਕੱਤਰ ਡਾ ਕੁਲਜੀਤ ਸ਼ੈਲੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਲਾਹਕਾਰ ਬੋਰਡ ਦਾ ਕੋਈ ਵੀ ਮੈਂਬਰ ਸ਼੍ਰੋਮਣੀ ਪੁਰਸਕਾਰ ਜਾਂ ਪੰਜਾਬੀ ਸਾਹਿਤ ਰਤਨ ਪੁਰਸਕਾਰ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ। ਗੁਲਜ਼ਾਰ ਸਿੰਘ ਸੰਧੂ ਲੰਬੇ ਸਮੇਂ ਤੋਂ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਪ੍ਰਧਾਨ ਚਲੇ ਆ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਇਹ ਪਤਾ ਹੈ ਕਿ ਸਲਾਹਕਾਰ ਬੋਰਡ ਦਾ ਮੈਂਬਰ ਕੋਈ ਵੀ ਪੁਰਸਕਾਰ ਪ੍ਰਾਪਤ ਨਹੀਂ ਕਰ ਸਕਦਾ। ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਉਨ੍ਹਾਂ ਨੂੰ ਪਹਿਲਾਂ ਹੀ ਮਿਲ ਚੁੱਕਾ ਹੈ। ਪੰਜਾਬੀ ਸਾਹਿਤ ਰਤਨ ਪੁਰਸਕਾਰ ਪ੍ਰਾਪਤ ਕਰਨ ਦੀ ਇੱਛਾ ਕਾਰਨ ਸੰਧੂ ਸਾਹਿਬ ਸਲਾਹਕਾਰ ਬੋਰਡ ਦੀ ਮੀਟਿੰਗ ਵਿੱਚ ਨਹੀਂ ਆਏ। ਉਨ੍ਹਾਂ ਦੀ ਥਾਂ ਸਭਾ ਦੀ ਜਰਨਲ ਸਕੱਤਰ ਆ ਸਕਦੇ ਸਨ ਪਰ ਉਹ ਵੀ ਨਹੀਂ ਆਏ। ਪੰਜਾਬੀ ਸਾਹਿਤ ਸਭਾ ਦਿੱਲੀ ਦੀ ਨੁਮਾਇੰਦਗੀ ਕਿਸੇ ਅਣ-ਅਧਿਕਾਰਤ ਵਿਅਕਤੀ (ਡਾ ਜਸਬੀਰ ਕੌਰ, ਪ੍ਰਿੰਸੀਪਲ ਗੁਰਮਤ ਕਾਲਜ) ਨੇ ਕੀਤੀ। ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਅਣਦੇਖੀ ਕਰਕੇ ਪਹਿਲਾਂ ਸਕਰੀਨਿੰਗ ਕਮੇਟੀ ਵੱਲੋਂ ਅਤੇ ਫੇਰ ਸਲਾਹਕਾਰ ਬੋਰਡ ਵੱਲੋਂ ਗੁਲਜ਼ਾਰ ਸਿੰਘ ਸੰਧੂ ਨੂੰ ਪੰਜਾਬੀ ਸਾਹਿਤ ਰਤਨ ਪੁਰਸਕਾਰ ਲਈ ਚੁਣ ਲਿਆ ਗਿਆ।
ਜਦੋਂ ਸਾਡੇ ਕਿਸੇ ਮਿੱਤਰ ਨੇ ਸਾਨੂੰ ਇਹ ਸੂਚਨਾ ਦਿੱਤੀ ਤਾਂ ਅਸੀਂ ਇਸ ਚੋਣ ਨੂੰ ਚੁਣੌਤੀ ਦੇਣ ਲਈ ਦਾਵੇ ਵਿੱਚ ਸੋਧ ਕਰਨ ਦਾ ਫ਼ੈਸਲਾ ਕੀਤਾ।
ਇਸੇ ਦੌਰਾਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਭਾਸ਼ਾ ਵਿਭਾਗ ਦੀ ਕਾਰਜ਼ਕਾਰੀ ਪ੍ਰਧਾਨ ਬੀਬਾ ਵੀਰਪਾਲ ਕੌਰ ਡਾ ਧਨਵੰਤ ਕੌਰ ਦੇ ਸਕੇ ਭੈਣ ਜੀ ਹਨ। ਡਾ ਧਨਵੰਤ ਕੌਰ ਦੇ ਪਤੀ ਡਾ ਜਸਵਿੰਦਰ ਸਿੰਘ ਉਨ੍ਹਾਂ ਦੇ ਜੀਜਾ ਜੀ ਹੋਏ। ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਬੀਬਾ ਵੀਰਪਾਲ ਕੌਰ ਕਦੇ ਡਾ ਜਸਵਿੰਦਰ ਸਿੰਘ ਨੂੰ ਅਤੇ ਕਦੇ ਡਾ ਧਨਵੰਤ ਕੌਰ ਨੂੰ ਰਾਜ ਸਲਾਹਕਾਰ ਬੋਰਡ ਦਾ ਮੈਂਬਰ ਨਿਯੁਕਤ ਕਰਵਾਉਂਦੇ ਹਨ। ਜਦੋਂ ਡਾ ਧਨਵੰਤ ਕੌਰ ਸਲਾਹਕਾਰ ਬੋਰਡ ਦੇ ਮੈਂਬਰ ਬਣੇ ਤਾਂ ਉਨ੍ਹਾਂ ਨੇ, ਸਲਾਹਕਾਰ ਬੋਰਡ ਵਿਚਲੇ ਆਪਣੇ ਪ੍ਰਭਾਵ ਨੂੰ ਵਰਤ ਕੇ, ਆਪਣੇ ਪਤੀ ਡਾ ਜਸਵਿੰਦਰ ਸਿੰਘ ਨੂੰ ਸ਼੍ਰੋਮਣੀ ਪੁਰਸਕਾਰ ਲਈ ਚੁਣਿਆ। ਜਦੋਂ ਸਾਲ 2020 ਵਿੱਚ ਡਾ ਜਸਵਿੰਦਰ ਸਿੰਘ ਸਲਾਹਕਾਰ ਬੋਰਡ ਦੇ ਮੈਂਬਰ ਬਣੇ ਤਾਂ ਉਨ੍ਹਾਂ ਨੇ, ਸਲਾਹਕਾਰ ਬੋਰਡ ਵਿਚਲੇ ਆਪਣੇ ਪ੍ਰਭਾਵ ਨੂੰ ਵਰਤ ਕੇ, ਆਪਣੀ ਪਤਨੀ ਡਾ ਧਨਵੰਤ ਕੌਰ ਨੂੰ ਸ਼੍ਰੋਮਣੀ ਪੁਰਸਕਾਰ ਲਈ ਚੁਣਿਆ। ਇਸ ਚੋਣ ਵਿੱਚ ਬੀਬੀ ਵੀਰਪਾਲ ਕੌਰ ਦੀ ਵੀ ਅਹਿਮ ਭੂਮਿਕਾ ਰਹੀ । ਇਸ ਲਈ ਡਾ ਧਨਵੰਤ ਕੌਰ ਦੀ ਚੋਣ ਨੂੰ ਵੀ, ਭਾਈ ਭਤੀਜਾਵਾਦ ਦੇ ਆਧਾਰ ਤੇ ਚੁਣੌਤੀ ਦੇਣੀ ਬਣਦੀ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੋਗਿੰਦਰ ਸਿੰਘ ਕੈਰੋਂ ਨੂੰ ਇਸ ਵਾਰ ਸ਼੍ਰੋਮਣੀ ਪੰਜਾਬੀ ਆਲੋਚਕ ਪੁਰਸਕਾਰ ਲਈ ਚੁਣਿਆ ਗਿਆ ਸੀ। ਸਾਡੇ ਦੋਸਤਾਂ ਨੇ ਸਾਨੂੰ ਸੂਚਿਤ ਕੀਤਾ ਕਿ ਪ੍ਰੋਫੈਸਰ ਕੈਰੋਂ ਡਾ ਸੁਰਜੀਤ ਪਾਤਰ ਦੇ ਪੀ ਐਚ ਡੀ ਦੀ ਡਿਗਰੀ ਦੇ ਗਾਈਡ ਰਹੇ ਹਨ। ਇਸ ਲਈ ਸੁਰਜੀਤ ਪਾਤਰ ਨੂੰ ਜਦੋਂ ਵੀ ਕੋਈ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਗੁਰੂ-ਚੇਲੇ ਵਾਲੇ ਧਰਮ ਨੂੰ ਨਿਭਾਉਂਦੇ ਹੋਏ ਡਾ ਕੈਰੋਂ ਦੀ ਖੁੱਲ੍ਹ ਕੇ ਮਦਦ ਕਰਦੇ ਹਨ। ਸਾਡੇ ਦੋਸਤਾਂ ਨੇ ਇਹ ਸੂਚਨਾ ਵੀ ਦਿੱਤੀ ਕਿ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਹੋਣ ਕਾਰਨ ਡਾ ਸਰਜੀਤ ਪਾਤਰ ਨੇ ਪੰਜਾਬ ਕਲਾ ਪਰਿਸ਼ਦ ਵੱਲੋਂ ਵੀ ਡਾ ਕੈਰੋਂ ਨੂੰ ਇੱਕ ਲੱਖ ਰੁਪਏ ਦਾ ਪੁਰਸਕਾਰ ਦਿੱਤਾ ਹੈ ਜਦੋਂ ਕਿ ਪੰਜਾਬ ਕਲਾ ਪਰਿਸ਼ਦ ਨੂੰ ਪੁਰਸਕਾਰ ਦੇਣ ਦਾ ਅਧਿਕਾਰ ਨਾ ਪੰਜਾਬ ਸਰਕਾਰ ਵੱਲੋਂ ਬਣਾਏ ਕਿਸੇ ਨਿਯਮ ਨੇ ਦਿੱਤਾ ਹੈ ਅਤੇ ਨਾ ਹੀ ਖੁਦ ਪੰਜਾਬ ਕਲਾ ਪਰਿਸ਼ਦ ਵੱਲੋਂ ਬਣਾਏ ਕਿਸੇ ਨਿਯਮ ਨੇ। ਪੰਜਾਬ ਕਲਾ ਪ੍ਰੀਸ਼ਦ ਵੱਲੋਂ ਇਹ ਪੁਰਸਕਾਰ, ਬਿਨਾਂ ਕੋਈ ਚੋਣ ਪ੍ਰਕਿਰਿਆ ਅਪਣਾਏ, ਆਪਣੇ ਮਿੱਤਰ ਪਿਆਰਿਆਂ ਨੂੰ ਖੁਸ਼ ਕਰਨ ਲਈ ਦਿੱਤੇ ਜਾਂਦੇ ਹਨ। ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਲਈ ਡਾ ਕੈਰੋਂ ਦੀ ਚੋਣ ਵੀ ਭਾਈ ਭਤੀਜਾਵਾਦ ਆਧਾਰਿਤ ਅਤੇ ਪੱਖਪਾਤੀ ਹੈ। ਇਹ ਸਿੱਧ ਕਰਨ ਲਈ ਇਸ ਚੋਣ ਨੂੰ ਵੀ ਚੁਣੌਤੀ ਦਿੱਤੀ ਜਾਣੀ ਚਾਹੀਦੀ ਸੀ।
ਦੋਸਤਾਂ ਮਿੱਤਰਾਂ ਨੇ ਸਾਨੂੰ ਸੂਚਨਾ ਹੀ ਨਹੀਂ ਦਿੱਤੀ ਸਗੋਂ ਲੋੜੀਂਦੇ ਦਸਤਾਵੇਜ਼ ਵੀ ਉਪਲਬਧ ਕਰਵਾਏ।
ਦਸਤਾਵੇਜ਼ਾਂ ਨੂੰ ਆਧਾਰ ਬਣਾਕੇ 01 ਫਰਵਰੀ 2023 ਨੂੰ ਅਸੀਂ ਅਦਾਲਤ ਵਿੱਚ ਅਰਜ਼ੀ ਦੇ ਕੇ ਬੇਨਤੀ ਕੀਤੀ ਕਿ ਸਾਨੂੰ ਦਾਵੇ ਵਿੱਚ ਇੱਕ ਨਵਾਂ ਪਹਿਰਾ 11-A ਜੋੜਨ ਦੀ ਇਜਾਜ਼ਤ ਦਿੱਤੀ ਜਾਵੇ।
ਭਾਸ਼ਾ ਵਿਭਾਗ ਵੱਲੋਂ ਆਪਣੇ ਜਵਾਬ ਮਿਤੀ 13.02.2023 ਰਾਹੀਂ ਇਸ ਸੋਧ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ ਗਿਆ।
ਪਰ ਕਾਨੂੰਨ ਦੇ ਅਧਾਰਿਤ ਹੋਣ ਕਾਰਨ ਅਦਾਲਤ ਵੱਲੋਂ ਸਾਡੀ ਸੋਧ ਦੀ ਅਰਜ਼ੀ ਨੂੰ ਆਪਣੇ ਹੁਕਮ ਮਿਤੀ 21.03.2023 ਰਾਹੀਂ ਮਨਜ਼ੂਰ ਕਰ ਲਿਆ ਗਿਆ।
ਸਬੰਧਤ ਰਿਕਾਰਡ
—————————–
ਅਰਜ਼ੀ ਮਿਤੀ: 01.02.2320: ਦਾ ਲਿੰਕ:
https://www.mittersainmeet.in/wp-content/uploads/2025/12/APPLICATION-UNDER-ORDER-6-RULE-17.pdf
ਭਾਸ਼ਾ ਵਿਭਾਗ ਦਾ ਜਵਾਬ: 13.02.2023 ਦਾ ਲਿੰਕ:
https://www.mittersainmeet.in/wp-content/uploads/2025/12/Reply-of-Defendants.pdf
ਦਾਵੇ ਦਾ ਪੈਰਾ ਨੰਬਰ 11-A ਦਾ ਲਿੰਕ:
https://www.mittersainmeet.in/wp-content/uploads/2025/12/Para-11-A-of-Plaint.pdf
ਜਵਾਬ ਦਾਵੇ ਦਾ ਪੈਰਾ ਨੰਬਰ 11-A ਦਾ ਲਿੰਕ:
https://www.mittersainmeet.in/wp-content/uploads/2025/12/Para-11-A-of-W.S.pdf
ਅਦਾਲਤ ਦੇ ਹੁਕਮ: ਮਿਤੀ 21.03.2023 ਦਾ ਲਿੰਕ:
https://www.mittersainmeet.in/wp-content/uploads/2025/12/Order-dt.-21.3.2023-.pdf

More Stories
ਸ਼੍ਰੋਮਣੀ ਪੁਰਸਕਾਰ ਮੁਕੱਦਮੇ ਦੇ ਇਤਿਹਾਸ ਦਾ -ਪੰਦਰਵਾਂ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਚੌਦਵਾਂ ਪੰਨਾ
ਸ਼੍ਰੋਮਣੀ ਪੁਰਸਕਾਰ ਮੁਕਦਮੇ ਦੇ ਇਤਿਹਾਸ ਦਾ -ਤੇਰਵਾਂ ਪੰਨਾ