9 ਅਗਸਤ ਨੂੰ ਔਟਵਾ ਵਿਚ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਔਟਵਾ ਇਕਾਈ ਵਲੋਂ ਕੀਤੇ ਸਮਾਗਮ ਦੀ ਰਿਪੋਰਟ
ਸੰਸਥਾਪਕਾਂ ਅਤੇ ਸਰਗਰਮ ਮੈਂਬਰਾਂ ਨਾਲ ਜਾਣ ਪਹਿਚਾਣ
ਕੈਨੇਡਾ ਦੇ ਘੱਟੋ ਘੱਟ ਚਾਰ ਸ਼ਹਿਰਾਂ ਵਿੱਚ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦੀਆਂ ਇਕਾਈਆਂ ਬਣੀਆਂ ਹੋਈਆਂ ਹਨ। ਸਭ ਤੋਂ ਵੱਧ ਸਰਗਰਮ ਵੈਨਕੂਵਰ ਵਾਲੀ ਇਕਾਈ ਹੈ। ਦੂਜਾ ਥਾਂ ਔਟਵਾ ਇਕਾਈ ਦਾ ਹੈ। ਔਟਵਾ ਇਕਾਈ ਦੀ ਸਥਾਪਨਾ ਕਰੀਬ ਅੱਧੀ ਸਦੀ ਪਹਿਲਾਂ ਕਨੇਡਾ ਆ ਕੇ ਵਸੇ ਸ੍ਰ ਨਿਰਮਲ ਸਿੰਘ ਵਲੋਂ ਕੀਤੀ ਗਈ ਸੀ। ਨਿਰਮਲ ਸਿੰਘ ਹੋਰਾਂ ਦੇ ਪੰਜਾਬੀ ਨੂੰ ਸਮਰਪਿਤ ਹੋਣ ਦਾ ਸਿਹਰਾ ਉਹਨਾਂ ਦੀ ਪੜ੍ਹੀ ਲਿਖੀ ਜੀਵਨ ਸਾਥਣ ਬੀਬੀ ਸੁਖਦੇਵ ਕੌਰ ਦੇ ਸਿਰ ਵੱਜਦਾ ਹੈ। ਬੀਬੀ ਸੁਖਦੇਵ ਕੌਰ ਹੋਰਾਂ ਨੇ ਪੰਜਾਬ ਦੇ ਸੁਧਾਰ ਕਾਲਜ ਤੋਂ ਉਸ ਸਮੇਂ ਗ੍ਰੈਜੂਏਸ਼ਨ ਕੀਤੀ ਸੀ ਜਦੋਂ ਗ੍ਰੈਜੂਏਟ ਵਿਅਕਤੀ, ਫ਼ਖ਼ਰ ਨਾਲ ਆਪਣੇ ਨਾਂ ਨਾਲ ਬੀ.ਏ. ਲਿਖਿਆ ਕਰਦਾ ਸੀ। ਘਰੋਂ, ਸਕੂਲੋਂ ਅਤੇ ਕਾਲਜੋਂ ਮਿਲੇ ਸੰਸਕਾਰਾਂ ਨੇ ਬੀਬੀ ਨੂੰ ਘਰ ਟਿਕ ਕੇ ਬੈਠਣ ਨਹੀਂ ਦਿੱਤਾ। ਪਹਿਲੇ ਦਿਨ ਤੋਂ ਹੀ ਉਹ, ਪੰਜਾਬੀ ਕੈਨੇਡੀਅਨ ਬੱਚਿਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ, ਉਨ੍ਹਾਂ ਨੂੰ ਪੰਜਾਬੀ ਪੜ੍ਹਾਉਣ ਦੇ ਨਵੇਂ ਨਵੇਂ ਢੰਗ ਤਰੀਕੇ ਵਿਕਸਿਤ ਕਰਦੇ ਆ ਰਹੇ ਹਨ। ਗੁਰੂ ਘਰ ਵਿੱਚ ਕਲਾਸਾਂ ਲਾ ਲਾ ਕੇ, ਉਹ ਵੀ ਅੱਧੀ ਸਦੀ ਤੋਂ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਹੇ ਹਨ।
-ਇਸ ਇਕਾਈ ਦੀ ਦੂਜੀ ਖੂਬੀ ਇਹ ਹੈ ਕਿ ਇਸ ਇਕਾਈ ਦੇ ਬਹੁਤੇ ਮੈਂਬਰ ਉੱਚ ਤਕਨੀਕੀ ਸਿੱਖਿਆ ਪ੍ਰਾਪਤ, ਸਰਕਾਰੀ ਔਹਦਿਆਂ ਤੇ ਨਿਯੁਕਤ ਜਾਂ ਫੇਰ ਮਿਹਨਤ ਅਤੇ ਲਗਨ ਨਾਲ ਆਪਣੇ ਕਾਰੋਬਾਰ ਸਥਾਪਤ ਕਰੀ ਬੈਠੇ ਨੌਜਵਾਨ ਹਨ।
-ਰੋਜ਼ੀ ਰੋਟੀ ਕਮਾਉਣ ਦਾ ਫ਼ਿਕਰ ਮੁਕਾਉਣ ਬਾਅਦ ਹੁਣ ਉਹਨਾਂ ਕੋਲ ਆਪਣੀ ਮਾਂ ਬੋਲੀ ਨੂੰ ਦੇਣ ਲਈ ਖੁੱਲਾ ਸਮਾਂ ਹੈ।
-ਪੜੇ ਲਿਖੇ ਹੋਣ ਕਾਰਨ ਨੌਜਵਾਨਾਂ ਨੂੰ ਮਾਂ ਬੋਲੀ ਪੰਜਾਬੀ ਦੀ ਵਰਤਮਾਨ ਭੈੜੀ ਸਥਿਤੀ ਦਾ ਗਿਆਨ ਹੀ ਨਹੀਂ ਸਗੋਂ ਇਸ ਦੇ ਵਿਕਾਸ ਅਤੇ ਪਸਾਰ ਦੀ ਲੋੜ ਅਤੇ ਮਹੱਤਤਾ ਬਾਰੇ ਪੂਰੀ ਸੋਝੀ ਵੀ ਹੈ।
–ਤਸੱਲੀ ਵਾਲੀ ਗੱਲ ਇਹ ਹੈ ਕਿ ਤਕਨੀਕੀ ਮਾਹਿਰ ਹੋਣ ਕਾਰਨ ਉਹ ਪੰਜਾਬੀ ਨੂੰ ਤਕਨੀਕੀ ਪੱਖ ਤੋਂ ਵਿਕਸਤ ਕਰਨ ਲਈ ਵੱਧ ਯਤਨਸ਼ੀਲ ਹਨ ਜਿਸ ਦੀ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਧ ਲੋੜ ਹੈ।
-ਆਓ ਪਹਿਲਾਂ ਇਕਾਈ ਦੇ ਸੰਸਥਾਪਕਾਂ ਅਤੇ ਸਰਗਰਮ ਮੈਂਬਰਾਂ ਨਾਲ ਜਾਣ ਪਹਿਚਾਣ ਕਰੀਏ।
ਨਿਰਮਲ ਸਿੰਘ ਅਤੇ ਉਨ੍ਹਾਂ ਦੀ ਟੀਮ
ਅਰਮਾਨ ਸਿੰਘ ਸੇਖੋਂ, ਸਰਬਜੀਤ ਸਿੰਘ, ਰਮਿੰਦਰ ਸਿੰਘ, ਜਸਪ੍ਰੀਤ ਸਿੰਘ, ਕੰਵਰ ਸੇਠੀ
ਅਰਮਾਨ ਸਿੰਘ ਸੇਖੋਂ, ਸਰਬਜੀਤ ਸਿੰਘ, ਰਮਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਿੰਦਰ ਪਾਲ ਸਿੰਘ
ਸਮਾਗਮ ਦਾ ਖੂਬਸੂਰਤ ਸੱਦਾ ਪੱਤਰ
ਸਮਾਗਮ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵਲੋਂ ‘ਪੰਜਾਬੀ ਹੈਰੀਟਜ ਫਾਊਡੈਸ਼ਨ ਆਫ ਕੈਨੇਡਾ ਦੇ ਸਹਿਯੋਗ ਨਾਲ, Irish hills Golf & Country Club ਦੇ ਰੂਹ ਨਾਲ ਸਜਾਏ ਹਾਲ ਵਿਚ ਕੀਤਾ ਗਿਆ।
ਪ੍ਰਧਾਨਗੀ ਮੰਡਲ
ਸਮਾਗਮ ਦੀ ਪ੍ਰਧਾਨਗੀ ਕਨੈਡਾ ਦੇ ਜਾਣੇ ਪਹਿਚਾਣੇ ਸਾਹਿਤਕਾਰ ਸਰਬਸ਼੍ਰੀ ਰਣਜੀਤ ਸ਼ਰਮਾ, ਸੁੱਚਾ ਸਿੰਘ ਮਾਨ, ਮਿੱਤਰ ਸੈਨ ਮੀਤ, ਡਾਕਟਰ ਹਰਪਾਲ ਸਿੰਘ ਬੁੱਟਰ ਅਤੇ ਅਮਰਜੀਤ ਸਿੰਘ ਸਾਥੀ ਨੇ ਕੀਤੀ। ਸ਼ੁਰੂਆਤ ਕਨੈਡਾ ਦੇ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ।
ਟੀਮ ਪੰਜਾਬੀ ਭਾਸ਼ਾ ਭਾਈਚਾਰਾ ਓਟਵਾ ਕੈਨੇਡਾ
ਅਰਮਾਨ ਸਿੰਘ ਸੇਖੋਂ, ਸਰਬਜੀਤ ਸਿੰਘ, ਰਮਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਿੰਦਰ ਪਾਲ ਸਿੰਘ
ਸੈਂਕੜੇ ਸਖਸ਼ੀਅਤਾਂ ਦੀ ਹਾਜ਼ਰੀ
-ਔਟਵਾ ਸ਼ਹਿਰ ਕਨੇਡਾ ਦੀ ਰਾਜਧਾਨੀ ਹੈ। ਕਨੇਡਾ ਸਰਕਾਰ ਦੇ ਬਹੁਤੇ ਦਫ਼ਤਰ ਇਸੇ ਸ਼ਹਿਰ ਵਿੱਚ ਸਥਿਤ ਹਨ। ਉੱਚ ਸਰਕਾਰੀ ਅਹੁਦਿਆਂ ਤੇ ਤਾਇਨਾਤ ਜਾਂ ਫਿਰ ਸੇਵਾ ਮੁਕਤ ਹੋਣ ਬਾਅਦ ਬਹੁਤੇ ਕਨੇਡੀਅਨ ਇੱਥੇ ਹੀ ਵਸ ਜਾਂਦੇ ਹਨ। ਨੌਕਰੀ ਦੌਰਾਨ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉੱਚੇ ਉੱਚੇ ਮੁਕਾਮਾਂ ਤੇ ਪਹੁੰਚਾ ਦਿੰਦੇ ਹਨ। ਔਟਵਾ ਵਿੱਚ ਵੱਸਦੇ ਅਜਿਹੇ ਪੰਜਾਬੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ।
–ਸਾਰੀਆਂ ਸੰਸਾਰਿਕ ਜਿੰਮੇਵਾਰੀਆਂ ਤੋਂ ਮੁਕਤ ਹੋਣ ਬਾਅਦ ਬਹੁਤੇ ਪੰਜਾਬੀ ਕਨੇਡੀਅਨ ਮੁੜ ਆਪਣੇ ਵਿਰਸੇ, ਸੱਭਿਆਚਾਰ, ਸਾਹਿਤ ਅਤੇ ਭਾਸ਼ਾ ਦੀ ਸਾਂਭ ਸੰਭਾਲ, ਅਤੇ ਇਸ ਦੇ ਵਿਕਾਸ ਅਤੇ ਪਸਾਰ ਵੱਲ ਰੁਚਿਤ ਹੋ ਜਾਂਦੇ ਹਨ ।
-ਇਹਨਾਂ ਸਰਗਰਮ ਪੰਜਾਬੀਆਂ ਵਿੱਚੋਂ ਕੁੱਝ ‘ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ‘ ਨਾਲ ਜੁੜੇ ਹੋਏ ਹਨ ਅਤੇ ਕੁਝ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ‘ ਨਾਲ।
ਬਹੁਤੇ ਦੋਵਾਂ ਨਾਲ।
– 9 ਅਗਸਤ ਵਾਲਾ ਸਮਾਗਮ ਇਹਨਾਂ ਦੋਹਾਂ ਸੰਸਥਾਵਾਂ ਦੇ ਉਦਮ ਨਾਲ ਹੋ ਰਿਹਾ ਸੀ । ਇਸ ਲਈ ਇਸ ਸਮਾਗਮ ਵਿੱਚ, ਪੰਜਾਬੀ ਵਿਰਸੇ ਅਤੇ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ, ਸੈਂਕੜੇ ਸਖਸ਼ੀਅਤਾਂ ਸ਼ਾਮਿਲ ਹੋਈਆਂ
ਕੈਮਰੇ ਦੀ ਅੱਖ ਤੋਂ ਬਚੀਆਂ ਕੁੱਝ ਸਖਸ਼ੀਅਤਾਂ ਇਸ ਵੀਡੀਓ ਵਿੱਚ ਨਜ਼ਰ ਆਉਣਗੀਆਂ
ਪੰਜਾਬੀ ਭਾਸ਼ਾ ਨੂੰ ਦਰਪੇਸ਼ ਸੱਮਸਿਆਵਾਂ ਵਾਰੇ ਮਿੱਤਰ ਸੈਨ ਮੀਤ ਦਾ ਪ੍ਰਵਚਨ
-ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸੁੱਚਾ ਸਿੰਘ ਮਾਨ ਜੀ ਵੱਲੋਂ ਮੈਨੂੰ (ਮਿੱਤਰ ਸੈਨ ਮੀਤ) ਚਨੌਤੀ/ਸੁਝਾਅ ਦਿੱਤਾ ਗਿਆ ਕਿ ਮੈਂ ਆਪਣੀ ਗੱਲਬਾਤ ਹੇਠ ਲਿਖੇ ਮੁੱਦਿਆਂ ਤੇ ਹੀ ਕੇਂਦਰਿਤ ਰੱਖਾਂ:
(1) ਪੰਜਾਬੀ ਨੂੰ ਦਰਪੇਸ਼ ਅਸਲ ਸਮੱਸਿਆਵਾਂ ਕੀ ਹਨ? (2) ਉਨਾਂ ਸਮੱਸਿਆਵਾਂ ਦੇ ਹੱਲ ਕੀ ਹਨ? (3) ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਪੰਜਾਬ ਵਿੱਚ ਜ਼ਮੀਨੀ ਪੱਧਰ ਤੇ ਹੁਣ ਤੱਕ ਕੀ ਕੰਮ ਕੀਤਾ ਗਿਆ ਹੈ ? (4) ਅਗਾਂਹ ਕੀ ਕੀ ਕੀਤਾ ਜਾਣਾ ਹੈ? ਅਤੇ (5) ਇਸ ਸੰਘਰਸ਼ ਵਿੱਚ ਕਨੇਡੀਅਨ ਪੰਜਾਬੀ ਕੀ ਯੋਗਦਾਨ ਪਾ ਸਕਦੇ ਹਨ?
–ਚਨੌਤੀ ਤਰਕਸੰਗਤ ਸੀ
-ਇਸ ਲਈ ਮੈਂ ਆਪਣੀ ਗੱਲਬਾਤ ਇਨ੍ਹਾਂ ਮੁੱਦਿਆਂ ਤੇ ਹੀ ਕੇਂਦਰਿਤ ਰੱਖੀ।
ਪੂਰੀ ਗਲਬਾਤ ਇਸ ਲਿੰਕ ਤੇ ਸੁਣੋ
ਬੁਲਾਰੇ
15 ਦੇ ਕਰੀਬ ਬੁਲਾਰਿਆਂ ਨੇ ਵਿਦੇਸ਼ਾਂ, ਖਾਸ ਕਰ ਕਨੇਡਾ, ਵਿੱਚ ਪੰਜਾਬੀ ਦੀ ਉਤਸ਼ਾਹਜਨਕ ਸਥਿਤੀ ਬਾਰੇ, ਅਤੇ ਵਿਦੇਸ਼ੀਆਂ ਵੱਲੋਂ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸਾਂਝ ਪਵਾਈ।
ਇਨ੍ਹਾਂ ਵਿਚੋਂ ਕੁੱਝ ਬੁਲਾਰੇ ਹਨ: ਨਿਰਮਲ ਸਿੰਘ, ਗੁਰਿੰਦਰ ਪਾਲ ਸਿੰਘ, ਜਸਪ੍ਰੀਤ ਸਿੰਘ, ਸਰਬਜੀਤ ਸਿੰਘ, ਅਮਰਜੀਤ ਸਾਥੀ, ਲਖਬੀਰ ਸਿੰਘ ਕਾਹਲੋਂ, ਪਰਮਿੰਦਰ ਸਿੰਘ ਕਲੋਟੀ, ਦਲਜੀਤ ਕੌਰ ਸੰਧੂ, ਅਮਿਤਾ ਸਿੰਘ ਅਤੇ ਗੁਰਮੇਲ ਸਿੰਘ ਮਾਂਗਟ
ਸਨਮਾਨ
‘ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ’ ਅਤੇ ‘ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ’ ਵੱਲੋਂ ਮੈਨੂੰ ‘ਪੰਜਾਬੀ ਸਾਹਿਤ ਪ੍ਰਤੀ ਯੋਗਦਾਨ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਅਣਥੱਕ ਸੇਵਾ ਲਈ’ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਕੁੱਝ ਉਹੋ ਯਾਦਗਾਰੀ ਪਲ
ਸਨਮਾਨ ਦਾੀਆਂ ਝਲਕੀਆਂ ਇਸ ਵੀਡੀਓ ਵਿਚ ਦੇਖੀਆਂ ਜਾ ਸਕਦੀਆਂ ਹਨ।
ਇਕ ਵਿਸ਼ੇਸ਼ ਸਨਮਾਨ
‘ਜਗਤ ਪੰਜਾਬੀ ਸਭਾ ਕਨੇਡਾ’ ਵੱਲੋਂ ਭਾਰਤੀ ਪੰਜਾਬ ਵਿੱਚ ਬੋਲੀਆਂ, ਸਮਝੀਆਂ, ਪੜੀਆਂ, ਅਤੇ ਲਿਖੀਆਂ ਜਾਂਦੀਆਂ ਚਾਰ ਭਾਸ਼ਾਵਾਂ ਗੁਰਮੁਖੀ, ਅੰਗਰੇਜ਼ੀ, ਸ਼ਾਹਮੁਖੀ ਅਤੇ ਹਿੰਦੀ ਨੂੰ ਸੌਖੇ ਢੰਗ ਨਾਲ ਸਿੱਖਣ ਲਈ ਇੱਕ ਪੁਸਤਕ ‘ਕਾਇਦਾ-ਏ-ਨੂਰ ਇੱਕੀਵੀਂ ਸਦੀ’ ਪ੍ਰਕਾਸ਼ਿਤ ਕੀਤੀ ਗਈ ਹੈ। ‘ਜੀਵਨ ਵਧੀਆ ਢੰਗ ਨਾਲ ਗੁਜ਼ਰ ਸਕੇ’, ਇਸ ਉਦੇਸ਼ ਨਾਲ ਕਾਇਦੇ ਵਿੱਚ, ਨਿੱਤ ਵਰਤੋਂ ਵਰਤੋਂ ਵਿੱਚ ਆਉਣ ਵਾਲੇ ਆਮ ਗਿਆਨ, ਵਾਤਾਵਰਣ, ਵੱਖ ਵੱਖ ਧਰਮਾਂ ਅਤੇ ਨੈਤਿਕਤਾ ਬਾਰੇ ਵੀ, ਸੰਖੇਪ ਵਿੱਚ ਜਾਣਕਾਰੀ ਦਰਜ਼ ਕੀਤੀ ਗਈ ਹੈ।
ਇਸ ਪੁਸਤਕ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਤ੍ਰਿਪਤਾ, ਉਹਨ੍ਹਾਂ ਦੀ ਹੋਣਹਾਰ ਬੇਟੀ ਅਮਿਤਾ ਕੌਰ ਅਤੇ ਦਿਲਜੀਤ ਕੌਰ ਸੰਧੂ ਜਗਤ ਪੰਜਾਬੀ ਸਭਾ ਦੇ ਨਾਲ ਨਾਲ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਔਟਵਾ ਇਕਾਈ ਦੀਆਂ ਵੀ ਸਰਗਰਮ ਮੈਂਬਰ ਹਨ। ਇਹਨਾਂ ਤਿੰਨਾਂ ਬੀਬੀਆਂ ਵੱਲੋਂ ਆਰਟ ਪੇਪਰ ਤੇ ਖੂਬਸੂਰਤ ਰੰਗਾਂ ਵਿੱਚ ਛਪੀ ਇਹ ਪੁਸਤਕ ਮੈਨੂੰ ਸਨਮਾਨ ਚਿੰਨ ਵਜੋਂ ਭੇਟ ਕੀਤੀ ਗਈ।
ਇਕ ਸਿਰਜਕ ਵਲੋਂ ਜਦੋਂ ਆਪਣੀ ਸਿਰਜਣਾ, ਦੂਜੇ ਸਿਰਜਕ ਦੀ ਨਜ਼ਰ ਕੀਤੀ ਜਾਂਦੀ ਹੈ ਤਾਂ ਸ਼ਾਇਦ ਇਹ ਪਲ ਦੋਹਾਂ ਸਿਰਜਕਾਂ ਲਈ ਇਲਾਹੀ ਹੁੰਦਾ ਹੈ।
ਇਨ੍ਹਾਂ ਇਲਾਹੀ ਪਲਾਂ ਨਾਲ ਸਾਂਝ ਪਾਓ ਜੀ।
ਭਾਈਚਾਰੇ ਦੀ ਪੰਜਾਬ ਇਕਾਈ ਵਲੋਂ ਸਮਾਗਮ ਦੇ ਪ੍ਰਬੰਧਕਾਂ ਦਾ ਸਤਿਕਾਰ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਵੱਲੋਂ, ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਲਿਆਂਦੇ ਗਏ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰਦੇ ਸ਼ਾਲ ਨਾਲ, ‘ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਔਟਵਾ ਇਕਾਈ’ ਦੇ ਸੰਚਾਲਕ ਨਿਰਮਲ ਸਿੰਘ ਅਤੇ ‘ਪੰਜਾਬੀ ਹੈਰੀਟੇਜ ਫਾਊਂਡੇਸ਼ਨ ਆਫ ਕਨੇਡਾ’ ਦੇ ਪ੍ਰਧਾਨ ਅਮਰਜੀਤ ਸਿੰਘ ਸਾਥੀ ਜੀ ਦਾ, ਉਹਨਾਂ ਦੇ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਪਾਏ ਜ਼ਿਕਰਯੋਗ ਯੋਗਦਾਨ ਲਈ, ਸਤਿਕਾਰ ਕੀਤਾ ਗਿਆ।
ਪ੍ਰੋਫੈਸਰ ਪੂਰਨ ਸਿੰਘ ਦੀ ਦੋਹਤੀ ਨਿਲੰਬਰੀ ਘਈ ਦਾ ਸਤਿਕਾਰ
-ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਪ੍ਰੋਫੈਸਰ ਪੂਰਨ ਸਿੰਘ ਦੀ ਦੋਹਤੀ ਨਿਲੰਬਰੀ ਘਈ ਅੱਜ ਕੱਲ ਔਟਵਾ ਵਿੱਚ ਰਹਿੰਦੇ ਹਨ। ਆਪਣੇ ਬਜ਼ੁਰਗਾਂ ਦੇ ਪੂਰਨਿਆਂ ਤੇ ਚਲਦੇ ਹੋਏ ਉਹ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਲਗਾਤਾਰ ਸੰਘਰਸ਼ਸ਼ੀਲ ਰਹਿੰਦੇ ਹਨ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਸਮਾਗਮ ਵਿੱਚ ਪੂਰੀ ਹਾਜ਼ਰੀ ਭਰੀ।
ਸਮੁੱਚੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨੇ ਆਪਣੀ ਆਰਟ ਪੇਪਰ ਤੇ ਛਪੀ ਰੰਗਦਾਰ ਪੁਸਤਕ ‘ਦੂਜੀ ਗਦਰ ਲਹਿਰ ਦਾ ਬਿਗਲ’ ਬੀਬੀ ਹੋਰਾਂ ਨੂੰ ਭੇਂਟ ਕਰਕੇ ਜਿਥੇ ਉਨ੍ਹਾਂ ਦਾ ਸਤਿਕਾਰ ਕੀਤਾ ਉਥੇ ਪ੍ਰੋਫੈਸਰ ਪੂਰਨ ਸਿੰਘ ਨੂੰ ਵੀ ਭਾਵੁਕ ਸ਼ਰਧਾਂਜਲੀ ਭੇਟ ਕੀਤੀ।
ਵਿਸ਼ੇਸ਼
ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਸਮਰਪਿਤ ਅਮੀਤਾ ਕੌਰ –1
ਅਮੀਤਾ ਕੌਰ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਤ੍ਰਿਪਤਾ ਦੀ ਬੇਟੀ ਹੈ। ਕਨੇਡਾ ਦੀ ਜੰਮਪਲ ਹੈ। ਉਸ ਨੂੰ ਅੰਗਰੇਜ਼ੀ, ਫਰੈਂਚ ਅਤੇ ਪੰਜਾਬੀ ਭਾਸ਼ਾ ਵਿੱਚ ਬਰਾਬਰ ਦੀ ਮੁਹਾਰਤ ਹੈ। ਗਿੱਧਾ/ਭੰਗੜਾ ਪਾਉਣਾ ਅਤੇ ਢੋਲ/ਢੋਲਕੀ ਵਜਾਉਣਾ ਉਸਦਾ ਸ਼ੌਕ ਹੈ।
ਖੁਸ਼ੀ ਹੈ ਕਿ ਵਿਦੇਸ਼ਾਂ ਵਿੱਚ ਜੰਮੇ ਪਲੇ ਅਜਿਹੇ ਹੋਣਹਾਰ ਬੱਚਿਆਂ ਦੇ ਹੱਥਾਂ ਵਿੱਚ, ਪੰਜਾਬੀ ਭਾਸ਼ਾ, ਵਿਰਸਾ ਅਤੇ ਸਭਿਆਚਾਰ ਸੁਰੱਖਿਅਤ ਹੀ ਨਹੀਂ ਸਗੋਂ ਵਿਕਸਿਤ ਵੀ ਹੋ ਰਹੇ ਹਨ।
ਢੋਲ (ਕਲਾ) ਦਾ ਨਮੂਨਾ
ਜਸਪ੍ਰੀਤ ਸਿੰਘ-2
ਜਸਪ੍ਰੀਤ ਸਿੰਘ ਵਲੋਂ ਰਚੇ ਜਾ ਰਹੇ ਬਾਲ ਸਾਹਿਤ ਦਾ ਨਮੂਨਾ
ਮਾਵਾਂ
More Stories
ਜਸਪ੍ਰੀਤ ਸਿੰਘ ਔਟਵਾ ਕਨੇਡਾ ਦਾ ਪੰਜਾਬੀ ਦੇ ਵਿਕਾਸ ਵਿਚ ਯੋਗਦਾਨ
4 ਅਗਸਤ ਨੂੰ ਸਰੀ ਵਿਚ ਹੋਏ ਸਮਾਗਮ ਦੀ ਰਿਪੋਰਟ
ਦੂਜਾ ਪੁਰਸਕਾਰ ਉਤਸਵ ਸੰਗਰੂਰ