ਸੂਚਨਾ ਜੋ ਪ੍ਰਾਪਤ ਨਹੀਂ ਹੋ ਸਕਦੀ
ਇਸ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਸਰਕਾਰ (ਲੋਕ ਅਥਾਰਟੀ) ਕੋਲ ਉਪਲੱਬਧ ਹਰ ਕਿਸਮ ਦੀ ਸੂਚਨਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਕ ਵਿਸ਼ੇਸ਼ ਸ਼੍ਰੇਣੀ ਵਿੱਚ ਆਉਂਦੀ ਸੂਚਨਾ ਦੇ ਪ੍ਰਾਪਤ ਕਰਾਉਣ ਉੱਤੇ ਇਸ ਕਾਨੂੰਨ ਵੱਲੋਂ ਪਾਬੰਧੀ ਲਗਾਈ ਗਈ ਹੈ। ਇਸ ਪਾਬੰਧੀ ਦਾ ਲਾਭ ਉਠਾ ਕੇ ਬਹੁਤ ਸਾਰੇ ਲੋਕ ਸੂਚਨਾ ਅਫ਼ਸਰ ਗੈਰ-ਕਾਨੂੰਨੀ ਢੰਗ ਨਾਲ ਸੂਚਨਾ ਪ੍ਰਾਪਤ ਕਰਾਉਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਪ੍ਰਾਰਥੀ ਨੂੰ ਸੂਚਨਾ ਕਮਿਸ਼ਨ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਕਿਹੜੀ ਸੂਚਨਾ ਪ੍ਰਾਪਤ ਹੋ ਸਕਦੀ ਹੈ ਅਤੇ ਕਿਹੜੀ ਨਹੀਂ। ਇਹ ਜਾਨਣ ਲਈ ਸੂਚਨਾ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ।
- ਪਹਿਲੀ ਸ਼੍ਰੇਣੀ- ਇਸ ਸ਼੍ਰੇਣੀ ਵਿੱਚ ਉਹ ਸੰਵੇਦਨਸ਼ੀਲ ਸੂਚਨਾ ਆਉਂਦੀ ਹੈ ਜਿਸ ਦਾ ਸਬੰਧ ਦੇਸ ਦੀ ਪ੍ਰਭੂਸੱਤਾ, ਅਖੰਡਤਾ ਜਾਂ ਯੁੱਧ ਨੀਤੀ ਆਦਿ ਵਰਗੇ ਗੰਭੀਰ ਮਾਮਲਿਆਂ ਨਾਲ ਹੁੰਦਾ ਹੈ।
- ਦੂਜੀ ਸ਼੍ਰੇਣੀ- ਇਸ ਸ਼੍ਰੇਣੀ ਵਿੱਚ ਉਹ ਸੂਚਨਾ ਆਉਂਦੀ ਹੈ ਜਿਸ ਦਾ ਸਬੰਧ ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਜਾਂ ਮੰਤਰੀਆਂ ਦੇ ਨਿੱਜੀ ਜੀਵਨ ਨਾਲ ਹੁੰਦਾ ਹੈ।
- ਤੀਜੀ ਸ਼੍ਰੇਣੀ- ਇਸ ਸ਼੍ਰੇਣੀ ਵਿੱਚ ਉਹ ਸੂਚਨਾ ਆਉਂਦੀ ਹੈ ਜਿਸਦਾ ਸਬੰਧ ਕਿਸੇ ਤੀਜੀ ਧਿਰ ਵੱਲੋਂ, ਸਰਕਾਰ ਨੂੰ ਆਪਣੇ ਵਿਉਪਾਰਕ ਕੰਮਾਂ ਆਦਿ ਨਾਲ ਸਬੰਧਤ ਸੂਚਨਾ ਉਪਲੱਬਧ ਕਰਾਈ ਗਈ ਹੁੰਦੀ ਹੈ।
- ਚੌਥੀ ਸ਼੍ਰੇਣੀ- ਬਾਕੀ ਬਚਦੀ ਸੂਚਨਾ ਇਸ ਸ਼੍ਰੇਣੀ ਵਿੱਚ ਆਉਂਦੀ ਹੈ।
ਪਾਬੰਦੀ ਵਾਲੀ ਸੂਚਨਾਇਸ ਕਾਨੂੰਨ ਵੱਲੋਂ ਸੰਵੇਦਨ-ਸ਼ੀਲ, ਨਿੱਜੀ ਅਤੇ ਤੀਜੀ ਧਿਰ ਨਾਲ ਸਬੰਧਤ ਸੂਚਨਾ ਉਪਲੱਬਧ ਕਰਾਉਣ ‘ਤੇ ਪਾਬੰਦੀ ਲਾਈ ਗਈ ਹੈ। ਪਾਬੰਦੀ ਵਾਲੀ ਸੂਚਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-
- ਦੇਸ਼ ਦੇ ਵੱਡੇ ਹਿੱਤਾਂ ਨੂੰ ਨੁਕਸਨਾ ਪਹੁੰਚਾਉਣ ਵਾਲੀ/ਸੰਵੇਦਨ-ਸ਼ੀਲ ਸੂਚਨਾ– ਉਹ ਸੂਚਨਾ ਜਿਸ ਦੇ ਪ੍ਰਕਾਸ਼ਿਤ ਹੋਣ ਨਾਲ ਦੇਸ਼ ਦੀ ਪ੍ਰਭੂਸਤਾ, ਅਖੰਡਤਾ, ਸੁਰੱਖਿਆ, ਯੁੱਧਨੀਤੀ, ਵਿਗਿਆਨਿਕ ਜਾਂ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੋਵੇ ਜਾਂ ਦੂਜੇ ਦੇਸ਼ਾਂ ਨਾਲ ਸਬੰਧ ਵਿਗੜਦੇ ਹੋਣ ਜਾਂ ਲੋਕਾਂ ਦੇ ਕਿਸੇ ਅਪਰਾਧ ਕਰਨ ਲਈ ਉਕਸਨ ਦੀ ਸੰਭਾਵਨਾ ਹੋਵੇ, ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਉਦਾਹਰਨ- ੳ) ਭਾਰਤ ਸਰਕਾਰ ਕੋਲੋਂ ਇਹ ਨਹੀਂ ਪੁੱਛਿਆ ਜਾ ਸਕਦਾ ਕਿ ਉਸ ਦੀ ਹਵਾਈ ਸੈਨਾ ਵਿੱਚ ਕਿੰਨੇ ਜਵਾਨ ਜਾਂ ਸਮੁੰਦਰੀ ਸੈਨਾ ਕੋਲ ਕਿੰਨੀਆਂ ਪਨਡੁੱਬੀਆਂ ਹਨ। ਇਹ ਵੀ ਨਹੀਂ ਪੁੱਛਿਆ ਜਾ ਸਕਦਾ ਕਿ ਕਾਰਗਿਲ ਸੈਕਟਰ ਵਿੱਚ ਕਿੰਨੀਆਂ ਚੌਂਕੀਆਂ, ਕਿੰਨੇ ਬੰਕਰ ਜਾਂ ਕਿੰਨੀਆਂ ਤੋਪਾਂ ਹਨ। ਇਸ ਤਰਾਂ ਕਰਨ ਨਾਲ ਦੇਸ਼ ਦੀ ਸੁਰੱਖਿਆ ਅਤੇ ਯੁੱਧਨੀਤੀ ਨੂੰ ਨੁਕਸਾਨ ਹੋ ਸਕਦਾ ਹੈ।
ਅ) ਜੇ ਸਰਕਾਰ ਵੱਲੋਂ, ਗੁਪਤ ਤੌਰ ‘ਤੇ, ਸਮੁੰਦਰ ਵਿੱਚ ਉਪਲੱਬਧ ਪਟ੍ਰੋਲੀਅਮ ਪਦਾਰਥਾਂ ਦੀ ਮੌਜੂਦਗੀ ਦੀਆਂ ਸੰਭਾਵਨਾਵਾਂ ਨੂੰ ਜਾਨਣ ਲਈ ਕੋਈ ਸਰਵੇਖਣ ਕਰਾਇਆ ਗਿਆ ਹੋਵੇ, ਤਾਂ ਉਸ ਸਰਵੇਖਣ ਨਾਲ ਸਬੰਧਤ ਸੂਚਨਾ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਸ ਤਰਾਂ ਕਰਨ ਨਾਲ ਦੇਸ਼ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪੁੱਜ ਸਕਦਾ ਹੈ।
2. ਕਾਨੂੰਨ ਵੱਲੋਂ ਵਰਜਿਤ ਸੂਚਨਾ– ਅਜਿਹੀ ਸੂਚਨਾ ਜਿਸ ਨੂੰ ਪ੍ਰਾਪਤ ਕਰਾਉਣਉਪੱਰ ਕਿਸੇ ਕਾਨੂੰਨ ਜਾਂ ਅਦਾਲਤ ਵੱਲੋਂ ਪਾਬੰਧੀ ਲਾਈ ਗਈ ਹੋਵੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਉਦਾਹਰਨ- ੳ) ਜਦੋਂ ਪੁਲਿਸ ਅਫ਼ਸਰ ਕਿਸੇ ਕੇਸ ਦੀ ਤਫ਼ਤੀਸ਼ ਕਰ ਰਿਹਾ ਹੁੰਦਾ ਹੈ ਤਾਂ ਉਹ ਕੇਸ ਨਾਲ ਸਬੰਧਤ ਹਰ ਕਾਰਵਾਈ ਨੂੰ ਇੱਕ ਮਿਸਲ ਵਿੱਚ ਦਰਜ਼ ਕਰਦਾ ਹੈ। ਕਾਨੂੰਨ ਦੀ ਭਾਸ਼ਾ ਵਿੱਚ ਇਸ ਮਿਸਲ ਨੂੰ ਪੁਲਸ ਡਾਇਰੀ ਆਖਿਆ ਜਾਂਦਾ ਹੈ ਅਤੇ ਤਫ਼ਤੀਸ਼ੀ ਅਫਸਰ ਵੱਲੋਂ ਦਰਜ਼ ਕੀਤੀ ਗਈ ਕਾਰਵਾਈ ਨੂੰ ਜ਼ਿਮਨੀ। ਮੁਕੱਦਮੇ ਦੀ ਸੁਣਵਾਈ ਦੌਰਾਨ, ਦੋਸ਼ੀ ਨੂੰ ਜ਼ਿਮਨੀ ਦੀ ਨਕਲ ਦੇਣ ‘ਤੇ ਕਾਨੂੰਨ ਵੱਲੋਂ ਪਾਬੰਦੀ ਹੈ। ਇਸ ਪਾਬੰਦੀ ਕਾਰਨ ਮੁਕੱਦਮੇ ਦੀ ਸੁਣਵਾਈ ਦੌਰਾਨ ਦੋਸ਼ੀ ਜ਼ਿਮਨੀਆਂ ਦੀ ਨਕਲ ਪ੍ਰਾਪਤ ਨਹੀਂ ਕਰ ਸਕਦਾ।
- ਵਿਉਪਾਰਿਕ ਭੇਦਾਂ ਜਾਂ ਬੌਧਿਕ ਸੰਪਤੀ ਸਬੰਧੀ ਸੂਚਨਾ– ਕਈ ਵਾਰ, ਕਿਸੇ ਕਾਨੂੰਨ ਦੀ ਪਾਲਣਾ ਕਰਦੇ ਹੋਏ, ਕਿਸੇ ਤੀਜੀ ਧਿਰ ਵੱਲੋਂ ਸਰਕਾਰ ਨੂੰ ਅਜਿਹੀ ਸੂਚਨਾ ਉਪਲੱਬਧ ਕਰਾਈ ਗਈ ਹੁੰਦੀ ਹੈ ਜਿਸ ਦਾ ਸਬੰਧ ਤੀਜੀ ਧਿਰ ਦੇ ਵਿਉਪਾਰਿਕ ਭੇਦਾਂ ਜਾਂ ਬੌਧਿਕ ਸੰਪਤੀ ਨਾਲ ਹੁੰਦਾ ਹੈ। ਅਜਿਹੇ ਭੇਦ ਪ੍ਰਕਾਸ਼ਿਤ ਹੋਣ ਨਾਲ ਤੀਜੀ ਧਿਰ ਦੇ ਵਿਉਪਾਰਿਕ ਹਿੱਤਾਂ ਨੂੰ ਨੁਕਸਾਨ ਪੁੱਜ ਸਕਦਾ ਹੈ।
ਨੋਟ- ਤੀਜੀ ਧਿਰ ਤੋਂ ਭਾਵ- ਪਹਿਲੀ ਧਿਰ ਦਾ ਮਤਲਬ ਸੂਚਨਾ ਮੰਗਣ ਵਾਲੀ, ਦੂਜੀ ਧਿਰ ਦਾ ਮਤਲਬ ਸੂਚਨਾ ਪ੍ਰਾਪਤ ਕਰਾਉਣ ਵਾਲੀ ਅਥਾਰਟੀ ਹੈ। ਤੀਜੀ ਧਿਰ ਤੋਂ ਭਾਵ ਉਹ ਵਿਅਕਤੀ ਜਾਂ ਸੰਸਥਾ ਹੈ ਜਿਸ ਬਾਰੇ ਸੂਚਨਾ ਮੰਗੀ ਗਈ ਹੈ।
ਉਦਾਹਰਨ– ਕਿਸੇ ਵਸਤੂ ਦੇ ਉਤਪਾਦਨ ਦਾ ਲਾਈਸੈਂਸ ਪ੍ਰਾਪਤ ਕਰਦੇ ਸਮੇਂ ਜੇ ਕਿਸੇ ਵਿਅਕਤੀ ਜਾਂ ਵਪਾਰਕ ਅਦਾਰੇ ਵੱਲੋਂ ਸਰਕਾਰ ਨੂੰ ਇਹ ਸੂਚਨਾ ਉਪਲੱਬਧ ਕਰਾਈ ਗਈ ਹੋਵੇ ਕਿ ਉਸ ਵਸਤੂ ਲਈ ਲੋੜੀਂਦਾ ਕੱਚਾ ਮਾਲ ਕਿਥੋਂ ਆਵੇਗਾ ਜਾਂ ਉਸ ਵਸਤੂ ਦਾ ਡਿਜ਼ਾਇਨ ਕਿਸ ਮਾਹਰ ਵੱਲੋਂ ਤਿਆਰ ਕੀਤਾ ਜਾਵੇਗਾ ਜਾਂ ਉਸ ਵਸਤੂ ਦੀ ਖੋਜ਼ ਕਿਸ ਸੰਸਥਾ ਦੇ ਮਾਹਰ ਵੱਲੋਂ ਕੀਤੀ ਗਈ ਹੈ ਜਾਂ ਉਹ ਵਸਤੂ ਕਿਹੜੇ ਵਿਉਪਾਰਿਕ ਅਦਾਰਿਆਂ ਨੂੰ ਵੇਚੀ ਜਾਵੇਗੀ ਆਦਿ ਤਾਂ ਅਜਿਹੀ ਸੂਚਨਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਅਜਿਹੀ ਸੂਚਨਾ ਪ੍ਰਾਪਤ ਕਰਕੇ ਕੋਈ ਹੋਰ ਵਿਅਕਤੀ ਉਸ ਵਸਤੂ ਦਾ ਉਤਪਾਦਨ ਕਰ ਸਕਦਾ ਹੈ ਅਤੇ ਅਜਿਹੇ ਉਤਪਾਦਨ ਨਾਲ ਤੀਜੀ ਧਿਰ ਵਾਲੀ ਸੰਸਥਾ (ਵਿਅਕਤੀ) ਦੇ ਵਿਉਪਾਰਿਕ ਹਿੱਤਾਂ ਨੂੰ ਨੁਕਸਾਨ ਪੁੱਜ ਸਕਦਾ ਹੈ।
ਤੀਜੀ ਧਿਰ ਨਾਲ ਸਬੰਧਤ ਸੂਚਨਾ ਪ੍ਰਾਪਤ ਕਰਾਉਣ ਦਾ ਨਿਯਮਜੇ ਤੀਜੀ ਧਿਰ ਦੇ ਵਿਉਪਾਰਕ ਹਿੱਤਾਂ ਨਾਲੋਂ ਲੋਕ ਹਿੱਤ ਵੱਧ ਮਹੱਤਵਪੂਰਨ ਹੋਵੇ ਤਾਂ ਤੀਜੀ ਧਿਰ ਨਾਲ ਸਬੰਧਤ ਸੂਚਨਾ ਵੀ ਉਪਲੱਬਧ ਕਰਾਈ ਜਾ ਸਕਦੀ ਹੈ।
ਉਦਾਹਰਨ- ਜੇ ਇਹ ਸਿੱਧ ਕਰਨਾ ਹੋਵੇ ਕਿ ਮਨਜ਼ੂਰ ਸ਼ੁਦਾ ਵਸਤੂ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ ਕਿਸੇ ਦੂਸਰੇ ਦੇਸ ਤੋਂ ਸਮਗਲ ਹੋ ਕੇ ਆਇਆ ਹੈ ਜਾਂ ਉਸ ਵਸਤੂ ਦਾ ਡਿਜਾਇਨ ਪਹਿਲਾਂ ਤੋਂ ਪ੍ਰਾਪਤ ਕਾਪੀ ਰਾਈਟ ਵਾਲੇ ਡਿਜ਼ਾਇਨ ਦੀ ਨਕਲ ਹੈ ਜਾਂ ਤੀਜੀ ਧਿਰ ਵੱਲੋਂ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ ਆਦਿ ਤਾਂ ਲੋਕ ਹਿੱਤ ਤੀਜੀ ਧਿਰ ਦੇ ਵਿਉਪਾਰਿਕ ਹਿੱਤਾਂ ਤੋਂ ਵੱਧ ਮਹੱਤਵਪੂਰਨ ਹੋਵੇਗਾ।
ਵਿਸ਼ਵਾਸ ਵਾਲੇ ਸਬੰਧਾਂ ਵਿੱਚ ਪ੍ਰਾਪਤ ਹੋਈ ਸੂਚਨਾ– ਕਈ ਵਾਰ ਦੋ ਵਿਅਕਤੀਆਂ ਜਾਂ ਸੰਸਥਾਵਾਂ ਵਿਚਕਾਰ ਅਜਿਹੇ ਵਿਸ਼ਵਾਸ ਵਾਲੇ ਸਬੰਧ ਹੁੰਦੇ ਹਨ ਜਿਨਾਂ ਤੇ ਯਕੀਨ ਕਰਕੇ ਗੁਪਤ ਤੋਂ ਗੁਪਤ ਭੇਦ ਵੀ ਇੱਕ ਦੂਜੇ ਨੂੰ ਦੱਸੇ ਜਾ ਸਕਦੇ ਹਨ। ਅਜਿਹੇ ਸਬੰਧਾਂ ਦੌਰਾਨ ਪ੍ਰਾਪਤ ਹੋਈ ਸੂਚਨਾ ਨੂੰ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਉਦਾਹਰਨ- ਮਰੀਜ਼ ਵੱਲੋਂ ਡਾਕਟਰ ਨੂੰ ਦੱਸੀ ਗਈ ਆਪਣੀ ਗੁਪਤ ਬੀਮਾਰੀ ਬਾਰੇ, ਦੋਸ਼ੀ ਵੱਲੋਂ ਮੁਕੱਦਮਾ ਲੜ ਰਹੇ ਆਪਣੇ ਵਕੀਲ ਨੂੰ ਦੱਸੇ ਗਏ ਆਪਣੇ ਵੱਲੋਂ ਕੀਤੇ ਗਏ ਜ਼ੁਰਮਾਂ ਬਾਰੇ, ਪਤਨੀ ਵੱਲੋਂ ਆਪਣੇ ਪਤੀ ਕੋਲ ਪ੍ਰਗਟਾਏ ਗਏ ਭੇਦਾਂ ਬਾਰੇ।
ਵਿਦੇਸ਼ੀ ਸਰਕਾਰ ਕੋਲੋਂ ਵਿਸ਼ਵਾਸ ਵਿੱਚ ਪ੍ਰਾਪਤ ਸੂਚਨਾ
ਜੇ ਕੋਈ ਵਿਦੇਸ਼ੀ ਸਰਕਾਰ, ਭਾਰਤ ਸਰਕਾਰ ਤੋਂ ਇਹ ਵਿਸ਼ਵਾਸ ਪ੍ਰਾਪਤ ਕਰਕੇ ਸੂਚਨਾ ਉਪਲੱਬਧ ਕਰਾਉਂਦੀ ਹੈ ਕਿ ਉਸ ਸੂਚਨਾ ਨੂੰ ਗੁਪਤ ਰੱਖਿਆ ਜਾਵੇਗਾ ਤਾਂ ਅਜਿਹੀ ਸੂਚਨਾ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਉਦਾਹਰਨ- ਭਾਰਤੀਆਂ ਦੇ ਸਵਿਸ ਬੈਂਕਾਂ ਵਿੱਚ ਜਮਾਂ ਕਾਲੇ ਧਨ ਦੀ ਸੂਚਨਾ ਇਸੇ ਨਿਯਮ ਦਾ ਸਹਾਰਾ ਲੈ ਕੇ ਗੁਪਤ ਰੱਖੀ ਜਾ ਰਹੀ ਹੈ।
ਕਿਸੇ ਵਿਅਕਤੀ ਦੀ ਜਾਨ ਜਾਂ ਸਰੀਰਕ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਸੂਚਨਾ
ਅਪਰਾਧ ਨੂੰ ਹੋਣ ਤੋਂ ਰੋਕਣ, ਅਪਰਾਧੀਆਂ ਨੂੰ ਫੜਨ ਅਤੇ ਅਪਰਾਧਾਂ ਨਾਲ ਸਬੰਧਤ ਗੁਪਤ ਸੂਚਨਾਵਾਂ ਨੂੰ ਪ੍ਰਾਪਤ ਕਰਨ ਲਈ ਪੁਲਿਸ ਅਤੇ ਸੀ.ਬੀ.ਆਈ ਵਰਗੀਆਂ ਕਈ ਏਜੰਸੀਆਂ ਸਦਾ ਕਾਰਜਸ਼ੀਲ ਰਹਿੰਦੀਆਂ ਹਨ। ਕਈ ਵਿਅਕਤੀਆਂ ਵੱਲੋਂ ਆਪਣੀ ਜਾਨ ਤੱਕ ਨੂੰ ਖ਼ਤਰੇ ਵਿੱਚ ਪਾ ਕੇ ਇੰਨਾ ਸੰਸਥਾਵਾਂ ਦੇ ਸਹਾਇਤਾ ਕੀਤੀ ਜਾਂਦੀ ਹੈ। ਕਦੇ ਇਹ ਸਹਾਇਤਾ ਮੁਖ਼ਬਰੀ ਕਰਕੇ ਅਤੇ ਕਦੇ ਪੁਲਿਸ ਪਾਰਟੀ ਦਾ ਮੈਂਬਰ ਬਣ ਕੇ, ਅਪਰਾਧੀਆਂ ਨਾਲ ਸਿੱਧੀ ਟੱਕਰ ਲੈ ਕੇ ਕੀਤੀ ਜਾਂਦੀ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਵੀ ਸਹਾਇਤਾ ਕਰਨ ਵਾਲੇ ਅਜਿਹੇ ਵਿਅਕਤੀਆਂ ਬਾਰੇ ਸੂਚਨਾ ਪ੍ਰਕਾਸ਼ਿਤ ਕਰਨ ਨਾਲ ਜੇ ਉਹਨਾਂ ਦੀ ਜਾਨ ਜਾਂ ਸਰੀਰਕ ਸੁਰੱਖਿਆ ਨੂੰ ਖ਼ਤਰਾ ਖੜਾ ਹੁੰਦਾ ਹੋਵੇ ਤਾਂ ਅਜਿਹੀ ਸੂਚਨਾ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਉਦਾਹਰਨ- ਪੁਲਿਸ ਦੇ ਮੁਖ਼ਬਰਾਂ ਜਾਂ ਸੈਨਾ ਦੇ ਜਾਸੂਸਾਂ ਆਦਿ ਬਾਰੇ ਸੂਚਨਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਪੁਲਿਸ ਵੱਲੋਂ ਕੀਤੀ ਜਾ ਰਹੀ ਤਫ਼ਤੀਸ਼ ਵਿੱਚ ਰੁਕਾਵਟ ਪਾਉਣ ਵਾਲੀ ਸੂਚਨਾ
ਜਦੋਂ ਪੁਲਿਸ ਕਿਸੇ ਮੁੱਕਦਮੇ ਦੀ ਤਫ਼ਤੀਸ਼ ਕਰ ਰਹੀ ਹੁੰਦੀ ਹੈ ਤਾਂ ਦੋਸ਼ੀਆਂ ਤੱਕ ਪੁੱਜਣ ਲਈ ਉਸ ਵੱਲੋਂ ਕਈ ਵਿਅਕਤੀਆਂ ਕੋਲੋਂ ਪੁੱਛ-ਗਿੱਛ ਕੀਤੀ ਜਾਂਦੀ ਹੈ। ਜ਼ੁਰਮ ਨਾਲ ਸਬੰਧਤ ਵਸਤੂਆਂ ਦਾ ਨਿਰੀਖਣ ਕੀਤਾ ਜਾਂਦਾ ਹੈ। ਇਹਨਾਂ ਵਿਅਕਤੀਆਂ ਦੇ ਨਾਂ ਪਤੇ ਅਤੇ ਵਸਤੂਆਂ ਤੋਂ ਮਿਲੇ ਸੁਰਾਗਾਂ ਬਾਰੇ ਸੂਚਨਾ ਗੁਪਤ ਰੱਖੀ ਜਾਂਦੀ ਹੈ ਤਾਂ ਜੋ ਤਫ਼ਤੀਸ਼ ਸਹੀ ਢੰਗ ਨਾਲ ਅੱਗੇ ਤੁਰਦੀ ਰਹੇ। ਕਿਹੜੇ-ਕਿਹੜੇ ਵਿਅਕਤੀ ਪੁੱਛ-ਗਿੱਛ ਲਈ ਬੁਲਾਏ ਗਏ, ਉਹਨਾਂ ਵੱਲੋਂ ਕੀ ਦੱਸਿਆ ਗਿਆ? ਪੁਲਿਸ ਨੂੰ ਕਿੰਨਾ ਵਿਅਕਤੀਆਂ ਉਪੱਰ ਸ਼ੱਕ ਹੈ ਆਦਿ ਬਾਰੇ ਸੂਚਨਾ ਨਹੀਂ ਮੰਗੀ ਜਾ ਸਕਦੀ। ਅਜਿਹੀ ਸੂਚਨਾ ਪ੍ਰਾਪਤ ਹੋਣ ਨਾਲ ਅਸ਼ਲ ਦੋਸ਼ੀਆਂ ਦੇ ਰੂਪੋਸ਼ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਨਾਲ ਹੀ ਗਵਾਹਾਂ ਦੀ ਜਾਨ ਜਾਂ ਸੁਰੱਖਿਆ ਨੂੰ ਵੀ ਖ਼ਤਰਾ ਹੋ ਸਕਦਾ।
ਉਹਾਦਰਨ- ਜੇ ਕਿਸੇ ਬੈਂਕ ਡਕੈਤੀ ਦੇ ਮੁੱਕਦਮੇ ਦੀ ਤਫ਼ਤੀਸ਼ ਚਲ ਰਹੀ ਹੋਵੇ ਅਤੇ ਉਸ ਤਫ਼ਤੀਸ ਦੌਰਾਨ ਕਈ ਥਾਵਾਂ ਤੋਂ ਲੁੱਟੀ ਗਈ ਕਰੰਸੀ ਮਿਲੀ ਹੋਵੇ ਜਾਂ ਗੁਪਤ ਕੈਮਰਿਆਂ ਤੋਂ ਦੋਸ਼ੀਆਂ ਦੀਆਂ ਫੋਟੋਆਂ ਮਿਲੀਆਂ ਹੋਂਣ ਤਾਂ ਚਲਦੀ ਤਫ਼ਤੀਸ਼ ਦੌਰਾਨ, ਮਿਲੀ ਕਰੰਸੀ ਦੇ ਥਾਂ ਪਤੇ ਜਾਂ ਮਾਤਰਾ ਬਾਰੇ, ਅਤੇ ਫੋਟੋਆਂ ਵਿੱਚ ਨਜ਼ਰ ਆਉਂਦੇ ਵਿਅਕਤੀਆਂ ਦੇ ਨਾਵਾਂ ਆਦਿ ਬਾਰੇ ਸੂਚਨਾ ਨਹੀਂ ਲਈ ਜਾ ਸਕਦੀ। ਅਜਿਹੀ ਸੂਚਨਾ ਪ੍ਰਕਾਸ਼ਿਤ ਹੋਣ ਨਾਲ ਦੋਸ਼ੀਆਂ ਨੂੰ ਆਪਣੇ ਫੜੇ ਜਾਣ ਦੀ ਸੰਭਾਵਨਾ ਦਾ ਪਤਾ ਲੱਗ ਸਕਦਾ ਹੈ ਅਤੇ ਉਹ ਆਪਣੇ ਵਿਰੁੱਧ ਮਿਲਣ ਵਾਲੇ ਸਬੂਤਾਂ ਨੂੰ ਵੀ ਮਿਟਾ ਸਕਦੇ ਹਨ। ਇੰਝ ਤਫ਼ਤੀਸ਼ ਵਿੱਚ ਰੁਕਾਵਟ ਪੈ ਸਕਦੀ ਹੈ।
ਮੁਕੱਦਮਾ ਚਲਾਉਣ ਵਿੱਚ ਰੁਕਾਵਟ ਪਾਉਣ ਵਾਲੀ ਸੂਚਨਾ
ਜੇ ਮੰਗੀ ਗਈ ਸੂਚਨਾ ਪ੍ਰਾਪਤ ਕਰਾਉਣ ਨਾਲ ਅਦਾਲਤ ਵਿੱਚ ਚੱਲਦੇ ਕਿਸੇ ਮੁਕੱਦਮੇ ਦੀ ਸੁਣਵਾਈ ਵਿੱਚ ਰੁਕਾਵਟ ਪੈਂਦੀ ਹੋਵੇ ਤਾਂ ਅਜਿਹੀ ਸੂਚਨਾ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਉਦਾਹਰਨ- ਕਤਲ ਦੇ ਚਲ ਰਹੇ ਮੁਕੱਦਮੇ ਵਿੱਚ ਸਰਕਾਰੀ ਵਕੀਲ ਕੋਲੋਂ ਇਹ ਸੂਚਨਾ ਨਹੀਂ ਮੰਗੀ ਜਾ ਸਕਦੀ ਕਿ ਕਿਹੜੇ-ਕਿਹੜੇ ਗਵਾਹ ਮੁਦੱਈ ਦੇ ਹੱਕ ਵਿੱਚ ਭੁਗਤਣਗੇ ਅਤੇ ਕਿਹੜੇ ਗਵਾਹੀ ਤੋਂ ਮੁਕੱਰਣਗੇ।
ਮੰਤਰੀ ਮੰਡਲ ਦੇ ਕਾਗਜ਼ਾਂ ਪੱਤਰਾਂ ਸਬੰਧੀ ਸੂਚਨਾ
ਜਦੋਂ ਕੋਈ ਮਾਮਲਾ ਕੇਂਦਰ ਜਾਂ ਸੂਬਾ ਸਰਕਾਰ ਦੇ ਮੰਤਰੀ ਮੰਡਲ ਦੇ ਵਿਚਾਰ ਅਧੀਨ ਹੁੰਦਾ ਹੈ ਤਾਂ ਅੰਤਮ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਉਸ ਮਾਮਲੇ ਬਾਰੇ ਕਈ ਕਰਮਚਾਰੀਆਂ, ਅਧਿਕਾਰੀਆਂ ਅਤੇ ਮੰਤਰੀਆਂ ਦੀਆਂ ਟਿੱਪਣੀਆਂ ਅਤੇ ਸਲਾਹਾਂ ਲਈਆਂ ਜਾਂਦੀਆਂ ਹਨ। ਜਿਨਾਂ ਚਿਰ ਅੰਤਮ ਫੈਸਲਾ ਨਹੀਂ ਹੁੰਦਾ, ਉਨਾਂ ਚਿਰ ਤੱਕ ਅਜਿਹੀ ਕਿਸੇ ਟਿੱਪਣੀ ਜਾਂ ਰਾਏ ਜਾਂ ਹੋਰ ਕਿਸੇ ਦਸਤਾਵੇਜ਼ ਬਾਰੇ ਸੂਚਨਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਨੋਟ- ਮੰਤਰੀ ਮੰਡਲ ਵੱਲੋਂ ਅੰਤਮ ਫੈਸਲੇ ਲੈਣ ਬਾਅਦ ਉਸ ਮਾਮਲੇ ਨਾਲ ਸਬੰਧਤ ਹਰ ਪ੍ਰਕਾਰ ਦੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਵਿਅਕਤੀ-ਗਤ ਮਾਮਲਿਆਂ ਨਾਲ ਸਬੰਧਤ ਸੂਚਨਾ
ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਅਤੇ ਮੰਤਰੀਆਂ ਨਾਲ ਸਬੰਧਤ ਸੂਚਨਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-
- ਪਹਿਲੀ ਸ਼੍ਰੇਣੀ- ਇਸ ਹਿੱਸੇ ਵਿੱਚ ਉਹ ਸੂਚਨਾ ਆਉਂਦੀ ਹੈ ਜਿਸ ਦਾ ਸਬੰਧ ਉਸ ਵਿਅਕਤੀ ਦੇ ਨਿੱਜੀ ਜੀਵਨ ਦੇ ਨਾਲ-ਨਾਲ ਕਿਸੇ ਲੋਕ-ਹਿੱਤ ਜਾਂ ਉਸ ਵਿਅਕਤੀ ਵੱਲੋਂ ਨਿਭਾਏ ਜਾ ਰਹੇ ਸਰਕਾਰੀ ਫ਼ਰਜਾਂ ਨਾਲ ਵੀ ਹੁੰਦਾ ਹੈ।
ਉਦਾਹਰਨ- ਕਰਮਚਾਰੀ ਵੱਲੋਂ ਪ੍ਰਾਪਤ ਕੀਤੀ ਜਾ ਰਹੀ ਤਨਖਾਹ ਜਾਂ ਉਹਨਾਂ ਥਾਵਾਂ ਜਿਥੇ ਉਹ ਡਿਊਟੀ ਨਿਭਾਅ ਚੁੱਕਾ ਹੈ ਜਾਂ ਕੋਤਾਹੀ ਕਰਨ ‘ਤੇ ਮਿਲੀਆਂ ਸਜ਼ਾਵਾਂ ਆਦਿ ਦਾ ਵੇਰਵਾ।
ਇਸ ਕਿਸਮ ਦੀ ਸੂਚਨਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
- ਦੂਜੀ ਸ਼੍ਰੇਣੀ- ਇਸ ਹਿੱਸੇ ਵਿੱਚ ਉਹ ਸੂਚਨਾ ਆਉਂਦੀ ਹੈ ਜੋ ਨਿਰੋਲ ਉਸ ਦੇ ਨਿੱਜੀ ਜੀਵਨ ਨਾਲ ਸਬੰਧ ਰੱਖਦੀ ਹੈ।
ਉਦਾਹਰਨ- ਪਤਨੀ ਅਤੇ ਬੱਚਿਆਂ ਦੇ ਨਾਂ ਪਤੇ, ਉਹਨਾਂ ਸਕੂਲਾਂ ਕਾਲਜ਼ਾਂ ਦੇ ਨਾਂ ਜਿੱਥੇ ਬੱਚੇ ਪੜਦੇ ਹਨ। ਧੀਆਂ ਪੁੱਤਾਂ ਦੇ ਵਿਆਹਾਂ ‘ਤੇ ਕੀਤਾ ਗਿਆ ਖ਼ਰਚ ਆਦਿ।
ਅਜਿਹੀ ਸੂਚਨਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਨੋਟ- ਕੁੱਝ ਵਿਸੇਸ਼ ਪ੍ਰਸਥਿਤੀਆਂ ਵਿੱਚ, ਦੂਜੀ ਸ਼੍ਰੇਣੀ ਨਾਲ ਸਬੰਧਤ ਸੂਚਨਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਜੇ ਉਸ ਵਿਅਕਤੀ ਦੇ ਨਿੱਜੀ ਹਿੱਤ ਨਾਲੋਂ ਲੋਕ-ਹਿੱਤ ਵੱਧ ਮਹੱਤਵਪੂਰਨ ਹੋਵੇ ਤਾਂ ਇਸ ਸ਼੍ਰੇਣੀ ਵਿੱਚ ਆਉਂਦੀ ਸੂਚਨਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਦਾਹਰਨ– ਜੇ ਇਹ ਸਿੱਧ ਕਰਨਾ ਹੋਵੇ ਕਿ ਸਰਕਾਰੀ ਕਰਮਚਾਰੀ ਵੱਲੋਂ ਆਪਣੇ ਬੱਚਿਆਂ ਦੀ ਪੜਾਈ ਉਪੱਰ ਜੋ ਸਲਾਨਾ ਖ਼ਰਚ ਕੀਤਾ ਜਾ ਰਿਹਾ ਹੈ, ਉਹ ਉਸ ਦੀ ਕੁੱਲ ਸਲਾਨਾ ਆਮਦਨ (ਸਾਰੇ ਸ੍ਰੋਤਾਂ ਤੋਂ ਹੋਈ) ਤੋਂ ਵੱਧ ਹੈ ਅਤੇ ਵਾਧੂ ਖ਼ਰਚਾ ਉਹ ਭ੍ਰਿਸਟਾਚਾਰ ਨਾਲ ਇਕੱਠੇ ਕੀਤੇ ਧਨ ਵਿਚੋਂ ਕਰ ਰਿਹਾ ਹੈ ਤਾਂ ਅਜਿਹੀ ਸੂਰਤ ਵਿੱਚ ਲੋਕ ਹਿੱਤ ਦੇ ਨਿੱਜੀ ਹਿੱਤ ‘ਤੇ ਭਾਰੂ ਹੋਣ ਕਾਰਨ, ਸਰਕਾਰੀ ਕਰਮਚਾਰੀ ਦੇ ਬੱਚਿਆਂ ਦੀ ਪੜਾਈ ‘ਤੇ ਹੋਣ ਵਾਲੇ ਖ਼ਰਚੇ ਦੀ ਸੂਚਨਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸੰਸਦ ਜਾਂ ਵਿਧਾਨ ਸਭਾ ਦੇ ਵਿਸ਼ੇਸ ਅਧਿਕਾਰ ਨੂੰ ਭੰਗ ਕਰਨ ਵਾਲੀ ਸੂਚਨਾ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਕਾਪੀ-ਰਾਈਟ ਦੀ ਉਲੰਘਣਾ ਕਰਨ ਵਾਲੀ ਸੂਚਨਾ
ਅਜਿਹੀ ਸੂਚਨਾ ਜਿਸ ਦੇ ਪ੍ਰਾਪਤ ਹੋਣ ਨਾਲ ਕਿਸੇ ਗ਼ੈਰ-ਸਰਕਾਰੀ ਵਿਅਕਤੀ ਨੂੰ ਪ੍ਰਾਪਤ, ਕਾਪੀ-ਰਾਈਟ ਦੀ ਉਲੰਘਣਾ ਹੁੰਦੀ ਹੋਵੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
More Stories
RTI Act ਬਾਰੇ ਸੰਖੇਪ ਜਾਣਕਾਰੀ
ਸੂਚਨਾ ਅਧਿਕਾਰ ਕਾਨੂੰਨ-2005/ RTI Act-2005
ਕਸੂਰਵਾਰ ਸੂਚਨਾ ਅਫ਼ਸਰ ਨੂੰ ਸਜ਼ਾ