July 16, 2025

Mitter Sain Meet

Novelist and Legal Consultant

ਪੰਜਾਬੀ ਭਾਸ਼ਾ ਦੀ -ਪੰਜਾਬੀ ਯੂਨੀਵਰਸਿਟੀ ਵਿੱਚ ਹੀ -ਚਿੰਤਾਜਨਕ ਸਥਿਤੀ

ਪੰਜਾਬੀ ਭਾਸ਼ਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਚਿੰਤਾਜਨਕ ਸਥਿਤੀ

              ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ 30 ਅਪ੍ਰੈਲ 1962 ਨੂੰ, ‘ਪੰਜਾਬੀ ਯੂਨੀਵਰਸਿਟੀ ਐਕਟ 1961’ ਅਧੀਨ ਹੋਈ ਸੀ। ‘ 1961 ਦੇ ਐਕਟ(ਕਾਨੂੰਨ) ਵਿਚ, ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਉਦੇਸ਼ ‘An Act to establish and incorporate a University for the achievement of Punjabi studies and development of Punjabi language as a medium of instructions or otherwise for providing instructions in humanistic and scientific subjects and generally for the promotion of education and research.’ ਦਰਜ ਕੀਤਾ ਗਿਆ ਸੀ।

              ਯੂਨੀਵਰਸਿਟੀ ਦੀ ਆਪਣੀ ਇੱਕ ਵੈਬਸਾਈਟ ਹੈ। ਇਸ ਵੈੱਬਸਾਈਟ ਦੇ ਮੈਨੂ ‘ਯੂਨੀਵਰਸਿਟੀ ਬਾਰੇ’ ਵਿਚ ਜਾਣਕਾਰੀ ਦਿੱਤੀ ਗਈ ਹੈ ਮੈਂ। ‘ਦ੍ਰਿਸ਼ਟੀ ਅਤੇ ਮੰਤਵ’ ਸਿਰਲੇਖ ਹੇਠ, ਐਕਟ ਵਿੱਚ ਦਰਜ਼ ਇਸੇ ਉਦੇਸ਼ ਨੂੰ  ਪੰਜਾਬੀ ਵਿਚ ਅਨੁਵਾਦ ਕਰਕੇ ਹੇਠ, ਲਿਖੇ ਅਨੁਸਾਰ ਬਿਆਨ ਕੀਤਾ ਗਿਆ ਹੈ।

               ‘ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਬਹੁ-ਪੱਖੀ ਵਿਕਾਸ ਕਰਨਾ ਅਤੇ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਵਿੱਚ ਮਾਧਿਅਮ ਵਜੋਂ ਵਿਕਸਤ ਕਰਨਾ, ਵੱਖ-ਵੱਖ ਵਿਸ਼ਿਆਂ ਦੇ ਇਮਤਿਹਾਨ ਪੰਜਾਬੀ ਭਾਸ਼ਾ ਵਿੱਚ ਲੈਣਾ ਖਾਸ ਕਰਕੇ ਇਸ ਵਿੱਚ ਉੱਚ ਸਿੱਖਿਆ ਤੇ ਖੋਜ ਦੀ ਤਰੱਕੀ ਕਰਨਾ ਹੈ।‘ ਉਹ ਸਪਸ਼ਟੀਕਰਨ ਐਕਟ ਵਿੱਚ ਦਰਜ ਉਦੇਸ਼ ਦਾ ਪੰਜਾਬੀ ਅਨੁਵਾਦ ਹੀ ਹੈ।

              ਉਕਤ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੇਵਲ ਅਤੇ ਕੇਵਲ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਵਿੱਚ ਮਾਧਿਅਮ ਵਜੋਂ ਵਿਕਸਤ ਕਰਨ ਲਈ  (for the achievement of Punjabi studies and development of Punjabi language as a medium of instructions) ਹੋਈ ਹੈ।

              ਇਨਾ ਉਦੇਸ਼ਾਂ ਦੀ ਪ੍ਰਾਪਤੀ ਲਈ ਯੂਨੀਵਰਸਿਟੀ ਵੱਲੋਂ , ਪਿਛਲੇ 62 ਸਾਲਾਂ ਵਿੱਚ,  ਜੋ ਯਤਨ ਕੀਤੇ ਗਏ ਹਨ ਉਹਨਾਂ ਦਾ ਵੇਰਵਾ ਵੀ ਵੈਬਸਾਈਟ  ਦੇ ਇਸੇ ਮੈਨੂ ਵਿੱਚ  ਹੇਠ ਲਿਖੇ ਅਨੁਸਾਰ ਦਿੱਤਾ ਗਿਆ ਹੈ :

‘(1) ਸਾਹਿਤ ਅਤੇ ਕਲਾ ਦੇ ਵਾਧੇ ਲਈ, ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿੱਚ ਕਈ ਸਿੱਖਿਆ ਵਿਭਾਗ ਸਥਾਪਿਤ ਕੀਤੇ ਗਏ ਹਨ ਜਿਵੇਂ ਕਿ ਟੈਲੀਵਿਜਨ ਅਤੇ ਥੀਏਟਰ ਵਿਭਾਗ, ਸੰਗੀਤ ਵਿਭਾਗ, ਡਾਂਸ ਵਿਭਾਗ ਅਤੇ ਫਾਈਨ ਆਰਟ ਵਿਭਾਗ।‘

(2) ਪੰਜਾਬੀ ਯੂਨੀਵਰਸਿਟੀ ਨੇ ਆਪਣੇ ਰਿਸਰਚ ਸੈਂਟਰ ਫਾਰ ਪੰਜਾਬੀ ਲੈਂਗੂਏਜ ਤਕਨਾਲੋਜੀ ਰਾਹੀਂ, ਗੁਰਮੁਖੀ ਲਿੱਪੀ ਵਿਚ ਪੰਜਾਬੀ ਸਿੱਖਣ ਲਈ ਇੱਕ ਆਨਲਾਈਨ ਪ੍ਰੋਗਰਾਮ (ਆਓ ਪੰਜਾਬੀ ਸਿੱਖੀਏ) ਆਰੰਭ ਕੀਤਾ ਹੈ। ਯੂਨੀਵਰਸਿਟੀ ਨੇ ਪੰਜਾਬੀ ਜਾਣਨ ਵਾਲੇ ਵਿਅਕਤੀਆਂ ਲਈ ਪੰਜਾਬੀ ਵਿੱਚ ਕੰਪਿਊਟਰ ਸਿੱਖਣ ਨੂੰ ਸੌਖਾ ਬਨਾਉਣ ਵਾਸਤੇ ਆਨਲਾਈਨ ਪ੍ਰੋਗਰਾਮ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਆਰੰਭ ਕੀਤਾ ਹੈ।’

(3) ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਨੂੰ ਸਿਰੇ ਚਾੜਨ ਲਈ, ਯੂਨੀਵਰਸਿਟੀ ਵੱਲੋਂ ਕੀਤੇ ਗਏ ਦਾਅਵੇ ਅਨੁਸਾਰ, ਪਿਛਲੇ ਸਮਿਆਂ ਵਿੱਚ ਯੂਨੀਵਰਸਿਟੀ ਵੱਲੋਂ ‘ਬਹੁਤ ਸਾਰੇ ਪ੍ਰੋਜੈਕਟ ਉਲੀਕੇ ਅਤੇ ਪੂਰੇ ਕੀਤੇ ਗਏ’।ਪੂਰੇ ਕੀਤੇ ਗਏ ਪ੍ਰੋਜੈਕਟਾਂ ਦਾ ਵੇਰਵਾ ਵੈਬਸਾਈਟ ਉੱਪਰ ਇਸ ਤਰ੍ਹਾਂ ਦਿੱਤਾ ਗਿਆ ਹੈ:

ਰਿਸਰਚ ਸੈਂਟਰ ਫ਼ਾਰ ਪੰਜਾਬੀ ਲੈਂਗੂਏਜ ਟੈਕਨਾਲੋਜੀ (ਇਹ ਸਾਰੇ 6 ਸ਼ਬਦ ਅੰਗਰੇਜ਼ੀ ਭਾਸ਼ਾ ਦੇ ਹਨ ਭਾਵੇਂ ਕਿ ਇਹਨਾਂ ਦੇ ਅਨੁਵਾਦ ਵਾਲੇ ਸ਼ਬਦ ਪੰਜਾਬੀ ਭਾਸ਼ਾ ਵਿੱਚ ਵੀ ਉਪਲਬਧ ਹਨ) , ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਹੁਤ ਸਾਰੀਆਂ ਕੌਮੀ ਪੱਧਰ ਦੀਆਂ ਸੰਸਥਾਵਾਂ, ਜਿਵੇਂ ਕਿ ਆਈ.ਆਈ.ਟੀ ਮੁੰਬਈ, ਆਈ.ਆਈ.ਟੀ ਖਰਗਪੁਰ, ਆਈ.ਆਈ.ਟੀ ਗੁਹਾਟੀ, ਆਈ.ਆਈ.ਆਈ.ਟੀ ਹੈਦਰਾਬਾਦ, ਆਈ.ਆਈ.ਆਈ.ਟੀ ਅਲਾਹਾਬਾਦ, ਆਈ.ਐੱਸ.ਆਈ ਕਲਕੱਤਾ, ਸੀ.ਡੀ.ਏ.ਸੀ (ਸੀਡੈਕ) ਨੋਇਡਾ, ਆਈ.ਆਈ.ਐੱਸ.ਸੀ ਬੰਗਲੌਰ, ਯੂਨੀਵਰਸਿਟੀ ਆਫ਼ ਹੈਦਰਾਬਾਦ, ਹੈਦਰਾਬਾਦ ਅਤੇ ਐੱਮ.ਐੱਸ ਯੂਨੀਵਰਸਿਟੀ, ਬੜੌਦਰਾ, ਦੀ ਸਾਂਝੀਵਾਲਤਾ ਨਾਲ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ਼ ਦੇ ਬਹੁਤ ਸਾਰੇ ਪ੍ਰੋਜੈਕਟ ਪੂਰੇ ਕੀਤੇ ਹਨ।‘

(4) ਵਿਭਾਗ ਅਤੇ ਕੇਂਦਰ: ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਇਸ ਵਿਚ ਸੱਤ ਵਿਭਾਗ ਅਤੇ ਕੇਂਦਰ ਹਨ। ਜਿਨ੍ਹਾਂ ਦੇ ਨਾਂ ਹਨ ‘ਪੰਜਾਬੀ ਵਿਭਾਗ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ। ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਅਤੇ ਪੰਜਾਬੀ ਪੀਡੀਆ ਕੇਂਦਰ।‘

              ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ‘ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੁਨੀਆਂ ਦੀ ਅਜਿਹੀ ਦੂਜੀ ਯੂਨੀਵਰਸਿਟੀ ਹੈ, ਜੋ ਭਾਸ਼ਾ ਦੇ ਨਾਮ ‘ਤੇ ਸਥਾਪਿਤ ਕੀਤੀ ਗਈ ਹੈ। ਇਸ ਦਾਵੇ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਇਹ ਘੋਖਣਾ ਜਰੂਰੀ ਹੈ ਕਿ ਕੀ ਭਾਸ਼ਾ ਦੇ ਨਾਂ ਤੇ ਦੁਨੀਆਂ ਵਿੱਚ ਬਣੀ ਇਹ ਦੂਜੀ (ਪੰਜਾਬੀ) ਯੂਨੀਵਰਸਿਟੀ ਆਪਣੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਪਹਿਲੀ (ਹਿਬਰੋ) ਯੂਨੀਵਰਸਿਟੀ ਵਾਂਗ ਹੀ ਕਾਰਜਸ਼ੀਲ ਹੈ?

              ਜਿਸ ਤਰ੍ਹਾਂ ਚੌਲਾਂ ਦੇ ਕੜਾਹੇ ਵਿੱਚੋਂ ਦੋ ਚਾਰ ਚੌਲਾਂ ਦੇ ਦਾਣੇ ਪਰਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਪੂਰਾ ਕੜਾਹਾ ਪੱਕ ਚੁੱਕਾ ਹੈ ਜਾਂ ਹਾਲੇ ਕੱਤਾ ਹੈ ਉਸੇ ਤਰ੍ਹਾਂ ਪਰਖ ਲਈ ਅਸੀਂ ਯੂਨੀਵਰਸਿਟੀ ਦੇ ਚੌਲਾਂ ਦੇ ਕੜਾਹੇ ਵਿੱਚੋਂ ਕੁੱਝ ਦਾਣੇ ਚੁਣੇ ਹਨ। ਇਨ੍ਹਾਂ ਦਾਣਿਆਂ ਦੀ ਵਾਰੀ ਵਾਰੀ ਪਰਖ ਕਰਦੇ ਹਾਂ।

(ੳ) ਪੰਜਾਬੀ ਯੂਨੀਵਰਸਿਟੀ ਦੇ ਦਫ਼ਤਰੀ ਕੰਮਕਾਜ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਦੀ ਮਿਕਦਾਰ:

         ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣਾ 80 ਤੋਂ 90 ਫੀਸਦੀ  ਦਫ਼ਤਰੀ ਕੰਮਕਾਜ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਕੀਤਾ ਜਾਂਦਾ ਹੈਉਦਾਹਰਣ ਲਈ ਕੇਵਲ ਸਾਲ 2024 ਅਤੇ 2025 ਵਿੱਚ, ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਹਜ਼ਾਰਾਂ ਦਸਤਾਵੇਜ਼ਾਂ ਵਿੱਚੋਂ ਹਵਾਲੇ ਲਈ ਹੇਠਲੇ ਦਸਤਾਵੇਜ ਦੇਖੇ ਜਾ ਸਕਦੇ ਹਨ:

Board of Post-graduate Studies and Research (BPSAR), Research Award Committee (RAC), Office Memorandum dated 25.11. 2022, Having subject: Nomination of DBT representative in the of the Hindi IBSC of Punjabi University Patiala, Merit/Waiting list of LL.M for the academic year 2024-25, Notice Inviting Quotation, No. 10059 RCTDPLL dated 16.1. 2025, , E-Tender Notices, Issued by the Construction Wing of the Punjabi University Patiala(Two such notices pertaining to the year 2025 are attached), Advertisement for Vacancy (no 111/ IPR dated 19.11.2024, Application form for teaching posts, Institutional Ethics Comm., PhD Notification etc. etc.

 ਹਵਾਲੇ ਲਈ ਇਨ੍ਹਾਂ ਦਸਤਾਵੇਜ਼ਾਂ ਨੂੰ ਹੇਠਲੇ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ:

http://www.mittersainmeet.in/wp-content/uploads/2025/01/File-No-1-Official-Documents.pdf  

(2)  Syllabus and Courses of Reading for Master of Science in Fashion Design and Technology, Bachelor of Law, Gurmat Sangeet etc. etc.

ਹਵਾਲੇ ਲਈ ਇਨ੍ਹਾਂ ਦਸਤਾਵੇਜ਼ਾਂ ਨੂੰ ਹੇਠਲੇ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ:

http://www.mittersainmeet.in/wp-content/uploads/2025/01/File-No-2-Sylabuss.pdf  

       ਖੇਦ ਹੈ ਕਿ ਇਹਨਾਂ ਦਸਤਾਵੇਜ਼ਾਂ ਨੂੰ ਬੜੇ ਆਰਾਮ ਨਾਲ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਜਾ ਸਕਦਾ ਸੀ।

(ਅ) ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਦੀ ਮਿਕਦਾਰ:  ਲੋਕਾਂ ਦੀ ਸਹੂਲਤ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੀ ਵੈਬਸਾਈਟ ਤਿਆਰ ਕੀਤੀ ਗਈ ਹੈ। ਇਸ ਵੈਬਸਾਈਟ ਰਾਹੀਂ ਜੋ ਸੂਚਨਾ ਉਪਲਬਧ ਕਰਵਾਈ ਗਈ ਹੈ ਉਹ ਵੀ 80 ਤੋਂ 90 ਫੀਸਦੀ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ। ਕੁੱਝ ਉਦਾਹਰਣਾਂ:

1 ਆਗਾਮੀ ਸੈਮੀਨਾਰ/ ਸਮਾਗਮ ਮੈਨੂ ਵਿੱਚ ਜੋ ਸੂਚਨਾ ਉਪਲਬਧ ਹੈ ਉਹ ਸਾਰੀ ਦੀ ਸਾਰੀ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

(2) ‘ਪ੍ਰਸ਼ਾਸਨਮੈਨੂ ਦੀਆਂ ਛੇ ਕੈਟਾਗਰੀਜ਼ ਹਨ। ਇਹਨਾਂ ਵਿੱਚੋਂ ਇੱਕ ਕੈਟਾਗਰੀ ‘ਪਲੈਨਿੰਗ ਐਂਡ ਮੋਨੀਟਰਿੰਗ ਹੈ।’ ਇਹ ਤਿੰਨੋਂ ਅੱਖਰ ਅੰਗਰੇਜ਼ੀ ਭਾਸ਼ਾ ਦੇ ਹਨ। ਬਾਕੀ ਕੈਟਾਗਰੀਆਂ ਵਿੱਚ ਵੀ ਸੈਨੇਟ, ਸਿੰਡੀਕੇਟ, ਮੈਂਬਰ, ਕੈਲੇਂਡਰ ਅਤੇ ਬਜਟ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਅੰਗਰੇਜ਼ੀ ਭਾਸ਼ਾ ਦੇ ਹਨ।

              ਅਗਾਂਹ ਜਦੋਂ ਯੂਨੀਵਰਸਿਟੀ ‘ਕੈਲੈੰਡਰ ਕੈਟਾਗਰੀ’ ਨੂੰ ਟਿੱਕ ਕੀਤਾ ਜਾਂਦਾ ਹੈ ਤਾਂ ਜੋ ਸੂਚਨਾ ਉਪਲਬਧ ਹੁੰਦੀ ਹੈ ਉਹ ਸਾਰੀ ਦੀ ਸਾਰੀ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਭਾਸ਼ਾ ਹੈ। ਜਦੋਂ ‘ਪਲੈਨਿੰਗ ਐਂਡ ਮੋਨੀਟਰਿੰਗ’ ਕੈਟਾਗਰੀ ਤੇ ਟਿੱਕ ਕੀਤਾ ਜਾਂਦਾ ਹੈ ਤਾਂ ‘Director, Planning and Monitoring Board’ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਜੋ ਸਾਰੀ ਦੀ ਸਾਰੀ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

(3) ‘ਖੋਜ ਮੈਨੂ ਦੀਆਂ ਚਾਰ ਕੈਟਾਗਰੀਜ਼ ਹਨ। ਇਨਾਂ ਵਿੱਚੋਂ ਇੱਕ “ਸੂਖਮ ਯੰਤਰ ਕੇਂਦਰ’ ਹੈ। ਜਦੋਂ ਇਸ ਕੈਟਾਗਰੀ ਨੂੰ ਟਿੱਕ ਕੀਤਾ ਜਾਂਦਾ ਹੈ ਤਾਂ “ਸੂਖਮ ਯੰਤਰ ਕੇਂਦਰ (Sophisticated Instruments Centre)’ ਬਾਰੇ ਜੋ ਜਾਣਕਾਰੀ ਪ੍ਰਾਪਤ ਹੁੰਦੀ ਹੈ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

              ਇਸੇ ਤਰ੍ਹਾਂ ਜਦੋਂ ਇਸ ਮੈਨੂ ਦੀ ‘ਪੀਐਚਡੀ ਅਤੇ ਖੋਜ ਕੈਟਾਗਰੀ ਤੇ ਟਿੱਕ ਕੀਤਾ ਜਾਂਦਾ ਹੈ ਤਾਂ ਇਸ ਦੀ ਸਬ ਕੈਟਾਗਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਹੁੰਦੀ ਹੈ। ਕੁਝ ਪੋਸਟਾਂ ਵਿੱਚ ਉਪਲਬਧ ਕਰਵਾਈ ਗਈ ਸੂਚਨਾ ਪੰਜਾਬੀ ਵਿੱਚ ਹੈ ਪਰ ਬਹੁਤੀਆਂ ਵਿੱਚ ਕੇਵਲ ਅੰਗਰੇਜ਼ੀ ਵਿੱਚ।

(4) ‘ਵਿਦਿਆਰਥੀ ਵਰਗ ਮੈਨੂ ਦੀਆਂ ਸੱਤ ਕੈਟਾਗਰੀਆਂ ਹਨ। ਇੱਥੇ ਵੀ ਰੈਗਿੰਗ, ਕਾਉਂਸਲਿੰਗ, ਆਨਲਾਈਨ ਅਤੇ ਸੈੱਲ ਵਰਗੇ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵਰਤੇ ਗਏ ਹਨ। ਇੱਥੇ ਵੀ ਜਦੋਂ ਕੇਂਦਰੀ ‘ਦਾਖਲਾ ਸੈੱਲ ਕੈਟਾਗਰੀ’ ਨੂੰ ਟਿੱਕ ਕੀਤਾ ਜਾਂਦਾ ਹੈ ਤਾਂ ਜੋ Centralized Admission Cell (CAC) (ਕੇਂਦਰੀ ਦਾਖਲਾ ਸੈੱਲ) ਸੂਚਨਾ ਉਪਲਬਧ ਹੁੰਦੀ ਹੈ ਉਹ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

  (5) ਮਹੱਤਵਪੂਰਨ ਤੰਦ ਮੈਨੂ ਦੀਆਂ ਛੇ ਕੈਟਾਗਰੀਆਂ ਹਨ। ਇਹਨਾਂ ਕੈਟਾਗਰੀਆਂ ਵਿੱਚ ਵੀ ਸੈੱਲ, ਟੈਂਡਰ ਅਤੇ ਡਾਊਨਲੋਡ ਵਰਗੇ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵਰਤੇ ਗਏ ਹਨ। ਜਦੋਂ ਡਾਊਨਲੋਡ ਕੇਂਦਰ ਦੀ ਕੈਟਾਗਰੀ ਤੇ ਟਿੱਕ ਕੀਤਾ ਜਾਂਦਾ ਹੈ ਤਾਂ ਇਸ ਕੈਟਾਗਰੀ ਦੀ ਸਬ ਕੈਟਾਗਰੀ ਖੁੱਲਦੀ ਹੈ। ਇਸ ਸਬ ਕੈਟਾਗਰੀ ਤੇ ਪੋਸਟਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਸਾਰੀ ਦੀ ਸਾਰੀ ਜਾਣਕਾਰੀ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

(6) ‘ਟੈਂਡਰਕੈਟਾਗਰੀ ਦੀ ਸਬ ਕੈਟਾਗਰੀ ‘ਵੇਰਵਾ’ ਵਿੱਚ ਟੈਂਡਰਾਂ ਦਾ ਵੇਰਵਾ ਦੇਣ ਵਾਲੀਆਂ ਪੋਸਟਾਂ ਦੇ ਹਵਾਲੇ ਦਿੱਤੇ ਗਏ ਹਨ। ਇਹ ਸਾਰੇ ਹਵਾਲੇ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਹਨ। ਅਗਾਂਹ ਬਹੁਤੀਆਂ ਪੋਸਟਾਂ ਵਿੱਚ ਉਪਲਬਧ ਸੂਚਨਾ ਵੀ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

(7) ‘ਅਕਾਦਮਿਕ ਮੈਨੂ ਦੀਆਂ 11 ਕੈਟਾਗਰੀਆਂ ਹਨ। ਇਹਨਾਂ ਵਿੱਚੋਂ ਇੱਕ ਕੈਟਾਗਰੀ ‘ਅਕਾਦਮਿਕ ਕੈਲੰਡਰ 2024-25’ ਦੀ ਹੈ। ਇਸ ਕੈਟਾਗਰੀ ਵਿੱਚ ਉਪਲਬਧ ਸਾਰੀ ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ।

 (8) ‘ਯੂਨੀਵਰਸਿਟੀ ਦੇ ਖਰਚੇਕੈਟਾਗਰੀ ਵਿੱਚ ਯੂਨੀਵਰਸਿਟੀ ਵੱਲੋਂ ਕੀਤੇ ਗਏ ਖਰਚਿਆਂ ਦੀ ਜਾਣਕਾਰੀ ‘Details of University Expenses’ ਨਾਂ ਹੇਠ

ਦਿੱਤੀ ਗਈ ਹੈ। ਇਸ ਵਿੱਚ ਖਰਚਿਆਂ ਦੀਆਂ 31,000  ਤੋਂ ਵੱਧ ਮੱਦਾਂ ਦਰਜ਼ ਹਨ। ਮੱਦਾਂ ਵਿਚ ਪੰਜਾਬੀ ਵਿੱਚ ਦਰਜ਼ ਸੂਚਨਾ ਨਾ ਮਾਤਰ ਹੈ। ਆਦਿ ਆਦਿ।

ਵੈਬਸਾਈਟ ਦਾ ਲਿੰਕ:  http://www.punjabiuniversity.ac.in/  

(ੲ) ਪੰਜਾਬੀ ਭਾਸ਼ਾ ਵਿੱਚ ਸ਼ਬਦਾਂ ਦੇ ਉਪਲਬਧ ਹੋਣ ਦੇ ਬਾਵਜੂਦ ਥਾਂ ਥਾਂ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ:

ਉਦਾਹਰਣ: ਫ਼ੈਕਲਟੀ ਸਿਰਲੇਖ ਹੇਠ ਯੂਨੀਵਰਸਿਟੀ ਦੀਆਂ ਦਸ ਫੈਕਲਟੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਦਸਾਂ ਵਿੱਚੋਂ ਅੱਠ ਫੇਕਲਟੀਆਂ (ਆਰਟਸ ਅਤੇ ਸਭਿਆਚਾਰ ਫ਼ੈਕਲਟੀ, ਬਿਜ਼ਨੈੱਸ ਸਟੱਡੀਜ਼ ਫੈਕਲਟੀ, ਕੰਪਿਊਟਿੰਗ ਸਾਈਂਸਜ਼ ਫੈਕਲਟੀ, ਐਜੂਕੇਸ਼ਨ ਅਤੇ ਇਨਫਰਮੇਸ਼ਨ ਸਾਇੰਸ ਫੈਕਲਟੀ, ਇੰਜੀਨੀਅਰਿੰਗ ਫੈਕਲਟੀ, ਲਾਈਫ ਸਾਇੰਸ ਫੈਕਲਟੀ, ਮੈਡੀਸਨ ਫੈਕਲਟੀ, ਫਿਜ਼ੀਕਲ ਸਾਈਂਸਜ਼ ਫੈਕਲਟੀ, ਸੋਸ਼ਲ ਸਾਇੰਸ ਫ਼ੈਕਲਟੀ) ਦੇ ਨਾਂ ਕੇਵਲ ਅੰਗਰੇਜ਼ੀ ਵਿੱਚ ਹਨ। ਸ਼ਬਦਾਂ ਦੀ ਲਿਪੀ ਭਾਵੇਂ ਗੁਰਮੁਖੀ ਹੈ। ਕੇਵਲ ਦੋ ਫੈਕਲਟੀਆਂ (ਭਾਸ਼ਾ ਫੈਕਲਟੀ ਅਤੇ ਕਾਨੂੰਨ ਫੈਕਲਟੀ) ਦੀ ਜਾਣਕਾਰੀ ਪੰਜਾਬੀ ਵਿੱਚ ਦਿੱਤੀ ਗਈ ਹੈ। ਉਹ ਵੀ ਅੱਧੀ।

              ਉਕਤ ਤੱਥਾਂ ਤੋਂ ਸਪਸ਼ਟ ਹੈ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਉਦੇਸ਼ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ। ਇਹ ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਭਾਸ਼ਾ ਦੇ ਵਿਕਾਸ ਵੱਲ ਰੁਚਿਤ ਹੋਈ ਹੋਈ ਹੈ।

              ਹੁਣ ਪ੍ਰਸ਼ਨ ਉੱਠਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਕੀਤੇ ਜਾ ਰਹੇ ਇਸ ਵਿਨਾਸ਼ ਲਈ ਜਿੰਮੇਵਾਰ ਕੌਣ ਹੈ? ਸਮੇਂ ਸਮੇਂ ਦੀਆਂ ਪੰਜਾਬ ਸਰਕਾਰਾਂ ਜਾਂ ਸਮੇਂ ਸਮੇਂ ਦੇ ਉਪ ਕੁਲਪਤੀ ਜਾਂ ਪੰਜਾਬੀ ਵਿਭਾਗਾਂ ਦੇ (ਸਾਬਕਾ ਅਤੇ ਵਰਤਮਾਨ) ਅਧਿਆਪਕ ਜਾਂ ਫੇਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਦਾ ਦਮ ਭਰਨ ਵਾਲੀਆਂ ਲੇਖਕ ਜਥੇਬੰਦੀਆਂ ਅਤੇ ਉਨ੍ਹਾਂ ਦੇ ਅਹੁਦੇਦਾਰ?

ਉੱਤਰ ਅਸੀਂ ਸਾਰੇ ਪੰਜਾਬੀ ਪਿਆਰਿਆਂ ਨੇ ਰਲ ਮਿਲ ਕੇ ਲੱਭਣਾ ਹੈ।

———————————————–

ਅਸੀਂ, ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ, ਸਾਲ 2019 ਤੋਂ ਉਪ ਕੁਲਪਤੀ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪੱਤਰ ਲਿਖ ਕੇ ਉਕਤ ਸਮੱਸਿਆ ਬਾਰੇ ਜਾਣੂ ਕਰਵਾਉਂਦੇ ਆ ਰਹੇ ਹਾਂ। ਖੇਦ ਹੈ ਕਿ ਯੂਨੀਵਰਸਿਟੀ ਵੱਲੋਂ ਇਹਨਾਂ ਪੱਤਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਅਖ਼ੀਰ ਅਸੀਂ ਇੱਕ ਹੋਰ ਚਿੱਠੀ 25 ਜਨਵਰੀ 2025 ਨੂੰ ਉਪ ਕੁਲਪਤੀ ਸਾਹਿਬ ਨੂੰ ਲਿਖੀ ਹੈ। ਇਸ ਚਿੱਠੀ ਦੇ ਨਾਲ ਪਹਿਲੀਆਂ ਚਿੱਠੀਆਂ ਵੀ ਨੱਥੀ ਕੀਤੀਆਂ ਗਈਆਂ ਹਨ।

ਨਵੀਂ ਚਿੱਠੀ ਦਾ ਲਿੰਕ ਹੈ:

http://www.mittersainmeet.in/wp-content/uploads/2025/01/To-VC-Complete-letter-Dt-25.1.25.pdf