November 1, 2025

Mitter Sain Meet

Novelist and Legal Consultant

ਭਾਸ਼ਾ ਵਿਭਾਗ ਦੇ ਪੰਜਾਬੀ ਮਾਹ ਦੇ ਸਮਾਗਮ ਅਤੇ -ਸ਼੍ਰੋਮਣੀ ਪੁਰਸਕਾਰ ਮੁਕਦਮੇ ਦਾ ਇਤਿਹਾਸ

ਇਤਿਹਾਸ ਦਾ ਪਹਿਲਾ ਪੰਨਾ: ਹੁਣ ਤੱਕ ਭੁਗਤੀਆਂ 86 ਪੇਸ਼ੀਆਂ

ਭਾਸ਼ਾ ਵਿਭਾਗ ਵੱਲੋਂ 1 ਨਵੰਬਰ ਤੋਂ ਪੰਜਾਬੀ ਮਾਹ ਮਨਾਏ ਜਾਣ ਅਤੇ ਪਹਿਲੇ ਸਮਾਗਮ ਵਿੱਚ ਹੀ ‘ਸ਼੍ਰੋਮਣੀ ਪੁਸਤਕ ਪੁਰਸਕਾਰ’ ਦੇਣ ਦੇ ਐਲਾਨ ਬਾਅਦ ‘ਸ਼੍ਰੋਮਣੀ ਪੁਰਸਕਾਰਾਂ ਵਾਲੇ ਮੁਕਦਮੇ ਦਾ ਕੀ ਬਣੇਗਾ?’ ਇਹ ਚਰਚਾ ਤੇਜ਼ ਹੋ ਗਈ ਹੈ।
ਤੁਹਾਨੂੰ ਪਤਾ ਹੀ ਹੈ ਕਿ
ਭਾਸ਼ਾ ਵਿਭਾਗ ਦੇ ਰਾਜ ਸਲਾਹਕਾਰ ਬੋਰਡ ਵੱਲੋਂ, ਦਸੰਬਰ 2020 ਵਿੱਚ, ਸ਼੍ਰੋਮਣੀ ਸਾਹਿਤ ਪੁਰਸਕਾਰਾਂ ਲਈ 108 ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ।
ਚੋਣ ਦੇ ਸ਼ੱਕੀ ਹੋਣ ਕਾਰਨ ਸਾਡੀ ਟੀਮ ਵੱਲੋਂ ‘ਸੂਚਨਾ ਅਧਿਕਾਰ ਕਾਨੂੰਨ’ ਦੀਆਂ ਵਿਵਸਥਾਵਾਂ ਦੀ ਵਰਤੋਂ ਕਰਕੇ, ਪੁਰਸਕਾਰਾਂ ਦੀ ਚੋਣ ਨਾਲ ਸਬੰਧਿਤ ਦਸਤਾਵੇਜ਼ ਇਕੱਠੇ ਕੀਤੇ ਗਏ। ਦਸਤਾਵੇਜ਼ਾਂ ਦੀ ਘੋਖ ਤੋਂ ਪਾਇਆ ਗਿਆ ਕਿ ਚੋਣ ਵਿੱਚ ਸਪਸ਼ਟ ਪੱਖਪਾਤ ਅਤੇ ਭਾਈ ਭਤੀਜਾਵਾਦ ਹੋਇਆ ਹੈ। ਇਸੇ ਕਾਰਨ ਸਾਡੀ ਟੀਮ ਵੱਲੋਂ ਪੁਰਸਕਾਰਾਂ ਦੀ ਚੋਣ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ।
ਮੁਕਦਮਾ ਜੁਲਾਈ 2021 ਤੋਂ ਸੁਣਵਾਈ ਅਧੀਨ ਹੈ। ਅਦਾਲਤ ਵੱਲੋਂ ਪੁਰਸਕਾਰਾਂ ਦੀ ਵੰਡ ਤੇ ਰੋਕ ਲਾਈ ਹੋਈ ਹੈ।
ਭਾਸ਼ਾ ਵਿਭਾਗ ਵੱਲੋਂ ਜਦੋਂ ਵੀ ‘ਸਰਵੋਤਮ ਪੁਸਤਕ ਪੁਰਸਕਾਰਾਂ’ ਦੀ ਚੋਣ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਲੋਕਾਂ ਨੂੰ ਸ਼੍ਰੋਮਣੀ ਪੁਰਸਕਾਰਾਂ ਦੀ ਯਾਦ ਵੀ ਆ ਜਾਂਦੀ ਹੈ।
ਪੁਰਸਕਾਰਾਂ ਲਈ ਚੁਣੇ ਜਾ ਚੁੱਕੇ ਉਮੀਦਵਾਰਾਂ ਦੇ ਨਾਲ ਨਾਲ ਅਗਲੇ ਸਾਲਾਂ ਵਿਚ ਪੁਰਸਕਾਰ ਮਿਲਣ ਦੀ ਆਸ ਰੱਖਣ ਵਾਲੇ ਉਮੀਦਵਾਰਾਂ ਦੇ ਮਨਾਂ ਵਿੱਚ ਵੀ ਇਹ ਵਿਚਾਰ ਪੈਦਾ ਹੁੰਦਾ ਹੈ ਕਿ ਕੀ ਕਦੇ ਸ਼੍ਰੋਮਣੀ ਪੁਰਸਕਾਰ ਮਿਲਣਗੇ ਵੀ?
ਸ਼ੰਕੇ ਦੂਰ ਕਰਨ ਲਈ ਭਾਸ਼ਾ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਨਾਲ ਬਹੁਤ ਸਾਰੇ ਸਾਹਿਤਕਾਰ ਅਤੇ ਉਨ੍ਹਾਂ ਦੇ ਸਮਰਥਕ ਸਾਡੇ ਨਾਲ ਵੀ ਸੰਪਰਕ ਕਰਦੇ ਅਤੇ ਮੁਕਦਮੇ ਦੀ ਤਾਜ਼ਾ ਸਥਿਤੀ ਬਾਰੇ ਪੁੱਛਦੇ ਹਨ।
ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਹਰ ਵਿਅਕਤੀ ਨੂੰ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਮੁਕਦਮੇ ਦਾ ਮਕਸਦ ਨਾ ਪੁਰਸਕਾਰਾਂ ਨੂੰ ਰੋਕਣਾ ਹੈ ਅਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਪੁਰਸਕਾਰ ਦਵਾਉਣਾ ਹੈ।
ਅਕਸਰ ਇਹ ਅਫ਼ਵਾਹ ਉਡਾਈ ਜਾਂਦੀ ਹੈ ਕਿ ਅਸੀਂ ਜਾਣ ਬੁਝ ਕੇ ਮੁਕਦਮੇ ਨੂੰ ਲਟਕਾ ਰਹੇ ਹਾਂ ਤਾਂ ਜੋ ਪੁਰਸਕਾਰਾਂ ਬਾਰੇ ਫੈਸਲਾ ਟਲਿਆ ਰਹੇ।
ਦੋਸਤਾਂ ਮਿੱਤਰਾਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਮੁਕਦਮਾ ਦਾਇਰ ਕਰਨ ਵਾਲਾ ਵਿਅਕਤੀ ਭਾਵੇਂ ਕਾਨੂੰਨ ਦਾ ਜਿੰਨਾ ਮਰਜ਼ੀ ਜਾਣਕਾਰ ਹੋਵੇ ਪਰ ਅਦਾਲਤੀ ਕਾਰਵਾਈ ਆਪਣੀ ਚਾਲੇ ਹੀ ਚੱਲਦੀ ਹੈ।

ਸਾਡੀ ਟੀਮ ਨੇ ਫ਼ੈਸਲਾ ਕੀਤਾ ਹੈ ਕਿ ਤੁਹਾਨੂੰ, ਸਾਡੇ ਵੱਲੋਂ ਹੁਣ ਤੱਕ ਮੁਕਦਮੇ ਦੇ ਤੈਅ ਕੀਤੇ ਔਖੇ ਪੈਂਡੇ ਦੀ, ਸੰਖੇਪ ਵਿਚ ਜਾਣਕਾਰੀ ਦੇ ਦੇਈਏ ਤਾਂ ਜੋ ਕੌਣ ਕਿੱਥੇ ਖੜ੍ਹਾ ਹੈ,ਇਹ ਸਪਸ਼ਟ ਹੋ ਸਕੇ।

————————–

86 ਪੇਸ਼ੀਆਂ ਦਾ ਇਤਿਹਾਸ


-ਮੁਕਦਮੇ ਦੀ ਪਹਿਲੀ ਪੇਸ਼ੀ 15 ਜੁਲਾਈ 2021 ਨੂੰ ਪਈ ਸੀ। 85ਵੀਂ ਤਰੀਕ 15 ਅਕਤੂਬਰ 2025 ਸੀ। 86ਵੀਂ ਤਾਰੀਕ 4 ਨਵੰਬਰ 2025 ਹੈ।
ਇੰਝ ਹੁਣ ਤੱਕ 86 ਪੇਸ਼ੀਆਂ ਪੈ ਚੁੱਕੀਆਂ ਹਨ। ਆਮ ਸਾਇਲ ਵਾਂਗ, ਹਰ ਤਰੀਕ ਤੇ ਅਸੀਂ ਵੀ ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਅਦਾਲਤ ਵਿੱਚ ਹਾਜ਼ਰ ਰਹੇ।
ਤੁਹਾਨੂੰ ਦੱਸ ਦੇਈਏ ਕਿ ਹਰ ਪੇਸ਼ੀ ਤੇ ਹੋਣ ਵਾਲੀ ਕਾਰਵਾਈ ਬਾਰੇ ਅਦਾਲਤ ਵਲੋਂ ਇੱਕ ਹੁਕਮ ਲਿਖਿਆ ਜਾਂਦਾ ਹੈ ਜਿਸ ਨੂੰ ਜ਼ਿਮਨੀ (ਹੁਕਮ) ਆਖਿਆ ਜਾਂਦਾ ਹੈ। ਇਸ ਹੁਕਮ ਵਿੱਚ ਉਸ ਤਰੀਕ ਤੇ ਹੋਈ ਸਾਰੀ ਕਾਰਵਾਈ ਦਾ ਜ਼ਿਕਰ ਹੁੰਦਾ ਹੈ।
ਕਿਰਪਾ ਕਰਕੇ ਤੁਸੀਂ ਵੀ ਇਨ੍ਹਾਂ ਜ਼ਿਮਨੀ ਹੁਕਮਾਂ ਦਾ ਅਧਿਐਨ ਕਰੋ ਅਤੇ ਦੇਖੋ ਕਿ ਸਾਨੂੰ ਹਰ ਪੇਸ਼ੀ ਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ।
ਇਨ੍ਹਾਂ 86 ਜ਼ਿਮਨੀ ਹੁਕਮਾਂ ਦੀ ਪੀਡੀਐਫ ਫਾਈਲ ਦਾ ਲਿੰਕ:

https://www.mittersainmeet.in/wp-content/uploads/2025/11/All-orders-86-Jimni-orders.pdf


ਟੀਮ ਭਾਈਚਾਰਾ
ਮਿੱਤਰ ਸੈਨ ਮੀਤ, ਆਰਪੀ ਸਿੰਘ, ਦਵਿੰਦਰ ਸਿੰਘ ਸੇਖਾ ਅਤੇ ਸੁਖਿੰਦਰ ਪਾਲ ਸਿੰਘ ਸਿੱਧੂ