January 13, 2025

Mitter Sain Meet

Novelist and Legal Consultant

ਸਾਹਿਤਕ ਸਰਗਰਮੀਆਂ

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਲਾਨਾ ਸਮਾਗਮ ਦੀ ਪ੍ਰਧਾਨਗੀ

 (ਬੁੱਧ ਸਿੰਘ ਨੀਲੋਂ ਦਾ ਸਨਮਾਨ)

               29 ਦਸੰਬਰ 2024 ਨੂੰ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੁੱਧ ਸਿੰਘ ਨੀਲੋਂ ਨੂੰ’ਨੌਰੰਗ ਸਿੰਘ ਝੱਜ ਪੁਰਸਕਾਰ’ ਅਤੇ ‘ਕੇਸਰ ਸਿੰਘ ਗਰੇਵਾਲ ਪੁਰਸਕਾਰ’ ਨਾਲ ਸਨਮਾਨ ਕੀਤਾ ਗਿਆ। ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਬੁੱਧ ਸਿੰਘ ਨੀਲੋਂ ਵਲੋਂ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੇ ਵਿਕਾਸ ਅਤੇ ਪਸਾਰ ਵਿਚ ਪਾਏ ਯੋਗਦਾਨ ਬਾਰੇ ਬੋਲਣ ਵਾਲੇ ਸਾਰੇ, ਕਰੀਬ ਇੱਕ ਦਰਜ਼ਨ, ਬੁਲਾਰਿਆਂ ਨੇ ਉਸਦੀ ਦੀ ਦੇਣ ਦਾ ਗਹਿਰਾਈ ਨਾਲ ਅਧਿਐਨ ਕੀਤਾ ਹੋਇਆ ਸੀ।

ਪ੍ਰਧਾਨਗੀ ਮੰਡਲ

                           

ਮੁੱਖ ਬੁਲਾਰਿਆਂ ਵਿੱਚ ਡਾ ਪਰਮਿੰਦਰ ਸਿੰਘ ਬੈਨੀਪਾਲ, ਡਾ ਕੁਲਦੀਪ ਸਿੰਘ, ਸਵਰਨ ਸਿੰਘ ਭੰਗੂ, ਕਮਲਜੀਤ ਨੀਲੋਂ,      ਬਲਦੇਵ ਸਿੰਘ ਝੱਜ, ਸੁਖਮਨਿੰਦਰਪਾਲ ਸਿੰਘ ਗਰੇਵਾਲ, ਬਲਬੀਰ ਸਿੰਘ ਬੱਬੀ, ਗੁਰਸੇਵਕ ਸਿੰਘ ਢਿੱਲੋਂ, ਪ੍ਰੀਤ ਸੰਦਲ, ਦੀਪ ਦਿਲਬਰ     ਅਤੇ ਨੀਤੂ ਰਾਮਪੁਰ ਸ਼ਾਮਿਲ ਸਨ।

ਸਨਮਾਨ ਯੋਗ ਬੁਲਾਰੇ

ਸ਼ਨਮਾਨ ਦੇ ਯਾਦਗਾਰੀ ਪਲ

                    ਸਮਾਗਮ ਦੀ ਪ੍ਰਧਾਨਗੀ  ਮਿੱਤਰ ਸੈਨ ਮੀਤ ਹੋਰਾਂ ਕੀਤੀ

ਸਮਾਗਮ ਦੀ ਸਫਲਤਾ ਦਾ ਸਿਹਰਾ, ਸਭਾ ਦੇ ਪ੍ਰਧਾਨ ਅਨਿਲ  ਫ਼ਤਿਹਗੜ੍ਹ ਜੱਟਾਂ, ਅਤੇ ਬਲਵੰਤ ਮਾਂਗਟ ਦੇ ਨਾਲ ਨਾਲ ਸਭਾ ਦੀ ਸਮੁੱਚੀ ਟੀਮ ਦੇ ਸਿਰ ਬੱਝਿਆ।

ਆਹੁਦੇਦਾਰ

ਯਾਦਗਾਰੀ ਗਰੁੱਪ ਫੋਟੋ

ਧੁੱਪ ਦੀ ਮਹਿਫ਼ਲ
ਖਾਣਾ ਖਾਂਦੇ ਖਾਂਦੇ ਮਿੰਨੀ ਮਿੰਨੀ ਧੁੱਪ ਚਮਕਣ ਲੱਗ ਪਈ। ਤਹਿ ਕੀਤੇ ਪ੍ਰੋਗਰਾਮ ਅਨੁਸਾਰ ਨੀਲੋਂ ਦਾ ਰੂਬਰੂ ਖਾਣੇ ਬਾਅਦ, ਸੈਮੀਨਾਰ ਹਾਲ ਵਿੱਚ ਹੋਣਾ ਸੀ। ਪਰ ਧੁੱਪ ਦਾ ਆਨੰਦ ਮਾਨਣ ਲਈ ਲੇਖਕਾਂ ਨੇ ਧੁੱਪੇ ਹੀ ਮਹਿਫ਼ਲ ਜਮਾ ਲਈ।
ਬੁੱਧ ਸਿੰਘ ਨੀਲੋਂ ਤੇ ਸਵਾਲਾਂ ਦੀ ਝੜੀ ਧੁੱਪ ਵਿੱਚ ਹੀ ਲੱਗੀ।

ਮੀਡੀਆ ਸਹਿਯੋਗ

—————————————————————-

ਦੇਹੜਕਾ ਸਮਾਗਮ

ਸਾਹਿਤਕ ਸਰਗਰਮੀਆਂ ਨੂੰ ਮੁੜ ਸੱਥਾਂ ਤੱਕ ਲਿਜਾਣ ਦਾ ਸ਼ਲਾਘਾਯੋਗ ਯਤਨ

ਸਾਹਿਤਕ ਸੰਸਥਾਵਾਂ ਅਕੈਡਮੀਆਂ ਅਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮ ਵੱਡੇ ਸ਼ਹਿਰਾਂ ਦੇ ਸੈਮੀਨਾਰਾਂ ਸੈਮੀ ਨਾਰ ਹਾਲਾਂ ਵਿੱਚ ਕਰਵਾਏ ਜਾਂਦੇ ਹਨ। ਸਮਾਗਮ ਵਿੱਚ ਸਧਾਰਨ ਸਰੋਤਿਆਂ ਦੀ ਥਾਂ ਅਖੌਤੀ ਸਾਹਿਤਕਾਰਾਂ ਦੀ ਭਰਮਾਰ ਹੁੰਦੀ ਹੈ। ਕਿਸੇ ਸਾਰਥਿਕ ਮਸਲੇ ਨੂੰ ਵਿਚਾਰਨ ਦੀ ਥਾਂ ਮਿੱਤਰਾਂ ਪਿਆਰਿਆਂ ਦੀਆਂ ਪਿੱਠਾਂ ਹੀ ਥਾਪੜੀਆਂ  ਜਾਂਦੀਆਂ ਹਨ।

ਨਤੀਜੇ ਵਜੋਂ ਸਾਹਿਤ ਲੋਕਾਂ ਨਾਲੋਂ ਟੁੱਟ ਗਿਆ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਵਿਕਾਸ ਖੜੋਤ ਵਿੱਚ ਆ ਗਿਆ ਹੈ।

ਮਹਿਫਲੇ ਅਦੀਬ ਦੇ ਕਰਤਾ ਧਰਤਾ ਜਸਵਿੰਦਰ ਛਿੰਦਾ ਲੋਕਾਂ ਨਾਲ ਜੁੜਿਆ ਸਹਿਤਕਾਰ ਹੈ। ਸਾਹਿਤਿਕ ਸਮਾਗਮਾਂ ਨੂੰ ਬੰਦ ਕਮਰਿਆਂ ਵਿੱਚੋਂ ਕੱਢ ਕੇ ਸੱਥਾਂ ਤੱਕ ਲਿਜਾਣ ਦੀ ਲੋੜ ਅਤੇ ਮਹੱਤਤਾ ਤੋਂ ਉਹ ਭਲੀ ਭਾਂਤ ਜਾਣੂ ਹੈ।

ਸਹਿਤ ਅਤੇ ਸਾਹਿਤਕਾਰਾਂ ਨੂੰ ਸੱਥਾਂ ਵਿੱਚ ਲਿਜਾਅ ਕੇ ਲੋਕਾਂ ਦੇ ਸਨਮੁੱਖ ਕਰਨ ਦਾ ਉਪਰਾਲਾ, ਉਸ ਨੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਦੀ ਨਵੀਂ ਪੁਸਤਕ ‘ਕੁੱਜੇ ਵਿੱਚ ਸਮੁੰਦਰ’ ਨੂੰ ਲੋਕ ਅਰਪਣ ਕਰਨ ਵਾਲੇ ਸਮਾਗਮ ਨੂੰ ਆਪਣੇ ਛੋਟੇ ਜਿਹੇ ਪਿੰਡ ਦੇਹੜਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੱਖ ਕੇ ਕੀਤਾ।

ਸਮਾਗਮ ਦੀ ਪ੍ਰਧਾਨਗੀ ਲਈ ਭਾਰੀ ਭਰਕਮ ਸਰਕਾਰੀ ਪਦਵੀਆਂ ਅਤੇ ਪੁਰਸਕਾਰਾਂ ਨਾਲ ਲੱਦੇ ਸਾਹਿਤਕਾਰਾਂ ਦੀ ਥਾਂ ਉਸ ਨੇ ਪਹਿਲ ਪੇਂਡੂ ਬੱਚਿਆਂ ਨੂੰ ਸਸਤੇ ਭਾਅ, ਉੱਚ-ਕੁੱਟੀ ਦੀ ਸਿੱਖਿਆ ਦੇਣ ਵਾਲੇ ‘ਸਿੱਖਿਆ ਸਮਾਜ ਸੇਵੀ’ ਸ੍ਰੀ ਬਲਦੇਵ ਬਾਵਾ (ਮਾਲਕ ਅਤੇ ਪ੍ਰਿੰਸੀਪਲ ਮਹੰਤ ਲਛਮਣ ਦਾਸ ਸੀਨੀਅਰ ਸਕੈਡੰਰੀ ਸਕੂਲ ਤਲਵੰਡੀ ਕਲਾਂ, ਲੁਧਿਆਣਾ) ਅਤੇ ਸ੍ਰ ਮਹਿੰਦਰ ਸਿੰਘ ਬੱਸੀਆਂ (ਮਾਲਕ ਅਤੇ ਡਾਇਰੈਕਟਰ ਗੁਰੂ ਨਾਨਕ ਸੀਨੀਅਰ ਸਕੈਡੰਰੀ ਪਬਲਿਕ ਸਕੂਲ ਬੱਸੀਆਂ, ਰਾਇਕੋਟ) ਨੂੰ ਦਿੱਤੀ।

ਸਰੋਤਿਆਂ ਵਿੱਚ  ਸਮਝ ਨਾ ਆਉਣ ਵਾਲੀਆਂ ਕਵਿਤਾਵਾਂ, ਕਹਾਣੀਆਂ ਲਿਖਣ ਵਾਲਿਆਂ ਦੀ ਥਾਂ ਹਾਜ਼ਰ ਸਨ ਗਰੀਨ ਮਿਸ਼ਨ ਪੰਜਾਬ ਦੇ ਸੰਸਥਾਪਕ ਭਾਈ ਸਤਪਾਲ ਸਿੰਘ ਅਤੇ ਪ੍ਰੋਫੈਸਰ ਕਰਮ ਸਿੰਘ ਸੰਧੂ, ਸਮਾਜ ਸੇਵਕਾ ਬੀਬੀ ਮਨਜੀਤ ਕੌਰ ਦੇਹੜਕਾ, ਪਿੰਡ ਦੀ ਸਰਪੰਚ ਦੇ ਪਤੀ ਨੰਬਰਦਾਰ ਜਸਬੀਰ ਸਿੰਘ ਸਿੱਧੂ, ਜਸਵਿੰਦਰ ਸਿੰਘ ਛਿੰਦਾ ਦਾ ਪਰਿਵਾਰ ਅਤੇ ਬੀਸੀਆਂ ਸਰੋਤੇ।

ਪਹਿਲਾਂ ਅਮਰੀਕ ਸਿੰਘ ਤਲਵੰਡੀ ਵੱਲੋਂ ਸਧਾਰਨ ਭਾਸ਼ਾ ਵਿੱਚ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੱਤੀ ਗਈ।

ਫੇਰ ਚਾਰ ਕਵੀਆਂ ਨੇ ਆਪਣੇ ਖੂਬਸੂਰਤ ਕਲਾਮ ਪੇਸ਼ ਕੀਤੇ।

ਔਖੇ ਸ਼ਬਦਾਂ ਨਾਲ ਲਬਰੇਜ ਭਾਸ਼ਨਾਂ ਦੀ ਥਾਂ ਭਾਈ ਸਤਪਾਲ ਸਿੰਘ ਵੱਲੋਂ ਸਾਹਿਤਕਾਰਾਂ ਤੋਂ ਮੰਗ ਕੀਤੀ ਗਈ ਕਿ ਉਹ ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਹਰਿਆਵਲ ਨੂੰ ਮੁੱਖ ਵਿਸ਼ਾ ਬਣਾ ਕੇ ਨਾਵਲ, ਕਹਾਣੀਆਂ ਅਤੇ ਗੀਤ ਲਿਖਣ। ਨੰਬਰਦਾਰ ਜਸਬੀਰ ਸਿੰਘ ਸਿੱਧੂ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਵਾਅਦਾ ਕੀਤਾ ਗਿਆ ਕਿ ਜਲਦੀ ਹੀ ਪਿੰਡ ਵਿੱਚ ਇੱਕ ਲਾਇਬਰੇਰੀ ਖੋਲੀ ਜਾਵੇਗੀ ਤਾਂ ਜੋ ਲੋਕ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਜੁੜ ਸਕਣ।

ਦੋਵੇਂ ਸੰਸਥਾਵਾਂ ਬਲਦੇਵ ਬਾਬਾ, ਮਹਿੰਦਰ ਸਿੰਘ ਬੱਸੀਆਂ ਅਤੇ ਮਿੱਤਰ ਸੈਨ ਮੀਤ ਦਾ ਸਨਮਾਨ ਜ਼ਰੂਰ ਕੀਤਾ ਗਿਆ ਪਰ ਨਵੀਂ ਪਿਰਤ ਪਾਉਂਦੇ ਹੋਏ ਕੇਵਲ ਖ਼ੂਬਸੂਰਤ ਸਨਮਾਨ ਪੱਤਰਾਂ ਅਤੇ ਲੋਈਆਂ ਨਾਲ।

ਮਹਿੰਗੇ ਭੋਜਨ ਦੀ ਪ੍ਰਥਾ ਨੂੰ ਵੀ ਤੋੜਿਆ ਗਿਆ। ਗਰਮ ਚਾਹ, ਸਮੋਸੇ ਅਤੇ ਬਰਫ਼ੀ ਨੇ ਵਧੀਆ ਕੰਮ ਸਾਰਿਆ।

ਤਿੰਨੋ ਖੂਬਸੂਰਤ ਸਨਮਾਨ ਪੱਤਰ

ਮਿੱਤਰ ਸੈਨ ਮੀਤ ਵੱਲੋਂ ਪੰਜਾਬੀ ਸਾਹਿਤ ਵਿੱਚ ਇਹ ਨਵਾਂ ਮੀਲ ਪੱਥਰ ਸਥਾਪਤ ਕਰਨ ਲਈ ਜਸਵਿੰਦਰ ਸਿੰਘ ਛਿੰਦਾ ਦਾ ਸਨਮਾਨ ਕੀਤਾ ਗਿਆ।

ਸਮਾਗਮ ਦੀ ਸਫਲਤਾ ਵਿੱਚ ਜਸਵਿੰਦਰ ਸ਼ਿੰਦਾ ਦੇ ਨਾਲ ਨਾਲ ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੇ ਪ੍ਰਧਾਨ ਕੈਪਟਨ ਪੂਰਨ ਸਿੰਘ ਅਤੇ ਸ਼ਬਦ ਅਦਬ ਸਹਿਤ ਸਭਾ ਮਾਣੂੰਕੇ  ਦੇ ਪ੍ਰਧਾਨ ਰਸ਼ਪਾਲ ਸਿੰਘ ਚਕਰ ਦਾ ਸਹਿਯੋਗ ਵੀ ਪ੍ਰਸ਼ੰਸਾਯੋਗ ਸੀ।

ਮਿੱਤਰ ਪਿਆਰਿਆਂ ਦਾ ਵੱਡਾ ਇਕੱਠ

ਇਸ ਤਰ੍ਹਾਂ ਸਾਹਿਤ ਨੂੰ ਮੁੜ ਲੋਕਾਂ ਨਾਲ ਜੋੜਨ ਦਾ ਇਹ ਉਪਰਾਲਾ ਬਹੁਤ ਹੀ ਸਾਰਥਕ ਸਿੱਧ ਹੋਣ ਦੇ ਨਾਲ ਨਾਲ ਜ਼ਮੀਨ ਨਾਲ ਜੁੜੇ ਹੋਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀ ਲਈ ਪ੍ਰੇਰਨਾ ਸਰੋਤ ਵੀ ਬਣਿਆ।

ਮੀਡੀਆ ਦਾ ਭਰਪੂਰ ਸਹਿਯੋਗ