ਪੰਜਵਾਂ ਸਮਾਗਮ -ਗੁਰੂ ਨਾਨਕ ਪਬਲਿਕ ਸੀਨੀਅਰ ਸਕੈਡੰਰੀ ਸਕੂਲ ਬੱਸੀਆਂ
ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸਥਿਤ ਨਿੱਜੀ ਸਕੂਲ ਪੰਜਾਬ ਅਧਿਆਤਮਕ ਚਿੰਤਨ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪਹੁੰਚਾ ਰਹੇ ਹਨ ਅਸਮਾਨੀ
————————————————-
ਇਹ ਸਿੱਟਾ ਗੁਰੂ ਨਾਨਕ ਪਬਲਿਕ ਸੀਨੀਅਰ ਸਕੈਡੰਰੀ ਸਕੂਲ ਬੱਸੀਆਂ ‘ਚ ਕਰਵਾਏ ਪੰਜਵੇਂ ਸਮਾਗਮ ‘ਚੋਂ ਨਿਕਲਿਆ
———————————
ਜਿੱਥੇ ਇੱਕ ਪਾਸੇ ਕਾਰਪੋਰੇਟ ਘਰਾਨਿਆਂ ਵੱਲੋਂ ਸਥਾਪਿਤ ਅਤੇ ਕੇਂਦਰੀ ਸਿੱਖਿਆ ਬੋਰਡਾਂ ਨਾਲ ਸੰਬੰਧਿਤ ਸਕੂਲਾਂ ਵਿੱਚ ਪੰਜਾਬੀ ਨੂੰ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ ਉੱਥੇ ਦੂਜੇ ਪਾਸੇ ਸਧਾਰਨ ਵਿਅਕਤੀਆਂ ਵੱਲੋਂ ਆਪਣੇ ਸੀਮਿਤ ਸਾਧਨਾ ਨਾਲ ਸਥਾਪਤ ਅਜਿਹੇ ਸਕੂਲ ਵੀ ਨਜ਼ਰ ਆਉਂਦੇ ਹਨ ਜਿੱਥੇ ਪੰਜਾਬ ਚਿੰਤਨ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵਿਕਸਿਤ ਕਰਨ ਲਈ ਸਿਰ ਤੋੜ ਯਤਨ ਹੋ ਰਹੇ ਹਨ।
ਲੁਧਿਆਣਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਬਸੀਆਂ ਵਿੱਚ ਸਥਿਤ ਇਹੋ ਜਿਹਾ ਇੱਕ ਸਕੂਲ ਹੈ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ। ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਹੋਣ ਕਾਰਨ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਪੰਜਾਬੀ ਲਾਜਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਂਦੀ ਹੈ। ਸਿੱਖਿਆ ਦਾ ਮਾਧਿਅਮ ਪੰਜਾਬੀ ਵੀ ਹੈ ਅਤੇ ਅੰਗਰੇਜ਼ੀ ਵੀ।
ਸਕੂਲ ਵਿੱਚ ਹਰ ਮਹੀਨੇ Quiz ਮੁਕਾਬਲੇ ਕਰਵਾਏ ਜਾਂਦੇ ਹਨ। ਮੁਕਾਬਲਿਆਂ ਵਿੱਚ ਲੁਪਤ ਹੋ ਰਹੇ ਠੇਠ ਪੰਜਾਬੀ ਸ਼ਬਦਾਂ, ਪੁਰਾਣੇ ਖੇਤੀ ਔਜਾਰਾਂ ਅਤੇ ਖਾਲਸਾਈ ਸ਼ਬਦਾਂ ਆਦਿ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਂਦੇ ਹਨ। ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਵਿਦਿਆਰਥੀਆਂ ਨੂੰ ਕਵੀਸ਼ਰੀਆਂ, ਵਾਰਾਂ ਗਾਉਣੀਆਂ, ਅਤੇ ਅਧਿਆਤਮ ਨਾਲ ਜੋੜਨ ਲਈ ਕੀਰਤਨ ਕਰਨੇ ਸਿਖਾਏ ਜਾਂਦੇ ਹਨ।
ਇਹ ਸਭ ਅੱਖੀਂ ਦੇਖਣ ਦੇ ਉਦੇਸ਼ ਨਾਲ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਪੰਜਵਾਂ ਸਮਾਗਮ 22 ਨਵੰਬਰ, ਨੂੰ ਇਸੇ ਸਕੂਲ ਵਿੱਚ ਰੱਖਿਆ ਗਿਆ।
ਜੋ ਸੁਣਿਆ ਸੀ ਉਸ ਤੋਂ ਕਿਤੇ ਵੱਧ ਅੱਖੀਂ ਦੇਖਿਆ।
ਸਕੂਲ ਦੇ ਪੰਜਾਬੀ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਵਿਚ ਪਹਿਲੇ ਨੰਬਰ ਤੇ ਆਉਣ ਵਾਲੇ ਛੇ ਵਿਦਿਆਰਥੀਆਂ (ਹਰਨੂਰ ਕੌਰ, ਹਰਮਨ ਕੌਰ ਹਠੂਰ,ਪੰਕਜ ਕੁਮਾਰ, ਗੁਰਬੀਰ ਕੌਰ, ਜਸਪ੍ਰੀਤ ਕੌਰ ਅਤੇ ਹਰਪਲਖੁਸ਼ ਨੂਰ ਕੌਰ) ਨੂੰ ਭਾਈਚਾਰੇ ਵੱਲੋਂ ਉੱਤਮ ਪੁਸਤਕਾਂ, ਪੈਂਤੀ ਅੱਖਰੀ ਫ਼ੱਟੀਆਂ ਅਤੇ ਪ੍ਰਮਾਣ-ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।
‘ ਨੌਜਵਾਨਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਕੀਤੀ ਜਾਵੇ ?’ ਇਸ ਵਿਸ਼ੇ ਤੇ ਸੰਖੇਪ ਵਿਚਾਰ ਵਟਾਂਦਰੇ ਵਿੱਚ ਮਿੱਤਰ ਸੈਨ ਮੀਤ, ਅਮਰੀਕ ਸਿੰਘ ਤਲਵੰਡੀ ਅਤੇ ਬਲਵੀਰ ਕੌਰ ਰਾਏਕੋਟੀ ਨੇ ਆਪਣੇ ਆਪਣੇ ਵਿਚਾਰ ਰੱਖੇ।
ਭਾਈਚਾਰੇ ਦੇ ਸੰਚਾਲਕ ਮੂਲ ਚੰਦ ਸ਼ਰਮਾ ਅਤੇ ਜਸਵਿੰਦਰ ਸਿੰਘ ਛਿੰਦਾ ਨੇ ਦੂਰੋਂ ਆ ਕੇ ਹਾਜ਼ਰੀ ਲਗਵਾਈ। ਮੂਲ ਚੰਦ ਸ਼ਰਮਾ ਜੀ ਨੇ ਮਾਂ ਬੋਲੀ ਦਾ ਗੁਣਗਾਨ ਕਰਦਾ ਆਪਣਾ ਗੀਤ ਸੁਣਾਇਆ।
ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਤੇ ਆਪਣੀ ਪਕੜ ਦੇ ਜੌਹਰ ਦਿਖਾਏ।
ਬਲਵੀਰ ਕੌਰ ਰਾਏਕੋਟੀ ਵਲੋਂ ਆਪਣੇ ਵਲੋਂ ਸੰਪਾਦਿਤ ਦੋ ਬਾਲ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ।
ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਡਾਇਰੈਕਟਰ ਸ੍ਰ ਮਹਿੰਦਰ ਸਿੰਘ ਬੱਸੀਆਂ ਜੀ ਨੇ ਕੀਤੀ।
ਸਕੂਲ ਦੀ ਫ਼ੇਰੀ ਬਾਅਦ ਯਕੀਨ ਵਜਿਆ ਕਿ ਘੱਟੋ ਘੱਟ ਹਾਲ ਦੀ ਘੜੀ ਤਾਂ ਪੰਜਾਬੀ ਭਾਸ਼ਾ, ਸਹਿਤ ਅਤੇ ਸਭਿਆਚਾਰ ਨੂੰ ਕੋਈ ਖ਼ਤਰਾ ਨਹੀਂ ਹੈ।
——————————-
ਚੌਥਾ ਸਮਾਗਮ -ਸਰਕਾਰੀ ਸਕੈਡੰਰੀ ਸਕੂਲ ਗੋਬਿੰਦਪੁਰ
ਕਨੇਡੀਅਨ ਪੰਜਾਬੀਆਂ ਦੇ ਪੰਜਾਬ ਵਿੱਚ ਪੰਜਾਬੀ ਨੂੰ ਪੁਨਰ ਸਰਜੀਤ ਕਰਨ ਦੇ ਸੁਪਨੇ ਨੂੰ ਬੂਰ ਪੈਣਾ ਸ਼ੁਰੂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ‘ਚ ਕੀਤੇ ਚੌਥੇ ਸਮਾਗਮ ਚੋਂ ਨਿਕਲਿਆ ਸਿੱਟਾ
ਸੱਲ ਕਲਾਂ ਤਹਿਸੀਲ ਬੰਗਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਮੁਸ਼ਕਿਲ ਨਾਲ ਚਾਰ ਪੰਜ ਸੌ ਘਰਾਂ ਦਾ। ਇੱਥੋਂ ਦੇ ਸਾਬਕਾ ਧੜੱਲੇਦਾਰ ਸਰਪੰਚ ਦੇ ਪੰਜੋ ਪੁੱਤਰ ਅੱਜ ਕੱਲ ਕਨੇਡਾ ਦੇ ਵਸਨੀਕ ਹਨ। ਇਧਰ ਵਾਂਗ, ਪੰਜਾਂ ਨੇ ਹੱਡ ਭੰਨਵੀਂ ਮਿਹਨਤ ਕਰਕੇ ਉਧਰ ਵੀ ਪੂਰੇ ਸੁੱਖ ਸਾਧਨ ਜੁਟਾ ਲਏ ਹਨ।
ਰੋਟੀ ਟੁੱਕ ਦੇ ਫਿਕਰ ਤੋਂ ਵਿਹਲੇ ਹੋ ਕੇ ਹੁਣ ਸਾਰੇ ਭਰਾਵਾਂ ਨੇ ਆਪਣੇ ਪਿਆਰੇ ਪੰਜਾਬ ਦੇ ਮਸਲਿਆਂ, ਖਾਸ ਕਰ ਇੱਥੋਂ ਹੋ ਰਹੇ ਪੰਜਾਬੀ ਦੇ ਦੇਸ ਨਿਕਾਲੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੋਇਆ ਹੈ।
ਪਰਿਵਾਰ ਦੇ ਵੱਡੇ ਮੈਂਬਰ ਕਿਰਪਾਲ ਸਿੰਘ ਗਰਚਾ ਦੀ ਉਸ ਸਮੇਂ ਆਤਮਾ ਬਲੂੰਦਰੀ ਗਈ ਜਦੋਂ ਸਾਲ 2015 ਵਿੱਚ, ਆਪਣੇ ਕਿਸੇ ਨਿਜੀ ਕੰਮ ਲਈ ਉਹ ਮਿਉਂਸੀਪਲ ਕਮੇਟੀ ਬੰਗਾ ਦੇ ਦਫ਼ਤਰ ਗਏ। ਉਨਾਂ ਨੇ ਦੇਖਿਆ ਕਿ ਕਮੇਟੀ ਦੇ ਵਾਹਨਾਂ ਤੇ ਪੰਜਾਬੀ ਵਿੱਚ ਲਿਖੇ ਸ਼ਬਦਾਂ ਨੂੰ ਮਿਟਾ ਕੇ ਹਿੰਦੀ ਲਿਖੀ ਜਾ ਰਹੀ ਹੈ। ਆਪਣਾ ਵਿਰਾਟ ਰੂਪ ਦਿਖਾ ਕੇ ਉਨਾਂ ਨੇ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕਰਕੇ, ਇਹ ਪੰਜਾਬੀ ਭਾਸ਼ਾ ਵਿਰੋਧੀ ਵਰਤਾਰਾ ਰੋਕਿਆ।
ਕੈਨੇਡਾ ਵਾਪਸ ਜਾ ਕੇ ਉਨਾਂ ਨੇ ਆਪਣੀ ਇਹ ਚਿੰਤਾ ਆਪਣੇ ਸਮਾਜ ਸੇਵੀ ਮਿੱਤਰਾਂ ਨਾਲ ਸਾਂਝੀ ਕੀਤੀ।
ਸੋਚ ਵਿਚਾਰ ਬਾਅਦ ਇਹਨਾਂ ਮਿੱਤਰਾਂ ਨੇ ‘ਪੰਜਾਬ ਵਿੱਚ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ’ ਨੂੰ ਸਮਝਣ ਅਤੇ ਕਨੇਡਾ ਵਸਦੇ ਪੰਜਾਬੀਆਂ ਵਿੱਚ ਮਾਂ ਬੋਲੀ ਪੰਜਾਬੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਾਲ 2018 ਵਿੱਚ ਕਨੇਡਾ ਦੇ ਚਾਰ ਪੰਜਾਬੀ ਵਸੋਂ ਵਾਲੇ ਵੱਡੇ ਸ਼ਹਿਰਾਂ (ਵੈਨਕੂਵਰ, ਐਡਮਿੰਟਨ, ਕੈਲਗਰੀ ਅਤੇ ਵਿਨੀਪਿਗ) ਵਿੱਚ ਸਮਾਗਮ ਰੱਖੇ। ਉਸ ਸਮਾਗਮ ਵਿੱਚ ਅਮਰੀਕਾ, ਕਨੇਡਾ, ਪਾਕਿਸਤਾਨ ਅਤੇ ਭਾਰਤ ਤੋਂ ਪੰਜਾਬੀ ਭਾਸ਼ਾ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਕਾਰਕੁਨਾਂ ਨੂੰ ਸੱਦਾ ਦਿੱਤਾ ਗਿਆ। ਪੰਜਾਬ ਤੋਂ ਇਹ ਸਨਮਾਨ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਦੀ ਝੋਲੀ ਪਿਆ।
ਸਮੁੰਦਰ ਮੰਥਨ ਬਾਅਦ ਫ਼ੈਸਲਾ ਹੋਇਆ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਕੰਮ ਕਰਨ ਲਈ ਇੱਕ ਅਜਿਹੀ ਸੰਸਥਾ ਦੀ ਸਥਾਪਨਾ ਕੀਤੀ ਜਾਵੇ ਜਿਸ ਦੀਆਂ ਜੜ੍ਹਾਂ ਸਾਰੀ ਦੁਨੀਆ ਵਿੱਚ ਹੋਣ। ਇਸ ਸੰਸਥਾ ਨੂੰ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦਾ ਨਾਂ ਦਿੱਤਾ ਗਿਆ। ਪੰਜਾਬ ਵਿੱਚ ਇਸ ਸੰਸਥਾ ਲਈ ਕੰਮ ਕਰਨ ਦੀ ਜਿੰਮੇਵਾਰੀ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਨੂੰ ਸੌਂਪੀ ਗਈ। ਵਿਦੇਸ਼ਾਂ ਵਿੱਚ ਇਕਾਈਆਂ ਸਥਾਪਿਤ ਕਰਨ ਦੀ ਜਿੰਮੇਵਾਰੀ ਕਨੇਡਾ ਦੇ ਸੀਨੀਅਰ ਪੱਤਰਕਾਰ ਸ੍ਰ ਕੁਲਦੀਪ ਸਿੰਘ ਨੂੰ ਦਿੱਤੀ ਗਈ। ਕੁਲਦੀਪ ਸਿੰਘ ਹੋਰਾਂ ਦੇ ਯਤਨਾਂ ਸਦਕਾ ਅੱਜ ਦੁਨੀਆਂ ਦੇ 18 ਦੇਸ਼ਾਂ ਵਿੱਚ 25 ਦੇ ਲਗਭਗ ਸਰਗਰਮ ਇਕਾਈਆਂ ਹਨ।
ਪੰਜਾਬ ਆਉਂਦਿਆਂ ਹੀ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਨੇ 13 ਜ਼ਿਲ੍ਹਿਆਂ ਅਤੇ ਪੰਜ ਤਹਿਸੀਲਾਂ ਵਿੱਚ ਭਾਈਚਾਰੇ ਦੀਆਂ ਇਕਾਈਆਂ ਸਥਾਪਿਤ ਕੀਤੀਆਂ। ਦਿਨ ਰਾਤ ਕੰਮ ਕਰਕੇ, ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ, ‘ਪੰਜਾਬੀ ਨੂੰ ਦਰਪੇਸ਼ ਅਸਲ ਸਮੱਸਿਆਵਾਂ’ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਜੱਦੋ ਜਹਿਦ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ। ਇਹਨਾਂ ਸਿੱਟਿਆਂ ਵਿੱਚੋਂ ਸਭ ਤੋਂ ਵੱਧ ਜ਼ਿਕਰਯੋਗ ਹੈ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਦਸਵੀਂ ਜਮਾਤ ਤੱਕ ਲਾਜ਼ਮੀ ਕਰਵਾਉਣਾ।
ਇਸੇ ਜਾਗਰੂਕ ਲਹਿਰ ਦੇ ਹਿੱਸੇ ਵਜੋਂ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ‘ਪੰਜਾਬੀ ਭਾਸ਼ਾ ਸਿੱਖਣੀ ਕਿਉਂ ਜਰੂਰੀ ਹੈ?’ ਵਿਸ਼ੇ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਉਨਾਂ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ/ਸਨਮਾਨਿਤ ਕੀਤਾ ਜਾ ਰਿਹਾ ਹੈ ਜਿਹੜੇ ਪੰਜਾਬੀ ਸਾਹਿਤ ਸਿਰਜਣ, ਸ਼ੁੱਧ ਉਚਾਰਨ, ਗਾਇਨ ਅਤੇ ਸੁੰਦਰ ਲਿਖਾਈ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਪ੍ਰਸ਼ੰਸਾਯੋਗ ਯੋਗਦਾਨ ਪਾ ਰਹੇ ਹਨ।
ਇਸ ਲੜੀ ਦਾ ਚੌਥਾ ਸਮਾਗਮ ਸਰਕਾਰੀ ਸਕੈਡੰਰੀ ਸਕੂਲ ਗੋਬਿੰਦਪੁਰ ਵਿੱਚ ਕੀਤਾ ਗਿਆ। ਇਹ ਉਹ ਸਕੂਲ ਹੈ ਜਿੱਥੇ ਗਰਚਾ ਪਰਿਵਾਰ ਦੇ ਵਿਚਕਾਰਲੇ ਪੁੱਤਰ ਸ੍ਰ ਸੁਖਦੇਵ ਸਿੰਘ ਗਰਚਾ ਨੇ 1988 ਤੱਕ ਸਾਇੰਸ ਪੜ੍ਹਾਈ। ਉਨਾਂ ਦੇ ਕੁਝ ਵਿਦਿਆਰਥੀ ਇਸ ਸਕੂਲ ਵਿੱਚ ਅਧਿਆਪਕ ਹਨ। ਇਸ ਸਾਂਝ ਕਾਰਨ ਜਿੱਥੇ ਗਰਚਾ ਪਰਿਵਾਰ ਦੀ ਇਸ ਸਕੂਲ ਨਾਲ ਭਾਵਨਾਤਮਿਕ ਸਾਂਝ ਹੈ ਉੱਥੇ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਉਹਨਾਂ ਨਾਲ ਅਪਨੱਤ ਰੱਖਦੇ ਹਨ।
ਭਾਈਚਾਰੇ ਦੀ ਕਨੇਡਾ ਅਤੇ ਪੰਜਾਬ ਇਕਾਈ ਦੀ ਸਾਰੀ ਟੀਮ (ਸੁਖਦੇਵ ਸਿੰਘ ਗਰਚਾ, ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋ ਅਤੇ ਦਵਿੰਦਰ ਸਿੰਘ ਸੇਖਾ) ਸਮੇਂ ਸਿਰ ਸਕੂਲ ਪਹੁੰਚ ਗਏ। ਸਕੂਲ ਨੂੰ ‘ਵਿਆਹ ਵਾਲੇ ਘਰ’ ਵਾਂਗ ਗੁਬਾਰਿਆਂ ਅਤੇ ਰੰਗੋਲੀਆਂ ਨਾਲ ਸਜ਼ਾਇਆ ਗਿਆ ਸੀ। ਸਕੂਲ ਦੇ ਖੁੱਲੇ ਵੇੜੇ ਅਤੇ ਨਿੱਘੀ ਧੁੱਪ ਵਿੱਚ ਸਮਾਗਮ ਦੀ ਸ਼ੁਰੂਆਤ ਹੋਈ।
ਸਕੂਲ ਦੇ ਵਿਦਿਆਰਥੀਆਂ ਪੁਸ਼ਪਾ (ਸੁੰਦਰ ਲਿਖਾਈ), ਸ਼ਿਬਮ (ਸਾਹਿਤ ਸਿਰਜਣ-ਗੀਤ), ਜੱਸੀ (ਸਾਹਿਤ ਸਿਰਜਣ-ਕਵਿਤਾ), ਰਾਘਵ ਸੁਭਰਾ (ਸ਼ੁੱਧ ਪੰਜਾਬੀ ਉਚਾਰਨ), ਮਨਪ੍ਰੀਤ ਕੌਰ (ਪੰਜਾਬੀ ਵਿਸ਼ੇਸ ਵਿਚ 99% ਅੰਕ ਪ੍ਰਾਪਤ ਕਰਨ) ਅਤੇ ਸ਼ਿਲਪਾ ਨੂੰ (ਕਵਿਤਾ ਉਚਾਰਨ) ਲਈ ਸਨਮਾਨਿਤ ਕੀਤਾ ਜਾਣਾ ਸੀ।
ਪਹਿਲਾਂ ਇਹਨਾਂ ਬੱਚਿਆਂ ਵੱਲੋਂ ਆਪਣੀ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਫੇਰ ਸੰਖੇਪ ਵਿੱਚ ਸੁਖਦੇਵ ਸਿੰਘ ਗਰਚਾ, ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋ ਅਤੇ ਰਾਜ ਕੁਮਾਰ ਵੱਲੋਂ ਪੰਜਾਬੀ ਦੀ ਪੜ੍ਹਾਈ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਮਾਸਟਰ ਜਸਵੀਰ ਸਿੰਘ ਅਤੇ ਮਾਸਟਰ ਸੁਭਾਸ਼ ਕੁਮਾਰ ਨੂੰ ਵੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੀ ਲਾਇਬਰੇਰੀ ਲਈ ਮਿੱਤਰ ਸੈਨ ਮੀਤ ਵੱਲੋਂ ਆਪਣੀਆਂ ਲਿਖੀਆਂ ਪੁਸਤਕਾਂ ਦਾ ਸੈਟ ਪ੍ਰਿੰਸੀਪਲ ਸਾਹਿਬਾ ਨੂੰ ਭੇਂਟ ਕੀਤਾ ਗਿਆ।
ਅਖ਼ੀਰ ਵਿਚ ਸਕੂਲ ਵੱਲੋਂ ਆਪਣੇ ਵਿਹੜੇ ਆਏ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਮਾਨ ਬਖਸ਼ਿਆ ਗਿਆ।
ਆਰਟਿਸਟ ਬੱਚੇ
ਮਿੱਤਰ ਸੈਨ ਮੀਤ ਵਲੋਂ ਸਕੂਲ ਦੀ ਲਾਇਬਰੇਈ ਲਈ ਆਣੀਆਂ ਪੁਸਤਕਾਂ ਦਾ ਸੈਟ ਪ੍ਰਿੰਸੀਪਲ ਸਾਹਿਬਾ ਨੂੰ ਭੇਂਟ ਕੀਤਾ ਗਿਆ।
ਫੋਟੋਆਂ ਖਿੱਚਣ ਅਤੇ ਰਿਕਾਰਡਿੰਗ ਦੀ ਜਿੰਮੇਵਾਰੀ ਦਵਿੰਦਰ ਸਿੰਘ ਸੇਖਾ ਵੱਲੋਂ ਨਿਭਾਈ ਗਈ।
————————————————-
ਤੀਜਾ ਸਮਾਗਮ –ਬੀ.ਸੀ.ਐਮ . ਸਕੂਲ ਲੁਧਿਆਣਾ
ਨਿਜੀ ਪਬਲਿਕ ਸਕੂਲਾਂ ਵਿੱਚ ਵੀ ਪੜ੍ਹਾਈ ਜਾ ਰਹੀ ਹੈ ਪੰਜਾਬੀ
ਬੀ.ਸੀ.ਐਮ . ਸਕੂਲ ਲੁਧਿਆਣਾ ਵਿੱਚ ਕਰਵਾਏ ਗਏ ਤੀਜੇ ਸਮਾਗਮ ‘ ਚ ਨਿਕਲਿਆ ਸਿੱਟਾ
ਸਾਲ 2018 ਤੱਕ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਕਰਾਉਣਾ ਤਾਂ ਦੂਰ ਪੰਜਾਬੀ ਬੋਲਣ ਤੱਕ ਤੇ ਪਾਬੰਦੀ ਤੱਕ ਲੱਗੀ ਹੋਈ ਸੀ। ਸਕੂਲਾਂ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜ਼ੁਰਮਾਨੇ ਤੱਕ ਕੀਤੇ ਜਾਂਦੇ ਸਨ।
ਪੰਜਾਬ ਸਰਕਾਰ ਵੱਲੋਂ ਸਾਲ 2008 ਵਿੱਚ ਇੱਕ ਕਾਨੂੰਨ (ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਕਾਨੂੰਨ) ਬਣਾਇਆ ਗਿਆ ਸੀ ਜਿਸ ਰਾਹੀਂ ਇਹ ਵਿਵਸਥਾ ਕੀਤੀ ਗਈ ਸੀ ਕਿ ਪੰਜਾਬ ਵਿੱਚ ਸਥਿਤ ਹਰ ਸਕੂਲ (ਨਿੱਜੀ ਅਤੇ ਸਰਕਾਰੀ) ਨੂੰ ਪਹਿਲੀ ਤੋਂ ਦਸਵੀਂ ਜ਼ਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਕਰਵਾਉਣੀ ਜ਼ਰੂਰੀ ਹੋਵੇਗੀ।
ਸਾਲ 2018 ਤੱਕ ਨਿੱਜੀ ਸਕੂਲਾਂ ਵੱਲੋਂ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ।
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸਿਰ ਤੋੜ ਯਤਨਾਂ ਸਦਕਾ, ਅਖ਼ੀਰ ਪੰਜਾਬ ਸਰਕਾਰ ਵੱਲੋਂ ਮਿਤੀ 21.01.2019 ਨੂੰ ਹੁਕਮ ਜਾਰੀ ਕਰਕੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ, ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ।
ਇਸ ਕਾਨੂੰਨ ਅਤੇ ਹੁਕਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣ ਲਈ ਭਾਈਚਾਰੇ ਵੱਲੋਂ ਪੈਰਵਾਈ ਜਾਰੀ ਰੱਖੀ ਗਈ।
ਨਤੀਜ਼ੇ ਵੱਜੋਂ, ਅੱਜ ਪੰਜਾਬ ਦੇ ਹਰ ਨਿੱਜੀ ਪਬਲਿਕ ਸਕੂਲ ਵਿੱਚ ਪੰਜਾਬੀ ਦੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਵਿੱਚ ਪੰਜਾਬੀ ਵਿੱਚ ਸਾਹਿਤ ਸਿਰਜਣ, ਸ਼ੁੱਧ ਉਚਾਰਨ ਅਤੇ ਸੁੰਦਰ ਲਿਖਾਈ ਦੇ ਨਾਲ ਨਾਲ ਸੱਭਿਆਚਾਰਕ ਸਰਗਰਮੀਆਂ ਵਿੱਚ ਰੁਚੀਆਂ ਪੈਦਾ ਕਰਨ ਲਈ ਯਤਨ ਹੋਣ ਲੱਗ ਪਏ ਹਨ।
16 ਅਕਤੂਬਰ 2024 ਨੂੰ ਦਿੱਲੀ ਪਬਲਿਕ ਸਕੂਲ ਲੁਧਿਆਣਾ ਵੱਲੋਂ ਵਿਦਿਆਰਥੀਆਂ ਵਿੱਚ ਰਚਨਾਤਮਿਕ ਪ੍ਰਤਿਭਾਵਾਵਾਂ ਨੂੰ ਵਿਕਸਿਤ ਕਰਨ ਲਈ ‘ਵਾਗਮਿਤਾ’ ਨਾਂ ਹੇਠ ਇਕ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਦਿੱਤੇ ਇੱਕ ਵਿਸ਼ੇ ਤੇ ਮੌਕੇ ਤੇ ਕਹਾਣੀ ਲਿਖਣੀ ਸੀ, ਕਵਿਤਾ ਉਚਾਰਨ ਅਤੇ ਲੋਕ ਗੀਤ ਗਾਇਨ ਕਰਨਾ ਸੀ। 15 ਵਿੱਚੋਂ 13 ਸਕੂਲਾਂ ਦੇ 59 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ।
ਮਿੱਤਰ ਸੈਨ ਮੀਤ ਨੂੰ ਇਸ ਸਮਾਗਮ ਵਿੱਚ ਬਤੌਰ ਜੱਜ ਹਾਜ਼ਰੀ ਲਗਵਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਸਾਰੇ ਬੱਚਿਆਂ ਦੀ ਪੇਸ਼ਕਾਰੀ ਦਾ ਮਿਆਰ ਲਗਭਗ ਇੱਕੋ ਜਿਹਾ ਸੀ। ਕਿਸ ਵਿਦਿਆਰਥੀ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਅਤੇ ਕਿਸ ਨੂੰ ਦੂਜੇ ਨੰਬਰ ਤੇ, ਇਹ ਫ਼ੈਸਲਾ ਕਰਨਾ ਬਹੁਤ ਮੁਸ਼ਕਿਲ ਸੀ।
ਇਸ ਦੁਬਿਧਾ ਨੂੰ ਹੱਲ ਕਰਨ ਲਈ ਭਾਈਚਾਰੇ ਵੱਲੋਂ ਫੈਸਲਾ ਕੀਤਾ ਗਿਆ ਕਿ ਮੁਕਾਬਲੇ ਵਿੱਚ ਪਹਿਲੇ ਦੂਜੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰ ਵਿਦਿਆਰਥੀ ਨੂੰ, ਉਸਦੇ ਸਕੂਲ ਵਿੱਚ ਜਾ ਕੇ ਭਾਈਚਾਰੇ ਵੱਲੋਂ ਵੀ ਸਨਮਾਨਿਤ/ਉਤਸ਼ਾਹਿਤ ਕੀਤਾ ਜਾਵੇ।
BCM ਬਸੰਤ ਐਵਨਿਊ ਲੁਧਿਆਣਾ ਸਕੂਲ ਦੇ ਤਿੰਨ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਵਧੀਆ ਕਹਾਣੀ ਲਿਖਣ ਲਈ ਇਸ ਸਕੂਲ ਦੀ ਵਿਦਿਆਰਥਣ ਦੂਜੇ ਨੰਬਰ ਤੇ ਰਹੀ ਸੀ।
ਜਦੋਂ ਇਹ ਵਿਚਾਰ ਇਸ ਸਕੂਲ ਦੀ ਤਾਲਮੇਲ (co-coordinator) ਅਧਿਆਪਕਾ ਨਾਲ ਸਾਂਝਾ ਕੀਤਾ ਗਿਆ ਤਾਂ ਉਹਨਾਂ ਨੇ ਭਾਈਚਾਰੇ ਨੂੰ ਜਾਣਕਾਰੀ ਦਿੱਤੀ ਕਿ ਦਿੱਲੀ ਪਬਲਿਕ ਸਕੂਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਪੱਧਰ ਦੇ ਉਨ੍ਹਾਂ ਕੋਲ ਬੀਸੀਆਂ ਬੱਚੇ ਹਨ। ਉਹਨਾਂ ਮੰਗ ਕੀਤੀ ਕਿ ਦਿੱਲੀ ਪਬਲਿਕ ਸਕੂਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਪੱਧਰ ਦੇ ਘੱਟੋ ਘੱਟ 16 ਬੱਚਿਆਂ ਨੂੰ ਭਾਈਚਾਰੇ ਵੱਲੋਂ ਜ਼ਰੂਰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਦੇ ਹਿਤ ਵਿੱਚ ਹੋਣ ਕਾਰਨ ਭਾਈਚਾਰੇ ਵੱਲੋਂ ਤੁਰੰਤ ਇਹ ਮੰਗ ਪ੍ਰਵਾਨ ਕਰਨ ਲਈ ਗਈ।
ਸਮਾਗਮ ਬਾਲ ਦਿਵਸ ਵਾਲੇ ਦਿਨ, 14 ਨਵੰਬਰ ਨੂੰ ਰੱਖਿਆ ਗਿਆ। ਖਚਾ ਖਚ ਭਰੇ ਹਾਲ ਵਿੱਚ ਬੱਚਿਆਂ ਨੇ ਠੇਠ ਪੰਜਾਬੀ ਵਿੱਚ ਆਪਣੀਆਂ ਲਿਖੀਆਂ ਕਵਿਤਾਵਾਂ ਦੇ ਪਾਠ ਕਰਨ ਦੇ ਨਾਲ ਨਾਲ ਉੱਚ ਪੱਧਰ ਦੀਆਂ ਹੋਰ ਕਵਿਤਾਵਾਂ ਦਾ ਉਚਾਰਨ ਵੀ ਬਾਖ਼ੂਬੀ ਕੀਤਾ।
ਭਾਈਚਾਰੇ ਦੇ ਸੰਚਾਲਕਾਂ ਮਿੱਤਰ ਸੈਨ ਮੀਤ ਅਤੇ ਪ੍ਰੋਫੈਸਰ ਇੰਦਰਪਾਲ ਸਿੰਘ ਨੇ ‘ਪਬਲਿਕ ਸਕੂਲਾਂ ਵਿੱਚ ਮਾਂ ਬੋਲੀ ਦੀ ਮਹੱਤਤਾ’ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ।
ਪੰਜਾਬੀ ਭਾਸ਼ਾ ਦਾ ਝੰਡਾ ਬੁਲੰਦ ਕਰਨ ਵਾਲੇ 16 ਵਿਦਿਆਰਥੀਆਂ ਨੂੰ ਉੱਤਮ ਸਾਹਿਤਿਕ ਪੁਸਤਕਾਂ, 35 ਅੱਖਰੀ ਫੱਟੀ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।
ਵਧੀਆ ਕਹਾਣੀ ਲਿਖਣ ਦਾ ਸਨਮਾਨ ਗੁਰਨਾਮ ਕੌਰ ਨੂੰ ਪ੍ਰਾਪਤ ਹੋਇਆ। ਕਵਿਤਾ ਉਚਾਰਨ ਵਿੱਚ (ਹਰਕੀਰਤ ਸਿੰਘ, ਅਨੰਨਿਆ ਅਤੇ ਜਸਮਾਈਨ ਕੌਰ ਦੀ ਜੋੜੀ, ਅਰਸ਼ਪ੍ਰੀਤ ਕੌਰ ਅਤੇ ਜਸਜੋਤ ਸਿੰਘ ਨੇ) ਆਪਣੀ ਕਲਾ ਦੇ ਜ਼ੋਹਰ ਦਿਖਾਏ। ਜਸਜੋਤ ਸਿੰਘ ਨੇ ਆਪਣੀ ਲਿਖੀ ਖੂਬਸੂਰਤ ਕਵਿਤਾ ਆਪ ਪੇਸ਼ ਕੀਤੀ।
ਇਸ ਸਮਾਗਮ ਨੇ ਆਮ ਲੋਕਾਂ ਵਿੱਚ ਫੈਲੀ ਇਸ ਧਾਰਨਾ ਨੂੰ ਕਿ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਪੜ੍ਹਨ ਅਤੇ ਬੋਲਣ ਤੇ ਪਾਬੰਦੀ ਹੈ ਨੂੰ ਝੂਠਾ ਸਾਬਤ ਕੀਤਾ।
—————————————————————-
ਦੂਜਾ ਸਮਾਗਮ –ਸਰਕਾਰੀ ਸਕੈਡੰਰੀ ਸਕੂਲ ਕਰਮਗੜ੍ਹ
ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੇ ਸਮਾਗਮਾਂ ਦੀ ਲੜੀ ਦੇ ਦੂਜੇ ਸਮਾਗਮ ਵਿੱਚ
ਸਾਹਿਤ ਸਿਰਜਣ ਦੀ ਪਹਿਲਾਂ ਹੀ ਜਗਦੀ ਜੋਤ ਨੂੰ ਹੋਰ ਪ੍ਰਚੰਡ ਕਰਨ ਵਿੱਚ ਮਿਲੀ ਸਫ਼ਲਤਾ
ਨਿਰੋਲ ਪੇਂਡੂ ਪਿੱਠ ਭੂਮੀ ਵਾਲੇ ਸਰਕਾਰੀ ਸਕੈਡੰਰੀ ਸਕੂਲ ਕਰਮਗੜ੍ਹ ਵਿੱਚ, ਆਲੇ ਦੁਆਲੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਦੇ, ਲਗਭਗ 300 ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਹਿਤ ਸਿਰਜਨ ਵਰਗ ਦੀ ਵਾਗ ਡੋਰ, ਸਾਹਿਤਕ ਖ਼ੇਤਰ ਵਿੱਚ ਆਪਣੀਆਂ ਪੈੜਾਂ ਪੱਕੀਆਂ ਕਰ ਚੁੱਕੀ ਅਧਿਆਪਕਾ ਅੰਜਨਾ ਮੈਨਨ ਦੇ ਹੱਥ ਹੈ।
ਜਮਾਤ ਵਿੱਚ ਉਹਨਾਂ ਦਾ ਪਹਿਲਾ ਕੰਮ ਬੱਚਿਆਂ ਨੂੰ ਕਵਿਤਾ, ਕਹਾਣੀ ਅਤੇ ਲੇਖ ਲਿਖਣ ਲਈ ਪ੍ਰੇਰਿਤ ਕਰਨਾ ਹੁੰਦਾ ਹੈ। ਉਹ ਸ਼ੁੱਧ ਉਚਾਰਨ ਅਤੇ ਸੁੰਦਰ ਲਿਖਾਈ ਦਾ ਅਭਿਆਸ ਵੀ ਖੂਬ ਕਰਵਾਉਂਦੇ ਹਨ। ਬੱਚਿਆਂ ਦੇ ਆਤਮ ਵਿਸ਼ਵਾਸ ਨੂੰ ਪੱਕਾ ਕਰਨ ਲਈ, ਦੂਰ ਦੂਰ ਹੁੰਦੇ ਮੁਕਾਬਲਿਆਂ ਵਿੱਚ ਉਹਨਾਂ ਨੂੰ ਸ਼ਾਮਿਲ ਕਰਵਾਉਣ ਲਈ ਆਪ ਲੈਕੇ ਜਾਂਦੇ ਹਨ। ਬੱਚਿਆਂ ਦੀਆਂ ਰਚਨਾਵਾਂ ਨੂੰ ਪੁਸਤਕ ਰੂਪ ਦਿੰਦੇ ਹਨ। ਹੁਣ ਤੱਕ ਉਹ ਬੱਚਿਆਂ ਦੀਆਂ ਦੋ ਪੁਸਤਕਾਂ ‘ਤਾਰਿਆਂ ਦਾ ਰੁਮਾਲ’ ਅਤੇ ‘ਪੈੜਾਂ ਦੇ ਪੈਂਡੇ’ ਪ੍ਰਕਾਸ਼ਤ ਕਰ ਚੁੱਕੇ ਹਨ। ਆਪਣਾ ਕਾਵਿ-ਸੰਗ੍ਰਹਿ ‘ਕੱਕੀਆਂ ਕਣੀਆਂ’ ਵੀ ਮਾਂ ਬੋਲੀ ਪੰਜਾਬੀ ਦੀ ਝੋਲੀ ਪਾ ਚੁੱਕੇ ਹਨ।
ਅੰਜਨਾ ਮੈਨਨ ਵੱਲੋਂ ਬੱਚਿਆਂ ਵਿੱਚ ਸਹਿਤ ਸਿਰਜਣ ਦੀ ਜਗਾਈ ਇਸ ਜੋਤ ਨੂੰ ਹੋਰ ਪ੍ਰਚੰਡ ਕਰਨ ਲਈ, ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ,13 ਨਵੰਬਰ ਨੂੰ ਸਕੂਲ ਜਾ ਕੇ ਅਲਖ ਜਗਾਈ ਗਈ।
ਭਾਈਚਾਰੇ ਦੀ ਬੇਨਤੀ ਤੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਪਹਿਲਾਂ ਹੀ ਸਾਹਿਤ ਸਿਰਜਣ, ਸ਼ੁੱਧ ਉਚਾਰਨ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾ ਲਏ ਗਏ ਸਨ। ਸਹੂਲਤ ਲਈ ਵਿਦਿਆਰਥੀਆਂ ਨੂੰ ਮਿਡਲ ਅਤੇ ਸੈਕੰਡਰੀ ਦੋ ਸ਼੍ਰੇਣੀਆਂ ਵਿੱਚ ਵੰਡ ਲਿਆ ਗਿਆ ਸੀ।
ਕਵਿਤਾ ਸਿਰਜਣ ਮੁਕਾਬਲੇ ਵਿੱਚ ਸਿਮਰਨਜੀਤ ਕੌਰ (ਮਿਡਲ ਵਰਗ) ਅਤੇ ਸੁਨੀਤਾ ਰਾਣੀ (ਸਕੈਡੰਰੀ ਵਰਗ),
ਸੁੰਦਰ ਲਿਖਾਈ ਮੁਕਾਬਲੇ ਵਿਚ ਪੁਨੀਤ ਕੌਰ (ਮਿਡਲ ਵਰਗ) ਅਤੇ ਖੁਸ਼ਪ੍ਰੀਤ ਕੌਰ(ਸਕੈਡੰਰੀ ਵਰਗ) ਅਤੇ
ਪੋਸਟਰ ਮੁਕਾਬਲੇ ਵਿਚ ਖੁਸ਼ਦੀਪ ਕੌਰ (ਮਿਡਲ ਵਰਗ) ਅਤੇ ਸਿਮਰਨਦੀਪ ਕੌਰ (ਸਕੈਡੰਰੀ ਵਰਗ) ਵਿੱਚ ਪਹਿਲੇ ਨੰਬਰ ਤੇ ਰਹੇ ਸਨ।
ਭਾਈਚਾਰੇ ਵੱਲੋਂ ਪਹਿਲਾਂ ਕੀਤੇ ਫੈਸਲੇ ਅਨੁਸਾਰ ਪੁਰਸਕਾਰ ਪਹਿਲੇ ਨੰਬਰ ਤੇ ਆਉਣ ਵਾਲੇ ਇਨ੍ਹਾਂ ਛੇ ਬੱਚਿਆਂ ਨੂੰ ਹੀ ਦਿੱਤੇ ਜਾਣੇ ਸਨ। ਪਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਬੱਚੇ ਇੱਕ ਦੂਜੇ ਤੋਂ ਚੜਦੇ ਸਨ। ਇਸ ਲਈ ਭਾਈਚਾਰੇ ਵੱਲੋਂ ਫੈਸਲਾ ਕੀਤਾ ਗਿਆ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰ ਬੱਚੇ ਨੂੰ ਹੀ ਕਿਵੇਂ ਨਾ ਕਿਵੇਂ ਉਤਸ਼ਾਹਿਤ ਕੀਤਾ ਜਾਵੇ। ਇੰਜ ਹੀ ਕੀਤਾ ਗਿਆ।
ਪੰਜਾਬੀ ਭਾਸ਼ਾ ਦੇ ਇਸ ਉਜਲ ਭਵਿੱਖ ਨੂੰ ਉੱਤਮ ਸਾਹਿਤਕ ਪੁਸਤਕਾਂ, ਪੈਂਤੀ ਅੱਖਰਾਂ ਵਾਲੇ ਇਮਤਿਹਾਨ ਫ਼ੱਟੇ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕਰਕੇ ਭਾਈਚਾਰੇ ਦੇ ਕਾਰਕੁਨਾਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਆਪਣਾ ਆਪ ਸਨਮਾਨਿਤ ਹੋਇਆ ਮਹਿਸੂਸ ਹੋਇਆ।
ਸਮੁੱਚੇ ਅਧਿਆਪਕ ਵਰਗ ਨੇ (ਹਰਪ੍ਰੀਤ ਕੌਰ, ਅੰਜਨਾ ਮੈਨਨ, ਹਰਮਨਦੀਪ ਕੌਰ, ਕੰਚਨ ਮਿੱਤਲ, ਹਰਕਮਲ ਕੌਰ, ਸਿਮਰਜੀਤ ਕੌਰ, ਰੀਤੀ ਗੋਇਲ ਸੁਦੇਸ਼ ਰਾਣੀ, ਪੂਜਾ ਗਰੋਵਰ, ਹਰਪ੍ਰੀਤ ਕੌਰ, ਵਤਨਦੀਪ ਕੌਰ, ਸਵਰਨਜੀਤ ਕੌਰ) ਸਾਰਾ ਸਮਾਂ ਸਮਾਗਮ ਵਿੱਚ ਹਾਜ਼ਰ ਰਹਿ ਕੇ, ਪੰਜਾਬੀ ਭਾਸ਼ਾ ਪ੍ਰਤੀ ਆਪਣੀ ਸਮਰਪਣ ਭਾਵਨਾ ਦਾ ਪ੍ਰਗਟਾਵਾ ਵੀ ਕੀਤਾ ਗਿਆ।
ਵਿਦਿਆਰਥੀਾਂ ਦੇ ਪ੍ਰੇਰਣਾ ਸ੍ਰੋਤ ਅਧਿਆਪਕ ਅਤੇ ਮਿੱਤਰ ਸੈਨ ਮੀਤ
ਦਰਸ਼ਕ ਵਿਦਿਆਰਥੀ
ਸਕੈਡੰਰੀ ਸ਼੍ਰੇਣੀ ਦੇ ਇਨਾਮ ਜੇਤੂ ਵਿਦਿਆਰਥੀ
ਮਿਡਲ ਸ਼੍ਰੇਣੀ ਦੇ ਇਨਾਮ ਜੇਤੂ ਵਿਦਿਆਰਥੀ
ਬੁਲਾਰੇ
ਮਾਨ ਸਨਮਾਨ ਦਾ ਦੌਰ
ਤਨ ਮਨ ਅਤੇ ਧਨ ਨਾਲ, ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਅਤੇ ਫੇਰ ਇਸ ਦੇ ਵਿਕਾਸ ਅਤੇ ਪਸਾਰ ਲਈ ਪ੍ਰੇਰਨ ਲਈ, ਅੰਜਨਾ ਮੈਨਨ ਜੀ ਨੂੰ ਆਪਣੇ ਚਾਰੇ ਨਾਵਲਾਂ ਦੇ ਸੈਟ ਨਾਲ ਸਤਿਕਾਰ ਕੀਤਾ ਗਿਆ।
ਸਕੂਲ ਦੀ ਲਾਇਬਰੇਰੀ ਲਈ ਸਕੂਲ ਦੀ ਇੰਚਾਰਜ ਅਧਿਆਪਕਾ ਨੂੰ ਮਿੱਤਰ ਸੈਨ ਮੀਤ ਵਲੋਂ ਆਪਣੇ ਨਾਵਲਾਂ ਦਾ ਸੈਟ ਸਮਰਪਿਤ ਕੀਤਾ ਗਿਆ।
ਅੰਜਨਾ ਮੈਨਨ ਵੱਲੋਂ ਆਪਣੇ ਕਾਵਿ-ਸੰਗ੍ਰਹਿ ‘ਕੱਕੀਆਂ ਕਣੀਆਂ’ ਨਾਲ ਮਿੱਤਰ ਸੈਨ ਮੀਤ ਦੀ ਧਰਮ ਪਤਨੀ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮਿੱਤਰ ਸੈਨ ਮੀਤ ਨੂੰ ਵੀ ਨਿਘ ਅਤੇ ਸਤਿਕਾਰ ਦੀ ਨਿਸ਼ਾਨੀ, ‘ਪੰਜਾਬ ਅਤੇ ੳਅੜ’ ਵਾਲੀ ਲੋਈ ਨਾਲ ਸਤਿਕਾਰਤ ਕੀਤਾ ਗਿਆ।
ਬਾਲ ਦਿਵਸ
13 ਨਵੰਬਰ ਨੂੰ ਸਰਕਾਰੀ ਸਕੈਡੰਰੀ ਸਕੂਲ ਕਰਮਗੜ੍ਹ ਵਿੱਚ ਪੰਜਾਬੀ ਬੋਲੀ ਨੂੰ ਸਮਰਪਿਤ ਸਮਾਗਮ ਸੀ। । ਅਗਲੇ ਦਿਨ ਬਾਲ ਦਿਵਸ ਸੀ। ਬਾਲ ਦਿਵਸ ਤੇ ਬੱਚਿਆਂ ਨਾਲ ਬੈਠ ਕੇ ਬੱਚਾ ਬਣਨ, ਰਲ ਮਿਲ ਕੇ ਮੂੰਹ ਮਿੱਠਾ ਕਰਨ ਅਤੇ ਬੱਚਿਆਂ ਦੀਆਂ ਕਲਾ ਕਿਰਤਾਂ ਨਾਲ ਸਾਂਝ ਪਾਉਣ ਦਾ ਇਹ ਵਧੀਆ ਮੌਕਾ ਨਹੀਂ ਸੀ। ਸਕੂਲ ਇਨਚਾਰਜ ਨੂੰ ਬੇਨਤੀ ਕੀਤੀ ਗਈ ਕਿ ਬਾਲ ਦਿਵਸ ਅੱਜ ਹੀ ਮਨਾ ਲਿਆ ਜਾਵੇ।
ਪਹਿਲਾਂ ਬੱਚਿਆਂ ਦੀਆਂ ਕਲਾ ਕਿਰਤਾਂ ਦਾ ਆਨੰਦ ਮਾਣਿਆ ਅਤੇ ਫੇਰ ਸਭ ਨੇ ਲੱਡੂਆਂ ਨਾਲ ਮੂੰਹ ਮਿੱਠਾ ਕੀਤਾ।
ਅਖਬਾਰਾਂ ਦਾ ਸਹਿਯੋਗ
——————————————-
ਪਹਿਲਾ ਸਮਾਗਮ –ਮਾਲਵਾ ਕਾਲਜ ਬੋਂਦਲੀ ਸਮਰਾਲਾ
ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੀ ਚੇਟਕ ਲਾਉਣ ਵਾਲਾ -ਪਹਿਲਾ ਸਮਾਗਮ ਬੇਹੱਦ ਸਫ਼ਲ ਰਿਹਾ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਵਧਾਉਣ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਪਹਿਲਾ ਸਮਾਗਮ 11 ਨਵੰਬਰ 2024 ਨੂੰ ਮਾਲਵਾ ਕਾਲਜ ਬੋਂਦਲੀ ਸਮਰਾਲਾ ਵਿੱਚ ਕੀਤਾ ਗਿਆ।
ਇਸ ਯੋਜਨਾ ਅਧੀਨ ਮਾਲਵਾ ਕਾਲਜ ਵਿੱਚ ਪੰਜਾਬੀ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਨ ਅਤੇ ਸੁੰਦਰ ਲਿਖਾਈ ਲਈ ਕਰਵਾਏ ਗਏ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ (ਅਰਸ਼ਪ੍ਰੀਤ ਸਿੰਘ, ਜਸਮਨਜੋਤ ਸਿੰਘ, ਅਰਸ਼ਦੀਪ ਕੌਰ, ਰਜਨਪ੍ਰੀਤ ਕੌਰ) ਨੂੰ ਪੁਸਤਕਾਂ, ਸਕੂਲ ਬੈਗ ਅਤੇ ਪਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਸਹਿਤ ਵਿੱਚ ਰੁਚੀ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੋਫੈਸਰ ਗੁਰਦਿਆਲ ਸਿੰਘ, ਦਲੀਪ ਕੋਰ ਟਿਵਾਣਾ, ਮਿੱਤਰ ਸੈਨ ਮੀਤ ਦੇ ਨਾਵਲਾਂ ਅਤੇ ਰਘਬੀਰ ਢੰਡ ਦੀਆਂ ਚੋਣਵੀਆਂ ਕਹਾਣੀਆਂ ਦਾ ਸੈਟ ਦਿੱਤਾ ਗਿਆ।
‘ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜਰੂਰੀ ਕਿਉਂ?’ ਇਸ ਵਿਸ਼ੇ ਤੇ ਸੰਖੇਪ ਵਿੱਚ ਕੀਤੇ ਵਿਚਾਰ ਵਟਾਂਦਰੇ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ, ਮਿੱਤਰ ਸੈਨ ਮੀਤ ਅਤੇ ਪ੍ਰਿੰਸੀਪਲ ਹਰਿੰਦਰ ਕੌਰ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਬੱਬੀ, ਸੁਰਜੀਤ ਵਿਸ਼ਾਦ ਅਤੇ ਨੇਤਰ ਸਿੰਘ ਮਾਤਿਉ ਦੀ ਹਾਜ਼ਰੀ ਨੇ ਬੱਚਿਆਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ।
ਵੱਡੀ ਗਿਣਤੀ ਵਿੱਚ ਵਿਦਿਆਰਥੀ ਤਾਂ ਸਮਾਗਮ ਵਿੱਚ ਸ਼ਾਮਿਲ ਹੋਏ ਹੀ ਪਰ ਪ੍ਰੋਫੈਸਰ ਜਗਦੀਪ ਸਿੰਘ, ਪ੍ਰੋਫੈਸਰ ਪ੍ਰਦੀਪ ਕੌਰ (ਐਨਐਸਐਸ), ਪ੍ਰੋਫੈਸਰ ਪਵਨਦੀਪ ਕੌਰ, ਪ੍ਰੋਫੈਸਰ ਇਮਰੋਜਪ੍ਰੀਤ ਸਿੰਘ, ਪ੍ਰੋਫੈਸਰ ਅਮਨਪ੍ਰੀਤ ਕੌਰ, ਇੰਦਰਜੀਤ ਸਿੰਘ ਅਤੇ ਨਿਰਵੈਰ ਸਿੰਘ ਦੀ ਹਾਜ਼ਰੀ ਨੇ ਸਮਾਗਮ ਦੀ ਹੋਰ ਵੀ ਸ਼ੋਭਾ ਵਧਾਈ।
ਭਾਈਚਾਰੇ ਵੱਲੋਂ ਕਾਲਜ ਦੀ ਲਾਇਬਰੇਰੀ ਲਈ ਪੰਜਾਬੀ ਦੀਆਂ ਉੱਤਮ ਪੁਸਤਕਾਂ ਦਾ ਸੈਟ ਭੇਂਟ ਕਰਨ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਦੇ ਪਸਾਰ ਅਤੇ ਵਿਕਾਸ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਲਈ ਪ੍ਰਿੰਸੀਪਲ ਹਰਿੰਦਰ ਕੌਰ ਅਤੇ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ ਦਾ ਸਤਿਕਾਰ ਵੀ ਕੀਤਾ ਗਿਆ।
ਸਮਾਗਮ ਦੀ ਗਾਥਾ ਤਸਵੀਰਾਂ ਦੀ ਜ਼ੁਬਾਨੀ
ਮੀਡੀਆ ਸਹਿਯੌਗ
More Stories
ਜਿਲ੍ਹਿਆਂ ਵਿਚ ਸਮਾਗਮ
ਜਿਲ੍ਹਾ ਇਕਾਈਆਂ ਨਾਲ ਸੰਪਰਕ
ਸਿਆਸੀ ਧਿਰਾਂ -ਤੱਕ ਪੁਹੰਚ