September 29, 2023

Mitter Sain Meet

Novelist and Legal Consultant

ਪੰਜਾਬੀ ਸਾਹਿਤ ਅਕਾਡਮੀ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਤੀ 18.01.2021 ਨੂੰ ਸਾਡੇ ਵਲੋਂ ਲਿਖੀ ਚਿੱਠੀ

ਅਕਾਡਮੀ ਦੀ ਚੋਣ ਪ੍ਰਣਾਲੀ ਨਿਰਪੱਖ ਅਤੇ ਪਾਰਦਰਸ਼ੀ ਬਣਾਈ ਰੱਖਣ ਲਈ, ਪੰਜਾਬੀ ਸਾਹਿਤ ਅਕਾਡਮੀ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਤੀ 18.01.2021 ਨੂੰ ਸਾਡੇ ਵਲੋਂ ਲਿਖੀ ਚਿੱਠੀ

————————————————————————————-

ਵੱਲ

                   ਡਾ.ਕੁਲਦੀਪ ਸਿੰਘ

                   ਮੁੱਖ ਚੋਣ ਅਧਿਕਾਰੀ

                   ਪੰਜਾਬੀ ਸਾਹਿਤ ਅਕਾਡਮੀ

                   ਲੁਧਿਆਣਾ।

ਵਿਸ਼ਾ:   ਅਕਾਡਮੀ ਦੀ ਚੋਣ ਪ੍ਰਣਾਲੀ ਨਿਰਪੱਖ ਅਤੇ ਪਾਰਦਰਸ਼ੀ ਬਣਾਈ ਰੱਖਣ ਲਈ ਬੇਨਤੀ।

ਸ਼੍ਰੀ ਮਾਨ ਜੀ,

          ਅਸੀਂ ਅਕਾਡਮੀ ਦੇ ਪੁਰਾਣੇ ਅਤੇ ਭਲਾ ਚਾਹੁਣ ਵਾਲੇ ਮੈਂਬਰ ਹਾਂ। ਇਸ ਹੈਸੀਅਤ ਵਿਚ ਅਸੀਂ ਤੁਹਾਨੂੰ ਹੇਠ ਲਿਖੇ ਅਨੁਸਾਰ ਸਨਿਮਰ ਬੇਨਤੀ ਕਰਦੇ ਹਾਂ:

1.       ਅਕਾਡਮੀ ਦੀਆਂ ਚੋਣਾਂ ਲਈ, ਕੋਵਿਡ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ, ਤੁਹਾਨੂੰ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਤੁਹਾਡੇ ਵੱਲੋਂ ਚੋਣ ਪ੍ਰਕ੍ਰਿਆ ਆਪਣੇ ਪੱਤਰ ਮਿਤੀ 01 ਫ਼ਰਵਰੀ 2020 ਰਾਹੀਂ ਸ਼ੁਰੂ ਵੀ ਕਰ ਦਿੱਤੀ ਗਈ ਸੀ। ਤੁਹਾਡੇ ਵੱਲੋਂ ਨਿਸ਼ਚਿਤ ਕੀਤੀ ਗਈ ਪ੍ਰਕ੍ਰਿਆ ਅਨੁਸਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵੀ ਭਰਨੇ ਸ਼ੁਰੂ ਕਰ ਦਿੱਤੇ ਗਏ ਸਨ। ਇਸ ਤਰ੍ਹਾਂ ਸਾਰੀ ਚੋਣ ਪ੍ਰਕ੍ਰਿਆ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਸੀ। ਪਹਿਲੀ ਪ੍ਰਬੰਧਕੀ ਟੀਮ ਕੇਵਲ ਕੰਮ-ਚਲਾਊ ਟੀਮ ਸੀ। ਇਸ ਹੈਸੀਅਤ ਕਾਰਨ ਕੰਮ-ਚਲਾਊ ਟੀਮ ਚੋਣਾਂ ਬਾਰੇ ਕੋਈ ਵੀ ਫ਼ੈਸਲਾ ਲੈਣ ਦੇ ਅਧਿਕਾਰ ਤੋਂ ਵਾਂਝੀ ਹੋ ਚੁੱਕੀ ਸੀ।

2.       ਕੋਵਿਡ ਮਹਾਂਮਾਰੀ ਕਾਰਨ ਚੋਣਾਂ ਅੱਗੇ ਪਾਉਣਾ ਵਾਜਿਬ ਸੀ। ਮਹਾਂਮਾਰੀ ਦੇ ਮੱਠਾ ਪੈਣ ਬਾਅਦ ਚੋਣ ਦੀਆਂ ਮਿਤੀਆਂ ਮਿੱਥਣ ਦੀ ਜ਼ਿੰਮੇਵਾਰੀ ਕੰਮ-ਚਲਾਊ ਪ੍ਰਬੰਧਕੀ ਟੀਮ ਦੀ ਥਾਂ ਮੁੱਖ ਚੋਣ ਅਧਿਕਾਰੀ ਦੀ ਸੀ। ਅਕਾਡਮੀ ਦੀ ਕੰਮ-ਚਲਾਊ ਪ੍ਰਬੰਧਕੀ ਟੀਮ ਵੱਲੋਂ 13 ਦਸੰਬਰ 2020 ਨੂੰ ਮੀਟਿੰਗ ਕਰਕੇ ਚੋਣਾਂ 31 ਜਨਵਰੀ 2021 ਨੂੰ ਕਰਾਉਣ ਦਾ ਗੈਰ-ਸੰਵਿਧਾਨਕ ਫ਼ੈਸਲਾ ਲੈ ਲਿਆ ਗਿਆ। ਖੇਦ ਹੈ ਕਿ ਅਕਾਡਮੀ ਦੇ ਇਸ ਫ਼ੈਸਲੇ ਬਾਰੇ, ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਅਤੇ ਚੋਣਾਂ ਵਿਚ ਹਿੱਸਾ ਲੈਣ ਵਾਲੇ ਵੋਟਰਾਂ ਲਏ ਗਏ ਇਸ ਫ਼ੈਸਲੇ ਬਾਰੇ ਨਾ ਹੀ ਕੰਮ-ਚਲਾਊ ਪ੍ਰਬੰਧਕੀ ਟੀਮ ਵੱਲੋਂ ਸੂਚਿਤ ਕੀਤਾ ਗਿਆ ਅਤੇ ਨਾ ਹੀ ਮੁੱਖ ਚੋਣ ਅਧਿਕਾਰੀ ਵੱਲੋਂ।

3.       ਇਸ ਫ਼ੈਸਲੇ ਬਾਰੇ ਜਦੋਂ ਇੱਧਰੋਂ-ਉੱਧਰੋਂ ਸਾਨੂੰ ਸੂਚਨਾ ਪ੍ਰਾਪਤ ਹੋਈ ਤਾਂ ਅਸੀਂ ਕਿਸਾਨ ਅੰਦੋਲਨ ਦੇ ਚੱਲਦੇ ਚੋਣਾਂ ਕਰਾਉਣ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ਉਸ ਵਿਰੋਧ ਬਾਰੇ ਤੁਹਾਨੂੰ ਵੀ ਤੁਹਾਡੇ ਵਟਸ ਐਪ ਰਾਹੀਂ ਸੂਚਿਤ ਕੀਤਾ ਗਿਆ। ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵੱਲੋਂ ਸਾਡੇ ਸੁਝਾਅ ਨੂੰ ਸਵੀਕਾਰ ਕਰਕੇ ਚੋਣਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਫ਼ੈਸਲੇ ਦੀ ਸੂਚਨਾ ਵੀ ਤੁਹਾਡੇ ਵੱਲੋਂ ਕਿਸੇ ਅਧਿਕਾਰਤ ਸਾਧਨ (ਜਿਵੇਂ ਕਿ ਅਕਾਡਮੀ ਦੇ ਈ.ਮੇਲ ਗਰੁੱਪ, ਵੈਬਸਾਈਟ ਜਾਂ ਚਿੱਠੀ-ਪੱਤਰ) ਰਾਹੀਂ ਸੂਚਿਤ ਨਹੀਂ ਕੀਤਾ ਗਿਆ। ਚੋਣਾਂ ਅੱਗੇ ਪਾਉਣ ਦੇ ਫ਼ੈਸਲੇ ਦੀ ਸੂਚਨਾ ਵੀ ਇੱਧਰੋਂ-ਉੱਧਰੋਂ ਹੀ ਪ੍ਰਾਪਤ ਹੋਈ ਹੈ।

4.       ਮੁੱਖ ਚੋਣ ਅਧਿਕਾਰੀ ਹੋਣ ਦੇ ਨਾਤੇ ਹੁਣ ਚੋਣਾਂ ਸਬੰਧੀ ਲਏ ਗਏ ਫ਼ੈਸਲਿਆਂ ਬਾਰੇ ਅਕਾਡਮੀ ਦੇ ਹਰ ਮੈਂਬਰ ਨੂੰ ਸੂਚਿਤ ਕਰਨ ਦੀ ਹੁਣ ਤੁਹਾਡੀ ਜ਼ਿੰਮੇਵਾਰੀ ਹੈ। ਸਾਡੀ ਬੇਨਤੀ ਹੈ ਕਿ ਅਜਿਹੇ ਹਰ ਮਹੱਤਵਪੂਰਨ ਫ਼ੈਸਲੇ ਦੀ ਜਾਣਕਾਰੀ ਅਖ਼ਬਾਰਾਂ ਦੇ ਨਾਲ-ਨਾਲ ਸਾਹਿਤ ਅਕਾਡਮੀ ਦੇ ਈ.ਮੇਲ ਗਰੁੱਪਾਂ ਰਾਹੀਂ, ਵੈਬਸਾਈਟ ਰਾਹੀਂ ਅਤੇ ਜੇ ਸੰਭਵ ਹੋ ਸਕੇ ਤਾਂ ਚਿੱਠੀ-ਪੱਤਰ ਰਾਹੀਂ ਤੁਰੰਤ ਸੂਚਿਤ ਕੀਤਾ ਜਾਇਆ ਕਰੇ।

5.       ਮੈਂਬਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਮੀਦਵਾਰ ਹਰ ਇੱਕ ਮੈਂਬਰ ਨਾਲ ਚਿੱਠੀ ਰਾਹੀਂ ਸੰਪਰਕ ਨਹੀਂ ਕਰ ਸਕਦਾ। ਤਕਨੀਕ ਦੇ ਇਸ ਯੁੱਗ ਵਿਚ ਇਲੈਕਟ੍ਰੋਨਿਕ ਮੀਡੀਆ ਹੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਕਾਡਮੀ ਦੇ ਹਰ ਮੈਂਬਰ ਨਾਲ ਅਤੇ ਉਹ ਵੀ ਬਿਨ੍ਹਾਂ ਸਮਾਂ ਅਤੇ ਪੈਸਾ ਗੁਆਏ ਸੰਪਰਕ ਕੀਤਾ ਜਾ ਸਕਦਾ ਹੈ। ਸਾਡੀ ਬੇਨਤੀ ਹੈ ਕਿ ਅਕਾਡਮੀ ਵੱਲੋਂ ਮੈਂਬਰਾਂ ਦੇ ਈ.ਮੇਲ ਪਤਿਆਂ ਦੇ ਤਿਆਰ ਕੀਤੇ ਗਏ ਗਰੁੱਪ ਹਰ ਇੱਕ ਮੈਂਬਰ ਨੂੰ ਭੇਜੇ ਜਾਣ ਤਾਂ ਜੋ ਮੈਂਬਰ/ਉਮੀਦਵਾਰ ਇਸ ਸੁਵਿਧਾ ਦੀ ਵਰਤੋਂ ਕਰ ਸਕਣ। ਜਿਨ੍ਹਾਂ ਮੈਂਬਰਾਂ ਦੇ ਈ.ਮੇਲ ਪਤੇ ਹਾਲੇ ਤੱਕ ਅਕਾਡਮੀ ਨੇ ਪ੍ਰਾਪਤ ਨਹੀਂ ਕੀਤੇ ਉਹ ਤੁਸੀਂ ਮੁੱਖ ਚੋਣ ਅਧਿਕਾਰੀ ਦੇ ਤੌਰ ਤੇ ਪ੍ਰਾਪਤ ਕਰੋ ਅਤੇ ਵੱਧੋ-ਵੱਧ ਮੈਂਬਰਾਂ ਦੇ ਈ.ਮੇਲ ਪਤੇ ਇਕੱਠੇ ਕਰਕੇ ਵੋਟਰਾਂ ਨੂੰ ਭੇਜੋ। ਇਸ ਪ੍ਰਕ੍ਰਿਆ ਨੂੰ ਅਪਣਾਉਣ ਬਾਅਦ ਹੀ ਅਕਾਡਮੀ ਦੇ ਹਰ ਮੈਂਬਰ ਨੂੰ ਚੋਣ ਪ੍ਰਕ੍ਰਿਆ ਦੀ ਸੂਚਨਾ ਦੇ ਨਾਲ-ਨਾਲ ਚੋਣ ਲੜਨ ਦੇ ਉਮੀਦਵਾਰਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਚੋਣ ਮਨੋਰਥ ਪੱਤਰਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਜੇ ਕੋਈ ਵੋਟਰ ਮੈਂਬਰ ਉਮੀਦਵਾਰਾਂ ਨੂੰ ਕੋਈ ਸੁਝਾਅ ਆਦਿ ਦੇਣਾ ਚਾਹੇ ਤਾਂ ਉਹ ਵੀ ਇਸ ਸਾਧਨ ਰਾਹੀਂ ਉਹ ਸੁਝਾਅ ਉਮੀਦਵਾਰ ਤੱਕ ਪੁੱਜਦਾ ਕਰ ਸਕੇ। ਇਸ ਪ੍ਰਕ੍ਰਿਆ ਦੀ ਅਣਹੋਂਦ ਕਾਰਨ ਅੱਧੇ ਤੋਂ ਵੱਧ ਮੈਂਬਰ ਚੋਣ ਪ੍ਰਕ੍ਰਿਆ ਦੀ ਸੂਚਨਾ ਪ੍ਰਾਪਤ ਕਰਨ ਅਤੇ ਇਸ ਵਿਚ ਹਿੱਸਾ ਲੈਣ ਤੋਂ ਵਾਂਝੇ ਰਹਿ ਸਕਦੇ ਹਨ। ਜਿਸ ਕਾਰਨ ਇਹ ਚੋਣ ਗੈਰ-ਸੰਵਿਧਾਨਕ ਬਣ ਸਕਦੀ ਹੈ।

6.       ਵੱਡੀ ਗਿਣਤੀ ਵਿਚ ਅਕਾਡਮੀ ਦੇ ਮੈਂਬਰ ਵਿਦੇਸ਼ਾਂ ਵਿਚ ਰਹਿੰਦੇ ਹਨ। ਇੱਡੀ ਹੀ ਵੱਡੀ ਗਿਣਤੀ ਦੇ ਮੈਂਬਰ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਰਹਿੰਦੇ ਹਨ। ਵੋਟ ਪਾਉਣ ਲਈ ਅਜਿਹੇ ਮੈਂਬਰ ਲੁਧਿਆਣੇ ਨਹੀਂ ਆ ਸਕਦੇ। ਇਲੈਕਟ੍ਰੋਨਿਕ ਸਾਧਨਾਂ ਦੇ ਇਸ ਯੁੱਗ ਵਿਚ ਅੱਧਿਆਂ ਤੋਂ ਵੱਧ ਮੈਂਬਰਾਂ ਨੂੰ ਆਪਣੇ ਵੋਟ ਦੇ ਮੂਲ ਸੰਵਿਧਾਨਕ ਅਧਿਕਾਰ ਤੋਂ ਵਾਂਝੇ ਰੱਖਣਾ ਵੀ ਚੋਣ ਪ੍ਰਕ੍ਰਿਆ ਨੂੰ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਬਣਾਉਂਦਾ ਹੈ। ਸਾਡੇ ਵੱਲੋਂ ਬੇਨਤੀ ਹੈ ਕਿ ਤੁਸੀਂ ਤੁਰੰਤ ਵਿਦੇਸ਼ੀ ਅਤੇ ਪੰਜਾਬੋਂ ਬਾਹਰਲੇ ਅਕਾਡਮੀ ਦੇ ਮੈਂਬਰਾਂ ਨੂੰ ਆਪਣੀ ਵੋਟ ‘ਆਨ ਲਾਈਨ’ ਪਾਉਣ ਦੀ ਸਹੂਲਤ ਉਪਲਬਧ ਕਰਵਾਓ। ਇਸ ਕਾਰਜ ਲਈ ਲੋੜੀਂਦਾ ਸਾਫ਼ਟਵੇਅਰ ਤਿਆਰ ਕਰਵਾਓ ਤਾਂ ਜੋ ਅਕਾਡਮੀ ਦੇ ਹਰ ਮੈਂਬਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲ ਸਕੇ।

7.       ਕਿਉਂਕਿ ਚੋਣਾਂ ਅਨਿਸ਼ਚਿਤ ਸਮੇਂ ਲਈ ਅੱਗੇ ਪਾ ਦਿੱਤੀਆਂ ਗਈਆਂ ਹਨ ਅਤੇ ਨੇੜ ਭਵਿੱਖ ਵਿਚ ਇਨ੍ਹਾਂ ਦੇ ਹੋਣ ਦੀ ਕੋਈ ਸੰਭਾਵਨਾ ਵੀ ਨਹੀਂ ਇਸ ਲਈ ਇਸ ਸਮੇਂ ਦੀ ਉਚਿਤ ਵਰਤੋਂ ਕਰਦੇ ਹੋਏ ਆਪ ਜੀ ਸਾਡੇ ਵੱਲੋਂ ਸੁਝਾਏ ਗਏ ਉਕਤ ਸੁਝਾਵਾਂ ਤੇ ਅਮਲ ਕਰੋ ਤਾਂ ਜੋ ਚੋਣ ਪ੍ਰਕ੍ਰਿਆ ਪਾਰਦਰਸ਼ੀ ਅਤੇ ਨਿਰਪੱਖ ਹੋ ਸਕੇ। ਇਨ੍ਹਾਂ ਫ਼ੈਸਲਿਆਂ ਲਈ ਤੁਹਾਨੂੰ ਕੰਮ-ਚਲਾਊ ਪ੍ਰਬੰਧਕੀ ਟੀਮ ਤੇ ਨਿਰਭਰ ਹੋਣ ਦੀ ਜ਼ਰੂਰਤ ਨਹੀਂ ਹੈ। ਮੁਖ ਚੋਣ ਅਧਿਕਾਰੀ ਹੋਣ ਦੇ ਨਾਤੇ ਤੁਸੀਂ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਕੇ ਕੰਮ-ਚਲਾਊ ਪ੍ਰਬੰਧਕੀ ਟੀਮ ਨੂੰ ਇਨ੍ਹਾਂ ਸੁਝਾਵਾਂ ਨੂੰ ਅਮਲੀ ਰੂਪ ਦੇਣ ਲਈ ਦਿਸ਼ਾ-ਨਿਰਦੇਸ਼ ਦੇਣ ਦੇ ਯੋਗ ਹੋ। ਕਿਰਪ ਕਰਕੇ ਇਹ ਨਿਰਦੇਸ਼ ਤੁਰੰਤ ਜਾਰੀ ਕੀਤੇ ਜਾਣ।

8.       ਅੱਗੋਂ ਤੋਂ ਚੋਣਾਂ ਸਬੰਧੀ ਹਰ ਫ਼ੈਸਲਾ ਕੰਮ-ਚਲਾਊ ਪ੍ਰਬੰਧਕੀ ਟੀਮ ਦੀ ਥਾਂ, ਇੱਕ ਮੁੱਖ ਚੋਣ ਅਧਿਕਾਰੀ ਹੋਣ ਦੇ ਨਾਤੇ ਤੁਸੀਂ ਖੁਦ ਲਵੋ ਤਾਂ ਜੋ ਪ੍ਰਬੰਧਕੀ ਟੀਮ ਦੇ ਮੈਂਬਰ ਅਜਿਹੇ ਫ਼ੈਸਲੇ ਆਪਣੇ ਹਿਤਾਂ ਵਿਚ ਨਾ ਲੈ ਸਕਣ।

9.       ਅਜਿਹੀ ਪਾਰਦਰਸ਼ੀ ਅਤੇ ਨਿਰਪੱਖ ਚੋਣ ਪ੍ਰਕ੍ਰਿਆ ਅਪਣਾਉਣ ਨਾਲ ਹੀ, ਪੰਜਾਬੀ ਸਾਹਿਤ ਤੇ ਭਾਰੂ ਕੁਝ ਸ਼ਕਤੀਸ਼ਾਲੀ ਗਰੁੱਪਾਂ ਨੂੰ ਬੁੱਕਲ ਵਿਚ ਗੁੜ ਭੰਨਣਾ ਦਾ ਮੌਕਾ ਨਹੀਂ ਮਿਲ ਸਕੇਗਾ।

                             ਉਸਾਰੂ ਹੁੰਘਾਰੇ ਦੀ ਉਡੀਕ ਵਿਚ।

ਪੰਜਾਬੀ ਸਾਹਿਤ ਅਕਾਡਮੀ ਦੇ ਹਿਤੂ

(ਕਰਮਜੀਤ ਸਿੰਘ ਔਜਲਾ)                   (ਦਵਿੰਦਰ ਸਿੰਘ ਸੇਖਾ)                        (ਮਿੱਤਰ ਸੈਨ ਮੀਤ)

ਇਸ ਚਿੱਠੀ ਦਾ ਲਿੰਕ ਹੈ http://www.mittersainmeet.in/wp-content/uploads/2021/01/Letter-dated-18.01.2021-to-Election-officer-of-PSA.pdf