March 26, 2023

Mitter Sain Meet

Novelist and Legal Consultant

ਇਸਤਰੀ ਧਨ ਦੀ ਮਾਲਕੀ ਦੇ ਸਬੂਤ-ਵਸਤੂਆਂ ਦੇ ਬਿਲ (istri dhan)

ਇਸਤਰੀ ਧਨ ਦੀ ਮਾਲਕੀ ਸਿੱਧ ਕਰਨ ਲਈ, ਖਰੀਦ ਸਮੇਂ ਦੁਕਾਨਦਾਰ ਵੱਲੋਂ ਜਾਰੀ ਕੀਤੇ ਬਿਲਾਂ ਦੀ ਮਹੱਤਤਾ

ਪੀੜਤ ਲੜਕੀ ਦੇ ਮਾਪਿਆਂ ਵੱਲੋਂ ਦਹੇਜ ਵਿੱਚ ਦਿੱਤੇ ਗਏ ਸਮਾਨ ਨੂੰ ਦੋ ਹਿੱਸਿਆਂ ਵਿੱਚ ਵੰਡਿਆਂ ਜਾ ਸਕਦਾ ਹੈ:
(ੳ) ਪਹਿਲੀ ਸ਼੍ਰੇਣੀ ਵਿੱਚ ਉਹ ਵਸਤੂਆਂ ਆਉਂਦੀਆਂ ਹਨ ਜਿਹਨਾਂ ਦੇ ਬਿਲ ਕਾਨੂੰਨ ਅਨੁਸਾਰ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਹਾਸਲ ਕਰਨੇ ਜ਼ਰੂਰੀ ਹੁੰਦੇ ਹਨ। ਜਿਸ ਤਰ੍ਹਾਂ ਕਿ ਮੋਟਰ ਸਾਇਕਲ, ਸਕੂਟਰ ਜਾਂ ਕਾਰ ਆਦਿ ਦੇ ਬਿਲ, ਰਜਿਸਟਰੇਸ਼ਨ ਸਰਟੀਫਿਕੇਟ ਹਾਸਲ ਕਰਨ ਲਈ ਜ਼ਰੂਰੀ ਹੁੰਦੇ ਹਨ। ਇਸੇ ਤਰ੍ਹਾਂ ਟੈਲੀਵਿਜ਼ਨ, ਫ਼ਰਿਜ ਆਦਿ ਦੇ ਬਿਲ, ਅਜਿਹੀਆਂ ਵਸਤੂਆਂ ਦੇ ਭਵਿੱਖ ਵਿੱਚ ਖਰਾਬ ਹੋਣ ਤੇ ਉਹਨਾਂ ਦੀ ਮੁਰੰਮਤ ਆਦਿ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੁੰਦੇ ਹਨ। ਅਜਿਹੇ ਬਿਲਾਂ ਨੂੰ ਕਾਨੂੰਨ ਅਨੁਸਾਰ ਸਿੱਧ ਕਰਨ ਵਿੱਚ ਬਹੁਤੀ ਔਕੜ ਮਹਿਸੂਸ ਨਹੀਂ ਹੁੰਦੀ।

(ਅ) ਦੂਸਰੀ ਸ਼੍ਰੇਣੀ ਵਿੱਚ ਅਜਿਹੀਆਂ ਵਸਤੂਆਂ ਆਉਂਦੀਆਂ ਹਨ, ਜਿਹਨਾਂ ਲਈ ਬਿਲ ਪ੍ਰਾਪਤ ਕਰਨਾ ਜ਼ਰੂਰੀ ਨਹੀਂ ਹੁੰਦਾ। ਟੈਕਸ ਆਦਿ ਦੀ ਚੋਰੀ ਕਰਨ ਲਈ, ਦੁਕਾਨਦਾਰ ਵਸਤੂਆਂ ਦੇ ਬਿਲ ਜਾਰੀ ਨਹੀਂ ਕਰਦੇ ਜੇ ਕੁਝ ਜਾਰੀ ਹੋਏ ਵੀ ਹੋਣ ਤਾਂ ਅਜਿਹੇ ਬਿਲਾਂ ਉੱਪਰ ਖਰੀਦਦਾਰ ਦਾ ਨਾਂ ਆਦਿ ਦਰਜ ਨਹੀਂ ਹੁੰਦਾ। ਅਜਿਹੇ ਬਿਲਾਂ ਨੂੰ ਸਿੱਧ ਕਰਨ ਲਈ, ਤਫ਼ਤੀਸ਼ੀ ਅਫ਼ਸਰ ਵੱਲੋਂ ਕਾਨੂੰਨ ਦੀਆਂ ਲੋੜਾਂ ਅਨੁਸਾਰ ਯਤਨ ਨਹੀਂ ਕੀਤੇ ਜਾਂਦੇ। ਕੇਵਲ ਬਿਲਾਂ ਨੂੰ ਮਿਸਲ ਨਾਲ ਲਗਾ ਦਿੱਤਾ ਜਾਂਦਾ ਹੈ ਅਤੇ ਦੁਕਾਨਦਾਰ ਦਾ ਸੰਖੇਪ ਜਿਹਾ ਬਿਆਨ ਦਰਜ ਕਰ ਲਿਆ ਜਾਂਦਾ ਹੈ। ਕਾਨੂੰਨ ਦੀ ਇਸ ਘਾਟ ਕਾਰਨ ਇਹ ਬਿਲ ਸਿੱਧ ਨਹੀਂ ਹੁੰਦੇ। ਬਿਲ ਸਿੱਧ ਨਾ ਹੋਣ ਕਾਰਨ ਉਹਨਾਂ ਵਸਤੂਆਂ ਦੀ ਮਾਲਕੀ ਸਿੱਧ ਨਹੀਂ ਹੁੰਦੀ। ਨਤੀਜੇ ਵਜੋਂ ਕੇਸ ਕਮਜ਼ੋਰ ਹੋ ਜਾਂਦਾ ਹੈ।

ਤਫ਼ਤੀਸ਼ ਵਿੱਚ ਸੁਧਾਰ ਲਈ ਸੁਝਾਅ

1. ਬਿਲ ਸਿੱਧ ਕਰਨ ਦਾ ਸਹੀ ਢੰਗ

ਤਫ਼ਤੀਸ਼ੀ ਅਫ਼ਸਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਬਿਲ ਜਾਰੀ ਕਰਨ ਵਾਲੇ ਵਿਅਕਤੀ ਦਾ ਬਿਆਨ ਵਿਸਥਾਰ ਨਾਲ ਲਿਖੇ ਅਤੇ ਉਸ ਬਿਆਨ ਵਿੱਚ ਸਪੱਸ਼ਟ ਕਰੇ ਕਿ ਬਿਲ ਭਾਵੇਂ ਉਸ ਨੇ ਕੈਸ਼ ਅਦਾਇਗੀ ਦਾ ਜਾਰੀ ਕੀਤਾ ਹੈ ਪਰ ਉਸ ਨੂੰ ਯਾਦ ਹੈ ਕਿ ਇਹ ਵਸਤੂਆਂ ਲੜਕੀ ਜਾਂ ਉਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਵੱਲੋਂ, ਵਿਆਹ ਵਿੱਚ ਦਹੇਜ ਦੇਣ ਲਈ, ਖਰੀਦੀਆਂ ਸਨ। ਦੁਕਾਨਦਾਰ ਵੱਲੋਂ ਜਦੋਂ ਕੋਈ ਬਿਲ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਦੀ ਨਕਲ ਆਪਣੇ ਰਿਕਾਰਡ ਲਈ ਵੀ ਰੱਖੀ ਜਾਂਦੀ ਹੈ। ਦੁਕਾਨਦਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਗਵਾਹੀ ਦੇਣ ਆਉਣ ਸਮੇਂ ਉਸ ਰਿਕਾਰਡ ਨੂੰ ਵੀ ਨਾਲ ਲੈ ਕੇ ਆਵੇ ਤਾਂ ਜੋ ਗਵਾਹੀ ਨੂੰ ਮਜ਼ਬੂਤੀ ਮਿਲ ਸਕੇ।