May 28, 2023

Mitter Sain Meet

Novelist and Legal Consultant

ਆਖ਼ਰੀ ਸਮੇਂ ਮ੍ਰਿਤਕ ਅਤੇ ਦੋਸ਼ੀ ਨੂੰ ਇਕੱਠੇ ਦੇਖਣ ਵਾਲੇ ਗਵਾਹ /Last seen evidence

ਆਖ਼ਰੀ ਸਮੇਂ ਮ੍ਰਿਤਕ ਅਤੇ ਦੋਸ਼ੀ ਨੂੰ ਇਕੱਠੇ ਦੇਖਣ ਵਾਲੇ ਗਵਾਹ (Last seen evidence)

ਵਾਰਦਾਤ ਤੋਂ ਪਹਿਲਾਂ, ਕਈ ਵਾਰ ਮ੍ਰਿਤਕ ਅਤੇ ਦੋਸ਼ੀ ਨੂੰ ਇਕੱਠਿਆਂ ਦੇਖਿਆ ਜਾਂਦਾ ਹੈ। ਜਿਸ ਤਰ੍ਹਾਂ ਕਿ ਕਿਸੇ ਢਾਬੇ ਜਾਂ ਹੋਟਲ ਵਿੱਚ ਖਾਣਾ ਖਾਂਦਿਆਂ ਜਾਂ ਸ਼ਰਾਬ ਪੀਂਦਿਆਂ, ਇਕੱਠਿਆਂ ਕਿਸੇ ਮੋਟਰ ਸਾਇਕਲ, ਕਾਰ ਆਦਿ ਵਿੱਚ ਸਫ਼ਰ ਕਰਦਿਆਂ। ਕਈ ਵਾਰ ਦੋਸ਼ੀ ਵੱਲੋਂ ਮ੍ਰਿਤਕ ਨੂੰ ਉਸ ਦੇ ਘਰੋਂ, ਉਸ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਕਿਸੇ ਬਹਾਨੇ ਬੁਲਾ ਲਿਆ ਜਾਂਦਾ ਹੈ ਅਤੇ ਪਿੱਛੋਂ ਕਤਲ ਕਰ ਦਿੱਤਾ ਜਾਂਦਾ ਹੈ। ਦੋਸ਼ੀ ਅਤੇ ਮ੍ਰਿਤਕ ਨੂੰ ਘਰੋਂ ਇਕੱਠੇ ਜਾਂਦਿਆਂ, ਘਰ ਦੇ ਬਾਸ਼ਿੰਦਿਆਂ ਵੱਲੋਂ ਦੇਖਿਆ ਗਿਆ ਹੁੰਦਾ ਹੈ। ਜਿਹੜੇ ਗਵਾਹ, ਵਾਰਦਾਤ ਤੋਂ ਕੁਝ ਸਮਾਂ ਪਹਿਲਾਂ, ਮ੍ਰਿਤਕ ਅਤੇ ਦੋਸ਼ੀ ਨੂੰ ਇਕੱਠਿਆਂ ਦੇਖਦੇ ਹਨ, ਉਹਨਾਂ ਨੂੰ ਆਖ਼ਰੀ ਸਮੇਂ (last seen) ਦੇ ਗਵਾਹ ਆਖਿਆ ਜਾਂਦਾ ਹੈ।

ਉਦਾਹਰਣਾਂ: 

  1. ਇੱਕ ਕੇਸ ਵਿੱਚ ਮ੍ਰਿਤਕ ਅਤੇ ਮੁਲਜ਼ਮ ਦੀ ਪਤਨੀ ਦੇ ਆਪਸ ਵਿੱਚ ਨਾਜਾਇਜ਼ ਸਬੰਧ ਸਨ। ਇਹਨਾਂ ਨਾਜਾਇਜ਼ ਸਬੰਧਾਂ ਦਾ ਦੋਸ਼ੀ ਨੂੰ ਪਤਾ ਲੱਗ ਚੁੱਕਾ ਸੀ ਪਰ ਮ੍ਰਿਤਕ ਨੂੰ ਇਹ ਪਤਾ ਨਹੀਂ ਸੀ ਕਿ ਇਹਨਾਂ ਨਾਜਾਇਜ਼ ਸਬੰਧਾਂ ਦਾ ਪਤਾ ਦੋਸ਼ੀ ਨੂੰ ਲੱਗ ਚੁੱਕਾ ਹੈ। ਯੋਜਨਾ ਬਣਾ ਕੇ ਦੋਸ਼ੀ ਨੇ ਮ੍ਰਿਤਕ ਨੂੰ ਇਕੱਠਿਆਂ ਸ਼ਰਾਬ ਪੀਣ ਲਈ ਆਪਣੀ ਮੋਟਰ ਉੱਪਰ ਬੁਲਾਇਆ। ਦੋਹਾਂ ਨੇ ਸ਼ਰਾਬ ਪੀਤੀ ਅਤੇ ਮੀਟ ਆਦਿ ਖਾਧਾ। ਬਾਅਦ ਵਿੱਚ ਦੋਸ਼ੀ ਵੱਲੋਂ ਮ੍ਰਿਤਕ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਮੋਟਰ ਉੱਤੇ ਹੀ ਪਈ ਪਾਈ ਗਈ। ਲਾਸ਼ ਦੇ ਬਰਾਮਦ ਹੋਣ ਤੋਂ ਕੁਝ ਸਮਾਂ ਪਹਿਲਾਂ ਤੱਕ ਨੇੜੇ ਦੇ ਢਾਬੇ ਵਾਲਾ ਉਹਨਾਂ ਨੂੰ ਮੀਟ ਆਦਿ ਦੇਣ ਆਉਂਦਾ ਰਿਹਾ। ਇਸ ਕੇਸ ਵਿੱਚ, ਢਾਬੇ ਵਾਲੇ ਨੂੰ, ਆਖ਼ਰੀ ਸਮੇਂ ਦਾ ਗਵਾਹ ਕਰਾਰ ਦੇ ਕੇ ਉਸਦੀ ਗਵਾਹੀ ਨੂੰ ਭਰੋਸੇਯੋਗ ਮੰਨਿਆ ਗਿਆ।
    2. ਅੰਮ੍ਰਿਤਸਰ ਦੇ ਦੋ ਵਪਾਰੀ ਆਪਣੇ ਗਾਹਕਾਂ ਕੋਲੋਂ ਪੈਸਾ ਇਕੱਠਾ ਕਰਨ ਲਈ ਲੁਧਿਆਣਾ ਆਉਂਦੇ ਸਨ। ਪੈਸਾ ਇਕੱਠਾ ਕਰਨ ਬਾਅਦ ਵਾਪਸ ਅੰਮ੍ਰਿਤਸਰ ਮੁੜ ਜਾਂਦੇ ਸਨ। ਇੱਕ ਸ਼ਾਮ ਮ੍ਰਿਤਕ ਸ਼ਹਿਰ ਦੇ ਬਾਹਰ ਸਟੇਸ਼ਨ ਜਾਣ ਲਈ ਥਰੀਵੀਹਲਰ ਦੀ ਉਡੀਕ ਕਰ ਰਿਹਾ ਸੀ। ਕੁਝ ਦੇਰ ਬਾਅਦ ਉਸ ਦਾ ਦੂਜਾ ਵਪਾਰੀ ਸਾਥੀ ਵੀ ਉੱਥੇ ਆ ਗਿਆ। ਦੋਹੇਂ ਆਪਸ ਵਿੱਚ ਗੱਲਾਂ ਕਰਦੇ ਰਹੇ। ਕੁਝ ਦੇਰ ਬਾਅਦ ਇੱਕ ਥਰੀਵੀਹਲਰ ਉੱਥੇ ਪੁੱਜਾ, ਜਿਸ ਵਿੱਚ ਡਰਾਈਵਰ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਸਵਾਰ ਸਨ। ਉਹ ਦੋਵੇਂ ਵੀ ਟੈਂਪੂ ਵਿੱਚ ਬੈਠ ਗਏ। ਕੁਝ ਫ਼ਾਸਲੇ ਬਾਅਦ ਦੂਜਾ ਵਪਾਰੀ ਟੈਂਪੂ ਵਿੱਚੋਂ ਉੱਤਰ ਗਿਆ। ਅਗਲੀ ਸਵੇਰ, ਦੂਜੇ ਵਪਾਰੀ ਦੇ ਟੈਂਪੂ ਵਿੱਚੋਂ ਉਤਰਨ ਵਾਲੀ ਥਾਂ ਦੇ ਨੇੜੇ ਹੀ, ਮ੍ਰਿਤਕ ਦੀ ਖ਼ੂਨ ਵਿੱਚ ਲੱਥ ਪੱਥ ਪਈ ਲਾਸ਼ ਪਾਈ ਗਈ। ਉਸ ਕੋਲ ਜੋ ਨਗਦੀ ਅਤੇ ਹੋਰ ਸਮਾਨ ਸੀ ਉਹ ਲੁੱਟਿਆ ਹੋਇਆ ਪਾਇਆ ਗਿਆ। ਕੁਝ ਦਿਨਾਂ ਬਾਅਦ ਟੈਂਪੂ ਦਾ ਡਰਾਈਵਰ ਅਤੇ ਉਸ ਦੇ ਸਾਥੀ ਦੋਸ਼ੀ ਗ੍ਰਿਫ਼ਤਾਰ ਹੋ ਗਏ। ਉਹਨਾਂ ਦੋਵੇਂ ਦੋਸ਼ੀਆਂ ਕੋਲੋਂ ਲੁੱਟਿਆ ਹੋਇਆ ਸਮਾਨ ਬਰਾਮਦ ਹੋਇਆ। ਉਹਨਾਂ ਦੇ ਟੈਂਪੂ ਵਿੱਚ ਖ਼ੂਨ ਦੇ ਨਿਸ਼ਾਨ ਵੀ ਪਾਏ ਗਏ। ਇਸ ਕੇਸ ਵਿੱਚ ਵੀ ਦੂਜੇ ਵਪਾਰੀ ਨੂੰ ਆਖ਼ਰੀ ਸਮੇਂ ਦਾ ਗਵਾਹ ਮੰਨ ਕੇ, ਉਸ ਦੀ ਗਵਾਹੀ ਦੇ ਅਧਾਰ ਤੇ ਦੋਸ਼ੀਆਂ ਨੂੰ ਸਜ਼ਾ ਕੀਤੀ ਗਈ।
    3. ਇੱਕ ਹੋਰ ਕੇਸ ਵਿੱਚ ਇੱਕ ਅਮੀਰ ਵਿਅਕਤੀ ਦਿੱਲੀ ਤੋਂ ਚੰਡੀਗੜ੍ਹ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਆਇਆ ਸੀ। ਅਗਲੇ ਦਿਨ ਉਸ ਦੀ ਲਾਸ਼ ਬਸ ਸਟੈਂਡ ਦੇ ਨੇੜੇ ਪਾਈ ਗਈ ਅਤੇ ਉਸ ਦੇ ਪਹਿਨੇ ਹੋਏ ਗਹਿਣੇ, ਨਗਦੀ ਆਦਿ ਚੋਰੀ ਹੋਏ ਪਾਏ ਗਏ। ਇਸ ਕੇਸ ਵਿੱਚ ਇੱਕ ਚਾਹ ਦੀ ਰੇਹੜੀ ਲਾਉਣ ਵਾਲੇ ਨੂੰ ਗਵਾਹ ਦੇ ਤੌਰ ਤੇ ਪੇਸ਼ ਕੀਤਾ ਗਿਆ। ਉਸ ਗਵਾਹ ਦੇ ਬਿਆਨ ਅਨੁਸਾਰ ਉਹ ਵਪਾਰੀ ਅਤੇ ਰਿਕਸ਼ੇ ਵਾਲਾ (ਜੋ ਕਿ ਦੋਸ਼ੀ ਸੀ) ਉਸ ਕੋਲ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਚਾਹ ਪੀਣ ਆਏ ਸਨ। ਇੱਕ ਹੋਰ ਗਵਾਹ, ਜੋ ਕਿ ਬਸ ਸਟੈਂਡ ਦੇ ਨੇੜੇ ਹੀ ਖਾਣੇ ਦੀ ਰੇਹੜੀ ਲਾਉਂਦਾ ਸੀ, ਗਵਾਹੀ ਦੇਣ ਆਇਆ। ਉਸ ਗਵਾਹ ਦੇ ਬਿਆਨ ਅਨੁਸਾਰ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਮ੍ਰਿਤਕ ਦੋਸ਼ੀ ਦੇ ਰਿਕਸ਼ੇ ਵਿੱਚ ਬੈਠ ਕੇ ਆਇਆ ਅਤੇ ਉਸ ਨੇ ਗਵਾਹ ਕੋਲ ਖਾਣਾ ਖਾਧਾ। ਇਹਨਾਂ ਗਵਾਹਾਂ ਤੋਂ ਇਲਾਵਾ, ਮਿਸਲ ਉੱਪਰ ਹੋਰ ਕੋਈ ਸ਼ਹਾਦਤ ਮੌਜੂਦ ਨਹੀਂ ਸੀ। ਸੁਪਰੀਮ ਕੋਰਟ ਵੱਲੋਂ ਇਹਨਾਂ ਗਵਾਹਾਂ ਦੀ ਗਵਾਹੀ ਨੂੰ ਇਸ ਅਧਾਰ ਤੇ ਭਰੋਸੇਯੋਗ ਨਹੀਂ ਮੰਨਿਆ ਗਿਆ ਕਿ ਕੋਈ ਅਮੀਰ ਆਦਮੀ ਕਿਸੇ ਰਿਕਸ਼ੇ ਵਾਲੇ ਨਾਲ ਬੈਠ ਕੇ ਨਾ ਚਾਹ ਪੀਵੇਗਾ ਅਤੇ ਨਾ ਹੀ ਰੇਹੜੀ ਉੱਪਰ ਖੜ੍ਹ ਕੇ ਖਾਣਾ ਖਾਵੇਗਾ। ਦੋਸ਼ੀ ਨੂੰ ਮੁਜਰਮ ਸਿੱਧ ਕਰਨ ਲਈ ਵਾਰਦਾਤ ਨਾਲ ਸਬੰਧਤ ਕੋਈ ਹੋਰ ਸਬੂਤ ਵੀ ਮਿਸਲ ਤੇ ਨਹੀਂ ਸੀ। ਇਸ ਤਰ੍ਹਾਂ ਇਹਨਾਂ ਗਵਾਹਾਂ ਦੀ ਗਵਾਹੀ ਨੂੰ ਭਰੋਸੇਯੋਗ ਨਾ ਠਹਿਰਾ ਕੇ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ।ਮਾਪਦੰਡ
    ਅਜਿਹੇ ਗਵਾਹ ਨੂੰ ਭਰੋਸੇਯੋਗ ਮੰਨਣ ਦੇ ਮਾਪਦੰਡ

ਆਖ਼ਰੀ ਸਮੇਂ ਦੇ ਗਵਾਹਾਂ ਨੂੰ ਤਾਂ ਹੀ ਭਰੋਸੇਯੋਗ ਮੰਨਿਆ ਜਾਂਦਾ ਹੈ ਜੇ ਉਹ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ:

  1. ਗਵਾਹ ਵੱਲੋਂ ਮ੍ਰਿਤਕ ਅਤੇ ਦੋਸ਼ੀ ਨੂੰ ਆਖ਼ਰੀ ਵਾਰ ਇਕੱਠੇ ਦੇਖਿਆ ਹੋਵੇ।
  2. ਇਕੱਠਿਆਂ ਦੇਖਣ ਦੇ ਸਮੇਂ ਅਤੇ ਮ੍ਰਿਤਕ ਦੀ ਲਾਸ਼ ਦੀ ਬਰਾਮਦਗੀ (ਜਾਂ ਮੌਤ) ਵਿਚਕਾਰ ਸਮਾਂ ਇੰਨਾ ਥੌੜ੍ਹਾ ਹੋਵੇ ਕਿ ਕਿਸੇ ਤੀਸਰੇ ਵਿਅਕਤੀ ਦੇ, ਉਸ ਸਮੇਂ ਦੌਰਾਨ ਮ੍ਰਿਤਕ ਨੂੰ ਮਾਰ ਦੇਣ ਦੀ ਸੰਭਾਵਨਾ ਅਸੰਭਵ ਹੋਵੇ।

 Case: State of U.P. v/s Satish 2005 Cri. L.J. 1428 (1) (SC)

Para “23.  The last seen theory comes into play where the time-gap between the point of time when the accused and the deceased were seen last alive and when the deceased is found dead is so small that possibility of any person other than the accused being the author of the crime becomes impossible…”
ਇਸ ਤਰ੍ਹਾਂ ਦੀ ਗਵਾਹੀ ਦੀ ਕਾਨੂੰਨੀ ਮਹੱਤਤਾ
ਕੇਵਲ ਆਖ਼ਰੀ ਸਮੇਂ ਦੇ ਗਵਾਹ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਨੂੰ ਸਜ਼ਾ ਨਹੀਂ ਹੋ ਸਕਦੀ। ਅਜਿਹੀ ਸ਼ਹਾਦਤ, ਜ਼ੁਰਮ ਨੂੰ ਸਿੱਧ ਕਰਨ ਵਾਲੀਆਂ ਬਾਕੀ ਕੜੀਆਂ, ਜਿਵੇਂ ਕਿ ਵਜ੍ਹਾ ਰੰਜਿਸ਼, ਲੁੱਟ-ਖਸੁੱਟ ਦੇ ਮਾਲ ਦੀ ਦੋਸ਼ੀਆਂ ਕੋਲੋਂ ਬਰਾਮਦਗੀ, ਖ਼ੂਨ ਨਾਲ ਲਿਬੜੇ ਹੋਏ ਕੱਪੜਿਆਂ ਅਤੇ ਹਥਿਆਰਾਂ ਦੀ ਬਰਾਮਦਗੀ, ਦੋਸ਼ੀਆਂ ਦੇ ਬਿਆਨਾਂ ਦੇ ਅਧਾਰ ਤੇ ਲਾਸ਼ ਦੀ ਬਰਾਮਦਗੀ ਆਦਿ ਨਾਲ ਮਿਲ ਕੇ ਜ਼ੁਰਮ ਸਿੱਧ ਕਰਨ ਵਿੱਚ ਸਹਾਈ ਸਿੱਧ ਹੋ ਸਕਦੀ ਹੈ। ਇਸ ਤਰ੍ਹਾਂ ਇਸ ਕਿਸਮ ਦੀ ਗਵਾਹੀ ਦੀ ਕਾਨੂੰਨੀ ਮਹੱਤਤਾ ਤਾਂ ਹੈ ਪਰ ਬਹੁਤ ਥੌੜ੍ਹੀ।

Case : Sunny Kapoor v/s State U.T. of Chandigarh, 2006 Cri.L.J.2920 (SC)

Para “19. ….. It is now well settled by a catena of decisions of this Court that for proving the guilt of commission of an offence under Section 302 IPC, the prosecution must lead evidence to connect all links in the chain so as to clearly point the guilt of the accused alone and nobody else.