ਸਾਹਿਤ ਅਕੈਡਮੀ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਦਾ ਲੇਖਾ ਜੋਖਾ
ਸੂਚਨਾ ਅਧਿਕਾਰ ਕਾਨੂੰਨ ਰਾਹੀਂ, ਅਸੀਂ ਸਾਹਿਤ ਅਕੈਡਮੀ ਦਿੱਲੀ ਤੋਂ, ਪਿਛਲੇ 11 ਸਾਲਾਂ ਦੌਰਾਨ, ਅਕੈਡਮੀ ਵੱਲੋਂ ਪੁਰਸਕਾਰਾਂ ਦੀ ਚੋਣ ਸਮੇਂ ਅਪਣਾਈ ਗਈ ਪ੍ਰਕਿਰਿਆ ਦੀ ਜਾਣਕਾਰੀ ਪ੍ਰਾਪਤ ਕਰ ਲਈ ਹੈ।
ਸਾਡੀ ਟੀਮ ਇਸ ਜਾਣਕਾਰੀ ਦੀ ਘੋਖ ਪੜਤਾਲ ਕਰ ਰਹੀ ਹੈ।
ਜਲਦੀ ਹੀ ਇਹ ਜਾਣਕਾਰੀ, ਘੋਖ ਪੜਤਾਲ ਸਮੇਤ, ਤੁਹਾਡੇ ਨਾਲ ਸਾਂਝੀ ਕਰਾਂਗੇ।
ਪਰ ਕੀ ਸਲਾਹਕਾਰਾਂ ਵੱਲੋਂ ਅਪਣਾਈ ਗਈ ਚੋਣ ਪ੍ਰਕਿਰਿਆ ਸਹੀ ਹੈ ਜਾਂ ਗਲਤ, ਇਹ ਸਮਝਣ ਲਈ ਪਹਿਲਾਂ ਸਾਨੂੰ ਉਨ੍ਹਾਂ ਨਿਯਮਾਂ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਨੀ ਹੋਵੇਗੀ ਜਿਨ੍ਹਾਂ ਵਿੱਚ ਇਹ ਚੋਣ ਪ੍ਰਕਿਰਿਆ ਦਰਜ਼ ਕੀਤੀ ਗਈ ਹੈ।
————————-
‘ਸਲਾਨਾ ਸਾਹਿਤ ਅਕਾਡਮੀ ਪੁਰਸਕਾਰ ਨਿਯਮ’
ਪੁਰਸਕਾਰਾਂ ਦੀ ਚੋਣ ਲਈ ਸਾਹਿਤ ਅਕਾਡਮੀ ਵਲੋਂ ਬਕਾਇਦਾ ਨਿਯਮ ਬਣਾਏ ਗਏ ਹਨ ਜਿਨ੍ਹਾਂ ਨੂੰ ‘ਸਲਾਨਾ ਸਾਹਿਤ ਅਕਾਡਮੀ ਪੁਰਸਕਾਰ ਨਿਯਮ’ ਆਖਿਆ ਜਾਂਦਾ ਹੈ।
ਇਨ੍ਹਾਂ ਨਿਯਮਾਂ ਵਿੱਚ, ਪੁਰਸਕਾਰ ਦੀ ਚੋਣ ਲਈ, ਜੋ ਚੋਣ ਪ੍ਰਕਿਰਿਆ ਨਿਸ਼ਚਿਤ ਕੀਤੀ ਗਈ ਹੈ ਉਹ ਪੂਰੀ ਤਰ੍ਹਾਂ ਤਰਕ ਸੰਗਤ ਹੈ।
ਪਹਿਲਾਂ ਅਸੀਂ, ਸੰਖੇਪ ਵਿੱਚ,ਉਸ ਚੋਣ ਪ੍ਰਕਿਰਿਆ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ।
ਫੇਰ ਇਹ ਘੋਖ ਪੜਤਾਲ ਕਰਾਂਗੇ ਕਿ ਕੀ ਪੰਜਾਬੀ ਭਾਸ਼ਾ ਦੇ ਪਿਛਲੇ ਸਲਾਹਕਾਰ ਬੋਰਡਾਂ ਵੱਲੋਂ, ਪੁਰਸਕਾਰਾਂ ਦੀ ਚੋਣ ਸਮੇਂ ਇਸ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਜਾਂ ਮਨ ਮਰਜ਼ੀ।
————————————————————————————–
‘ਸਲਾਨਾ ਸਾਹਿਤ ਅਕਾਡਮੀ ਪੁਰਸਕਾਰ ਨਿਯਮ’ ਵਿਚ ਦਰਜ਼
ਸਹਿਤ ਅਕੈਡਮੀ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ
ਮੁਢਲੀਆਂ ਸ਼ਰਤਾਂ:
1. ਪੁਸਤਕ ਪੁਰਸਕਾਰ ਵਾਲੇ ਸਾਲ ਤੋਂ ਪਹਿਲੇ ਸਾਲ ਵਿੱਚ ਪ੍ਰਕਾਸ਼ਤ ਨਾ ਹੋਈ ਹੋਵੇ। ਜਿਵੇਂ 2024 ਦੇ ਪੁਰਸਕਾਰ ਲਈ 2023 ਵਿੱਚ ਪ੍ਰਕਾਸ਼ਤ ਹੋਈ ਪੁਸਤਕ ਵਿਚਾਰੀ ਨਹੀਂ ਜਾ ਸਕਦੀ। ਵਿਚਾਰੀ ਜਾਣ ਵਾਲੀ ਪੁਸਤਕ ਉਸ ਤੋਂ ਪਹਿਲੇ ਪੰਜਾਂ ਸਾਲਾਂ ਵਿਚਕਾਰ ਪ੍ਰਕਾਸ਼ਤ ਹੋਈ ਹੋਣੀ ਚਾਹੀਦੀ ਹੈ।
ਉਦਾਹਰਣ: ਸਾਲ 2024 ਦੇ ਪੁਰਸਕਾਰ ਲਈ ਪੁਸਤਕ ਸਾਲ 2018 ਅਤੇ ਸਾਲ 2022 ਦੇ ਵਿਚਕਾਰ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ।
2. ਇਨਾ ਪੰਜਾਂ ਸਾਲਾਂ ਵਿਚਕਾਰ ਪੁਸਤਕ ਪਹਿਲੀ ਵਾਰ ਪ੍ਰਕਾਸ਼ਤ ਹੋਈ ਹੋਵੇ। ਦੂਜੇ ਤੀਜੇ ਐਡੀਸ਼ਨ ਦੇ ਆਧਾਰ ਤੇ ਸਮਾਂ ਸੀਮਾ ਨਹੀਂ ਵਧਾਈ ਜਾ ਸਕਦੀ।
ਪੁਰਸਕਾਰ ਲਈ ਚੁਣੀ ਜਾਣ ਵਾਲੀ ਪੁਸਤਕ ਦੀ ਚੋਣ ਪ੍ਰਕਿਰਿਆ ਦੇ ਪੜਾਅ
1. ਆਧਾਰ ਸੂਚੀ ਦੀ ਤਿਆਰੀ:
ਅਕੈਡਮੀ ਵੱਲੋਂ ਹਰ ਸਾਲ ਮਾਹਿਰਾਂ ਕੋਲੋਂ, ਪੁਰਸਕਾਰ ਲਈ ਯੋਗ ਪੁਸਤਕਾਂ ਦੀ ਇੱਕ ਸੂਚੀ ਤਿਆਰ ਕਰਵਾਈ ਜਾਂਦੀ ਹੈ, ਜਿਸ ਨੂੰ ਆਧਾਰ-ਸੂਚੀ ਆਖਿਆ ਜਾਂਦਾ ਹੈ। ਇਹ ਸੂਚੀ ਸਬੰਧਤ ਭਾਸ਼ਾ ਦੇ ਦੋ ਮਹਿਰਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ।
ਮਾਹਿਰਾਂ ਦੀ ਚੋਣ: ਸਬੰਧਤ ਭਾਸ਼ਾ ਦੇ ਸਲਾਹਕਾਰ ਬੋਰਡ ਵੱਲੋਂ ਹਰ ਸਾਲ ਮਹਿਰਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਂਦੀ ਹੈ। ਇਸ ਸੂਚੀ ਵਿੱਚ ਵੱਧੋ ਵੱਧ ਪੰਜ ਨਾਂ ਸ਼ਾਮਲ ਹੋ ਸਕਦੇ ਹਨ। ਬੋਰਡ ਵੱਲੋਂ ਇਹ ਸੂਚੀ ਅਕੈਡਮੀ ਦੇ ਪ੍ਰਧਾਨ ਨੂੰ ਭੇਜੀ ਜਾਂਦੀ ਹੈ। ਪ੍ਰਧਾਨ ਉਸ ਸੂਚੀ ਵਿੱਚੋਂ ਦੋ ਮਹਿਰਾਂ ਦੀ ਚੋਣ ਕਰਦਾ ਹੈ। ਉਹੋ ਦੋ ਮਾਹਿਰ ਪੁਰਸਕਾਰ ਲਈ ਯੋਗ ਪੁਸਤਕਾਂ ਦੀ ਚੋਣ ਕਰਦੇ ਹਨ।
ਮਾਹਿਰਾਂ ਵੱਲੋਂ ਤਿਆਰ ਕੀਤੀ ਗਈ (ਯੋਗ ਪੁਸਤਕਾਂ ਦੀ) ਇਹ ਆਧਾਰ-ਸੂਚੀ ਸਬੰਧਤ ਭਾਸ਼ਾ ਦੇ ਸਲਾਹਕਾਰ ਬੋਰਡ ਦੇ ਹਰ ਮੈਂਬਰ ਨੂੰ ਆਪਣੀ ਰਾਏ ਦੇਣ ਲਈ ਭੇਜੀ ਜਾਂਦੀ ਹੈ। ਇਸ ਆਧਾਰ-ਸੂਚੀ ਦੇ ਨਾਲ, ਇਸ ਤੋਂ ਪਹਿਲੇ ਸਾਲ ਤਿਆਰ ਕੀਤੀ ਗਈ ਆਧਾਰ-ਸੂਚੀ ਵੀ ਭੇਜੀ ਜਾਂਦੀ ਹੈ ।
ਹਰੇਕ ਮੈਂਬਰ ਨੇ, ਉਨਾਂ ਦੋਵੇਂ ਸੂਚੀਆਂ ਵਿੱਚ ਸ਼ਾਮਿਲ ਪੁਸਤਕਾਂ ਵਿੱਚੋਂ, ਪੁਰਸਕਾਰ ਲਈ ਦੋ ਪੁਸਤਕਾਂ ਦੀ ਸਿਫਾਰਸ਼ ਕਰਨੀ ਹੁੰਦੀ ਹੈ। ਮੈਂਬਰ ਲਈ ਇਹ ਜਰੂਰੀ ਨਹੀਂ ਹੁੰਦਾ ਕਿ ਉਹ ਸੂਚੀ ਵਿੱਚ ਸ਼ਾਮਿਲ ਪੁਸਤਕਾਂ ਵਿੱਚੋਂ ਹੀ ਪੁਸਤਕਾਂ ਦੀ ਸਿਫਾਰਿਸ਼ ਕਰੇ। ਮੈਂਬਰ ਨੂੰ ਖੁੱਲ੍ਹ ਹੁੰਦੀ ਹੈ ਕਿ ਉਹ ਆਪਣੀ ਮਰਜ਼ੀ ਅਨੁਸਾਰ, ਸੂਚੀ ਤੋਂ ਬਾਹਰਲੀਆਂ (ਇੱਕ ਜਾਂ ਦੋਵੇਂ) ਪੁਸਤਕਾਂ ਦੀ ਸਿਫਾਰਿਸ਼ ਵੀ ਕਰ ਸਕਦਾ ਹੈ।
ਮੁਢਲਾ ਪੈਨਲ:
ਇਸ ਪੈਨਲ ਦੇ 10 ਮੈਂਬਰ ਹੁੰਦੇ ਹਨ। ਇਹਨਾਂ ਮੈਂਬਰਾਂ ਨੂੰ ਰੈਫਰੀ ਆਖਿਆ ਜਾਂਦਾ ਹੈ। ਪਹਿਲਾਂ ਸਲਾਹਕਾਰ ਬੋਰਡ ਵੱਲੋਂ ਰੈਫਰੀਆਂ ਦੇ ਨਾਵਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਂਦੀ ਹੈ। ਰੈਫਰੀਆਂ ਦੀ ਨਿਯੁਕਤੀ ਲਈ ਉਹ ਸੂਚੀ ਅਕੈਡਮੀ ਦੇ ਪ੍ਰਧਾਨ ਨੂੰ ਭੇਜੀ ਜਾਂਦੀ ਹੈ। ਪ੍ਰਧਾਨ ਉਸ ਸੂਚੀ ਵਿੱਚੋਂ ਦਸ ਵਿਅਕਤੀਆਂ ਨੂੰ ਬਤੌਰ ਰੈਫਰੀ ਨਿਯੁਕਤ ਕਰ ਦਿੰਦਾ ਹੈ।
ਸਲਾਹਕਾਰ ਬੋਰਡ ਦੇ ਮੈਂਬਰਾਂ ਵੱਲੋਂ, ਅਕੈਡਮੀ ਨੂੰ, ਆਪਣੀਆਂ ਸਿਫਾਰਸ਼ਾਂ ਵੱਖਰੇ ਵੱਖਰੇ ਤੌਰ ਤੇ ਭੇਜੀਆਂ ਜਾਂਦੀਆਂ ਹਨ। ਅਕੈਡਮੀ ਵੱਲੋਂ ਸਾਰੀਆਂ ਸਿਫਾਰਸ਼ਾ ਨੂੰ ਇਕੱਠਾ ਕਰਕੇ ਇੱਕ ਸਾਂਝੀ ਸੂਚੀ ਤਿਆਰ ਕਰ ਲਈ ਜਾਂਦੀ ਹੈ। ਫੇਰ ਇਹ ਸੂਚੀ, ਹਰ ਰੈਫਰੀ ਨੂੰ ਭੇਜੀ ਜਾਂਦੀ ਹੈ।
ਹਰ ਰੈਫਰੀ ਲਈ ਦੋ ਪੁਸਤਕਾਂ ਦੇ ਨਾਵਾਂ ਦੀ ਸਿਫਾਰਿਸ਼ ਕਰਨੀ ਜਰੂਰੀ ਹੁੰਦੀ ਹੈ। ਰੈਫਰੀ ਪੁਸਤਕਾਂ ਦੀ ਚੋਣ ਅਕੈਡਮੀ ਵੱਲੋਂ ਭੇਜੀ ਗਈ ਸੂਚੀ ਵਿੱਚੋਂ ਕਰ ਸਕਦਾ ਹੈ। ਰੈਫਰੀ ਨੂੰ ਸੂਚੀ ਤੋਂ ਬਾਹਰਲੀਆਂ ਪੁਸਤਕਾਂ ਦੀ ਸਿਫਾਰਸ਼ ਕਰਨ ਦੀ ਵੀ ਖੁੱਲ੍ਹ ਹੁੰਦੀ ਹੈ।
ਜਿਊਰੀ :
ਸਬੰਧਤ ਸਲਾਹਕਾਰ ਬੋਰਡ ਵੱਲੋਂ ਜਿਊਰੀ ਦੇ ਸੰਭਾਵੀ ਮੈਂਬਰਾਂ ਦੀ ਸੂਚੀ ਤਿਆਰ ਕਰਕੇ ਅਕੈਡਮੀ ਦੇ ਪ੍ਰਧਾਨ ਨੂੰ ਭੇਜ ਦਿੱਤੀ ਜਾਂਦੀ ਹੈ। ਪ੍ਰਧਾਨ ਵਲੋਂ ਉਸ ਸੂਚੀ ਵਿੱਚੋਂ ਤਿੰਨ ਨਾਂ ਚੁਣ ਲਏ ਜਾਂਦੇ ਹਨ।
ਇੰਝ ਪੁਰਸਕਾਰ ਵਾਲੀ ਪੁਸਤਕ ਦੀ ਚੋਣ ਕਰਨ ਵਾਲੀ ਇੱਕ ਸ਼ਕਤੀਸ਼ਾਲੀ, ਤਿੰਨ ਮੈਂਬਰੀ ਜਿਊਰੀ ਦਾ ਗਠਨ ਹੋ ਜਾਂਦਾ ਹੈ।
ਅਕੈਡਮੀ ਰੈਫਰੀਆਂ ਵੱਲੋਂ ਸੁਝਾਈਆਂ ਪੁਸਤਕਾਂ ਬਾਜ਼ਾਰ ਵਿੱਚੋਂ ਖਰੀਦ ਕੇ ਹਰ ਜਿਊਰੀ ਮੈਂਬਰ ਨੂੰ ਭੇਜ ਦਿੰਦੀ ਹੈ। ਭੇਜੀਆਂ ਪੁਸਤਕਾਂ ਦਾ ਅਧਿਐਨ ਕਰਕੇ, ਜਿਊਰੀ ਮੈਂਬਰ ਸਰਬ ਸੰਮਤੀ ਨਾਲ ਜਾਂ ਬਹੁਮਤ ਨਾਲ ਪੁਰਸਕਾਰ ਲਈ ਯੋਗ ਇੱਕ ਪੁਸਤਕ ਦੀ ਚੋਣ ਕਰਦੇ ਹਨ। ਜੇ ਜਿਊਰੀ ਨੂੰ ਲੱਗੇ ਕਿ ਸੂਚੀ ਵਿੱਚ ਦਰਜ ਕੋਈ ਵੀ ਪੁਸਤਕ ਪੁਰਸਕਾਰ ਦੇ ਯੋਗ ਨਹੀਂ ਹੈ ਤਾਂ ਜਿਊਰੀ ਇਹ ਸਿਫਾਰਿਸ਼ ਕਰ ਸਕਦੀ ਹੈ ਕਿ ਉਸ ਸਾਲ ਕਿਸੇ ਵੀ ਪੁਸਤਕ ਨੂੰ ਪੁਰਸਕਾਰ ਨਾ ਦਿੱਤਾ ਜਾਵੇ।
ਜ਼ਿਕਰ ਯੋਗ ਹੈ ਕਿ ਜਿਊਰੀ ਵੱਲੋਂ ਪੁਰਸਕਾਰ ਲਈ ਯੋਗ ਪੁਸਤਕ ਦੀ ਚੋਣ ਉਸ ਸੂਚੀ ਵਿੱਚੋਂ ਹੀ ਕਰਨੀ ਹੁੰਦੀ ਹੈ ਜਿਹੜੀ ਉਸ ਨੂੰ ਅਕੈਡਮੀ ਵੱਲੋਂ ਦਿੱਤੀ ਜਾਂਦੀ ਹੈ। ਮਾਹਿਰਾਂ ਅਤੇ ਰੈਫਰੀਆਂ ਵਾਂਗ ਜਿਊਰੀ ਨੂੰ ਸੂਚੀ ਵਿੱਚੋਂ ਬਾਹਰਲੀ ਕਿਸੇ ਪੁਸਤਕ ਨੂੰ ਚੁਣਨ ਦਾ ਅਧਿਕਾਰ ਨਹੀਂ ਹੁੰਦਾ।
ਪੁਰਸਕਾਰ ਦਾ ਐਲਾਨ:
ਜਿਊਰੀ ਦਾ ਫੈਸਲਾ,ਰਸਮੀ ਮਨਜ਼ੂਰੀ ਲਈ, ਅਕੈਡਮੀ ਦੇ ਪ੍ਰਬੰਧਕੀ ਬੋਰਡ ਅੱਗੇ ਪੇਸ਼ ਕੀਤਾ ਜਾਂਦਾ ਹੈ। ਮਨਜੂਰੀ ਦੇਣ ਬਾਅਦ, ਪ੍ਰਬੰਧਕੀ ਬੋਰਡ ਪੁਰਸਕਾਰ ਵਿਜੇਤਾ ਲੇਖਕ/ਪੁਸਤਕ ਦੇ ਨਾਂ ਦਾ ਐਲਾਨ ਕਰ ਦਿੰਦਾ ਹੈ।
ਟਿੱਪਣੀ:
ਚੋਣ ਲਈ ਪੁਸਤਕ ਨੇ ਜਿਨਾਂ ਮਾਹਿਰਾਂ, ਰੈਫਰੀਆਂ ਅਤੇ ਜਿਊਰੀ ਮੈਂਬਰਾਂ ਦੇ ਹੱਥਾਂ ਥਾਂਈ ਲੰਘਣਾ ਹੁੰਦਾ ਹੈ ਉਹਨਾਂ ਸਾਰਿਆਂ ਦੀ ਚੋਣ ਸਲਾਹਕਾਰ ਬੋਰਡ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ। ਸਲਾਹਕਾਰ ਬੋਰਡ ਦੇ ਇਸ ਵਿਸ਼ੇਸ਼ ਅਧਿਕਾਰ ਦੇ ਅਧਾਰ ਤੇ ਆਖਿਆ ਜਾ ਸਕਦਾ ਹੈ ਕਿ ਅਸਲ ਵਿੱਚ, ਪੁਰਸਕਾਰ ਦੀ ਚੋਣ ਮਹਿਰਾਂ ਆਦਿ ਦੀ ਥਾਂ ਬੋਰਡ ਮੈਂਬਰਾਂ ਵੱਲੋਂ ਹੀ ਕੀਤੀ ਜਾਂਦੀ ਹੈ।
——————————————–
ਪੂਰੇ ‘ਸਲਾਨਾ ਸਾਹਿਤ ਅਕਾਡਮੀ ਪੁਰਸਕਾਰ ਨਿਯਮ’
( The Annual Sahitya Akademi Award Rules )
ਦਾ ਲਿੰਕ:
http://www.mittersainmeet.in/wp-content/uploads/2024/03/Rules-SA.pdf
——————————————————–
More Stories
‘ਸਲਾਨਾ ਸਾਹਿਤ ਅਕੈਡਮੀ ਪੁਰਸਕਾਰ ਨਿਯਮ’ -ਦੀ ਸੰਖੇਪ ਜਾਣਕਾਰੀ
‘ਸਾਹਿਤ ਅਕੈਡਮੀ ਪੁਰਸਕਾਰ 2023’ -ਦਾ ਲੇਖਾ ਜੋਖਾ