ਲੁਧਿਆਣਾ ਅਕੈਡਮੀ ਦੀ ਸੰਪੱਤੀ ਅਤੇ ਸਾਧਨਾਂ ਦੀ ਹੋ ਰਹੀ ਕੁਵਰਤੋਂ ਦੀਆਂ ਉਦਾਹਰਣਾਂ-1

0
938
ਪੰਜਾਬੀ ਭਵਨ ਲੁਧਿਆਣਾ ਦੀ 25 ਲੱਖ ਵਿਚ ਬਣੀ " ਹਵਾਈ ਲਾਇਬਰੇਰੀ"

 

ਲੁਧਿਆਣਾ ਅਕੈਡਮੀ ਦੀ ਸੰਪੱਤੀ ਅਤੇ ਸਾਧਨਾਂ ਦੀ ਹੋ ਰਹੀ ਕੁਵਰਤੋਂ ਦੀਆਂ ਉਦਾਹਰਣਾਂ

(1-ਚੇਤਨਾ ਪ੍ਰਕਾਸ਼ਨ ਤੇ ਵਰਸਦੀਆਂ ਰਹਿਮਤਾਂ ਦੇ ਦਸਤਾਵੇਜ਼ੀ ਸਬੂਤ)

      ਘੱਟੋ-ਘੱਟ ਪਿਛਲੇ ਇੱਕ ਦਹਾਕੇ ਤੋਂ ਸਾਹਿਤ ਅਕੈਡਮੀ ਲੁਧਿਆਣਾ ਦੀ ਪ੍ਰਬੰਧਕੀ ਟੀਮ ਉੱਪਰ ਇੱਕੋ ਧੜੇ ਦਾ ਕਬਜ਼ਾ ਚੱਲਿਆ ਆ ਰਿਹਾ ਹੈ। ਚੋਣਾਂ ਬਾਅਦ ਸਿਸਟਮ ਦੀ ਥਾਂ ਕੇਵਲ ਸਿਸਟਮ ਤੇ ਕਾਬਜ਼ ਵਿਅਕਤੀ ਬਦਲਦੇ ਹਨ। ਇਸ ਧੜੇ ਨੇ ਮੈਂਬਰਾਂ (ਆਪਣੇ ਵੋਟਰਾਂ) ਦੀ ਗਿਣਤੀ ਇੰਨੀ ਵਧਾ ਲਈ ਹੈ ਕਿ ਧੜੇ ਤੋਂ ਬਾਹਰਲਾ ਕੋਈ ਵੱਡੇ ਤੋਂ ਵੱਡਾ ਸਾਹਿਤਕਾਰ ਵੀ ਚੋਣ ਲੜਨ ਦੀ ਹਿੰਮਤ ਨਹੀਂ ਕਰ ਸਕਦਾ। ਇਸੇ ਕਾਰਨ ਅੱਜ-ਕੱਲ੍ਹ ਅਹੁੱਦੇਦਾਰਾਂ ਦੀ ਚੋਣ ਨਹੀਂ ਹੁੰਦੀ। ਸਮਝੌਤੇ ਕਰਕੇ ਕੁਰਸੀਆਂ ਵੰਡ ਲਈਆਂ ਜਾਂਦੀਆਂ ਹਨ।

ਅਕੈਡਮੀ ਦੀ ਸੱਤਾ ਤੇ ਕਾਬਜ਼ ਪ੍ਰਬੰਧਕੀ ਟੀਮਾਂ ਪੰਜਾਬੀ ਸਾਹਿਤ ਜਾਂ ਸਾਹਿਤਕਾਰਾਂ ਦੇ ਹਿਤਾਂ ਦੀ ਥਾਂ ਆਪਣੇ ਪੈਰੋਕਾਰਾਂ, ਵੋਟ ਪਾਕਟਾਂ ਦੇ ਚੌਧਰੀਆਂ ਅਤੇ ਆਪਣੇ ਨਿੱਜੀ ਚਹੇਤਿਆਂ ਦੇ ਹਿਤਾਂ ਦਾ ਹੀ ਧਿਆਨ ਰੱਖਦੀਆਂ ਹਨ। ਹਾਲਾਤ ਇੱਥੋਂ ਤੱਕ ਬਦਤਰ ਹੋ ਗਏ ਹਨ ਕਿ ਅਕੈਡਮੀ ਦੇ ਇੱਕ ਹਰਿਆਲੇ ਲਾਅਨ ਨੂੰ ਬਜ਼ਾਰ‘ ਵਿਚ ਬਦਲ ਦਿੱਤਾ ਗਿਆ ਹੈ ਅਤੇ ਵਿਸ਼ਾਲ ਓਪਨ ਏਅਰ ਥਿਏਟਰ ਦੀ ਹਾਲਤ ਖਸਤਾ ਕਰ ਦਿੱਤੀ ਗਈ ਹੈ। (ਖਸਤਾ ਹਾਲਤ ਦੀਆਂ ਤਸਵੀਰਾਂ ਦਿਖਾਵਾਂਗੇ)।

ਮੈਂ ਅਤੇ ਕੁਝ ਮਿੱਤਰ ਪ੍ਰਬੰਧਕੀ ਟੀਮਾਂ ਦੇ ਇਸ ਵਰਤਾਰੇ ਵਿਰੁੱਧ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਹਾਂ। ਪਰ ਘੱਟ ਗਿਣਤੀ ਵਿਚ ਹੋਣ ਕਾਰਨ ਅਕੈਡਮੀ ਦੇ ਪ੍ਰਬੰਧਕੀ ਬੋਰਡ ਅਤੇ ਜਨਰਲ ਹਾਊਸ ਵਿਚ ਸਾਡੀ ਆਵਾਜ਼ ਨੂੰ ਰੌਲਾ ਰੱਪਾ ਪਾ ਕੇ ਦਬਾ ਦਿੱਤਾ ਜਾਂਦਾ ਹੈ। ਮਜ਼ਬੂਰੀ ਵਸ ਅਸੀਂ ਅਕੈਡਮੀ ਦੇ ਕੁਸ਼ਾਸਨ ਦੀ ਵਿਥਿਆ ਸੰਸਾਰ ਦੇ ਕੋਨੇ-ਕੋਨੇ ਵਿਚ ਬੈਠੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਸਮੱਰਥਕਾਂ ਨੂੰ ਸੋਸ਼ਲ਼ ਮੀਡੀਆ ਰਾਹੀਂ ਸੁਣਾਉਣ ਲਈ ਮਜ਼ਬੂਰ ਹੋਏ ਹਾਂ।ਸਪਸ਼ਟ ਉਦੇਸ਼ ਅਕੈਡਮੀ ਨੂੰ ਕੇਵਲ ਕੁਸ਼ਾਸਨ ਤੋਂ ਮੁਕਤ ਕਰਾਉਣਾ ਹੈ ਕਿਸੇ ਵਿਅਕਤੀ ਵਿਸ਼ੇਸ਼ ਨੂੰ ਬਦਨਾਮ ਕਰਨਾ ਨਹੀਂ।

ਸ਼ੁਰੂਆਤ ਕਰੀਬ ਦੋ ਦਹਾਕੇ ਪਹਿਲਾਂ ਅਕੈਡਮੀ ਵਿਚ ਖੁੱਲੀ ਪਹਿਲੀ ਦੁਕਾਨ( ਚੇਤਨਾ ਪ੍ਰਕਾਸ਼ਨ) ਤੋਂ ਕਰਦੇ ਹਾਂ। (ਪੰਜਾਬੀ ਭਵਨ ਵਿਚ ਪ੍ਰਕਾਸ਼ਕ ਨੂੰ ਬਿਠਾਉਣ ਦਾ ਲਾਭ ਕੇਵਲ ਉਸ ਅਦਾਰੇ ਨੂੰ ਹੋਇਆ ਜਾਂ ਲੇਖਕਾਂ ਅਤੇ ਪਾਠਕਾਂ ਨੂੰ ਇਸ ਬਾਰੇ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ।)

ਚੇਤਨਾ ਪ੍ਰਕਾਸ਼ਨ ਤੇ ਵਰਸਦੀਆਂ ਰਹਿਮਤਾਂ ਦੇ ਦਸਤਾਵੇਜ਼ੀ ਸਬੂਤ

ਦੋ ਦੋ ਦੁਕਾਨਾਂ:

     ਅਠਾਰਾਂ/ਉੱਨੀ ਸਾਲ ਪਹਿਲਾਂ (01.01.1999 ਨੂੰ)  ਪੰਜਾਬੀ ਭਵਨ ਦੇ ਸੇਵਾਦਾਰਾਂ ਲਈ ਬਣੇ ਰਿਹਾਇਸ਼ੀ ਕੁਆਟਰਾਂ ਵਿਚੋਂ ਇੱਕ ਕੁਆਟਰ ਚੇਤਨਾ ਪ੍ਰਕਾਸ਼ਨ ਨੂੰ ਮਾਮੂਲੀ ਕਿਰਾਏ ਤੇ ਦਿੱਤਾ ਗਿਆ। ਜਦੋਂ ਇਸ ਪ੍ਰਕਾਸ਼ਕ ਦਾ ਕੰਮ ਚੱਲ ਨਿਕਲਿਆ ਤਾਂ ਇਸ ਅਦਾਰੇ ਦੀ ਦੂਸਰੀ ਫਰਮ ਨੂੰ ਇੱਕ ਹੋਰ ਕੁਆਟਰ (15.06.2007 ਨੂੰ)  ਦੇ ਦਿੱਤਾ ਗਿਆ।ਸਾਰੇ ਸਾਹਿਤ ਜਗਤ ਨੂੰ ਪਤਾ ਹੈ ਕਿ ਚੇਤਨਾ ਪ੍ਰਕਾਸ਼ਨ ਅਤੇ ਸੁਮਿਤ ਪ੍ਰਕਾਸ਼ਨ ਕਾਗਜ਼ੀ-ਪੱਤਰੀਂ ਭਾਵੇਂ ਦੋ ਸੰਸਥਾਵਾਂ ਹਨ ਪਰ ਅਸਲ ਵਿਚ ਇਹ ਸੰਸਥਾਵਾਂ ਆਪਣਾ ਕਾਰੋਬਾਰ ਇੱਕ ਹੀ ਦੁਕਾਨ ਤੋਂ ਚਲਾਉਂਦੀਆਂ ਹਨ। ਇਨ੍ਹਾਂ ਦੇ ਪ੍ਰਬੰਧਕ ਅਤੇ ਕਰਮਚਾਰੀ ਸਾਂਝੇ ਹਨ। ਪਰ ਸ਼ੁਰੂ ਤੋਂ ਹੀ ਅਕੈਡਮੀ ਦੀਆਂ ਪ੍ਰਬੰਧਕੀ ਟੀਮਾਂ ਇਨ੍ਹਾਂ ਨੂੰ ਦੋ ਸੰਸਥਾਵਾਂ ਮੰਨ ਕੇ, ਇਨ੍ਹਾਂ ਨੂੰ ਲਾਭ ਅਤੇ ਅਕੈਡਮੀ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਆ ਰਹੀਆਂ ਹਨ। ਚੌਲਾਂ ਦੇ ਪੂਰੇ ਕੜਾਹੇ ਨੂੰ ਪੇਸ਼ ਕਰਨ ਦੀ ਥਾਂ ਨਮੂਨੇ ਲਈ ਇੱਕ ਚੌਲ ਦੇ ਤੌਰ ਤੇ ਅਕੈਡਮੀ ਵੱਲੋਂ ਇਨ੍ਹਾਂ ਅਦਾਰਿਆਂ ਨਾਲ ਸਾਲ 2008 ਅਤੇ 2009 ਵਿਚ ਕੀਤੇ ‘ਇਕਰਾਰਨਾਮੇ’ (ਅਸਲ ਵਿਚ ਕਿਰਾਏਨਾਮੇ) ਪੇਸ਼ ਕਰਦੇ ਹਾਂ। (ਇਹ ਇਕਰਾਰਨਾਮੇ ਇਸ ਲਿੰਕ ਤੇ ਪੜ੍ਹੇ ਜਾ ਸਕਦੇ ਹਨ- http://www.mittersainmeet.in/wp-content/uploads/2017/06/PSA-2Agreements.pdf  ।

ਇਕਰਾਰਨਾਮਾ ਮਿਤੀ 10 ਜਨਵਰੀ 2010 ਰਾਂਹੀਂ ਵੱਡੀਆਂ ਛੋਟਾਂ:

10 ਜਨਵਰੀ 2010 ਨੂੰ ਅਕੈਡਮੀ ਦੇ ਉਸ ਸਮੇਂ ਦੇ ਪ੍ਰਬੰਧਕਾਂ ਵੱਲੋਂ ਅਦਾਰੇ (ਚੇਤਨਾ ਪ੍ਰਕਾਸ਼ਨ ਅਤੇ ਸੁਮਿਤ ਪ੍ਰਕਾਸ਼ਨ) ਨਾਲ 50/- ਰੁਪਏ ਦੇ ਅਸ਼ਟਾਮ ਤੇ ਇਕਰਾਰਨਾਮਾ ਕਰਕੇ ਅਦਾਰੇ ਨੂੰ ਹੇਠ ਲਿਖੇ ਗੱਫੇ ਵਰਤਾਏ ਗਏ:

(ੳ)     ਉਸ ਸਮੇਂ ਅਦਾਰੇ ਵੱਲ ਅਕੈਡਮੀ ਦੇ ਇਕੱਤਰ ਹਜ਼ਾਰ ਰੁਪਏ ਬਕਾਇਆ ਸਨ। ਉਨ੍ਹਾਂ ਵਿਚੋਂ ਪੈਂਤੀ ਹਜ਼ਾਰ ਰੁਪਏ ਮੁਆਫ਼ ਕਰ ਦਿੱਤੇ ਗਏ।

(ਅ)     ਆਪਣਾ ਕਾਰੋਬਾਰ ਚਲਾਉਣ ਲਈ ਅਦਾਰੇ ਨੂੰ ਅਕੈਡਮੀ ਦੀ ਆਰਟ ਗੈਲਰੀ ਅਤੇ ਇੱਕ ਸਟੋਰਮੁਫ਼ਤ ਵਿਚ’ ਦਿੱਤਾ ਗਿਆ। (ਕਈ ਸਾਲ ਦੁਕਾਨ ਆਰਟ ਗੈਲਰੀ ਵਿਚੋਂ ਚੱਲੀ)

(ੲ)     ਨਵੀਆਂ ਦੁਕਾਨਾਂ ਦੀ ਅਲਾਟਮੈਂਟ ਸਮੇਂ ਅਦਾਰੇ ਨੂੰ ਪਹਿਲ (ਕਰੋੜ ਰੁਪਏ ਮੁੱਲ ਦੀਆਂ ਦੋ ਦੁਕਾਨਾਂ ਕੌਡੀਆਂ ਦੇ ਭਾਅ) ਦੇ ਅਧਾਰ ਤੇ ਕਿਰਾਏ ਤੇ ਦੇਣ ਦਾ ਲਿਖਤੀ ਵਾਅਦਾ ਕੀਤਾ ਗਿਆ।

(ਇਹ ਇਕਰਾਰਨਾਮਾ ਇਸ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ: http://www.mittersainmeet.in/wp-content/uploads/2017/06/PSA_1Historic-Agreement.pdf )।

ਆਰਟ ਗੈਲਰੀ ਨੂੰ ਖਾਲੀ ਕਰਾਉਣ ਲਈ ਸੰਘਰਸ਼:

ਆਰਟ ਗੈਲਰੀ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਸ.ਸ਼ਰਨਜੀਤ ਸਿੰਘ ਢਿੱਲੋਂ ਦੀ ਮਾਲੀ ਸਹਾਇਤਾ ਨਾਲ (ਤਾਜ਼ੀ-ਤਾਜ਼ੀ) ਰੈਨੋਵੇਟ ਹੋਈ ਸੀ। ਸਰਕਾਰੀ ਗ੍ਰਾਂਟ ਦੀਆਂ ਸ਼ਰਤਾਂ ਕਾਰਨ ਆਰਟ ਗੈਲਰੀ ਤੋਂ ਵਪਾਰਕ ਗਤੀਵਿਧੀ (ਦੁਕਾਨ) ਨਹੀਂ ਸੀ ਕੀਤੀ ਜਾ ਸਕਦੀ। ਉਂਝ ਵੀ ਗੈਲਰੀ ਦੇ ਰੁਕੇ ਹੋਣ ਕਾਰਨ ਸਾਹਿਤਕ ਸਰਗਰਮੀਆਂ ਵਿਚ ਖੜੌਤ ਆ ਗਈ ਸੀ।ਕੁਝ ਮੈਂਬਰਾਂ ਵੱਲੋਂ ਆਰਟ ਗੈਲਰੀ ਨੂੰ ਜਲਦੀ ਖਾਲੀ ਕਰਾਉਣ ਲਈ ਪ੍ਰਬੰਧਕਾਂ ਤੇ ਦਬਾਅ ਬਣਾਇਆ ਗਿਆ। ਦਬਾਅ ਹੇਠ ਆ ਕੇ ਅਕੈਡਮੀ ਨੇ ਆਰਟ ਗੈਲਰੀ ਖਾਲੀ ਤਾਂ ਕਰਵਾਈ ਪਰ ਅਦਾਰੇ ਨੂੰ ਰਹਿਮਤਾਂ ਵਰਸਾਉਣ ਵਿਚ ਕੋਈ ਕਸਰ ਨਾ ਛੱਡੀ। ਦੁਕਾਨ ਦੀ ਸ਼ੀਸ਼ੇ ਆਦਿ ਦੀ ਫਿਟਿੰਗ ਲਈ ਇੱਕ ਲੱਖ ਦੇ ਲਗਭਗ ਰੁਪਏ ਖਰਚ ਕੀਤੇ ਗਏ। ਚਰਚਾ ਇਹ ਵੀ ਹੈ ਕਿ ਏ.ਸੀ. ਵੀ ਅਕੈਡਮੀ ਦੇ ਵੱਲੋਂ ਹੀ ਲਗਵਾਇਆ ਗਿਆ। ( ਮੰਗੇ ਜਾਣ ਦੇ ਬਾਵਜੂਦ ਵੀ ਹੋਏ ਖਰਚ ਦੀ ਸੁਚਣਾ ਨਹੀਂ ਦਿਤੀ ਗਈ)

ਨਜਾਇਜ਼ ਕਬਜ਼ੇ ਦੀ ਹਮਾਇਤ:

ਪੰਜਾਬੀ ਭਵਨ ਦੇ 50 ਸਾਲ ਪਹਿਲਾਂ ਬਣੇ ਅਸਲ ਨਕਸ਼ੇ ਵਿਚ ਅਕੈਡਮੀ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਵਿਅਕਤੀਆਂ ਦੇ ਵਾਹਨਾਂ ਦੀ ਪਾਰਕਿੰਗ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਅੱਧੀ ਸਦੀ ਵਿਚ ਜਿੱਥੇ ਅਕੈਡਮੀ ਵਿਚ ਆਉਣ ਵਾਲੇ ਵਾਹਨਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ ਉੱਥੇ ਪ੍ਰਬੰਧਕੀ ਟੀਮ ਨੇ ਪਾਰਕਿੰਗ ਲਈ ਛੱਡੀ ਜਗ੍ਹਾ ਨੂੰ ਹੋਲੀ ਹੋਲੀ ਮਲੀਆਮੇਟ ਕਰ ਦਿੱਤਾ ਗਿਆ ਹੈ। ਅਕੈਡਮੀ ਵੱਲੋਂ, ਚੇਤਨਾ ਪ੍ਰਕਾਸ਼ਨ ਨੂੰ ਅਡਜਸਟ ਕਰਨ ਲਈ, ਪਹਿਲਾਂ ਸਾਈਕਲ ਸ਼ੈਡ ਨੂੰ ਇਸ ਬਹਾਨੇ ਦੁਕਾਨ ਵਿਚ ਬਦਲਿਆ ਗਿਆ ਕਿ ਇੰਝ ਆਰਜ਼ੀ ਪ੍ਰਬੰਧ ਦੇ ਤੌਰ ਤੇ ਕੀਤਾ ਜਾ ਰਿਹਾ ਹੈ। ਮੀਆਂ ਮੀਰ ਭਵਨ ਵਿਚ ਦੁਕਾਨਾਂ ਬਣਨ ਬਾਅਦ ਇਨ੍ਹਾਂ ਕਿਰਾਏਦਾਰਾਂ ਨੂੰ ਨਵੀਆਂ ਦੁਕਾਨਾਂ ਵਿਚ ਭੇਜ ਦਿੱਤਾ ਜਾਵੇਗਾ। ਪਰ ਕੁਝ ਚੇਤੰਨ ਮੈਂਬਰਾਂ ਦੀ ਦਖਲਅੰਦਾਜ਼ੀ ਕਾਰਨ ਜਦੋਂ ਇਸ ਅਦਾਰੇ ਨੂੰ ਨਵੀਆਂ ਦੁਕਾਨਾਂ ਦੇ ਨਵੇਂ ਤਹਿ ਹੋਏ ਕਿਰਾਏ ਵਾਰੇ (ਫਿਟ) ਨਾ ਆਏ ਤਾਂ ਪਾਰਕਿੰਗ ਵਾਲੀ ਥਾਂ ਤੇ ਹੋਈ ਇਸ ਇਨਕਰੋਚਮੈਂਟ ਨੂੰ ‘ਪੱਕਾ’ ਕਰ ਦਿੱਤਾ ਗਿਆ’। ਦੁਕਾਨ ਅੱਗੇ ਪਏ ਕਿਤਾਬਾਂ ਦੇ ਵੱਡੇ ਬੰਡਲਾਂ ਨੂੰ ਕੋਈ ਨੁਕਸਾਨ ਨਾ ਪੁੱਜੇ ਇਸ ਲਈ ਅਦਾਰੇ ਵੱਲੋਂ ਘਾਹ ਅਤੇ ਘਾਹ ਦੁਆਲੇ ਇੱਟਾਂ ਦੀ ਵਾੜ੍ਹ ਕਰਕੇ ਚੁਸਤੀ ਨਾਲ ਅਕੈਡਮੀ ਦੀ ਹੋਰ ਜਗ੍ਹਾ ਤੇ ਕਬਜ਼ਾ ਕਰ ਲਿਆ ਗਿਆ। ਨਤੀਜੇ ਵਜੋਂ ਪਾਰਕਿੰਗ ਵਾਲੀ ਜਗ੍ਹਾ ਹੋਰ ਘਟ ਗਈ। ਫਿਰ ਗੁਰੂ ਨਾਨਕ ਭਵਨ ਅਤੇ ਇਸ ਦੁਕਾਨ ਦੀਆਂ ਕੰਧਾਂ ਵਿਚਕਾਰ ਬਚਦੀ ਖਾਲੀ ਥਾਂ ਉੱਪਰ ਟੀਨ ਦੀ ਛੱਤ ਪਾ ਕੇ ਹੋਰ ਥਾਂ ਤੇ ਕਬਜ਼ਾ ਕਰ ਲਿਆ ਗਿਆ। ਸਾਡੇ ਲਗਾਤਾਰ ਵਿਰੋਧ ਕਰਨ ਦੇ ਬਾਵਜੂਦ ਪ੍ਰਬੰਧਕੀ ਟੀਮ ਇਸ ਅਣਅਧਿਕਾਰਤ ਕਬਜ਼ੇ ਨੂੰ ਹਟਾਉਣ ਲਈ  ਕੋਈ ਕਾਰਵਾਈ ਨਹੀਂ ਕਰ ਰਹੀ।

ਨਵੇਂਕਿਰਾਇਆ ਕਾਨੂੰਨ 2012′ ਦੀ ਉਲੰਘਣਾਂ :

ਮਾਲਕਾਂ ਅਤੇ ਕਿਰਾਏਦਾਰਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵਾਂ ‘ਕਿਰਾਇਆ ਕਾਨੂੰਨ’ ਬਣਾਇਆ ਗਿਆ ਹੈ ਜੋ ਕਿ 30.11.2013 ਤੋਂ ਲਾਗੂ ਹੈ। ਇਸ ਕਾਨੂੰਨ ਅਧੀਨ ਅੱਗੋਂ ਤੋਂ ਹਰ ਕਿਰਾਏਨਾਮੇ ਦਾ ਸਬ-ਰਜਿਸਟਰਾਰ ਦੇ ਦਫ਼ਤਰ ਵਿਚ ਰਜਿਸਟਰ ਹੋਣਾ ਜ਼ਰੂਰੀ ਹੈ। ਪ੍ਰਬੰਧਕੀ ਬੋਰਡ ਦੇ ਮੈਂਬਰ ਹੋਣ ਵਜੋਂ ਮੈਂ ਅਕੈਡਮੀ ਦੇ ਉਸ ਸਮੇਂ ਦੇ ਪ੍ਰਬੰਧਕਾਂ ਨੂੰ ਸਲਾਹ ਦਿੱਤੀ ਕਿ ਅੱਗੋਂ ਤੋਂ ਕਿਰਾਏਨਾਮੇ ਰਜਿਸਟਰ ਕਰਵਾਏ ਜਾਣ ਤਾਂ ਜੋ ਕਾਨੂੰਨ ਦੀ ਪਾਲਣਾ ਵੀ ਹੋ ਜਾਵੇ ਅਤੇ ਅਕੈਡਮੀ ਦੇ ਹਿਤ ਵੀ ਸੁਰਿਖਅਤ ਹੋ ਜਾਣ। ਇਸ ਸਲਾਹ ਤੇ ਅਮਲ ਕਰਦੇ ਹੋਏ ਕੇਵਲ ਤਿੰਨ ਕਿਰਾਏਦਾਰਾਂ ਦੇ ਕਿਰਾਏਨਾਮੇ ਰਜਿਸਟਰ ਕਰਵਾਏ ਗਏ। ਇਸ ਪ੍ਰਕ੍ਰਿਆ ਉੱਪਰ ਹਰ ਕਿਰਾਏਦਾਰ ਦਾ ਚਾਰ/ਪੰਜ ਹਜ਼ਾਰ ਰੁਪਇਆ ਖਰਚ ਵੀ ਹੋਇਆ। ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਆਪਣੇ ਜਿਨ੍ਹਾਂ ਚਹੇਤਿਆਂ ਨੂੰ ਇਸ ਕਾਨੂੰਨੀ ਪ੍ਰਕ੍ਰਿਆ ਤੋਂ ਛੋਟ ਦਿੱਤੀ ਗਈ ਉਨ੍ਹਾਂ ਵਿਚੋਂ ਇੱਕ ਇਹ ਅਦਾਰਾ ਵੀ ਸੀ। ਅਕੈਡਮੀ ਦੇ ਪ੍ਰਬੰਧਕਾਂ ਦੇ ਇਸ ਪੱਖਪਾਤੀ ਰਵੱਈਏ ਕਾਰਨ ਅਦਾਰੇ ਨੂੰ ਦੁਕਾਨ ਦਾ ‘ਪੱਕਾ ਪਟਾਨਾਮਾ’ ਮਿਲ ਗਿਆ ਹੈ। ਆਉਣ ਵਾਲੇ ਸਮੇਂ ਵਿਚ ਅਕੈਡਮੀ ਨੂੰ ਇਨ੍ਹਾਂ ਦੁਕਾਨਾਂ ਨੂੰ ਖਾਲੀ ਕਰਾਉਣ ਵਿਚ ਵੱਡੀ ਔਕੜ ਪੇਸ਼ ਆ ਸਕਦੀ ਹੈ (ਪਹਿਲੀ ਕੰਟੀਨ ਵਾਂਗ)।

ਇੱਕ ਪਾਸੇ ਕਿਰਾਏਨਾਮੇ ਨੂੰ ਰਜਿਸਟਰ ਕਰਾਉਣ ਦੀ ਕਾਨੂੰਨੀ ਸ਼ਰਤ ਪੂਰੀ ਨਾ ਕਰਕੇ ਅਦਾਰੇ ਦੇ ਹਿਤਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਦੂਜੇ ਪਾਸੇ ਇਸੇ ਅਦਾਰੇ ਨੂੰ ਫਾਇਦਾ ਪਹੁੰਚਾਉਣ ਲਈ ਪੱਕੇ ਅਸ਼ਟਾਮਾਂ ਤੇ ਲਿਖਤੀ ਇਕਰਾਰਨਾਮੇ ਕਰਕੇ ਅਕੈਡਮੀ ਦੇ ਹੱਥ ਵੱਢੇ ਜਾ ਰਹੇ ਹਨ।

ਬਿਜਲੀ ਕਾਨੂੰਨ 2003 ਦੀ ਉਲੰਘਣਾਂ :

ਬਿਜਲੀ ਕਾਨੂੰਨ 2003 ਅਨੁਸਾਰ ਕੋਈ ਵੀ ਖਪਤਕਾਰ ਸਬ-ਮੀਟਰ ਲਗਾ ਕੇ ਆਪਣੇ ਕਿਰਾਏਦਾਰ ਨੂੰ ਬਿਜਲੀ ਨਹੀਂ ਦੇ ਸਕਦਾ। ਇਸ ਕਾਨੂੰਨ ਦੀ ਉਲੰਘਣਾ ਕਰਨ ਤੇ ਖਪਤਕਾਰ ਨੂੰ ਭਾਰੀ ਜੁਰਮਾਨਾ ਹੁੰਦਾ ਹੈ। ਜੇ ਕਿਰਾਏ ਵਾਲੀ ਥਾਂ ਤੋਂ ਖਪਤਕਾਰ ਕੋਈ ਵਿੳਪਾਰਕ ਗਤੀਵਿਦੀ ਚਲਾ ਰਿਹਾ ਹੋਵੇ ਤਾਂ ਜੁਰਮਾਨਾਂ ਕਈ ਗੁਣਾਂ ਵਧ ਸਕਦਾ ਹੈ।ਪਿਛਲੀ ਪ੍ਰਬੰਧਕੀ ਬੋਰਡ ਦੇ ਮੈਂਬਰ ਹੋਣ ਦੇ ਨਾਤੇ ਮੇਰੇ ਵੱਲੋਂ ਪ੍ਰਬੰਧਕੀ ਟੀਮ ਨੂੰ ਸਲਾਹ ਦਿੱਤੀ ਗਈ ਸੀ ਕਿ ਇਸ ਕਾਨੂੰਨੀ ਕੁਤਾਹੀ ਨੂੰ ਠੀਕ ਕਰ ਲਿਆ ਜਾਵੇ ਅਤੇ ਸਾਰੇ ਕਿਰਾਏਦਾਰਾਂ ਨੂੰ ਆਪਣੇ ਆਪਣੇ ਮੀਟਰ ਲਗਵਾ ਕੇ ਨਵੇਂ ਕੁਨੈਕਸ਼ਨ ਲੈਣ ਦੀ ਹਦਾਇਤ ਕੀਤੀ ਜਾਵੇ। ਇਸ ਸਲਾਹ ਨੂੰ ਮੰਨਦੇ ਹੋਏ ਅਕੈਡਮੀ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਵੱਲੋਂ ਚਾਰ ਕਿਰਾਏਦਾਰਾਂ, ਜਿਨ੍ਹਾਂ ਵਿਚ ਚੇਤਨਾ ਪ੍ਰਕਾਸ਼ਨ ਵੀ ਸ਼ਾਮਲ ਸੀ, ਨੂੰ ਪੱਤਰ ਮਿਤੀ 15-8-2015 ਲਿਖਿਆ ਗਿਆ। (ਇਹ ਪੱਤਰ ਇਸ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ- http://www.mittersainmeet.in/wp-content/uploads/2017/06/PSA-3Letter-by-President-to-all-Tenants.pdf  ) ਕੁਝ ਕਿਰਾਏਦਾਰਾਂ (ਸਮੇਤ ਚੇਤਨਾ ਪ੍ਰਕਾਸ਼ਨ) ਵੱਲੋਂ ਇਸ ਹਦਾਇਤ ਦੀ ਪਾਲਣਾ ਨਹੀਂ ਕੀਤੀ ਗਈ। ਪਿਛਲੇ ਸਾਲ ਬਿਜਲੀ ਵਿਭਾਗ ਵੱਲੋਂ ਅਕੈਡਮੀ ਦੀ ਇਸ ਕਾਨੂੰਨੀ ਕੁਤਾਹੀ ਨੂੰ ਫੜ੍ਹ ਲਿਆ ਗਿਆ ਅਤੇ ਭਾਰੀ ਜੁਰਮਾਨਾ ਕੀਤਾ ਗਿਆ। ਅਕੈਡਮੀ ਨੂੰ ਜੁਰਮਾਨਾ ਕਿਉਂਕਿ ਚੇਤਨਾ ਪ੍ਰਕਾਸ਼ਨ(ਜਾਂ/ਅਤੇ ਹੋਰ ਕਿਰੇਦਾਰਾਂ) ਦੀ ਲਾਪਰਵਾਹੀ ਕਾਰਨ ਹੋਇਆ ਸੀ ਇਸ ਲਈ ਚਾਹੀਦਾ ਇਹ ਸੀ ਕਿ ਪ੍ਰਬੰਧਕੀ ਟੀਮ ਹੋਏ ਜੁਰਮਾਨੇ ਦੀ ਬਣਦੀ ਰਕਮ ਇਸ ਅਦਾਰੇ ਤੋਂ ਵਸੂਲ ਕਰਦੀ। ਪਤਾ ਲੱਗਾ ਹੈ ਕਿ ਅਕੈਡਮੀ ਖੁਦ ਹੀ ਇਹ ਜੁਰਮਾਨਾ ਭਰ ਰਹੀ ਹੈ। (ਪੁੱਛੇ ਜਾਣ ਦੇ ਬਾਵਜੂਦ ਵੀ ਪ੍ਰਬੰਧਕੀ ਟੀਮ ਹੋਏ ਜੁਰਮਾਨੇ ਦੀ ਰਕਮ ਬਾਰੇ ਸੂਚਨਾ ਨਹੀਂ ਦੇ ਰਹੀ। ਇਹ ਪੱਤਰ ਇਸ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ: http://www.mittersainmeet.in/wp-content/uploads/2017/06/PSA-4PSPCL-raid.pdf )

(ਉੱਡਦੀ ਖੱਬਰ ਹੈ ਕਿ ਕਿਰਾਏਦਾਰਾਂ ਨੇ ਹਾਲੇ ਤੱਕ ਆਪਣੇ ਨਾਂ ਕੁਨੈਕਸ਼ਨ ਨਹੀਂ ਲਏ। ਬਿਜਲੀ ਬੋਰਡ ਵਲੋਂ ਦੁਬਾਰਾ ਛਾਪਾ ਮਾਰ ਕੇ ਫੇਰ ਭਾਰੀ ਜੁਰਮਾਨਾ ਕੀਤਾ ਜਾ ਸਕਦਾ ਹੈ। ਅਜੇਹੀ ਸਤਿਥੀ ਵਿਚ ਅਕੈਡਮੀ ਨੂੰ ਹੋਏ ਮਾਲੀ ਨੁਕਸਾਨ ਦੀ ਜਿਮੇਵਾਰੀ ਕਿਸਦੀ ਹੋਏਗੀ?)

ਬਕਾਏ ਵਸੂਲਣ ਵਿਚ ਦੇਰ:

ਅਦਾਰਾ ਕਦੇ ਵੀ ਬਣਦੀ ਬਕਾਇਆ ਰਕਮ ਅਕੈਡਮੀ ਨੂੰ ਸਮੇਂ ਸਿਰ ਅਦਾ ਨਹੀਂ ਕਰਦਾ। 2010 ਦੇ ਇਕਰਾਰਨਾਮੇ ਤੋਂ ਸਪੱਸ਼ਟ ਹੈ ਕਿ ਮਿਤੀ 10.01.2010 ਨੂੰ ਇਹ ਅਦਾਰਾ ਅਕੈਡਮੀ ਦੇ ਇਕੱਤਰ ਹਜ਼ਾਰ ਰੁਪਏ ਦਾ ਦੇਣਦਰ ਸੀ। ‘ਵਿੱਤ ਅਤੇ ਭਵਨ ਪ੍ਰਬੰਧਕ’ ਸ਼੍ਰੀ ਸੁਰਿੰਦਰ ਕੈਲੇ ਦੀ ਮਿਤੀ 15.12.2015 ਰਿਪੋਰਟ ਅਨੁਸਾਰ 15 ਦਸੰਬਰ 2015 ਤੱਕ ਇਹ ਦੇਣਦਾਰੀ ਕੁੱਲ 1,43,893 ਰੁਪਏ ਸੀ।( ਇਸ ਰਿਪੋਰਟ ਦੇ ਪਹਿਲੇ 2 ਪੰਨੇ ਇਸ ਲਿੰਕ ਤੇ ਪੜ੍ਹੇ ਜਾ ਸਕਦੇ ਹਨ  http://www.mittersainmeet.in/wp-content/uploads/2017/06/PSA-6Finance-Committee-Report.pdf ) ।

ਸੂਤਰਾਂ ਅਨੁਸਾਰ ਅੱਜ-ਕੱਲ੍ਹ ਵੀ ਅਦਾਰੇ ਦੀ ਅਕੈਡਮੀ ਵੱਲ ਵੱਡੀ ਦੇਣਦਾਰੀ ਹੈ।

ਪ੍ਰਬੰਧਕਾਂ ਦੀ ਚੁੱਪ

ਪ੍ਰਬੰਧਕੀ ਟੀਮ ਦੀਆਂ ਅਕੈਡਮੀ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਜਿਹੀਆਂ ਗਤੀਵਿਧੀਆ ਅਤੇ ਫੈਸਲਿਆਂ ਬਾਰੇ ਜਾਣਕਾਰੀ ਪ੍ਰਾਪਤ (ਅਤੇ ਵਿਰੋਧ ਪਰਗਟ) ਕਰਨ ਲਈ ਅਸੀਂ ਲਗਾਤਾਰ ਚਿੱਠੀਆਂ ਲਿਖਦੇ ਰਹਿੰਦੇ ਹਾਂ। ਪ੍ਰਬੰਧਕਾਂ ਨੇ ਅੱਜ ਤੱਕ ਸਾਨੂੰ ਤਾਂ ਕੀ ਅਕੈਡਮੀ ਦੇ ਜਨਰਲ ਇਜਲਾਸ ਤੱਕ ਵਿਚ ਅਜਿਹੀ ਸੂਚਨਾ ਉਪਲੱਬਧ ਨਹੀਂ ਕੀਤੀ। ਤਾਜੀ ਉਦਾਹਰਣ ਮਿਤੀ 6 ਮਾਰਚ 2017 ਦਾ ਪੱਤਰ ਹੈ।  (ਇਸ ਪੱਤਰ ਦਾ ਲਿੰਕ  ਹੈ: http://www.mittersainmeet.in/wp-content/uploads/2017/06/ਜਨਰਲ-ਇਜਲਾਸ-ਸਬੰਧੀ-ਚਿੱਠੀ-6-3-17.pdf )।

ਇਨਾਂ ਤੱਥਾਂ ਵਾਰੇ ਤੁਹਾਨੂੰ ਜੇ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਸਾਡੇ ਅਤੇ ਮੈਂਬਰਾਂ ਨਾਲ ਸਾਂਝੀ ਕਰੋ।

ਸਿੱਟਾ ਤੁਹਾਡੇ ਹੱਥ:

ਅਸੀਂ ਤੱਥ ਪੇਸ਼ ਕਰ ਦਿੱਤੇ ਹਨ। ਸਿੱਟੇ ਤੁਸੀਂ ਕੱਢੋ।

 

SHARE

NO COMMENTS

LEAVE A REPLY