ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤੁਹਾਡੇ ਸਹਿਯੋਗ ਦੀ ਲੋੜ

1
3100
ਡਾ ਸੁਖਦੇਵ ਸਿੰਘ ਖਾਹਰਾ ਅਤੇ ਮੈਂ - ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਇੱਕ ਸਮਾਗਮ ਵਿੱਚ।

  ਡਾ ਸੁਖਦੇਵ ਸਿੰਘ ਖਾਹਰਾ ਦੇ ਸੁਝਾਅ ਤੇ ਅਮਲ

   (ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤੁਹਾਡੇ ਸਹਿਯੋਗ ਦੀ ਲੋੜ)

 ਇੱਕ ਵਾਰ ਘਰ ਬੈਠੇ, ਪੰਜਾਬ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਬਾਰੇ ਗੱਲਾਂ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਵਾਨ ਡਾ.ਸੁਖਦੇਵ ਸਿੰਘ ਖਾਹਰਾ ਨੇ ਕਿਹਾ ਸੀ ਕਿ ਅਸਲ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੁਝ ਨਹੀਂ ਹੋ ਰਿਹਾ। ਵਿਕਾਸ ਲਈ ਗਿਣਾਏ ਗਏ ਬਹੁਤ ਸਾਰੇ ਕੰਮਾਂ ਵਿਚੋਂ ਇੱਕ ਕੰਮ ਪੰਜਾਬੀ ਸਾਹਿਤ ਦੀ ਖੋਜ ਨਾਲ ਸਬੰਧਤ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਖੋਜ ਕਰ ਰਹੇ ਵਿਦਿਆਰਥੀਆਂ ਦਾ ਅੱਧਾ ਸਮਾਂ ਪਹਿਲਾਂ ਹੋਏ ਕੰਮ ਨੂੰ ਇਕੱਠਾ ਕਰਦਿਆਂ ਲੰਘ ਜਾਂਦਾ ਹੈ ਅਤੇ ਬਾਕੀ ਉਨ੍ਹਾਂ ਨੂੰ ਘੋਖਦਿਆਂ। ਆਪਣਾ ਨਵਾਂ ਕੰਮ ਕਰਨ ਦਾ ਸਮਾਂ ਹੀ ਨਹੀਂ ਮਿਲਦਾ।

ਉਨ੍ਹਾਂ ਦਾ ਸੁਝਾਅ ਸੀ ਕਿ ਸਰਕਾਰ ਨੂੰ ਇੱਕ ਵੈਬਸਾਈਟ ਬਣਾਉਣੀ ਚਾਹੀਦੀ ਹੈ। ਹੁਣ ਤੱਕ ਹੋਇਆ ਸਾਰਾ ਖੋਜ ਕਾਰਜ ਉਸ ਉੱਪਰ ਪਾਇਆ ਜਾਣਾ ਚਾਹੀਦਾ ਹੈ। ਸਮੇਂ ਸਮੇਂ ਉਸਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਖੋਜ ਵਿਦਿਆਰਥੀ ਨੂੰ ਆਪਣੇ ਖੇਤਰ ਵਿਚ ਹੋਈ ਪਹਿਲੀ ਖੋਜ ਦੀ  ਸੂਚਨਾ ਉਸਨੂੰ ਕੰਪਿਊਟਰ ਤੇ ‘ਇੱਕ ਟਿਕ’ ਮਾਰਨ ਤੇ ਉਪਲਬਧ ਹੋ ਜਾਣੀ ਚਾਹੀਦੀ ਹੈ। ਇੰਝ ਹੋਣ ਨਾਲ ਖੋਜ ਵਿਚ ਨਿਖਾਰ ਆਵੇਗਾ ਅਤੇ ਭਾਸ਼ਾ ਦੀ ਤਰੱਕੀ ਹੋਵੇਗੀ।

ਇਨ੍ਹਾਂ ਗੱਲਾਂ ਨੂੰ ਵੀਹ ਸਾਲ ਹੋ ਗਏ ਹਨ। ਇਸ ਦਿਸ਼ਾ ਵਿਚ ਕਿਸੇ ਸਰਕਾਰੀ, ਅਰਧ-ਸਰਕਾਰੀ ਜਾਂ ਯੂਨੀਵਰਸਿਟੀ ਨੇ ਕੰਮ ਤਾਂ ਸ਼ੁਰੂ ਕੀ ਕਰਨਾ ਸੀ ਕਦੇ ਸੋਚਿਆ ਤੱਕ ਨਹੀਂ। ਸਾਡੇ ਸਾਹਿਤਕਾਰ ਨੇਤਾ ਵੀ ਅੰਨੀਆਂ ਗਲੀਆਂ ਵਿਚ ਭਟਕ ਰਹੇ ਹਨ।

ਮੈਨੂੰ ਡਾ.ਖਾਹਰਾ ਦਾ ਬਹੁਮੁੱਲਾ ਸੁਝਾਅ ਅੱਜ ਤੱਕ ਯਾਦ ਹੈ। ਉਨ੍ਹਾਂ ਦੇ ਵਿਚਾਰ ਨੂੰ ਯਥਾਰਥ ਰੂਪ ਦੇਣ ਲਈ ਆਪਣੀ ਵੈਬਸਾਈਟ (www.mittersainmeet.in) ਤਿਆਰ ਕੀਤੀ ਹੈ। ਪਹਿਲੇ ਯਤਨ ਵਜੋਂ ਮੈਂ ਆਪਣੇ ਨਾਵਲਾਂ ਉੱਪਰ ਹੋਏ ਪੂਰੇ ਖੋਜ ਕਾਰਜ ਨੂੰ ਇਸ ਵੈਬਸਾਈਟ ਉੱਪਰ ਪਾਉਣ ਦਾ ਯਤਨ ਕਰਾਂਗਾ।

ਡਾ.ਭਾਟੀਆ ਰਾਹੀਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਣ ਤੱਕ ਮੇਰੇ ਨਾਵਲਾਂ ਉੱਪਰ ਤਿੰਨ ਪੀ.ਐਚ.ਡੀ ਅਤੇ ਸੋਲਾਂ ਐਮ.ਫਿਲ ਦੇ ਥੀਸਿਸ ਲਿਖੇ ਜਾ ਚੁੱਕੇ ਹਨ। ਪਰ ਮੇਰੇ ਕੋਲ ਇਨ੍ਹਾਂ ਵਿਚੋਂ ਇੱਕ ਵੀ ਖੋਜ ਕਾਰਜ ਦੀ ‘ਸੋਫਟ ਕਾਪੀ’ ਨਹੀਂ ਹੈ ਜਿਸ ਨੂੰ ਪੀ.ਡੀ.ਐਫ. ਵਿਚ ਬਦਲ ਕੇ ਵੈਬਸਾਈਟ ਉੱਪਰ ਪਾਇਆ ਜਾ ਸਕੇ।

ਇਸ ਉੱਦਮ ਵਿਚ ਮੈਨੂੰ ਤੁਹਾਡੇ ਭਰਪੂਰ ਸਹਿਯੋਗ ਦੀ ਲੋੜ ਹੈ। ਮੇਰੀ ਪੰਜਾਬੀ ਦੇ ਅਧਿਆਪਕਾਂ, ਮੇਰੇ ਨਾਵਲ ਉੱਪਰ ਖੋਜ ਕਾਰਜ ਕਰ ਚੁੱਕੇ ਵਿਦਿਆਰਥੀਆਂ ਅਤੇ ਹੋਰ ਸੁਹਿਰਦ ਦੋਸਤਾਂ ਨੂੰ ਬੇਨਤੀ ਹੈ ਕਿ ਜੇ ਉਨ੍ਹਾਂ ਕੋਲ ਇਨ੍ਹਾਂ ਥੀਸਿਸਜ਼ ਦੀਆਂ ਸੋਫਟ ਕਾਪੀਆਂ ਹੋਣ ਤਾਂ ਮੈਨੂੰ ਉਪਲੱਬਧ ਕਰਾਉਣ ਤਾਂ ਜੋ ਉਨ੍ਹਾਂ ਦੀਆਂ ਪੀ.ਡੀ.ਐਫ. ਫਾਈਲਾਂ ਤਿਆਰ ਕਰਵਾ ਕੇ ਇਸ ਵੈਬਸਾਈਟ ਰਾਹੀਂ ਸਾਰੀ ਦੁਨੀਆਂ ਵਿਚ ਬੈਠੇ ਪੰਜਾਬੀਆਂ ਨਾਲ ਸਾਂਝਾ ਕੀਤਾ ਜਾ ਸਕੇ।

ਜੇ ਮੇਰਾ ਇਹ ਪ੍ਰਯੋਗ ਸਫਲ ਰਿਹਾ ਤਾਂ ਮੇਰਾ ਵਾਅਦਾ ਹੈ ਕਿ ਅਗਲੇ ਕਦਮ ਦੇ ਰੂਪ ਵਿਚ ਮੈਂ ਹੋਰ ਮਹੱਤਵਪੂਰਨ ਖੋਜ ਕਾਰਜਾਂ ਨੂੰ ਇਸ ਵੈਬਸਾਈਟ ਰਾਹੀਂ ਘਰ-ਘਰ ਪੁੱਜਦਾ ਕਰਨ ਦਾ ਯਤਨ ਕਰਦਾ ਰਹਾਂਗਾ।

 

 

SHARE

1 COMMENT

  1. ਵੈਸੇ ਤਾਂ UGC ਵੱਲੋਂ shodhganga ਨਾਮ ਅਧੀਨ ਇਕ ਪ੍ਰੋਜੈਕਟ ਚਲ ਰਿਹਾ ਹੈ। ਇਸ ਸਾਈਟ ਤੇ update ਕਰਨ ਦੀ ਜਿੰਮੇਵਾਰੀ ਸੰਬੰਧਿਤ ਯੂਨੀਵਰਸਿਟੀ ਦੀ ਹੁੰਦੀ ਹੈ। ਪਰ ਪੰਜਾਬੀ ਸ਼ੋਧ ਪ੍ਰਬੰਧ ਉਸ ਵਿਚ ਨਾਮਾਤਰ ਹੀ ਹਨ।
    ਬਾਕੀ ਜਿਨਾ ਕੰਮ online ਹੋ ਸਕਦਾ ਚੰਗੀ ਗੱਲ ਹੈ। ਪੰਜਾਬੀ ਯੂਨੀਵਰਸਿਟੀ ਨੇ plagiarism ਦੀ ਨਿਸ਼ਾਨਦੇਹੀ ਲਈ software ਤਿਆਰ ਕਰ ਲਿਆ ਹੈ। online ਕੰਮ ਹੋਣ ਨਾਲ plagiarism ਨੂੰ ਘੱਟੇਗਾ ਤੇ citation ਕਿਨ੍ਹੀ ਹੋਈ ਇਹ ਵੀ ਪਤਾ ਲੱਗੇਗਾ ਜੋ ਖੋਜ ਕਾਰਜ ਦੀ ਗੁਣਵੱਕਤਾ ਨੂੰ ਪ੍ਰਭਾਵਿਤ ਕਰੇਗਾ।
    ਯੁਨੀਕੋਡ ਫੋਟ ਨੇ ਇਸ ਕੰਮ ਨੂੰ pdf ਤੋਂ ਮੁਕਤ ਕੀਤਾ ਹੈ।
    http://www.sahitchintan.blogspot.com

Leave a Reply to Harjeet singh Cancel reply