ਪੰਜਾਬੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਮੇਰੇ ਵਿਰੁੱਧ ਕੀਤੇ ਕੂੜ ਪ੍ਰਚਾਰ ਦਾ ਸੱਚ

0
1357

ਪੰਜਾਬੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਮੇਰੇ ਵਿਰੁੱਧ ਕੀਤੇ ਕੂੜ ਪ੍ਰਚਾਰ ਦਾ ਸੱਚ

(-ਮੁੱਦਿਆਂ ਤੋਂ ਭਗੌੜੇ ਹੋਣ ਲਈ ਵਰਤੇ ਹੱਥਕੰਢੇ)

          ਪਿਛਲੇ 9 ਸਾਲਾਂ ਤੋਂ ਮੈਂ, ਡਾ.ਐਸ.ਤਰਸੇਮ ਅਤੇ ਕਰਮਜੀਤ ਸਿੰਘ ਔਜਲਾ ਸਰਕਾਰੀ ਅਤੇ ਨੀਮ ਸਰਕਾਰੀ ਸਾਹਿਤਕ ਸੰਸਥਾਵਾਂ ਵਿਚ ਦਿਨੋ-ਦਿਨ ਭਾਰੂ ਹੋ ਰਹੀ ‘ਭਾਈ ਭਤੀਜਾਵਾਦ’ ਦੀ ਪ੍ਰਵਿਰਤੀ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਾਂ। ਪਹਿਲ 2008 ਵਿਚ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਨੂੰ ਦਿੱਤੇ ਜਾਂਦੇ ਇਨਾਮਾਂ ਵਿਚ ਕੀਤੀ ਜਾਂਦੀ ਧਾਂਦਲੀ ਨੂੰ ਉਜਾਗਰ ਕਰਨ ਤੋਂ ਹੋਈ। ਫਿਰ ਨੈਸ਼ਨਲ ਬੁੱਕ ਟਰੱਸਟ, ਸਾਹਿਤ ਅਕੈਡਮੀ ਦਿੱਲੀ, ਵਰਲਡ ਪੰਜਾਬੀ ਸੈਂਟਰ ਅਤੇ ਪੰਜਾਬੀ ਅਕੈਡਮੀ ਦਿੱਲੀ ਦੇ ਕੰਮ-ਕਾਜ ਦਾ ਪੱਖਪਾਤੀ ਰਵੱਈਆ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ। ਜਦੋਂ ਵਾਰੀ ਲੇਖਕਾਂ ਦੀ ਆਪਣੀ ਖੜੀ ਕੀਤੀ ਸੰਸਥਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਕੰਮ-ਕਾਜ ਦੀ ਪੜਚੋਲ ਦੀ ਆਈ ਤਾਂ ਕੁਸ਼ਾਸਨ ਦੀ ਦਲਦਲ ਵਿਚ ਫਸੀ ਅਕੈਡਮੀ ਦੀ ਵਰਤਮਾਨ ਪ੍ਰਬੰਧਕੀ ਟੀਮ ਨੂੰ ਲੋਕਾਂ ਨੂੰ ਮੂੰਹ ਦਿਖਾਉਣਾ ਔਖਾ ਹੋ ਗਿਆ।

ਸਾਡੇ ਵੱਲੋਂ ਉਠਾਏ ਮੁੱਦਿਆਂ (ਜਿਸ ਦਾ ਲਿੰਕ  ਹੈ: ਜਨਰਲ ਇਜਲਾਸ ਸਬੰਧੀ ਚਿੱਠੀ 6-3-17 ) ਦੇ ਜਵਾਬਾਂ ਤੋਂ ਬਚਣ ਲਈ ਅਕੈਡਮੀ ਦੇ ਲੋਕਾਂ ਨੂੰ ਜਵਾਬਦੇਹ ਪ੍ਰਮੁੱਖ ਅਹੁੱਦੇਦਾਰਾਂ ਵੱਲੋਂ ਇੱਕ ਘਟੀਆ ਸਿਆਸੀ ਚਾਲ ਚੱਲੀ ਗਈ ਅਤੇ ਸਾਹਿਤਕਾਰਾਂ ਵਿਚ ਇਹ ਗੱਲ ਫੈਲਾਈ ਗਈ ਕਿ ਮੈਂ ਉਨ੍ਹਾਂ ਵਿਰੁੱਧ ਉਨ੍ਹਾਂ ਦੇ ਉੱਚ ਅਧਿਕਾਰੀਆਂ ਕੋਲ ਅਜਿਹੀਆਂ ਸ਼ਿਕਾਇਤਾਂ/ਪਟੀਸ਼ਨਾਂ ਕੀਤੀਆਂ ਹਨ ਜਿਸ ਕਾਰਨ ਉਨ੍ਹਾਂ (ਡਾ.ਸੁਖਦੇਵ ਸਿੰਘ ਅਤੇ ਡਾ.ਸੁਰਜੀਤ ਸਿੰਘ) ਦੀਆਂ ਨੌਕਰੀਆਂ ਨੂੰ ਖਤਰਾ ਖੜਾ ਹੋ ਗਿਆ ਹੈ। ਸੱਚ ਤੋਂ ਅਣਜਾਣ ਬਹੁਤੇ ਦੋਸਤ ਉਨ੍ਹਾਂ ਦੀਆਂ ਮੋਮੋ ਠੱਗਣੀਆਂ ਗੱਲਾਂ ਵਿਚ ਆ ਗਏ ਅਤੇ ਕੂੜ ਪ੍ਰਚਾਰ ਨੂੰ ਸੱਚ ਸਮਝ ਬੈਠੇ।

ਪ੍ਰਮੁੱਖ ਪ੍ਰਬੰਧਕਾਂ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਉਨ੍ਹਾਂ ਦੇ ‘ਸ਼ੁੱਭਚਿੰਤਕਾਂ’ ਦੀ ਗਿਣਤੀ ਹਜ਼ਾਰਾਂ ਵਿਚ ਹੈ। ਉਨ੍ਹਾਂ ਵਿਚੋਂ ਕੋਈ ਵੀ ਛੁਪ ਕੇ ਉਨ੍ਹਾਂ ਤੇ ਵਾਰ ਕਰ ਸਕਦਾ ਹੈ। ਦੂਜੇ ਪਾਸੇ ਮੇਰੇ ਵਿਚ ਹਿੱਕ ਤਾਣ ਕੇ ਟੱਕਰ ਲੈਣ ਦੀ ਹਿੰਮਤ ਹੈ ਅਤੇ ਨਾਲ ਹੀ ਘੱਟੋ-ਘੱਟ ਮੈਂ ਉਨ੍ਹਾਂ ਦੇ ਦੋਖੀਆਂ ਵਿਚੋਂ ਨਹੀਂ ਹਾਂ।  ਮੈਂ ਕਦੇ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ/ਪਟੀਸ਼ਨ ਨਹੀਂ ਕੀਤੀ।

ਇਸ ਲਈ ਸਾਰਾ ਸੱਚ ਸਾਹਮਣੇ ਲਿਆਉਣ ਲਈ ਮੈਂ ਸੂਚਨਾ ਅਧਿਕਾਰ ਕਾਨੂੰਨ ਅਧੀਨ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਲੋਕ ਸੂਚਨਾ ਅਫ਼ਸਰਾਂ ਨੂੰ ਅਰਜ਼ੀਆਂ ਦੇ ਕੇ ਉਨ੍ਹਾਂ ਅਰਜ਼ੀਆਂ/ਪਟੀਸ਼ਨਾਂ ਦੀਆਂ ਨਕਲਾਂ ਦੀ ਮੰਗ ਕੀਤੀ ਜੋ ਮੇਰੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਇਨ੍ਹਾਂ ਪ੍ਰਬੰਧਕਾਂ ਵਿਰੁੱਧ ਦਿੱਤੀਆਂ ਗਈਆਂ ਹੋਣ।(ਇਨ੍ਹਾਂ ਦਰਖਾਸਤਾਂ ਦਾ ਲਿੰਕ ਇਹ ਹੈ: Applications-3)

ਇਹ ਮੰਗ ਵੀ ਕੀਤੀ ਗਈ ਕਿ ਅਜਿਹੀਆਂ ਦਰਖਾਸਤਾਂ ਉੱਪਰ ਇਨ੍ਹਾਂ ਪ੍ਰੋਫ਼ੈਸਰਾਂ ਵਿਰੁੱਧ ਜੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਸ ਦੀ ਸੂਚਨਾ ਵੀ ਦਿੱਤੀ ਜਾਵੇ।

ਪੰਜਾਬ ਯੂਨੀਵਰਸਿਟੀ ਦੇ ਕੇਂਦਰੀ ਸੂਚਨਾ ਅਧਿਕਾਰੀ ਜੋ ਕਿ ਡਿਪਟੀ ਰਜਿਸਟਰਾਰ ਰੈਂਕ ਦੇ ਹਨ, ਵੱਲੋਂ ਆਪਣੇ ਪੱਤਰ ਮਿਤੀ 19.05.2017 ਅਤੇ ਮਿਤੀ 07.06.2017 ਰਾਹੀਂ, ਅਤੇ ਪੰਜਾਬੀ ਵਿਭਾਗ ਦੀ ਚੇਅਰਪਰਸਨ ਵੱਲੋਂ ਆਪਣੇ ਪੱਤਰ ਮਿਤੀ 30.05.2017 ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਡਾ.ਸੁਖਦੇਵ ਸਿੰਘ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਯੂਨੀਵਰਸਿਟੀ ਵਿਚ ਪ੍ਰਾਪਤ ਨਹੀਂ ਹੋਈ। ਜਦੋਂ ਕੋਈ ਸ਼ਿਕਾਇਤ ਹੀ ਨਹੀਂ ਹੈ ਤਾਂ ਕਿਸੇ ਅਨੁਸ਼ਾਸਨੀ ਕਾਰਵਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। (ਇਨ੍ਹਾਂ ਪੱਤਰਾਂ ਦਾ ਲਿੰਕ ਇਹ ਹੈ:- Replies from Punjab University  )

ਫਿਰ ਉਹ ਕਿਹੜੀ ਸ਼ਿਕਾਇਤ/ਪਟੀਸ਼ਨ ਹੈ ਜਿਸ ਦਾ ਸ਼ੋਰ ਪ੍ਰਬੰਧਕੀ ਟੀਮ ਦੇ ਪ੍ਰਮੁੱਖ ਪ੍ਰਬੰਧਕਾਂ ਵੱਲੋਂ ਮਚਾਇਆ ਗਿਆ?

ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰਾਪਤ ਹੋਏ ਉਕਤ ਪੱਤਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਬੰਧਕੀ ਟੀਮ ਦੇ ਪ੍ਰਮੁੱਖ ਅਹੁੱਦੇਦਾਰਾਂ ਵੱਲੋਂ ਸਾਹਿਤਕਾਰਾਂ ਦੇ ਵੱਡੇ ਇਕੱਠ ਵਿਚ (ਅਕੈਡਮੀ ਦੇ ਜਨਰਲ ਇਜਲਾਸ) ਮੇਰੇ ਉੱਪਰ ਝੂਠੇ ਦੋਸ਼ ਲਾਏ ਗਏ ਜਿਸ ਨਾਲ ਮੇਰੀ ਪ੍ਰਤਿਸ਼ਠਾ ਨੂੰ ਭਾਰੀ ਨੁਕਸਾਨ ਪੁੱਜਾ। ਇਸ ਭੰਡੀ ਪ੍ਰਚਾਰ ਕਾਰਨ ਅਕੈਡਮੀ ਦੇ ਪ੍ਰਮੁੱਖ ਪ੍ਰਬੰਧਕ ਮੇਰੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਉਣ (ਮਾਣ-ਹਾਨੀ) ਦੇ ਜੁਰਮ ਦੇ ਭਾਗੀਦਾਰ ਬਣਦੇ ਹਨ। ਪਰ ਕਿਉਂਕਿ ਸਾਡਾ ਉਦੇਸ਼ ਕਿਸੇ ਵਿਅਕਤੀ ਨੂੰ ਖੱਜਲ-ਖੁਆਰ ਕਰਨ ਦੀ ਥਾਂ ਸਾਹਿਤਕ ਸੰਸਥਾਵਾਂ ਨੂੰ ਕੁਸ਼ਾਸਨ ਤੋਂ ਮੁਕਤ ਕਰਾਉਣਾ ਹੈ ਇਸ ਲਈ ਮੈਂ ਇਨ੍ਹਾਂ ਕਸੂਰਵਾਰ ਪ੍ਰਬੰਧਕਾਂ ਨੂੰ ਮੁਆਫ਼ ਕਰਦਾ ਹਾਂ।

ਪੰਜਾਬੀ ਸਾਹਿਤ ਦੀ ਤਰੱਕੀ ਲਈ ਚਿੰਤਾਤੁਰ ਦੋਸਤਾਂ ਨੂੰ ਮੈਂ ਯਕੀਨ ਦਿਵਾਉਂਦਾ ਹਾਂ ਕਿ ਇਸ ਅਗਨੀ ਪ੍ਰੀਖਿਆ ਬਾਅਦ ਸਾਡਾ ਸੰਘਰਸ਼ ਹੋਰ ਤਿੱਖਾ ਹੋਏਗਾ।

ਨੋਟ:ਪੰਜਾਬੀ ਯੂਨੀਵਰਸਿਟੀ ਤੋਂ ਜਵਾਬ ਦੀ ਉਡੀਕ ਹੈ। ਪ੍ਰਾਪਤ ਹੋਣ ਤੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ।

SHARE

NO COMMENTS

LEAVE A REPLY