ਜਨਮ ਵਰ੍ਹੇ (1990) ਵਿਚ ਹੀ ਤਫ਼ਤੀਸ਼ ਵੱਲੋਂ ਮਾਰੀਆਂ ਮੱਲਾਂ

1
2791
Gursharn singh releasing the novel-1990

 

ਜਨਮ ਵਰ੍ਹੇ ਵਿਚ ਹੀ ਤਫ਼ਤੀਸ਼ ਵੱਲੋਂ ਮਾਰੀਆਂ ਮੱਲਾਂ

ਮੈਂ ਗੁਰਸ਼ਰਨ ਭਾਅ ਜੀ ਦਾ ਅਨੁਯਾਈ ਹਾਂ। 45 ਸਾਲ ਤੋਂ ਉਨ੍ਹਾਂ ਤੋਂ ਪ੍ਰਾਪਤ ਹੋਈ ਰੌਸ਼ਨੀ ਨੂੰ ਅੱਗੇ ਫੈਲਾਉਣ ਲਈ ਯਤਨਸ਼ੀਲ ਹਾਂ। ਇਹ ਸੇਵਾ ਮੈਂ ਸਾਹਿਤ ਰਾਹੀਂ ਨਿਭਾ ਰਿਹਾ ਹਾਂ। ਇਸੇ ਲਈ ਗੁਰਸ਼ਰਨ ਭਾਅ ਜੀ ਦੇ ਸਰਪ੍ਰਸਤੀ ਹੇਠ ਕੰਮ ਕਰਦੀਆਂ ਸਾਰੀਆਂ ਸੰਸਥਾਵਾਂ, ਖਾਸ ਕਰ ਪੰਜਾਬ ਲੋਕ ਸੱਭਿਆਚਾਰ ਮੰਚ, ਮੇਰੀਆਂ ਰਚਨਾਵਾਂ ਨੂੰ ਆਪਣਾਉਦੀਆਂ ਅਤੇ ਉਨ੍ਹਾਂ ਨੂੰ ਘਰ ਘਰ ਪਹੁੰਚਾਉਣ ਦਾ ਹਰ ਯਤਨ ਕਰਦੀਆਂ ਸਨ। ਸਾਲ 1990 ਸ਼ੁਰੂ ਹੋਣ ਤੋਂ ਪਹਿਲਾਂ ‘ਲਾਮ, ‘ਖਾਨਾਪੂਰੀ, ‘ਦਹਿਸ਼ਤਗਰਦ ਅਤੇ ਵਿਰਾਸਤ ਕਹਾਣੀਆਂ ਲੋਕਾਂ ਦੇ ਮਨਾਂ ਤੇ ਗਹਿਰੀ ਛਾਪ ਛੱਡ ਚੁੱਕੀਆਂ ਸਨ। ਪਾਠਕ ਮੇਰੀ ਨਵੀਂ ਰਚਨਾ ਦੀ ਬੇਸਬਰੀ ਨਾਲ ਉਡੀਕ ਕਰਦੇ ਸਨ। ਕਹਿਣ ਦਾ ਭਾਵ ਇਹ ਹੈ ਕਿ ਨਾਵਲ ਤਫ਼ਤੀਸ਼ ਦੇ ਛਪਣ ਤੱਕ ਮੇਰਾ ਵੱਡਾ ਪਾਠਕ ਵਰਗ ਬਣ ਚੁੱਕਾ ਸੀ। ਪਾਠਕਾਂ ਨੂੰ ਨਾਵਲ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ।

ਪਹਿਲੇ ਅਡੀਸ਼ਨ ਦਾ ਕਵਰ
ਪਹਿਲੇ ਅਡੀਸ਼ਨ ਦਾ ਕਵਰ

ਪਲਸ ਮੰਚ ਨੇ ਨਾਵਲ ਨੂੰ ਆਪਣੇ ਵਿਸ਼ੇਸ਼ ਸਮਾਗਮ ਵਿਚ ਲੋਕ ਅਰਪਣ ਕਰਨ ਦਾ ਫੈਸਲਾ ਕੀਤਾ । ਪਲਸ ਮੰਚ ਦੇ ਸੈਂਕੜੇ ਕਾਰਕੁੰਨਾਂ ਦੀ ਹਾਜ਼ਰੀ ਵਿਚ ਨਾਵਲ ਦੇ ਮਹਾਂਨਾਇਕ( ਬਾਬਾ ਗੁਰਦਿੱਤ ਸਿੰਘ) ਗੁਰਸ਼ਰਨ ਭਾਅ ਜੀ ਨੇ ਆਪਣੇ ਸ਼ੁੱਭ ਹੱਥਾਂ ਨਾਲ ਇਸ ਨਾਵਲ ਨੂੰ ਲੋਕ ਅਰਪਣ ਕੀਤਾ। ਨਾਲ ਹੀ ਨਾਵਲ ਬਾਰੇ ਅਰਥ ਭਰਪੂਰ ਟਿੱਪਣੀ ਕਰਕੇ ਨਾਵਲ ਨੂੰ ਪੜ੍ਹਨ ਅਤੇ ਸਭ ਨੂੰ ਪੜ੍ਹਾਉਣ ਦੀ ਸਿਫਾਰਸ਼ ਕੀਤੀ। ਲੋਕ ਨਾਇਕ ਦੇ ਹੱਥੋਂ ਲੋਕ ਅਰਪਣ ਹੋਏ ਨਾਵਲ ਨੇ ਹਜ਼ਾਰਾਂ ਹੱਥਾਂ ਤੱਕ ਪੁੱਜਣਾ ਹੀ ਸੀ। ਉਸੀ ਸਮੇਂ ਨਾਵਲ ਦੀਆਂ ਸੈਂਕੜੇ ਕਾਪੀਆਂ ਪਾਠਕਾਂ ਦੇ ਝੋਲਿਆਂ ਵਿਚ ਪੈ ਗਈਆਂ। ਸੋਨੇ ਤੇ ਸੁਹਾਗੇ ਦਾ ਕੰਮ ਸ਼ਾਮ ਸਿੰਘ ਹੁਰਾਂ ਨੇ ਕੀਤਾ। ਇਸ ਲੋਕ ਅਰਪਣ ਸਮਾਗਮ ਦੀ ਪੰਜਾਬੀ ਟ੍ਰਿਬਿਊਨ ਵਿਚ ਛਪਦੇ ਆਪਣੇ ਬਹੁਚਰਚਿਤ ਕਾਲਮ ‘ਅੰਗ-ਸੰਗ’ ਵਿਚ ਵਿਸ਼ੇਸ਼ ਟਿੱਪਣੀ (ਪੰਜਾਬੀ ਟ੍ਰਿਬਿਊਨ ਮਿਤੀ 25.03.1990) ਕਰਕੇ। ਹੋਣਹਾਰ ਬਿਰਵਾ ਦੇ ਚਿਕਨੇ ਚਿਕਨੇ ਪਾਤ ਵਾਂਗ ਨਾਵਲ ਦੇ ਗੁਣਾਂ ਨੂੰ ਪਹਿਚਾਣਦਿਆਂ ਉਨ੍ਹਾਂ ਲਿਖਿਆ ‘ਮਿੱਤਰ ਸੈਨ ਮੀਤ ਦੇ ਨਵੇਂ ਨਾਵਲ ਦਾ ਨਾਂ ‘ਤਫ਼ਤੀਸ਼’ ਜੋ ਵੱਡੇ ਤੋਂ ਵੱਡੇ ਦੀ ਚੁੱਪ ਨੂੰ ਤੋੜਦੀ ਤੇ ਇਹ ਨਾਵਲ ਸਮੇਂ ਦੀ ਚੁੱਪ ਨੂੰ ਤੋੜੇਗਾ। ਪੰਜਾਬ ਦੀ ਵਰਤਮਾਨ ਤ੍ਰਾਸਦੀ ਨੂੰ ਚਿਤਰਦਾ ਇਹ ਨਾਵਲ ਜਬਰ ਦਾ ਸ਼ਿਕਾਰ ਹੋਏ ਮਾਸੂਮਾਂ ਦੇ ਨਾਂ ਲਿਖਿਆ ਗਿਐ। ਇਸ ਵਿਚ ਮਸਲੇ ਦਾ ਅਧਿਐਨ ਹੈ ਤੇ ਸਮੇਂ ਦਾ ਤਾਜ਼ਾ ਇਤਿਹਾਸ। ਮੀਤ ਨੇ ਪੁਲਿਸ ਦੇ ਵਿਵਹਾਰ ਨੂੰ ਕਚਹਿਰੀਆਂ ਵਿਚ ਤੱਕਿਆ ਤੇ ਪੜ੍ਹਿਆ। ਪੁਲਿਸ ਦੀ ਤਫ਼ਤੀਸ਼ ‘ਬੰਦੇ ਨੂੰ ਜ਼ਿੰਦਗੀ ਤੇ ਮੌਤ ਵਿਚਕਾਰ ਲੈ ਜਾਂਦੀ ਹੈ। ਪਰ ਫਿਰ ਵੀ ਖਤਮ ਨਹੀਂ ਹੁੰਦੀ। ਇਹ ਸਿਲਸਿਲਾ ਇਵੇਂ ਹੀ ਚਲਦਾ ਆ ਰਿਹਾ ਤੇ ਚਲਦਾ ਰਹੇਗਾ।’ ਨਾਲ ਹੀ ਉਨ੍ਹਾਂ ਭਵਿੱਖਬਾਣੀ ਕੀਤੀ ਕਿ ‘ਇਹ ਨਾਵਲ ਅੰਧ-ਵਿਸ਼ਵਾਸ ਦੇ ਹਨੇਰੇ ਨੂੰ ਦੂਰ ਕਰਨ ਦਾ ਯਤਨ ਕਰੇਗਾ। ਸ਼ਾਮ ਸਿੰਘ ਦੀ ਇਸ ਟਿੱਪਣੀ ਨੇ ਰਹਿੰਦੀ-ਖੂੰਹਦੀ ਕਸਰ ਪੂਰੀ ਕਰ ਦਿੱਤੀ ਅਤੇ ਤਫ਼ਤੀਸ਼ ਦੇ ਛਪਣ ਦੀ ਖਬਰ ਘਰ-ਘਰ ਪੁੱਜ ਗਈ। ਪਾਠਕ ਵਰਗ ਦਾ ਘੇਰਾ ਵਧਿਆ। ਨਾਵਲ ਪੜ੍ਹਿਆ ਜਾਣ ਲੱਗਾ ਅਤੇ ਪ੍ਰਸ਼ੰਸਾ ਭਰੀਆਂ ਚਿੱਠੀਆਂ ਆਉਣ ਲੱਗੀਆਂ। (20 ਮਹੱਤਵਪੂਰਨ ਚਿੱਠੀਆਂ ਸੰਭਾਲੀਆਂ ਹੋਈਆਂ ਹਨ ਜਿਨ੍ਹਾਂ ਬਾਰੇ ਵੱਖਰੇ ਤੌਰ ਤੇ ਗੱਲ ਕਰਾਂਗਾ)

ਉਨ੍ਹੀਂ ਦਿਨੀਂ ਰਾਜਪੂਤ ਬਰਾਦਰੀ ਵੱਲੋਂ ਆਪਣੀ ਬਰਾਦਰੀ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਲਈ ਬਰਨਾਲੇ ਤੋਂ ਇੱਕ ਸਪਤਾਹਿਕ ਅਖ਼ਬਾਰ ‘ਰਾਜਪੂਤ‘ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਮਾਣ-ਤਾਣ ਵਜੋਂ ਰਾਮ ਸਰੂਪ ਅਣਖੀ ਅਤੇ ਰਾਜ ਕੁਮਾਰ ਗਰਗ ਦੇ ਨਾਂ ਸਲਾਹਕਾਰਾਂ ਦੇ ਤੌਰ ਤੇ ਇਸ ਅਖ਼ਬਾਰ ਉੱਪਰ ਛਪਦੇ ਸਨ। ਖੰਨੇ ਅਤੇ ਬਰਨਾਲੇ ਦੀਆਂ ਦੋ ਧਿਰਾਂ ਵਿਚ ਕੋਈ ਪਰਿਵਾਰਕ ਝਗੜਾ ਚੱਲ ਰਿਹਾ ਸੀ। ‘ਰਾਜਪੂਤ’ ਵਾਲਿਆਂ ਨੇ ਖੰਨੇ ਵਾਲਿਆਂ ਤੇ ਤਵਾ ਲਾ ਦਿੱਤਾ। ਖਿਝੇ ਖੰਨੇ ਵਾਲਿਆਂ ਨੇ ‘ਰਾਜਪੂਤ’ ਦੇ ਸੰਪਾਦਕ ਤੇ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ।ਖੰਨੇ ਦੀ ਕਚਹਿਰੀ ਵਿਚ। ਅਦਾਲਤ ਨੇ ਦੋਵਾਂ ਸਲਾਹਕਾਰਾਂ ਨੂੰ ਵੀ ਬਤੌਰ ਮੁਜ਼ਰਮ ਤਲਬ ਕਰ ਲਿਆ। ਪੰਦਰੀਂ ਵੀਹੀਂ ਦਿਨੀਂ ਦੋਹਾਂ ਨਾਵਲਕਾਰਾਂ ਨੂੰ ਖੰਨੇ ਦੀ ਅਦਾਲਤ ਅੱਗੇ ਜਾ ਕੇ ਬੈਠਣਾ ਅਤੇ ਸਾਰੀ ਦਿਹਾੜੀ ਖੱਜਲ-ਖੁਆਰ ਹੋਣ ਪੈਂਦਾ ਸੀ। ਅਣਖੀ ਸਾਹਿਬ ਵੱਧ ਦੁਖੀ ਸਨ। ਮੈਨੂੰ ਕੋਈ ਕਾਨੂੰਨੀ ਜੁਗਤ ਲੜਾ ਕੇ ਜਲਦੀ ਖਹਿੜਾ ਛੁਡਾਉਣ ਲਈ ਕਹਿੰਦੇ ਰਹਿੰਦੇ ਸਨ। ਇਸ ਗਉਂ ਕਾਰਨ, ਮੈਨੂੰ ਖੁਸ਼ ਕਰਣ ਲਈ, ਅਣਖੀ ਸਾਹਿਬ ਨੇ ਤਫ਼ਤੀਸ਼ ਉੱਪਰ ਬਰਨਾਲੇ ਵੱਡੀ ਗੋਸ਼ਟੀ ਰਖਵਾ ਦਿੱਤੀ। ਗੋਸ਼ਟੀ ਨੂੰ ਕਾਮਯਾਬ ਕਰਨ ਲਈ ਵੱਡੇ ਲੇਖਕਾਂ ਅਤੇ ਅਲੋਚਕਾਂ ਨਾਲ ਚਿੱਠੀ ਪੱਤਰ ਸ਼ੁਰੂ ਕਰ ਦਿੱਤਾ। ਉਸ ਸਮੇਂ ਇੰਦਰ ਸਿੰਘ ਖਾਮੋਸ਼ ਸਾਹਿਬ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਜਨਰਲ ਸਕੱਤਰ ਸਨ। ਉਹ ਮੈਨੂੰ ਪਹਿਲਾਂ ਹੀ ਪੁੱਤਰਾਂ ਵਾਂਗ ਪਿਆਰ ਕਰਦੇ ਸਨ ਅਤੇ ਮੇਰੀ ਤਰੱਕੀ ਦੇ ਦਿਲੋਂ ਚਾਹਵਾਨ ਸਨ। ਇਸ ਤਰ੍ਹਾਂ ਦੋ ਸੀਨੀਅਰ ਲੇਖਕਾਂ ਨੇ ਮਿਲ ਕੇ ਤਫ਼ਤੀਸ਼ ਉੱਪਰ ‘ਅਲੋਚਕਾਂ ਦਾ ਕੁੰਭ’ ਰਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਕੇਂਦਰੀ ਪੰਜਾਬੀ ਲੇਖ ਸਭਾ ਦਾ ਸਹਿਯੋਗ ਵੀ ਲੈ ਲਿਆ। 29 ਅਪ੍ਰੈਲ 1990 ਨੂੰ ਬਰਨਾਲੇ ਦੇ ਐਸ.ਡੀ. ਕਾਲਜ ਵਿਚ ‘ਗੋਸ਼ਟ’ ਹੋਇਆ। (ਬਾਅਦ ਵਿਚ ਮੈਂ ਉਨ੍ਹਾਂ ਦੀ ਗਉਂ ਪੂਰੀ ਕੀਤੀ। ਜੁਗਤ ਦੱਸੀ। ਉਹ ਜੁਗਤ ਲੜਾ ਕੇ, ਦੋ-ਚਾਰ ਪੇਸ਼ੀਆਂ ਬਾਅਦ ਦੋਹਾਂ ਸਲਾਹਕਾਰਾਂ ਨੇ ਖਹਿੜਾ ਛੁਡਵਾ ਲਿਆ।) ਸਮਾਗਮ ਵਿਚ 8/10 ਘੱਟੋ-ਘੱਟ ਅਜਿਹੇ ਵਿਦਵਾਨ (ਗੁਰਸ਼ਰਨ ਭਾਅ ਜੀ, ਜੋਗਿੰਦਰ ਸਿੰਘ ਰਾਹੀ, ਟੀ.ਆਰ. ਵਿਨੋਦ, ਰਘੁਵੀਰ ਸਿਰਜਨਾ, ਰਾਮ ਸਰੂਪ ਅਣਖੀ ਆਦਿ) ਹਾਜ਼ਰ ਸਨ ਜਿਨ੍ਹਾਂ ਵਿਚੋਂ ਇੱਕ ਦੇ ਹਾਜ਼ਰ ਹੋਣ ਨਾਲ ਹੀ ਸਮਾਗਮਰਚਿਤਾ ਧੰਨ ਹੋ ਜਾਂਦੇ ਸਨ ਅਤੇ ਆਪਣੇ ਸਮਾਗਮ ਨੂੰ ਸਫ਼ਲ ਹੋਇਆ ਮੰਨਦੇ ਸਨ। ਪ੍ਰਧਾਨਗੀ ਚੋਟੀ ਦੇ ਚਿੰਤਕ ਡਾ.ਜੋਗਿੰਦਰ ਸਿੰਘ ਰਾਹੀ ਵੱਲੋਂ ਕੀਤੀ ਗਈ। ਖੋਜ ਨਿਬੰਧ ਉਸੇ ਪੱਧਰ ਦੇ ਡਾ.ਟੀ.ਆਰ. ਵਿਨੋਦ ਅਤੇ ਡਾ.ਰਘਬੀਰ ਸਿੰਘ (ਸਿਰਜਣਾ) ਵੱਲੋਂ ਪੜ੍ਹੇ ਗਏ। ਬਹਿਸ ਦਾ ਅਰੰਭ ਉੱਚ ਕੋਟੀ ਦੇ ਨਾਵਲਕਾਰ ਪ੍ਰੋ. ਨਿਰੰਜਨ ਤਸਨੀਮ ਨੇ ਕੀਤਾ। ਉਨਾਂ ਕਿਹਾ ਕਿ ‘ਨਾਵਲ ਵਿਚ ਸਮਾਜ ਦੀ ਵਰਤਮਾਨ ਅਵਸਥਾ ਦੇ ਯਥਾਰਥ ਦਾ ਚਿਤਰਨ ਕੀਤਾ ਗਿਆ ਹੈ ਜੋ ਸਿਰਫ ਪੁਲਿਸ ਦੇ ਕਿਰਦਾਰ ਤੱਕ ਹੀ ਮਹਿਦੂਦ ਨਹੀਂ ਰਹਿੰਦਾ। ਪ੍ਰਗਤੀਵਾਦੀ ਵਿਚਾਰਧਾਰਾ ਭਾਵੇਂ ਰਵਾਇਤੀ ਤੌਰ ਤੇ ਹੀ ਲਿਆਂਦੀ ਗਈ ਹੈ ਪਰ ਇਹ ਸਮਝਦਾਰੀ ਦੀ ਭੂਮਿਕਾ ਨਿਭਾਉਂਦੀ ਹੈ।’ ਗੁਰਸ਼ਰਨ ਭਾਅ ਜੀ ਨੇ ਬਹਿਸ ਨੂੰ ਅਗੇ ਤੋਰਦਿਆਂ ਕਿਹਾ ਕਿ  ‘ਪੰਜਾਬ ਦੀ ਤ੍ਰਾਸਦੀ ਨੂੰ ਅੱਗੇ ਰੱਖ ਦੇ ਵੇਖਿਆਂ ਨਾਵਲ ਦੀ ਪਾਤਰ ਬੰਟੀ ਦੀ ਮਾਂ ‘ਕਾਂਤਾ’ ਪ੍ਰਭਾਵਸ਼ਾਲੀ ਪਾਤਰ ਜਾਪੀ ਹੈ। ਇਹ ਪੰਜਾਬ ਦੀ ਧਰਤੀ ਦਾ ਪ੍ਰਤੀਕ ਹੋ ਨਿੱਬੜੀ ਹੈ। ਅਗਵਾ ਹੋਇਆ ਬੱਚਾ ਬੰਟੀ ਪੰਜਾਬ ਦੀ ਮਸੂਮੀਅਤ ਦਾ ਪ੍ਰਤੀਕ ਹੈ।’ ਉਨ੍ਹਾਂ ਭਵਿੱਖਬਾਣੀ ਕੀਤੀ ਕਿ ਤਫ਼ਤੀਸ਼ ਇਸ ਯੁਗ ਦਾ ਇੱਕ ਪ੍ਰਤੀਨਿਧ ਨਾਵਲ ਕਹਿਲਾਏਗਾ ਸੁਰਜੀਤ ਗਿੱਲ ਨੇ ਇਸ ਨਾਵਲ ਨੂੰ ‘ਨਵੀਂ ਸੋਚ ਪ੍ਰਦਾਨ ਕਰਦਾ ਤੇ ਨਵੀਂ ਪ੍ਰਵਿਰਤੀ ਨੂੰ ਜਨਮ ਦਿੰਦਾ ਨਾਵਲ ਮੰਨਿਆ।’ ਸੁਰਜੀਤ ਭੱਟੀ, ਰਾਮ ਸਰੂਪ ਅਣਖੀ, ਜੋਗਿੰਦਰ ਸਿੰਘ ਨਿਰਾਲਾ,ਕੇ.ਐਲ.ਗਰਗ ਆਦਿ ਹੋਰ ਸਾਹਿਤਕਾਰਾਂ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਭਾਸ਼ਣ ਦਿੰਦਿਆਂ ਜੋਗਿੰਦਰ ਸਿੰਘ ਰਾਹੀ ਹੁਰਾਂ ਨੇ ਘੋਸ਼ਿਤ ਕੀਤਾ ‘ਕਿ ਸਾਹਿਤਚਾਰੀਆਂ ਨੇ ਨਾਵਲ ਦੇ ਜੋ ਲੱਛਣ ਮਿਥੇ ਹਨ ਇਹ ਉਨ੍ਹਾਂ ਤੋਂ ਪਾਰ ਦੀ ਰਚਨਾ ਹੈ।’ ਉਨ੍ਹਾਂ ਹੋਰ ਕਿਹਾ ਕਿ ‘ਨਾਵਲ ਦੀ ਰੂਪ ਰਚਨਾ ਦਾ ਮੁੱਖ ਲੱਛਣ ਪਾਤਰਾਂ ਦੀਆਂ ਸੋਚਾਂ ਦੇ ਕੇਂਦਰਾਂ ਰਾਹੀਂ ਯਥਾਰਥ ਦੇ ਅਨੇਕ ਪਹਿਲੂਆਂ ਨੂੰ ਉਜਾਗਰ ਕਰਨ ਵਿਚ ਹੈ।’ ਵੱਡੇ ਅਖ਼ਬਾਰਾਂ ਵਿਚ ਵਿਸਤ੍ਰਿਤ ਰਿਪੋਰਟਾਂ ਛਪੀਆਂ (ਪੰਜਾਬੀ ਟ੍ਰਿਬਿਊਨ 04 ਮਈ 1990)। ਨਾਵਲ ਦੀ ਖੂਬ ਚਰਚਾ ਹੋਈ।

ਇਸ ਗੋਸ਼ਟੀ ਦਾ ਵੱਡਾ ਫਾਇਦਾ ਇਹ ਹੋਇਆ ਕਿ ਨਾਵਲ ਦੀ ਚਰਚਾ ਸਧਾਰਨ ਹਲਕਿਆਂ ਵਿਚੋਂ ਨਿਕਲ ਕੇ  ਯੂਨੀਵਰਸਿਟੀਆਂ ਤੱਕ ਪੁੱਜ ਗਈ। ਇਹ ਡੱਡੂ ਦੇ ਛੱਪੜ ਵਿਚੋਂ ਨਿਕਲ ਕੇ ਸਮੁੰਦਰ ਵਿਚ ਜਾਣ ਵਾਂਗ ਸੀ। ਪੰਜਾਬੀ ਯੂਨੀਵਰਸਿਟੀ ਦੇ ਬਠਿੰਡਾ ਰੀਜਨਲ ਸੈਂਟਰ ਵਿਚ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੀ ਦੇਖਰੇਖ ਵਿਚ ਐਮ.ਫਿਲ. ਦੀ ਡਿਗਰੀ ਲਈ ਪਹਿਲਾ ਥੀਸਜ਼ ਲਿਖਿਆ ਗਿਆ। ਸਾਲ 1991 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸਨੂੰ ਐਮ.ਏ. ਪੰਜਾਬੀ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਅਤੇ 1992 ਵਿਚ ਨਾਨਕ ਸਿੰਘ ਗਲਪ ਪੁਰਸਕਾਰ ਨਾਲ ਨਵਾਜ਼ਿਆ। ਡਾ. ਰਘੁਵੀਰ ਸਿੰਘ ਸਿਰਜਨਾ ਰਾਹੀਂ ਪੰਜਾਬ ਯੂਨੀਵਰਸਿਟੀ ਵਿਚ ਗੱਲ ਤੁਰੀ।

ਨਾਲ ਹੀ ਐਂਟੀ ਪੁਲਿਸ ਨਾਵਲ ਦੇ ਜਨਮ ਦੀ ਖ਼ਬਰ ਸਰਕਾਰ ਦੇ ਕੰਨੀਂ ਪੈ ਗਈ। ‘ਗੁਸਤਾਖ਼’ ਮੁਲਾਜ਼ਮ ਨੂੰ ਸਬਕ ਸਿਖਾਉਣ ਲਈ ‘ਘਰ ਨੇੜਲੇ ਸਟੇਸ਼ਨ’ ਤੋਂ ਤੁਰੰਤ ਬਦਲਣ ਦੇ ਹੁਕਮ ਜਾਰੀ ਹੋ ਗਏ। ਬਦਲੀ ਵੀ ਅੱਤਵਾਦ ਦੇ ਗੜ ਅਜਨਾਲੇ ਕੀਤੀ ਗਈ। ਸੁਰਜੀਤ ਗਿੱਲ ਹੋਰੀਂ ਅੜ ਗਏ। ਕਹਿੰਦੇ ਬਦਲੀ ਦਾ ਕਾਰਨ ਤਫ਼ਤੀਸ਼ ਹੈ।ਸਰਕਾਰ ਦਾ ਇਹ ਸਮੁੱਚੇ ਲੇਖਕ ਵਰਗ ਤੇ ਹਮਲਾ ਹੈ। ਲੇਖਕਾਂ ਦਾ ਸਨਮਾਨ ਬਹਾਲ ਕਰਾਉਣ ਲਈ ਉਨ੍ਹਾਂ ਨੇ ਬਦਲੀ ਕੈਂਸਲ ਕਰਾਉਣ ਲਈ ਸੰਘਰਸ਼ ਵਿਢ ਦਿੱਤਾ। ਨਿੱਜੀ ਰਸੂਖ ਵਰਤਿਆ ਪਰ ਉਹ ਬਹੁਤਾ ਕੰਮ ਨਾ ਆਇਆ। ਫਿਰ ਕੇਂਦਰੀ ਪੰਜਾਬੀ ਲੇਖ ਸਭਾ ਦੇ ਅਹੁੱਦੇਦਾਰਾਂ ਨਾਲ ਗੱਲ ਕੀਤੀ। ਉਨ੍ਹੀਂ ਦਿਨੀਂ ਡਾ.ਹਰਚਰਨ ਸਿੰਘ ਪ੍ਰਧਾਨ ਅਤੇ ਤੇਰਾ ਸਿੰਘ ਚੰਨ ਜਨਰਲ ਸਕੱਤਰ ਸਨ। ਪੰਜਾਬ ਵਿਚ ਗਵਰਨਰੀ ਰਾਜ ਸੀ। ਚੀਫ਼ ਸੈਕਟਰੀ ਕੋਲ ਮੁੱਖ ਮੰਤਰੀ ਜਿੰਨੇ ਅਧਿਕਾਰ ਸਨ। ਕੇਂਦਰੀ ਪੰਜਾਬੀ ਲੇਖ ਸਭਾ ਦੇ ਅਹੁੱਦੇਦਾਰਾਂ ਨੇ ਝੱਟ ਚੀਫ਼ ਸੈਕਟਰੀ ਨੂੰ ਮਿਲਣ ਦਾ ਸਮਾਂ ਲੈ ਲਿਆ। ਤਸੱਲੀ ਵਾਲੀ ਗੱਲ ਇਹ ਸੀ ਕਿ ਕੇਂਦਰੀ ਸਭਾ ਲੀਡਰਸ਼ਿਪ ਸੰਕਟ ਵਿਚ ਘਿਰੇ ਲੇਖਕ ਦੀ ਤਨੋ-ਮਨੋ ਮੱਦਦ ਕਰ ਰਹੀ ਸੀ। ਦੂਜੀ ਤਸੱਲੀ ਵਾਲੀ ਗੱਲ ਇਹ ਸੀ ਕਿ ਲੇਖਕਾਂ ਦੀ ਸਰਕਾਰੇ ਦੁਆਰੇ ਕਦਰ ਸੀ। ਚੀਫ਼ ਸੈਕਟਰੀ ਕੇਂਦਰੀ ਪੰਜਾਬੀ ਲੇਖ ਸਭਾ ਦੇ ਕੁਝ ਅਹੁੱਦੇਦਾਰਾਂ ਨੂੰ ਨਿੱਜੀ ਤੌਰ ਤੇ ਜਾਣਦਾ ਸੀ। ਬਿਨ੍ਹਾਂ ਨਾਂਹ ਨੁਕਰ ਕਰੇ ਉਨ੍ਹਾਂ ਨੇ ਸਬੰਧਤ ਅਧਿਕਾਰੀ ਨੂੰ ਬਦਲੀ ਕੈਂਸਲ ਕਰਨ ਲਈ ਫੋਨ ਕਰ ਦਿੱਤਾ। ਫੋਨ ਦਾ ਕੋਈ ਅਸਰ ਨਾ ਹੋਇਆ।15 ਦਿਨ ਉਡੀਕਣ ਬਾਅਦ ਜਦੋਂ ਲੇਖਕਾਂ ਦਾ ਵਫ਼ਦ ਦੁਬਾਰਾ ਚੀਫ਼ ਸੈਕਟਰੀ ਨੂੰ ਮਿਲਿਆ ਤਾਂ ਉਨ੍ਹਾਂ ਨੇ ਝੱਟ ਆਪਣੇ ਹੱਥੀਂ ਬਦਲੀ ਕੈਂਸਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਪਰ ਹੇਠਲੇ ਅਧਿਕਾਰੀਆਂ ਨੇ ਦੁੱਧ ਵਿਚ ਮੀਂਘਣਾਂ ਘੋਲ ਦਿਤੀਆਂ। ਕੈਂਸਲ ਕਰਨ ਦੀ ਥਾਂ ਬਦਲੀ ਪੰਜਾਬ ਪੁਲਿਸ ਅਕੈਡਮੀ ਫਲੌਰ ਦੀ ਕਰ ਦਿੱਤੀ ਗਈ।ਸਾਢੇ ਤਿੰਨ ਮਹੀਨੇ ਧੱਕੇ ਖਾ ਕੇ ਅਗਸਤ 1990 ਵਿਚ ਡਿਊਟੀ ਤੇ ਹਾਜਰ ਹੋਇਆ।ਅਕੈਡਮੀ ਵਿਚ ਕੰਮ ਕਰਦੇ ਕੁਝ ਪੁਲਿਸ ਅਫ਼ਸਰਾਂ ਨੇ ਤਫ਼ਤੀਸ਼ ਨਾਵਲ ਬਾਰੇ ਸੁਣਿਆ ਹੋਇਆ ਸੀ। ਕੁਝ ਲੂਣ ਮਿਰਚ ਪੱਲਿਓਂ ਲਾ ਕੇ ਉਨ੍ਹਾਂ ਨੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਮੇਰੇ ਵਿਰੁੱਧ ਭੜਕਾ ਦਿੱਤਾ। ਡੇਢ ਸਾਲ ਉਥੇ ਰਿਹਾ।ਸਖਤ ਡਿਊਟੀ ਦੇ ਨਾਲ ਨਾਲ ਮੈਨੂੰ ਆਨੇ ਬਹਾਨੇ ਨਿਹੌਰੇ ਦੇ ਕੇ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ। ਮੈਂ ਦੜ ਵੱਟੀ ਸਭ ਕੁਝ ਬਰਦਾਸ਼ਤ ਕਰਦਾ ਰਿਹਾ।

30 ਜੂਨ 1990 ਨੂੰ ਪਲਸ ਮੰਚ ਨੇ ਸਲਾਨਾ ਨਾਟਕ ਮੇਲਾ ਪੰਜਾਬੀ ਭਵਨ ਲੁਧਿਆਣਾ ਵਿਚ ਕੀਤਾ। ਪੰਜ ਹਜ਼ਾਰ ਦੀ ਸਮਰੱਥਾ ਵਾਲੇ ਖਚਾ ਖਚ ਭਰੇ ਪੰਜਾਬੀ ਭਵਨ ਦੇ ਓਪਨ ਏਅਰ ਥਿਏਟਰ ਵਿਚ, ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਪਾਏ ਵਿਸ਼ੇਸ਼ ਯੋਗਦਾਨ ਬਦਲੇ ਚਾਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਗੁਰਸ਼ਰਨ ਸਿੰਘ, ਅਮੋਲਕ ਸਿੰਘ, ਰਾਮ ਕੁਮਾਰ ਭਦੌੜ ਦੇ ਨਾਲ ਤਫ਼ਤੀਸ਼ ਦਾ ਨਾਵਲਕਾਰ ਵੀ ਸ਼ਾਮਲ ਸੀ। ਆਪਣੇ ਪ੍ਰੇਰਣਾਸ੍ਰੋਤ ਦੇ ਨਾਲ ਸਨਮਾਨਿਤ ਹੋਣਾ ਮੈਨੂੰ ਆਪਣੇ ਕੱਦਾਵਰ ਹੋ ਜਾਣ ਦਾ ਅਹਿਸਾਸ ਕਰਵਾ ਰਿਹਾ ਸੀ। ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਸਹੀ ਰਾਹ ਤੇ ਤੁਰ ਰਿਹਾ ਹੋਵਾਂ। ਪਲਸ ਮੰਚ ਵੱਲੋਂ ਮਿਲਿਆ ਇਹ ਸਨਮਾਨ ਮੈਂ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਇਸਨੂੰ ਹਮੇਸ਼ਾਂ ਸਾਹਿਤ ਅਕੈਡਮੀ ਪੁਰਸਕਾਰ ਨਾਲੋਂ ਵੀ ਵੱਡਾ ਮੰਨਿਆ ਹੈ।

ਇੱਕ ਪਾਸੇ ਬਦਲੀ ਰੁਕਵਾਉਣ ਲਈ ਖੱਜਲ ਖੁਆਰੀ ਹੋ ਰਹੀ ਸੀ। ਦੂਜੇ ਪਾਸਿਓਂ ਠੰਡੀਆਂ ਹਵਾਵਾਂ ਵੀ ਆ ਰਹੀਆਂ ਸਨ। ਬਦਲੀ ਦੇ ਸਬੰਧ ਵਿਚ ਦੋ ਤਿੰਨ ਵਾਰ ਡਾ. ਹਰਚਰਨ ਸਿੰਘ ਨੂੰ ਮਿਲਿਆ। ਉਨ੍ਹਾਂ ਅਤੇ ਉਨ੍ਹਾਂ ਦੇ ਫਿਲਮਸਾਜ਼ ਬੇਟੇ ਹਰਬਖਸ਼ ਲਾਟਾ ਨੇ ਨਾਵਲ ਪੜ੍ਹ ਰੱਖਿਆ ਸੀ। ਉਹ ਇਸ ਨਾਵਲ ਉੱਪਜ ਫਿਲਮ ਜਾਂ ਸੀਰੀਅਲ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਡਾ.ਹਰਚਰਨ ਸਿੰਘ ਹੋਰਾਂ ਨੇ ਮੇਥੋਂ ਸਹਿਮਤੀ ਮੰਗੀ । ਅੰਨ੍ਹਾ ਕੀ ਭਾਲੇ ਦੋ ਅੱਖਾਂ। ਮੈਂ ਝੱਟ ਹਾਂ ਕਰ ਦਿੱਤੀ।

ਘੁੰਮਦੀ ਘੁਮਾਉਂਦੀ ਨਾਵਲ ਦੀ ਚਰਚਾ ਫਿਲਮਸਾਜ਼ ਜੀ.ਐਸ. ਚੰਨੀ ਦੇ ਕੰਨੀਂ ਪੈ ਗਈ। ਜੁਲਾਈ ਦੇ ਅਖੀਰ ਵਿਚ ਉਨ੍ਹਾਂ ਦੀ ਚਿੱਠੀ (ਮਿਤੀ 27.07.1990) ਆ ਗਈ। ਉਨ੍ਹਾਂ ਦਾ ਮਨ 35 ਐਮ.ਐਮ. ਹਿੰਦੀ ‘ਚ ਅੰਤਰਰਾਸ਼ਟਰੀ ਪੱਧਰ ਦੀ ਫਿਲਮ ਬਣਾਉਣ ਦਾ ਸੀ । ਨਾਲ ਹੀ ਨਾਵਲ ਦੇ ਕੁਝ ਅੰਸ਼ਾਂ ਨੂੰ ਨੁੱਕੜ ਨਾਟਕਾਂ ਵਿਚ ਵਰਤਣ ਦਾ। ਉਨ੍ਹਾਂ ਨੇ ਮੈਥੋਂ ਫਿਲਮ ਬਣਾਉਣ ਦੀ ਅਨੁਮਤੀ ਮੰਗੀ। ਮੈਂ ਤੁਰੰਤ ਚੰਡੀਗੜ੍ਹ ਜਾ ਕੇ ਕੋਰੇ ਕਾਗਜ਼ ਤੇ ਦਸਤਖਤ ਕਰ ਕੇ ਦੇ ਆਇਆ।

ਪਰ ਅਫ਼ਸੋਸ ਹੈ ਕਿ 25 ਸਾਲ ਬੀਤ ਜਾਣ ਦੇ ਬਾਵਜੂਦ ਵੀ ਲਾਟਾ, ਚੰਨੀ ਅਤੇ ਮੇਰਾ ਨਾਵਲ ਨੂੰ ਪਰਦੇ ਤੇ ਦੇਖਣ ਦਾ ਸੁਪਨਾ ਪੂਰਾ ਨਹੀਂ ਹੋਇਆ। ਮੈਂ ਅਤੇ ਲਾਟਾ ਹਾਲੇ ਵੀ ਯਤਨਸ਼ੀਲ ਹਾਂ। ਕਦੇ ਜਰੂਰ ਕਾਮਯਾਬ ਹੋਵਾਂਗੇ।

ਇਹ ਨਾਵਲ ਮੈਂ ਜਗਰਾਓਂ ਲਿਖਿਆ ਸੀ। ਜਿਸ ਘਰ ਵਿਚ ਮੈਂ ਕਿਰਾਏ ਤੇ ਰਹਿੰਦਾ ਸੀ ਉਸਦੇ ਮਾਲਕ ਅਵਤਾਰ ਸਿੰਘ ਪੰਜਾਬੀ ਦੀ ਐਮ.ਏ. ਤਾਂ ਸਨ ਹੀ ਨਾਲ ਸਾਹਿਤਕ ਮੱਸ ਵੀ ਰੱਖਦੇ ਸਨ। ਦਿਨੇ ਤਫ਼ਤੀਸ਼ ਦੇ ਜੋ 5-10 ਪੰਨੇ ਲਿਖੇ ਜਾਂਦੇ ਉਹ ਸ਼ਾਮ ਨੂੰ ਉਨ੍ਹਾਂ ਨਾਲ ਸੈਰ ਕਰਦੇ ਸਮੇਂ ਵਿਚਾਰੇ ਜਾਂਦੇ। ਅਵਤਾਰ ਸਿੰਘ ਹੋਰਾਂ ਦੇ ਬਹੁਮੁੱਲੇ ਸੁਝਾਅ ਨਾਵਲ ਨੂੰ ਟੀਸੀ ਤੇ ਪੁੱਜਣ ਵਿਚ ਸਹਾਇਕ ਸਿੱਧ ਹੋਏ। ਉਨ੍ਹਾਂ ਦਾ ਇੱਕ ਰਿਸ਼ਤੇਦਾਰ ਗੁਰਸ਼ਰਨ ਸਿੰਘ ਪੁਲਿਸ ਵਿਚ ਮੁਲਾਜ਼ਮ ਸੀ। ਉਹ ਡਾ. ਅਤਰ ਸਿੰਘ ਦੀ ਸਰਪ੍ਰਸਤੀ ਹੇਠ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਨਾਵਲ ਵਿਚ ਪੁਲਿਸ ਕਿਰਦਾਰ ਵਿਸ਼ੇ ਤੇ ਪੀ.ਐਚ.ਡੀ. ਕਰ ਰਿਹਾ ਸੀ। ‘ਤਫ਼ਤੀਸ਼’ ਕਿਉਂਕਿ ਪੁਲਿਸ ਸੱਭਿਆਚਾਰ ਨੂੰ ਗਹਿਰਾਈ ਨਾਲ ਚਿਤਰਦਾ ਸੀ ਇਸ ਲਈ ਉਨ੍ਹਾਂ ਨੂੰ ਕਾਹਲ ਸੀ ਕਿ ਜਲਦੀ ਇਹ ਨਾਵਲ ਪ੍ਰਕਾਸ਼ਿਤ ਹੋਵੇ ਤੇ ਗੁਰਸ਼ਰਨ ਸਿੰਘ ਨੂੰ ਆਪਣੀ ਖੋਜ ਅਰਥ ਭਰਪੂਰ ਬਣਾਉਣ ਵਿਚ ਸਹਾਇਤਾ ਮਿਲੇ । ਨਾਵਲ ਪ੍ਰਕਾਸ਼ਿਤ ਹੁੰਦਿਆਂ ਹੀ ਉਨ੍ਹਾਂ ਨੇ ਨਾਵਲ ਦੀ ਪਹਿਲੀ ਕਾਪੀ ਗੁਰਸ਼ਰਨ ਸਿੰਘ ਰਾਹੀ ਡਾ. ਅਤਰ ਸਿੰਘ ਤੱਕ ਪੁੱਜਦੀ ਕਰ ਦਿੱਤੀ। ਨਾਵਲ ਪੜ੍ਹਨ ਬਾਅਦ ਡਾ. ਅਤਰ ਸਿੰਘ ਹੋਰਾਂ ਨੇ ਆਪਣੀ ਚਿੱਠੀ (ਮਿਤੀ 01.08.1991) ਰਾਹੀਂ ਜੋ ਟਿੱਪਣੀ ਕੀਤੀ ਉਹ ਮੇਰੇ ਸਾਹਿਤਕ ਸਫ਼ਰ ਦਾ ਮੀਲ ਪੱਥਰ ਬਣ ਗਈ। ਹੁਣ ਤੱਕ ਤਫ਼ਤੀਸ਼ ਦੇ ਸੌਲਾਂ/ਸਤਾਰਾਂ ਅਡੀਸ਼ਨ ਛਪ ਚੁੱਕੇ ਹਨ। ਹਰ ਅਡੀਸ਼ਨ ਉੱਪਰ ਉਨ੍ਹਾਂ ਦੀ ਟਿੱਪਣੀ ਮੁੱਖਬੰਧ ਦੇ ਤੌਰ ਤੇ ਛਾਪ ਕੇ ਮੈਨੂੰ ਖੁਸ਼ੀ ਅਤੇ ਫਖ਼ਰ ਮਹਿਸੂਸ ਹੁੰਦਾ ਹੈ। ਜਦੋਂ ਤੱਕ ਇਹ ਨਾਵਲ ਛਪਦਾ ਰਹੇਗਾ ਇਸ ਉੱਪਰ ਡਾ. ਅਤਰ ਸਿੰਘ ਦੀ ਟਿੱਪਣੀ ਬਤੌਰ ਮੁੱਖਬੰਧ ਛਪਦੀ ਰਹੇਗੀ। ਡਾ. ਅਤਰ ਸਿੰਘ ਦੀ ਇੱਕ ਇੱਕ ਟਿੱਪਣੀ ਕਰੋੜ ਕਰੋੜ ਰੁਪਏ ਦੇ ਮੁੱਲ ਦੀ ਸੀ। ਨਮੂਨੇ ਵਜੋਂ ਕੁਝ ਟਿੱਪਣੀਆਂ ਦਾ ਜ਼ਿਕਰ ਕਰ ਰਿਹਾ ਹਾਂ।

‘…. ਤਫ਼ਤੀਸ਼ ਲਈ ਜੋ ਸਥਾਨ ਨਿਸ਼ਚਤ ਹੋਇਆ ਹੈ, ਉਹ ਅਲੌਕਿਕ ਅਤੇ ਬੇਮਿਸਾਲ ਹੈ।….’ ਇਸ ਨਾਵਲ ਨਾਲ ਸਬੰਧਤ ਕੋਈ ਵੀ ਵਿਅਕਤੀ ਨਿਰ੍ਹਾ ਵਿਅਕਤੀ ਨਹੀਂ ਉਹ ਕਿਸੇ ਨਾ ਕਿਸੇ ਸੰਸਥਾ ਜਾਂ ਸੱਚ ਦਾ ਪ੍ਰਤੀਕ ਵੀ ਹੈ।…. ਇਹ ਨਾਵਲ ਤੱਤਕਾਲੀ ਉਤੇਜਨਾ ਨੂੰ ਸਬਕਾਲੀ ਪ੍ਰਸੰਗ ਪ੍ਰਦਾਨ ਕਰਦਾ ਹੈ। ਇਸਦੀ ਘਟਨਾ ਦਾ ਸਬੰਧ ਸਮਕਾਲੀ ਪੰਜਾਬ ਦੇ ਮਹਾਂ-ਰੂਦਨ ਦੇ ਸੱਚ ਨਾਲ ਹੈ। ਪਰ ਨਾਵਲ ਦਾ ਅਰਥ ਸਮੁੱਚੇ ਭਾਰਤ ਦੇ ਹੀ ਨਹੀਂ ਸਗੋਂ ਜਿੱਥੇ ਵੀ ਕੋਈ ਮਨੁੱਖ ਵਸਿਆ ਹੈ ਜਾਂ ਵੱਸਦਾ ਹੈ, ਉੱਥੇ ਰਾਜ ਤੇ ਵਿਅਕਤੀ ਵੀ ਅਨਿਵਾਰੀ ਟੱਕਰ ਦਾ ਮਾਰਮਿਕ ਬਣ ਜਾਂਦਾ ਹੈ।…. ਨਿਰੋਲ ਪਾਠਕ ਦੇ ਪੱਖ ਤੋਂ ਇਹ ਰਚਨਾ ਇਤਨੀ ਰੌਚਿਕ ਅਤੇ ਜਗਿਆਸਾ ਭਰਪੂਰ ਹੈ ਕਿ ਇੱਕ ਵਾਰੀ ਸ਼ੁਰੂ ਕਰਕੇ ਨਾਵਲ ਅੰਤ ਤੱਕ ਪੜ੍ਹੇ ਬਿਨ੍ਹਾਂ ਚੈਨ ਨਹੀਂ ਆਉਂਦਾ। ਤੇ ਮੁਕਾ ਕੇ ਵੀ ਕਿਹੜਾ ਚੈਨ ਆਉਂਦਾ ਹੈ। ਪਾਲਾ ਤੇ ਮੀਤਾ ਤੇ ਗੁਰਮੀਤ ਅਤੇ ਬਾਬਾ ਗੁਰਦਿੱਤ ਸਿੰਘ ਦਾ ਸੰਤਾਪ ਹੋਰ ਅਨੇਕ ਮਨੁੱਖੀ ਪ੍ਰਸ਼ਨਾਂ ਨੂੰ ਨਿਰਾਰਥਕ ਬਣਾ ਕੇ ਪਾਠਕ ਨੂੰ ਆਪਣੀ ਸੱਚ ਦੀ ਘੜੀ ਦੇ ਪੇਸ਼ ਹੋਣ ਨੂੰ ਟੁੰਬਦਾ ਹੈ ਤਾਂ ਜੋ ਘੱਟੋ-ਘੱਟ ਉਹ ਆਪਣੀ ਕੱਜਲਹੀਣ ਕਾਇਰਤਾ ਦੇ ਰੁ-ਬ-ਰੂ ਹੋ ਸਕੇ।’

ਸਾਲ 1990 ਵਿਚ ਖਾੜਕੂ ਲਹਿਰ ਜ਼ੋਰ ਤੇ ਸੀ। ‘ਸੋਧ-ਸੁਧਾਈ’ ਅਤੇ ਫਿਰੌਤੀਆਂ ਵਸੂਲਣ ਦਾ ਦੌਰ ਸੀ। ਧਮਕੀਆਂ ਬਕਾਇਦਾ ਚਿੱਠੀਆਂ ਰਾਹੀਂ ਮਿਲਦੀਆਂ ਸਨ। ਹੋਈ ਭੁੱਲ ਲਈ ਮੁਆਫ਼ੀ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਮੰਗਣੀ ਪੈਂਦੀ ਸੀ। ਦਸੰਬਰ ਦੇ ਦੂਸਰੇ ਹਫ਼ਤੇ ਡਿਊਟੀ ਨਿਭਾ ਕੇ ਜਦੋਂ ਘਰ ਪੁੱਜਿਆ ਤਾਂ ਹੋਰ ਚਿੱਠੀਆਂ ਦੇ ਨਾਲ ਘਰਦਿਆਂ ਵੱਲੋਂ ਇੱਕ ਚਿੱਟਾ ਲਿਫਾਫਾ ਮੈਨੂੰ ਦਿੱਤਾ ਗਿਆ। ਤਫ਼ਤੀਸ਼ ਦੀ ਘਰ ਘਰ ਹੋ ਰਹੀ ਚਰਚਾ ਕਾਰਨ ਚਿੱਠੀਆਂ ਵੱਡੀ ਗਿਣਤੀ ਵਿਚ ਆਉਂਦੀਆਂ ਸਨ। ਸਧਾਰਨ ਚਿੱਠੀ ਸਮਝ ਕੇ ਲਿਫਾਫਾ ਖੋਲਿਆ। ਚਿੱਠੀ (ਮਿਤੀ 05.12.1990) ਦੋ ਪੰਨਿਆਂ ਦੀ ਸੀ। ਦਲ ਖਾਲਸਾ ਇੰਟਰਨੈਸ਼ਨਲ ਦੀ ਲੈਟਰ ਪੈਡ ਤੇ। ਜਿਉਂ ਹੀ ‘ਦਲ ਖਾਲਸਾ ਇੰਟਰਨੈਸ਼ਨਲ’ ਦਾ ਨਾਂ ਪੜ੍ਹਿਆ ਤਾਂ ਹੋਸ਼ ਉੱਡ ਗਏ। ਹੱਥ ਕੰਬਣ ਲੱਗੇ। ਫਿਰੌਤੀ ਦੇਣ ਜੋਗੇ ਆਪਾਂ ਹੈ ਨਹੀਂ ਸੀ। ਲੱਗਾ ‘ਸੋਧਣ ਦੀ ਮਿਤੀ’ ਨਿਸ਼ਚਿਤ ਹੋਈ ਹੈ। ਮੱਥੇ ਤੇ ਟਪਕੀਆਂ ਪਸੀਨੇ ਦੀਆਂ ਬੂੰਦਾਂ ਪੂੰਝ-ਪਾਂਝ ਕੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਜਿਉਂ ਜਿਉਂ ਚਿੱਠੀ ਪੜ੍ਹਦਾ ਗਿਆ ਮਨ ਗੁਲਾਬ ਵਾਂਗ ਖਿਲਦਾ ਗਿਆ। ਚਿੱਠੀ ਦਲ ਖਾਲਸਾ ਦੇ ‘ਚੀਫ਼ ਆਰਗਨਾਈਜ਼ਰ’ ਨਿਰਵੈਰ ਸਿੰਘ ਨਿਰਭੈ ਵੱਲੋਂ ਲਿਖੀ ਗਈ ਸੀ। ਹੋਰਾਂ ਗਲਾਂ ਦੇ ਨਾਲ ਨਾਲ ਚਿੱਠੀ ਵਿਚ ਨਾਵਲ ਸਬੰਧੀ ਹੇਠ ਲਿਖੀ ਟਿੱਪਣੀ ਕੀਤੀ ਗਈ ਸੀ।

   ‘ਸਾਹਿਤਕ ਹਲਕਿਆਂ ਵਿਚ ਲੰਮੀ ਚੁੱਪ ਤੋਂ ਬਾਅਦ ਆਪ ਦਾ ਨਾਵਲਤਫ਼ਤੀਸ਼ਸਮੇਂ ਦੇ ਸੱਚ ਦਾ ਪਹਿਰੇਦਾਰ ਬਣ ਕੇ ਬੋਹੜਿਆ ਹੈ ਅਖ਼ਬਾਰਾਂ ‘ਚ ਆਪ ਦੀ ਇਸ ਕਿਰਤ ਬਾਰੇ ਪੜ ਕੇ ਜਲਦੀ ਤੋਂ ਜਲਦੀ ਇਸਨੂੰ ਪੜਿਆ। ਪੜ ਕੇ ਸਭ ਤੋਂ ਪਹਿਲਾਂ ਤਾਂਘ ਹੋਈ ਕਿ ਨ੍ਹੇਰ ਦੇ ਸਾਮਰਾਜ ਦੀ ਦਹਿਸ਼ਤਗਰਦੀ ਅਤੇ ਆਪਣੇ ਰਸਤਿਆਂ ਤੋਂ ਭਟਕ ਚੁੱਕੇ ਇਨਕਲਾਬੀ ਖਾੜਕੂਆਂ ਦੀ ਪੜਚੋਲ ਜਾਂ ਕਹਿ ਲਓ ਨਿੱਘਰ ਸਾਹਿਤਕ ਪੜਚੋਲ ਕਰਨ ਵਾਲੇ ਜੁਝਾਰੂ ਲੇਖਕ ਦੇ ਦਰਸ਼ਨ ਕਰਾਂ। ਉਹ ਦਰਸ਼ਨ ਵੀ ਨਸੀਬ ਹੋਏ ਸ਼ਾਇਦ 30 ਜੂਨ ਜਾਂ 30 ਜੁਲਾਈ ਵਾਲੇ ਦਿਨ ਜਦੋਂ ਪਲਸ ਮੰਚ ਦਾ ਪ੍ਰੋਗ੍ਰਾਮ ਸੀ ਪੰਜਾਬੀ ਭਵਨ ਲੁਧਿਆਣਾ ਵਿਖੇ। ਉਸ ਦਿਨ ਮੈਂ ਖੁਦ ਉਸ ਪ੍ਰੋਗ੍ਰਾਮ ਵਿਚ ਹਾਜ਼ਰ ਸਾਂ। ਵੀਰ ਜੀਓ ਆਪ ਦੇ ਨਾਵਲ ਬਾਰੇ ਮੈਂ ਕਹਿ ਸਕਦਾ ਹਾਂ ਕਿ ਉਹ ਇੱਕ ਅਮੁੱਲੀ ਕਿਰਤ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਅਤੇ ਬਲ ਬਖਸ਼ੇ ਕਿ ਗੁਰੂ ਗੋਬਿੰਦ ਦੀ ਕਲਮ ਦੇ ਵਾਰਸ ਹਕੂਮਤੀ ਦਹਿਸ਼ਤਗਰਦੀ ਵਿਰੁੱਧ ਆਪਣੀ ਕਲਮ ਤਨਮਨ ਨਾਲ ਜੀਅ ਤੋਂ ਚਲਾਉਣ ਬਾਬਰ ਨੂੰ ਜ਼ਾਬਰ ਆਖਣਾ ਹੀ ਸਮੇਂ ਦੀ ਮੰਗ ਹੈ।’

ਇਸ ਚਿੱਠੀ ਨੇ ਸਾਹਿਤ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ। ਇੱਕ ਪਾਸੇ ਨਕਸਲੀ ਸੋਚ ਵਾਲੇ ਜੁਝਾਰੂ ਵੀਰ ਖਾੜਕੂਆਂ ਦਾ ਬੰਦੂਕਾਂ ਨਾਲ ਮੁਕਾਬਲਾ ਕਰ ਰਹੇ ਸਨ। ਸ਼ਹੀਦੀਆਂ ਪਾ ਰਹੇ ਸਨ। ਆਪਣੀ ਸੋਚ ਦੀ ਪ੍ਰਤੀਨਿਧਤਾ ਕਰਦੇ ਹੋਣ ਕਾਰਣ ਉਨ੍ਹਾਂ ਨੇ ਨਾਵਲ ਨੂੰ ਅਪਣਾਇਆ ਹੋਇਆ ਸੀ। ਦੂਜੇ ਪਾਸੇ ਇਸਦੇ ਬਿਲਕੁਲ ਉਲਟ ਸੋਚ ਰੱਖਣ ਵਾਲੀਆਂ ਖਾੜਕੂ ਜੱਥੇਬੰਦੀਆਂ ਨੂੰ ਵੀ ਨਾਵਲ ਆਪਣੀ ਸੋਚ ਦੀ ਪ੍ਰਤੀਨਿਧਤਾ ਕਰਦਾ ਪ੍ਰਤੀਤ ਹੋ ਰਿਹਾ ਸੀ। ਇਸ ਚਿੱਠੀ ਨੇ ਇਹ ਅਹਿਸਾਸ ਕਰਵਾਇਆ ਕਿ ਸਾਹਿਤਕਾਰ ਦਾ ਕਿਰਦਾਰ ਭਾਈ ਘਨੱਈਆ ਵਰਗਾ ਹੁੰਦਾ ਹੈ। ਉਹ ਕਿਸੇ ਵਿਸ਼ੇਸ਼ ਧਿਰ ਨਾਲ ਨਹੀਂ ਖੜੋਂਦਾ। ਸਮੁਚੀ ਮਨੁਖਤਾ ਦੇ ਦਰਦ ਅਤੇ ਸਿਸਕੀਆਂ ਨੂੰ ਆਪਣੀ ਲਿਖਤਾਂ ਰਾਹੀਂ ਪੇਸ਼ ਕਰਕੇ ਸਭ ਧਿਰਾਂ ਦਾ ਹੋ ਜਾਂਦਾ ਹੈ। ਚਿੱਠੀ ਪੜ੍ਹਨ ਬਾਅਦ ਤਸੱਲੀ ਹੋਈ ਕਿ ਤਫ਼ਤੀਸ਼ ਨੇ ਆਪਣਾ ਇਹ ਫ਼ਰਜ਼ ਬਾਖੂਬੀ ਨਿਭਾਇਆ । ਨਾਵਲ ਦੀ ਇਹ ਪ੍ਰਾਪਤੀ ਮੈਨੂੰ ਬੇਹੱਦ ਸਕੂਨ ਦਿੰਦੀ ਹੈ।

ਇਸ ਤਰ੍ਹਾਂ ਜਨਵਰੀ 1990 ਤੋਂ ਲੈ ਕੇ ਦਸੰਬਰ 1990 ਤੱਕ ਇਹ ਨਾਵਲ ਨਵੇਂ ਨਵੇਂ ਕੀਰਤੀਮਾਨ ਸਥਾਪਿਤ ਕਰਦਾ ਰਿਹਾ ਅਤੇ ਮੈਨੂੰ ਵਧੀਆ ਰਚਨਾਵਾਂ ਲਿਖਣ ਲਈ ਪ੍ਰੇਰਿਤ ਕਰਦਾ ਰਿਹਾ।

———————-

ਚਿੱਠੀਆਂ ਦਾ ਲਿੰਕ: (http://www.mittersainmeet.in/wp-content/uploads/2016/09/Tafteesh-letters.pdf)

SHARE

1 COMMENT

 1. I in addition to my friends were looking at the good techniques found on your website and so all of a sudden got a horrible feeling I had not thanked
  the site owner for those techniques. All the women were
  so joyful to read all of them and have quite simply been making the most of those things.
  Appreciate your actually being indeed helpful as well as for going for
  variety of impressive resources millions of individuals
  are really wanting to know about. My personal honest
  regret for not expressing gratitude to you earlier.