January 26, 2022

Mitter Sain Meet

Novelist and Legal Consultant

ਅਖੌਤੀ ਕੌਫ਼ੀ ਹਾਊਸ -ਕੌਡੀਆਂ ਦੇ ਭਾਅ -ਚਹੇਤਿਆਂ ਦੇ ਹਵਾਲੇ


ਸਾਲ 2014 ਵਿਚ ਨਵੇਂ ਚੁਣੇ ਗਏ ਪ੍ਰਬੰਧਕੀ ਬੋਰਡ ਵੱਲੋਂ ਡਾ.ਐਸ.ਐਸ. ਜੌਹਲ ਦੀ ਚੇਅਰਮੈਨਸ਼ਿਪ ਹੇਠ, ਇੱਕ ‘ਭਵਨ ਨਿਰਮਾਣ’ ਤੇ ਸਾਂਭ-ਸੰਭਾਲ ਕਮੇਟੀ’ ਬਣਾਈ ਗਈ। ਇਸ ਕਮੇਟੀ ਦਾ ਮੁੱਖ ਕਾਰਜ ‘ਨਵੇਂ ਉੱਸਰ ਰਹੇ ਮੀਆਂ ਮੀਰ ਭਵਨ ਵਿਚ ਬਣਨ ਵਾਲੀਆਂ ਦੁਕਾਨਾਂ ਦੇ ਉਚਿਤ ਉਪਯੋਗ ਬਾਰੇ ਸੁਝਾਅ’ ਦੇਣਾ ਸੀ। ਇਸ ਕਮੇਟੀ ਦੀ ਪਹਿਲੀ ਮੀਟਿੰਗ 04 ਜੂਨ 2014 ਨੂੰ ਹੋਈ। ਕਮੇਟੀ ਵੱਲੋਂ ਪੰਜਾਬੀ ਭਵਨ ਵਿਚ ਬਣਾਈ ਜਾਣ ਵਾਲੀ ਨਵੀਂ ਕੰਟੀਨ ਬਾਰੇ ਸੁਝਾਅ ਦਿੱਤੇ ਗਏ ਕਿ: (ੳ) ਕੰਟੀਨ ਇਸ ਭਵਨ ਤੋਂ ਬਾਹਰ ਬਣਾਈ ਜਾਵੇ, (ਅ) ਕੰਟੀਨ ਨੂੰ ਕਿਰਾਏ ਦੀ ਥਾਂ ਪਟੇ (ਲਾਇਸੰਸ) ਤੇ ਦਿੱਤਾ ਜਾਵੇ ਅਤੇ (ੲ) ਕੰਟੀਨ ਨੂੰ ਠੇਕੇ ਤੇ ਦੇਣ ਦੀ ਪ੍ਰਕ੍ਰਿਆ ਪਾਰਦਰਸ਼ੀ ਰੱਖੀ ਜਾਵੇ। ਨਾਲ ਇਹ ਤਾੜਨਾ ਵੀ ਕੀਤੀ ਗਈ ਕਿ ਕੰਟੀਨ ‘ਢਾਬੇ’ ਵਿਚ ਤਬਦੀਲ ਨਾ ਹੋਵੇ।
ਉਕਤ ਫ਼ੈਸਲੇ ਦੀ ਅਣਦੇਖੀ ਕਰਕੇ ਕੁੱਝ ਪ੍ਰਬੰਧਕਾਂ ਨੇ, ਬਿਨਾਂ ਦੂਜਿਆਂ ਨੂੰ ਦੱਸੇ, ਮੀਆਂ ਮੀਰ ਭਵਨ ਦੀਆਂ ਦੋ ਦੁਕਾਨਾਂ ਵਿਚ ਹੀ ‘ਕੌਫ਼ੀ ਹਾਊਸ’ ਖੋਲ੍ਹਣ ਦਾ ਫ਼ੈਸਲਾ ਕਰ ਲਿਆ। ਉਹ ਵੀ ਮਾਮੂਲੀ ਕਰਾਏ ਤੇ। ਮੀਆਂ ਮੀਰ ਭਵਨ ਵਿਚ ਕਿਰਾਏ ਤੇ ਦਿੱਤੀਆਂ ਬਾਕੀ ਦੀਆਂ 3 ਦੁਕਾਨਾਂ ਦੇ ਕਿਰਾਏਦਾਰਾਂ ਨੂੰ ਲੋੜੀਂਦੀ ਫਿਟਿੰਗ ਆਪਣੇ ਖਰਚੇ ਤੇ ਕਰਾਉਣ ਲਈ ਕਿਹਾ ਗਿਆ। ਪਰ ਕੌਫ਼ੀ ਹਾਊਸ ਲਈ ਲੋੜੀਂਦੀ ਸਾਰੀ ਸਮੱਗਰੀ (ਜਿਵੇਂ ਕੀਮਤੀ ਸ਼ੀਸ਼ਾ ਆਦਿ)ਅਕਾਡਮੀ ਵਲੋਂ ਲਗਵਾ ਕੇ ਦਿੱਤੀ ਗਈ ਜਿਸ ਤੇ ਕਰੀਬ ਇਕ ਲੱਖ ਰੁਪਏ ਖਰਚ ਹੋਏ। ਇਸ ਫ਼ੈਸਲੇ ਤੇ ਨਰਾਜ਼ ਅਕਾਦਮੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਕੌਫ਼ੀ ਹਾਊਸ ਦੇ ਮਾਲਕਾਂ ਨਾਲ ਅਕਾਡਮੀ ਵਲੋਂ ਕੀਤੇ ਗਏ ਇਕਰਾਰਨਾਮੇ ਉੱਤੇ ਦਸਤਖ਼ਤ ਕਰਨੋ ਨਾਂਹ ਕਰ ਦਿੱਤੀ। ਮਿਤੀ 31.07.2014 ਨੂੰ ਸਾਡੇ ਵੱਲੋਂ ਇੱਕ ਚਿੱਠੀ ਲਿਖ ਕੇ ਪ੍ਰਬੰਧਕਾਂ ਨੂੰ ਸਥਿਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਗਈ। ਇਸ ਚਿੱਠੀ ਦਾ ਲਿੰਕ ਹੈ:

http://www.mittersainmeet.in/wp-content/uploads/2021/10/09.0-Canteen-Letter-Dr-Tarsem-Dt-31.7.14.jpg


ਆਮ ਵਾਂਗ ਪ੍ਰਬੰਧਕਾਂ ਨੇ ਖਾਮੋਸ਼ੀ ਧਾਰ ਲਈ। ਅਖੀਰ ਮਿਤੀ 03.09.2014 ਨੂੰ ਮੇਰੇ ਵੱਲੋਂ, ਪ੍ਰਬੰਧਕਾਂ ਵਲੋਂ ਅਕਾਦਮੀ ਦੇ ਸੰਵਿਧਾਨ ਅਤੇ ਰਜਿਸਟ੍ਰੇਸ਼ਨ ਐਕਟ 1860 ਦੀਆਂ ਵਿਵਸਥਾਵਾਂ ਦੀ ਸ਼ਰੇਆਮ ਕੀਤੀ ਜਾ ਰਹੀ ਉਲੰਘਣਾ ਦਾ ਹਵਾਲਾ ਦੇ ਕੇ, ਇੱਕ ਹੋਰ ਸਖਤ ਚਿੱਠੀ ਲਿਖੀ ਗਈ। ਇਸ ਚਿੱਠੀ ਦਾ ਲਿੰਕ ਹੈ:

http://www.mittersainmeet.in/wp-content/uploads/2021/10/09.1-ਪੰਜਾਬੀ-ਭਵਨ-ਵਿੱਚ-ਖੁੱਲ੍ਹਿਆ-‘ਢਾਬਾ-Dt.-3.9.2014.pdf


16 ਸਤੰਬਰ 2014 ਨੂੰ, ਮਜਬੂਰੀ ਵਸ, ਜਨਰਲ ਸਕੱਤਰ ਵੱਲੋਂ ਇਸ ਚਿੱਠੀ ਦਾ ਗੋਲ-ਮੋਲ ਜਵਾਬ ਦਿੱਤਾ ਗਿਆ। ਚਿੱਠੀ ਵਿਚ ਮੰਨਿਆ ਗਿਆ ਕਿ ਕੌਫ਼ੀ ਹਾਊਸ ਦੇ ਮਾਲਕ ਨਾਲ ਹੋਏ ਕਿਰਾਏਨਾਮੇ ਤੇ ਅਕਾਦਮੀ ਦੇ ਪ੍ਰਧਾਨ ਜਾਂ ਜਨਰਲ ਸਕੱਤਰ ਦੇ ਦਸਤਖ਼ਤ ਨਹੀਂ ਹਨ। ਇਹ ਵੀ ਮੰਨਿਆ ਗਿਆ ਕਿ ਕੌਫ਼ੀ ਹਾਊਸ ਲਈ ਟਾਇਲਾਂ, ਸ਼ੀਸ਼ਾ ਅਤੇ ਸ਼ਟਰ ਤੇ ਖਰਚ ਅਕਾਦਮੀ ਵੱਲੋਂ ਕੀਤਾ ਗਿਆ। ਪਰ ਇਹ ਨਹੀਂ ਦੱਸਿਆ ਗਿਆ ਕਿ ਕਿੰਨਾ ਖਰਚ ਕੀਤਾ ਗਿਆ। ਇਹ ਵੀ ਨਹੀਂ ਦੱਸਿਆ ਗਿਆ ਕਿ ਕਿਰਾਇਆ ਕਿੰਨਾ ਤੈਅ ਹੋਇਆ। ਚਿੱਠੀ ਵਿਚ ਛੁਪਾਏ ਤੱਥਾਂ ਤੋਂ ਸਪੱਸ਼ਟ ਹੋ ਗਿਆ ਕਿ ਕੌਫ਼ੀ ਹਾਊਸ ਕੌਡੀਆਂ ਦੇ ਭਾਅ ਦਿੱਤਾ ਗਿਆ। ਇਸ ਚਿੱਠੀ ਦਾ ਲਿੰਕ ਹੈ:

http://www.mittersainmeet.in/wp-content/uploads/2021/10/09.2-Reply-from-PSA.-Dt.16.9.14.jpg


ਸਾਡੇ ਵੱਲੋਂ 10 ਮਾਰਚ 2015 ਨੂੰ ਇੱਕ ਹੋਰ ਚਿੱਠੀ ਲਿਖੀ ਗਈ ਜਿਸ ਰਾਹੀਂ ਪ੍ਰਬੰਧਕਾਂ ਨੂੰ ‘ਕੰਟੀਨ ਨੂੰ ਕਿਰਾਏ ਤੇ ਦੇਣ ਸਬੰਧੀ ਦਸਤਾਵੇਜ (ਇਕਰਾਰਨਾਮੇ ਦੀ ਕਾਪੀ ਅਤੇ ਸ਼ਰਤਾਂ ਆਦਿ)’ ਉਪਲਬਧ ਕਰਾਉਣ ਲਈ ਕਿਹਾ ਗਿਆ। ਸਾਰੀ ਦਾਲ ਕਾਲੀ ਹੋਣ ਕਾਰਨ, ਪ੍ਰਬੰਧਕਾਂ ਵਲੋਂ ਇਹ ਮੰਗ ਵੀ ਪੂਰੀ ਨਹੀਂ ਕੀਤੀ ਗਈ। ਇਸ ਚਿੱਠੀ ਦਾ ਲਿੰਕ ਹੈ:

http://www.mittersainmeet.in/wp-content/uploads/2021/10/09.3-Dt.-10-3-2015-Impot.-matters.pdf


ਇੱਥੇ ਹੀ ਬਸ ਨਹੀਂ। ਪ੍ਰਬੰਧਕਾਂ ਵੱਲੋਂ ਕੌਫ਼ੀ ਹਾਊਸ ਨੂੰ ਆਪਣੇ ਮੀਟਰ ਤੋਂ (ਬਿਜਲੀ ਵਿਭਾਗ ਵੱਲੋਂ 15 ਮਾਰਚ 2016 ਨੂੰ ਕੀਤੇ ਗਏ ਰੇਡ ਤੱਕ) ਬਿਜਲੀ ਵਰਤਣ ਦੀ ਗੈਰ-ਕਾਨੂੰਨੀ ਆਗਿਆ ਦਿੱਤੀ ਗਈ। ਕਿਰਾਏਦਾਰ ਤੋਂ ਸਮੇਂ ਸਿਰ ਕਿਰਾਇਆ ਵੀ ਨਹੀਂ ਵਸੂਲਿਆ ਗਿਆ। ਅਕਾਦਮੀ ਦੀ 2015-16 ਦੀ ਬੈਲੇਂਸ ਸ਼ੀਟ ਅਨੁਸਾਰ 31 ਮਾਰਚ 2016 ਨੂੰ ਇਸ ਕਿਰਾਏਦਾਰ ਵੱਲ 46755/- ਰੁਪਏ ਅਤੇ ਸਾਲ 2016-17 ਦੀ ਬੈਲੇਂਸ ਸ਼ੀਟ ਅਨੁਸਾਰ 31 ਮਾਰਚ 2017 ਨੂੰ 10672/– ਰੁਪਏ ਬਕਾਇਆ ਸਨ। ਕਿਰਾਏਦਾਰ ਵੱਲੋਂ ਇਹ ਬਕਾਏ ਚੁਕਤਾ ਕੀਤੇ ਵੀ ਗਏ ਜਾਂ ਨਹੀਂ ਇਸ ਬਾਰੇ ਅਕਾਦਮੀ ਨੇ ਕਦੇ ਆਪਣੇ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਕੌਫੀ ਹਾਊਸ ਦੀ ਕਾਰਗੁਜ਼ਾਰੀ: ਸਾਡੇ ਵੱਲੋਂ ਮਿਤੀ 03.09.2014 ਦੀ ਚਿੱਠੀ ਵਿਚ ਮੀਆਂ ਮੀਰ ਭਵਨ ਵਿਚ ਕੰਟੀਨ ਖੋਲ੍ਹੇ ਜਾਣ ਤੇ ਮੈਂਬਰਾਂ ਅਤੇ ਅਕਾਦਮੀ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਅਗਾਂਹ ਜਾ ਕੇ ਇਹ ਭਵਿਖਬਾਣੀ ਸਹੀ ਸਿੱਧ ਹੋਈ।
ਕੌਫ਼ੀ ਹਾਊਸ ਨੂੰ ‘ਢਾਬੇ’ ਵਿਚ ਬਦਲ ਕੇ ਇਸ ਵਿਚ ਖਾਣਾ ਵਰਤਾਇਆ ਜਾਣ ਲੱਗਿਆ। ਪੰਜਾਬੀ ਭਵਨ ਦੇ ਨਾਲ ਲੱਗਦੇ ਗੁਰੂ ਨਾਨਕ ਭਵਨ ਅਤੇ ਮਿੰਨੀ ਸਕੱਤਰੇਤ ਵਿਚ ਕੰਮ ਧੰਦੇ ਆਏ ਲੋਕ ਖਾਣਾ ਖਾਣ ਕੌਫ਼ੀ ਹਾਊਸ ਆਉਣ ਲੱਗੇ। ਨੌਜਵਾਨ ਮੁੰਡੇ ਕੁੜੀਆਂ ਨੂੰ ‘ਕਲੋਲਾਂ’ ਕਰਨ ਦੀ ਸਹੂਲਤ ਮਿਲ ਗਈ। ਲੇਖਕਾਂ ਨਾਲੋਂ ‘ਗਾਹਕਾਂ’ ਨੂੰ ਪਹਿਲ ਮਿਲਨਣ ਲੱਗੀ।
ਤਾਲਾਬੰਦੀ ਦੌਰਾਨ ਹੋਏ ਮਾਲੀ ਨੁਕਸਾਨ ਕਾਰਨ ‘ਕੌਫ਼ੀ ਹਾਊਸ’ ਬੰਦ ਹੋ ਗਿਆ। ਕੰਟੀਨ ਦੇ ਪੁਰਾਣੇ ਠੇਕੇਦਾਰ ਵਾਂਗ, ਕੌਫ਼ੀ ਹਾਊਸ ਦੇ ਮਾਲਕਾਂ ਵਲ ਵੀ ਵੱਡੀ ਰਕਮ ਬਕਾਇਆ ਖੜ੍ਹੀ ਹੈ। ਕਿੰਨੀ? ਪ੍ਰਬੰਧਕ ਨਹੀਂ ਦੱਸ ਰਹੇ।
ਇਹ ਹੈ ਪ੍ਰਬੰਧਕਾਂ ਦੀ ਅਕਾਡਮੀ ਦੇ ਹਿੱਤਾਂ ਦੀ ਥਾਂ ਆਪਣੇ ਹਿੱਤਾਂ ਨੂੰ ਪਹਿਲ ਦੇਣ ਦੀ ਇਕ ਹੋਰ ਉਦਾਹਰਣ।

—————–

ਨੋਟ: ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਅਕਾਡਮੀ ਨੇ ਸਾਨੂੰ ਇਸ ਮਾਮਲੇ ਨਾਲ ਸਬੰਧਤ ਤੱਥ ਅਤੇ ਅੰਕੜੇ ਉਪਲਬਧ ਨਹੀਂ ਕਰਵਾਏ। ਇਸ ਲਈ ਅਸੀਂ ਅੰਕੜੇ ਅੰਦਾਜ਼ੇ ਨਾਲ ਲਿਖੇ ਹਨ। ਅਕਾਡਮੀ ਜੇ ਚਾਹੇ ਤਾਂ ਅੰਕੜੇ ਦਰੁਸਤ ਕਰ ਸਕਦੀ ਹੈ।