January 26, 2022

Mitter Sain Meet

Novelist and Legal Consultant

ਬਲਰਾਜ ਸਾਹਨੀ ਰੰਗਮੰਚ ਬਣਾਇਆ -ਖੰਡਰ

                ਸੱਤ ਦਹਾਕੇ ਪਹਿਲਾਂ ਅਕਾਦਮੀ ਦੇ ਸੰਸਥਾਪਕਾਂ ਵੱਲੋਂ ਲੁਧਿਆਣੇ ਵਿਚ ਰੰਗਕਰਮੀਆਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਅਤੇ ਲੁਧਿਆਣਾ ਵਾਸੀਆਂ ਨੂੰ ਨਾਟਕ ਦੇਖਣ ਦੀ ਚਿਟਕ ਲਾਉਣ ਲਈ, ਚਾਵਾਂ ਨਾਲ ਓਪਨ ਏਅਰ ਥੀਏਟਰ ਉਸਾਰਿਆ ਗਿਆ ਸੀ। ਇਸ ਥੀਏਟਰ ਵਿਚ ਇੱਕੋ ਸਮੇਂ 5000 ਦਰਸ਼ਕ ਬੈਠ ਕੇ ਗੀਤ-ਸੰਗੀਤ ਅਤੇ ਨਾਟਕਾਂ ਦਾ ਆਨੰਦ ਮਾਣ ਸਕਦੇ ਹਨ। ਅੱਜ ਤੱਕ ਇੰਨਾ ਵੱਡਾ ਰੰਗਮੰਚ ਲੁਧਿਆਣੇ ਵਿਚ ਸਥਾਪਿਤ ਨਹੀਂ ਹੋਇਆ।

                ਸਮੇਂ-ਸਮੇਂ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ 2014 ਵਿਚ ਇਸ ਥੀਏਟਰ ਦੀ ਇਮਾਰਤ ਖੰਡਰ ਹੀ ਨਹੀਂ ਬਣੀ ਸਗੋਂ ਇੱਥੇ ਨਾਟਕਾਂ, ਨਾਚਾਂ, ਭੰਗੜਿਆਂ ਅਤੇ ਗੀਤਾਂ ਦੀ ਰਹਿਰਸਲ ਕਰਨ ਆਏ ਕਲਾਕਾਰਾਂ ਨਾਲ, ਮਾੜੀ-ਮਾੜੀ ਗੱਲ ਤੇ ਦੁਰਵਿਵਹਾਰ ਹੋਣਾ ਵੀ ਸ਼ੁਰੂ ਹੋ ਗਿਆ। ਕੋਮਲ ਵਿਰਤੀ ਵਾਲੇ ਕਲਾਕਾਰਾਂ ਨੂੰ ਦੁਖੀ ਹੋ ਕੇ ਪ੍ਰਬੰਧਕਾਂ ਨੂੰ ‘ਮਰਨ-ਮਰਾਉਣ ਅਤੇ ਆਤਮ-ਹੱਤਿਆ ਕਰ ਲੈਣ’ ਤੱਕ ਦੀ ਧਮਕੀ ਦੇਣੀ ਪਈ।

                ‘ਰੰਗਮੰਚ ਰੰਗ ਨਗਰੀ’ ਗਰੁੱਪ ਦੇ ਸੰਚਾਲਕ ਤਰਲੋਚਨ ਸਿੰਘ ਨਾਲ ਉਸ ਸਮੇਂ ਦੇ ਪ੍ਰਬੰਧਕਾਂ ਵੱਲੋਂ ਇੰਨਾ ਮਾੜਾ ਦੁਰਵਿਵਹਾਰ ਕੀਤਾ ਗਿਆ ਕਿ ਅਖੀਰ ਅੱਕ ਕੇ ਉਨ੍ਹਾਂ ਵੱਲੋਂ ਪ੍ਰਬੰਧਕਾਂ ਨੂੰ ਲਗਾਤਾਰ ਕਈ ਚਿੱਠੀਆਂ ਲਿਖਣੀਆਂ ਪਈਆਂ। ਇਹ ਚਿੱਠੀਆਂ ਉਨ੍ਹਾਂ ਨੇ ਹੋਰ ਪੰਜਾਬੀ ਪ੍ਰੇਮੀਆਂ ਨਾਲ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਵਿਚੋਂ ਕੁਝ ਚਿੱਠੀਆਂ ਸਾਡੇ ਕੋਲ ਮੌਜੂਦ ਹਨ।

                ਦੁਖੀ ਹੋਏ ਰੰਗਕਰਮੀ ਤਰਲੋਚਨ ਸਿੰਘ ਵੱਲੋਂ ਮਿਤੀ 26.08.2014 ਨੂੰ, ਉਸ ਸਮੇਂ ਦੇ ਅਕਾਦਮੀ ਦੇ ਜਨਰਲ ਸਕੱਤਰ ਨੂੰ ਭਾਵਪੂਰਕ ਚਿੱਠੀ ਲਿਖੀ ਗਈ ਜਿਸ ਵਿਚ ਉਨ੍ਹਾਂ ਵੱਲੋਂ ਮੁੱਖ ਤੌਰ ਤੇ ਹੇਠ ਲਿਖੇ ਮੁੱਦੇ ਉਠਾਏ ਗਏ:

1.            ਪੰਜਾਬੀ ਭਵਨ ਵਿਚ ਅਕਾਦਮੀ ਦਾ ਪਿਆ ਕੀਮਤੀ ਸਮਾਨ ਜਿਸ ਵਿਚ ਲੈਕਚਰ ਸਟੈਂਡ, ਦਰਵਾਜੇ, ਪਲਾਸਟਿਕ ਦੇ ਪਾਈਪ, ਸਰੀਆ ਆਦਿ ਸ਼ਾਮਲ ਸੀ ਦੀਆਂ ਤਸਵੀਰਾਂ ਖਿੱਚ ਕੇ, ਚਿੱਠੀ ਨਾਲ ਲਾ ਕੇ, ਪ੍ਰਬੰਧਕਾਂ ਨੂੰ ਭੇਜ ਕੇ ਪੁੱਛਿਆ ਗਿਆ ਕਿ ਉਨ੍ਹਾਂ ਦਾ ਅਕਾਦਮੀ ਦੇ ਗਲ-ਸੜ ਰਹੇ ਕੀਮਤੀ ਸਮਾਨ ਨੂੰ ਸੰਭਾਲਣ ਵੱਲ ਧਿਆਨ ਕਿਉਂ ਨਹੀਂ ਹੈ।

2.            ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਪ੍ਰਬੰਧਕ ‘ਰੰਗਮੰਚ ਨੂੰ ਭਵਨੋਂ ਚੱਲਦਾ ਕਰਨ ਲਈ ਤਿਆਰ’ ਬੈਠੇ ਹਨ। ਉਹ ‘ਪੰਜਾਬੀ ਭਵਨ ਨੂੰ ਸਾਹਿਤ ਦਾ ਵਿਹੜਾ ਨਹੀਂ ਵਿਆਹ-ਸ਼ਾਦੀਆਂ ਦਾ ਰਿਜ਼ੋਰਟ ਬਣਾਉਣਾ ਚਾਹੁੰਦੇ ਹਨ।’

3.            ਉਨ੍ਹਾਂ ਵੱਲੋਂ ਪੰਜਾਬੀ ਭਵਨ ਦੀਆਂ ਖਰਾਬ ਹੋ ਚੁੱਕੀਆਂ ਦੀਵਾਰਾਂ, ਓਪਨ ਏਅਰ ਥੀਏਟਰ ਦੀ ਸਟੇਜ ਦੀ ਟੁੱਟੀ ਛੱਤ, ਛੱਤ ਦੀਆਂ ਡਿੱਗ ਰਹੀਆਂ ਝਾਲਰਾਂ, ਪੌੜੀਆਂ ਦੇ ਨਾਲ ਲਗਾਏ ਗਏ ਅੜਿੱਕੇ ਅਤੇ ਦਰਸ਼ਕਾਂ ਦੇ ਬੈਠਣ ਲਈ ਬਣੀਆਂ ਪੌੜੀਆਂ ਵਿਚ ਅੜਾਏ ਗਏ ਅੜਿੱਕੇ, ਲਾਂਘਿਆਂ ਵਿਚ ਉਸਾਰੀਆਂ ਗਈਆਂ ਆਰਜ਼ੀ ਉਸਾਰੀਆਂ ਦੀ ਮੌਜੂਦਗੀ ਆਦਿ ਦੀਆਂ ਤਸਵੀਰਾਂ ਖਿੱਚੀਆਂ ਅਤੇ ਇਨ੍ਹਾਂ ਤਸਵੀਰਾਂ ਨੂੰ ਆਪਣੀ ਚਿੱਠੀ ਨਾਲ ਲਾ ਕੇ ਪ੍ਰਬੰਧਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਪੰਜਾਬੀ ਭਵਨ ਦੀ ਇਮਾਰਤ ਦੀ ਹੋ ਰਹੀ ਇਸ ਦੁਰਦਸ਼ਾ ਦਾ ਫ਼ਿਕਰ ਕਿਉਂ ਨਹੀਂ ਹੈ?

4.            ਤਰਲੋਚਨ ਸਿੰਘ ਨੂੰ ਇਤਰਾਜ਼ ਸੀ ਕਿ ਪ੍ਰਬੰਧਕਾਂ ਵੱਲੋਂ ਥੀਏਟਰ ਦੇ ਗਰੀਨ ਰੂਮ ਤੱਕ ਕਿਰਾਏ ਤੇ ਦੇ ਦਿੱਤੇ ਗਏ ਹਨ। ਗਰੀਨ ਰੂਮ ਰੰਗਕਰਮੀਆਂ ਦੀ ਮੁੱਢਲੀ ਲੋੜ ਹੁੰਦੀ ਹੈ। ਗਰੀਨ ਰੂਮ ਬਿਨ੍ਹਾਂ ਉਨ੍ਹਾਂ ਦੀ ਕਲਾ ਦੇ ਪ੍ਰਗਟਾਵੇ ਵਿਚ ਵੱਡਾ ਅੜਿੱਕਾ ਪੈਂਦਾ ਹੈ। ਪ੍ਰਬੰਧਕ ਗਰੀਨ ਰੂਮ ਤੇ ਨਜਾਇਜ਼ ਤੌਰ ਤੇ ਕਾਬਜ ਹੋਏ ਵਿਅਕਤੀਆਂ ਤੋਂ ਗਰੀਨ ਰੂਮ ਖਾਲੀ ਕਿਉਂ ਨਹੀਂ ਕਰਵਾਉਂਦੇ?

5.            ਪ੍ਰਬੰਧਕਾਂ ਵੱਲੋਂ ਵਾਰ-ਵਾਰ ਤੰਗ-ਪਰੇਸ਼ਾਨ ਕੀਤੇ ਜਾਣ ਤੇ ਤਰਲੋਚਨ ਸਿੰਘ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਪ੍ਰਬੰਧਕਾਂ ਵਿਰੁੱਧ ਧਰਨਾ-ਮੁਜ਼ਾਹਰਾ ਕਰਨ ਦੀ ਧਮਕੀ ਤੱਕ ਦਿੱਤੀ।

6.            ਦੁਖੀ ਕਲਾਕਾਰ ਵੱਲੋਂ ਪ੍ਰਬੰਧਕਾਂ ਕੋਲ ਆਖਰੀ ਗੁਹਾਰ ਲਾ ਕੇ ਬੇਨਤੀ ਕੀਤੀ ਗਈ ਕਿ ਉਹ ਕਲਾਕਾਰਾਂ ਨੂੰ ‘ਮਾਨਸਿਕ ਤੌਰ ਤੇ ਪਰੇਸ਼ਾਨ ਨਾ ਕਰਨ।’ ‘ਕਲਾਕਾਰ ਬੜੇ ਨਰਮ ਤੇ ਭਾਵੁਕ ਹੁੰਦੇ ਹਨ। ਉਹ ਬੰਦੇ ਨੂੰ ਮਾਰਨ ਲੱਗਿਆਂ ਅਤੇ ਆਤਮ-ਹੱਤਿਆ ਕਰਨ ਲੱਗਿਆਂ ਵਕਤ ਨਹੀਂ ਲਾਉਂਦੇ।’ ਉਨ੍ਹਾਂ ਇਹ ਵੀ ਧਮਕੀ ਦਿੱਤੀ ਕਿ ‘ਜੇ ਪ੍ਰਬੰਧਕ ਉਨ੍ਹਾਂ ਨੂੰ ਪਰੇਸ਼ਾਨੀ ਦੇਣਗੇ ਤਾਂ ਮੈਂਬਰ ਹੋਣ ਦੇ ਨਾਤੇ ਉਹ ਵੀ ਉਨ੍ਹਾਂ ਨੂੰ ਕੁਝ ਦੇਣਗੇ।’

                                ਤਰਲੋਚਨ ਸਿੰਘ ਦੀ ਇਸ ਇਤਿਹਾਸਕ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/T1.-DT.26.8.14.pdf

ਵਿਸ਼ੇਸ਼ ਕਥਨ:         ਅੱਜ-ਕੱਲ ਵੀ ਕਲਾਕਾਰਾਂ ਨਾਲ ਇਹੋ ਜਿਹਾ ਵਿਵਹਾਰ ਹੀ ਕੀਤਾ ਜਾਂਦਾ ਹੈ। ਥੀਏਟਰ ਦੀ ਹਾਲਤ ਵੀ ਤਰਸਯੋਗ ਹੈ। ਨਾਟਕ, ਗੀਤ ਅਤੇ ਨਾਚਾਂ ਆਦਿ ਦੀ ਰਹਿਰਸਲ ਲਈ ਕਲਾਕਾਰਾਂ ਤੋਂ ਘੰਟਿਆਂ ਦੇ ਹਿਸਾਬ ਨਾਲ ਕਿਰਾਇਆ ਲਿਆ ਜਾਂਦਾ ਹੈ।