June 4, 2023

Mitter Sain Meet

Novelist and Legal Consultant

ਅਕਾਡਮੀ ਦਾ -ਪਹਿਲਾਂ ਵਿਕਰੀ ਕੇਂਦਰ ਖੋਲਣ -ਫੇਰ ਬੰਦ ਕਰਨ ਦਾ -ਤੁਗਲਕੀ ਫੈਸਲਾ

ਵਲੋਂ -ਕਰਮਜੀਤ ਸਿੰਘ ਅਜੌਲਾ, ਦਵਿੰਦਰ ਸਿੰਘ ਸੇਖਾ, ਵਰਿਆਮ ਮਸਤ ਅਤੇ ਗੁਰਨਾਮ ਸਿੰਘ ਸੀਤਲ

                ਅਕਾਡਮੀ ਵੱਲੋਂ ਜੁਲਾਈ ਜਾਂ ਅਗਸਤ 2014 ਵਿਚ ਆਪਣੀਆਂ ਪ੍ਰਕਾਸ਼ਤ ਪੁਸਤਕਾਂ ਨੂੰ ਸਸਤੇ ਭਾਅ ਤੇ ਵੇਚਣ ਲਈ, ਨਵੇਂ ਬਣੇ ਪੁਸਤਕ ਬਜ਼ਾਰ ਵਿਚ, ਆਪਣਾ ਪੁਸਤਕ ਵਿਕਰੀ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਇਹ ਕੇਂਦਰ ਬਜ਼ਾਰ ਦੀਆਂ ਦੋ ਦੁਕਾਨਾਂ ਵਿਚ ਖੋਲ੍ਹਿਆ ਜਾਣਾ ਸੀ। ਉਸ ਸਮੇਂ ਵਿਕਰੀ ਕੇਂਦਰ ਦੇ ਨਾਲ ਲਗਦੀਆਂ ਤਿੰਨ ਦੁਕਾਨਾਂ ਨੂੰ ਕਿਰਾਏ ਤੇ ਚੜ੍ਹਾਇਆ ਜਾ ਚੁੱਕਾ ਸੀ। ਹਰ ਦੁਕਾਨ ਦਾ ਕਿਰਾਇਆ 7000/- ਰੁਪਏ ਪ੍ਰਤੀ ਮਹੀਨਾ ਮਿੱਥਿਆ ਗਿਆ ਸੀ। ਦੋ ਦੁਕਾਨਾਂ ਵਿਚ ਕੇਂਦਰ ਖੋਲ੍ਹਣ ਕਾਰਨ ਅਕਾਡਮੀ ਨੂੰ 14000/- ਰੁਪਏ ਪ੍ਰਤੀ ਮਹੀਨਾ ਘੱਟ ਕਿਰਾਇਆ ਆਉਣਾ ਸੀ। ਜਿਸ ਮੁਲਾਜ਼ਮ ਦੀ ਕਿਤਾਬਾਂ ਦੀ ਵਿਕਰੀ ਤੇ ਜ਼ਿੰਮੇਵਾਰੀ ਲਾਈ ਜਾਣੀ ਸੀ ਉਸ ਦੀ ਪ੍ਰਤੀ ਮਹੀਨਾ ਤਨਖਾਹ 10000/- ਰੁਪਏ ਦੇ ਲਗ ਭਗ ਸੀ। ਬਿਜਲੀ ਆਦਿ ਤੇ ਵੀ ਬਹੁਤਾ ਨਹੀਂ ਤਾਂ 1000/- ਰੁਪਏ ਪ੍ਰਤੀ ਮਹੀਨਾ ਤਾਂ ਖਰਚ ਹੋਣਾ ਹੀ ਸੀ। ਇੰਝ ਅਕਾਡਮੀ ਦਾ ਵਿਕਰੀ ਕੇਂਦਰ ਤੇ ਕਰੀਬ 25000/- ਰੁਪਏ ਪ੍ਰਤੀ ਮਹੀਨਾ ਖਰਚਾ ਹੋਣਾ ਸੀ। ਦੁਕਾਨਾਂ ਦਾ ਕਿਰਾਇਆ ਨਾ ਵੀ ਗਿਣਿਆ ਜਾਵੇ ਤਾਂ ਵੀ ਹਰ ਮਹੀਨੇ 11000/- ਰੁਪਏ ਖਰਚ ਹੋਣੇ ਹੀ ਸਨ। ਇੰਨਾਂ ਖਰਚਾ ਤਾਂ ਨਿਕਲਨਾ ਸੀ ਜੇ ਕੇਂਦਰ ਤੇ ਹਰ ਮਹੀਨੇ 1,10,000/- ਰੁਪਏ ਦੀਆਂ ਪੁਸਤਕਾਂ ਵਿਕਦੀਆਂ। ਇੰਨੀ ਵਿਕਰੀ ਹੋਣੀ ਅਸੰਭਵ ਸੀ। ਸਾਰੇ ਨਫੇ ਨੁਕਸਾਨ ਵਿਚਾਰ ਕੇ ਅਸੀਂ ਇਸ ਸਿੱਟੇ ਤੇ ਪਹੁੰਚੇ ਕੇ ਵਿਵਹਾਰਕ ਤੌਰ ਤੇ  ਅਕਾਡਮੀ ਵਲੋਂ ਆਪਣਾ ਵਿਕਰੀ ਕੇਂਦਰ ਖੋਲ੍ਹਣਾ ਵੱਡੇ ਵਿੱਤੀ ਘਾਟਾ ਸਹਿਣ ਵਾਲਾ ਤੁਗਲਕੀ ਫੈਸਲਾ ਹੋਣਾ ਸੀ।

ਸਾਡੇ ਵੱਲੋਂ ਅਕਾਡਮੀ ਨੂੰ ਸੁਝਾਅ ਦਿੱਤਾ ਗਿਆ ਕਿ ਵਿਕਰੀ ਕੇਂਦਰ ਖੋਲ੍ਹਣ ਦੇ ਫੈਸਲੇ ਨੂੰ ਟਾਲ ਕੇ ਵਿਤੀ ਸੰਕਟ ਤੋਂ ਬਚਿਆ ਜਾਵੇ। ਇਸ ਸੁਝਾਅ ਤੇ ਗੌਰ ਨਹੀਂ ਫਰਮਾਈ ਗਈ। ਬਾਅਦ ਵਿਚ ਅਕਾਡਮੀ ਦੇ ਜਨਰਲ ਸਕੱਤਰ ਵੱਲੋਂ ਆਪਣੇ ਪੱਤਰ ਮਿਤੀ 17.12.2015 ਰਾਹੀਂ ਤਰਕ ਦਿੱਤਾ ਗਿਆ ਕਿ ‘ਪੁਸਤਕ ਵਿਕਰੀ ਕੇਂਦਰ ਪੁਸਤਕ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਲਈ ਲਾਭ ਹਾਨੀ ਦਾ ਕੋਈ ਮਸਲਾ ਨਹੀਂ ਹੈ।‘ ਇਸ ਪੱਤਰ ਦਾ ਲਿੰਕ ਹੈ: http://www.mittersainmeet.in/wp-content/uploads/2021/09/06.-Reply-to-Aujla-17-12-15-IMP.-SALE-DEPO.pdf

ਵਿਕਰੀ ਕੇਂਦਰ ਦੇ ਸੰਚਾਲਨ ਲਈ ਅਕਾਡਮੀ ਵੱਲੋਂ ਬਕਾਇਦਾ ਨਿਯਮ ਬਣਾਏ ਗਏ।  ਨਿਯਮ ਨੰਬਰ 2  ਰਾਹੀਂ ਅਕਾਡਮੀ ਦੇ ਨਾਲ-ਨਾਲ ਲੇਖਕਾਂ ਨੂੰ ਵੀ ਆਪਣੀਆਂ ਪੁਸਤਕਾਂ ਵਿਕਰੀ ਕੇਂਦਰ ਤੇ ਰੱਖਣ ਦੀ ਸੁਵਿਧਾ ਦਿੱਤੀ ਗਈ। ਅਕਾਡਮੀ ਨੇ ਲੇਖਕਾਂ ਕੋਲੋਂ ਉਨ੍ਹਾਂ ਦੀਆਂ ਪੁਸਤਕਾਂ, ਪੁਸਤਕ ਤੇ ਛਪੇ ਮੁੱਲ ਦੇ 60 ਪ੍ਰਤੀਸ਼ਤ ਛੋਟ ਤੇ ਲੈਣੀਆਂ ਸ਼ੁਰੂ ਕੀਤੀਆਂ। ਅਕਾਡਮੀ ਵੱਲੋਂ ਗਾਹਕਾਂ ਨੂੰ ਇਹ ਪੁਸਤਕਾਂ 50 ਪ੍ਰਤੀਸ਼ਤ ਛੋਟ ਤੇ ਵੇਚੀਆਂ ਜਾਣੀਆਂ ਸਨ। ਭਾਵ ਅਕਾਡਮੀ ਨੇ ਲੇਖਕਾਂ ਨੂੰ ਵੀ ਨਹੀਂ ਸੀ ਬਖਸ਼ਣਾ। ਉਨ੍ਹਾਂ ਕੋਲੋਂ ਪਹਿਲਾਂ ਪੁਸਤਕਾਂ ਮਿੱਟੀ ਦੇ ਭਾਅ ਖਰੀਦਣੀਆਂ ਸਨ ਅਤੇ 10 ਪ੍ਰਤੀਸ਼ਤ ਲਾਭ ਆਪ ਲੈਣਾ ਸੀ। ਪੈਸੇ ਵੀ ਸਾਲ ਬਾਅਦ ਦੇਣੇ ਸਨ। ਕਿਰਪਾ ਕਰਕੇ ਇਸ ਲਿੰਕ ਤੇ ਇਹ ਨਿਯਮ ਜਰੂਰ ਪੜ੍ਹੋ ਅਤੇ ਦੇਖੋ ਕਿ ਕੀ ਇਹ ਲੇਖਕ ਪੱਖੀ ਹਨ ਜਾਂ ਲੇਖਕ ਵਿਰੋਧੀ। http://www.mittersainmeet.in/wp-content/uploads/2021/09/01.-Rules-SALE-DEPO.pdf

ਸਾਡੇ ਵੱਲੋਂ ਇਸ ਨਿਯਮ ਦੇ ਵਿਵਹਾਰਕ ਨਾ ਹੋਣ ਬਾਰੇ ਵੀ ਅਕਾਡਮੀ ਨੂੰ ਸੁਚੇਤ ਕੀਤਾ ਗਿਆ। ਦੱਸਿਆ ਗਿਆ ਕਿ ਕੋਈ ਵੀ ਪ੍ਰਕਾਸ਼ਕ ਲੇਖਕ ਨੂੰ ਇੰਨੀ ਘਟ ਕੀਮਤ ਤੇ ਪੁਸਤਕਾਂ ਨਹੀਂ ਦਿੰਦਾ। ਲੇਖਕ ਆਪਣੀ ਪੁਸਤਕ ਕਿਸੇ ਵੀ ਹੋਰ ਪੁਸਤਕ ਵਿਕਰੇਤਾ ਨੂੰ 60 ਪ੍ਰਤੀਸ਼ਤ ਛੋਟ ਤੇ ਦੇ ਸਕਦਾ ਹੈ। ਲੇਖਕ ਕੋਲੋਂ ਇੱਡੀ ਵੱਡੀ ਛੋਟ ਤੇ ਪੁਸਤਕ ਖਰੀਦ ਕੇ ਅਕਾਡਮੀ ਹੋਰ ਵਿਕਰੇਤਵਾਂ ਵਾਂਗ ਹੀ ਲੇਖਕ ਦਾ ਸ਼ੋਸ਼ਣ ਕਰ ਰਹੀ ਹੋਵੇਗੀ। ਸਾਡੇ ਇਸ ਸੁਝਾਅ ਤੇ ਵੀ ਅਕਾਡਮੀ ਵੱਲੋਂ ਗੌਰ ਨਹੀਂ ਫਰਮਾਈ ਗਈ।

ਸਾਨੂੰ ਪਤਾ ਲਗ ਰਿਹਾ ਸੀ ਕਿ ਵਿਕਰੀ ਕੇਂਦਰ ਵੱਡੇ ਘਾਟੇ ਵਿਚ ਚੱਲ ਰਿਹਾ ਹੈ। ਸਥਿਤੀ ਸਪੱਸ਼ਟ ਕਰਨ ਲਈ ਸਾਡੇ (ਮਿੱਤਰ ਸੈਨ ਮੀਤ) ਵੱਲੋਂ ਮਿਤੀ 10.03.2015 ਨੂੰ ਅਕਾਡਮੀ ਦੇ ਜਨਰਲ ਸਕੱਤਰ ਨੂੰ ਚਿੱਠੀ ਲਿਖ ਕੇ ‘ਵਿਕਰੀ ਕੇਂਦਰ ਦੀ ਆਮਦਨ ਅਤੇ ਖਰਚੇ ਦਾ ਹਿਸਾਬ-ਕਿਤਾਬ ਵੀ ਵੱਖਰੇ ਤੌਰ ਤੇ ਉਪਲਬਧ’ ਕਰਾਉਣ ਦੀ ਬੇਨਤੀ ਕੀਤੀ ਗਈ। ਆਮ ਵਾਂਗ ਅਕਾਡਮੀ ਵੱਲੋਂ ਇਸ ਚਿੱਠੀ ਦਾ ਕੋਈ ਉੱਤਰ ਨਹੀਂ ਦਿੱਤਾ ਗਿਆ। ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/03.-Dt.-10-3-2015-Impot.-matters.pdf

ਵਿਕਰੀ ਕੇਂਦਰ ਦੇ ਵੱਡੇ ਘਾਟੇ ਵਿਚ ਜਾ ਰਹੇ ਹੋਣ ਕਾਰਨ ਅਤੇ ਆਪਣੇ ਪ੍ਰਕਾਸ਼ਕ ਮਿੱਤਰਾਂ ਨੂੰ ਖੁਸ਼ ਕਰਨ ਲਈ ਪ੍ਰਬੰਧਕਾਂ ਵੱਲੋਂ, ਨਿਯਮਾਂ ਦੀ ਉਲੰਘਣਾ ਕਰਕੇ,  ਵੱਡੇ ਪੱਧਰ ਤੇ ਪ੍ਰਕਾਸ਼ਕਾਂ ਦੀਆਂ ਪੁਸਤਕਾਂ ਕੇਂਦਰ ਤੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਜ਼ਿਆਦਾ ਪੁਸਤਕਾਂ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਅਤੇ ਲੋਕ ਗੀਤ ਪ੍ਰਕਾਸ਼ਨ ਦੀਆਂ ਸਨ। ਇਸ ਗੈਰ-ਕਾਨੂੰਨੀ ਵਿਕਰੀ ਤੇ ਸਾਡੇ ਵੱਲੋਂ ਇਤਰਾਜ਼ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਨਜ਼ਲਾ ਵਿਕਰੀ ਕੇਂਦਰ ਦੇ ਇੰਚਾਰਜ ਤੇ ਝਾੜਕੇ (ਚਿੱਠੀ 30.04.2015 ਰਾਹੀਂ) ਉਸ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਕਿ ਉਹ ਨਿਯਮਾਂ ਦੀ ਉਲੰਘਣਾ ਕਿਉਂ ਕਰ ਰਿਹਾ ਹੈ? ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/04.-Dt.-30.4.15-Sale-depo.pdf

ਸਾਨੂੰ ਪਤਾ ਸੀ ਕੇਂਦਰ ਤੇ ਵਿਕਰੀ ਨਾ ਮਾਤਰ ਹੈ। ਸਥਿਤੀ ਸਪਸ਼ਟ ਕਰਨ ਲਈ ਸਾਡੇ (ਮਿੱਤਰ ਸੈਨ ਮੀਤ) ਵੱਲੋਂ (ਚਿੱਠੀ ਮਿਤੀ 23.07.2015 ਰਾਹੀਂ) ਪ੍ਰਬੰਧਕਾਂ ਕੋਲੋਂ ਵਿਕਰੀ ਕੇਂਦਰ ਤੇ ਉਸ ਸਮੇਂ ਤੱਕ ਹੋਈ ਵਿਕਰੀ ਬਾਰੇ ਜਾਣਕਾਰੀ ਮੰਗੀ ਗਈ।

 ਇਸ ਚਿੱਠੀ ਦੇ ਉੱਤਰ ਵਿਚ ਪ੍ਰਬੰਧਕਾਂ ਵੱਲੋਂ (ਚਿੱਠੀ ਮਿਤੀ 23.07.2015 ਰਾਹੀਂ) ਸੂਚਿਤ ਕੀਤਾ ਗਿਆ ਕਿ 31.03.2015 ਤੱਕ ‘ਪੁਸਤਕਾਂ ਦੀ ਵਿਕਰੀ- 27059/- ਰੁਪਏ ਹੈ।‘ ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/02.-Reply-from-S.Kailay-Dt.-23.7.15.jpg

ਛੇ ਮਹੀਨਿਆਂ ਵਿਚ ਕੇਵਲ 27059/- ਰੁਪਏ ਦੀ ਹੋਈ ਵਿਕਰੀ ਤੋਂ ਸਾਡੇ ਵੱਲੋਂ ਇਸ ਵਿਕਰੀ ਕੇਂਦਰ ਦੇ ਵਿਵਹਾਰਕ ਨਾ ਹੋਣ ਦੇ ਸੁਝਾਅ ਦੀ ਪੁਸ਼ਟੀ ਹੋਈ। ਇਸ ਵਿਕਰੀ ਤੇ ਅਕਾਡਮੀ ਨੂੰ ਕੇਵਲ 2706/- ਰੁਪਏ ਹੀ ਆਮਦਨ ਹੋਈ ਜਦੋਂ ਕਿ ਕੇਵਲ ਤਨਖਾਹ ਆਦਿ ਤੇ ਘੱਟੋ-ਘੱਟ 66,000/- ਰੁਪਏ ਖਰਚ  ਹੋਏ।

ਕਰਮਜੀਤ ਸਿੰਘ ਔਜਲਾ ਵੱਲੋਂ (ਚਿੱਠੀ ਮਿਤੀ 05.12.2015 ਰਾਹੀਂ) ਪ੍ਰਬੰਧਕਾਂ ਕੋਲੋਂ ਇੱਕ ਵਾਰ ਫੇਰ ਸਪਸ਼ਟ ਸ਼ਬਦਾਂ ਵਿਚ ਪੁੱਛਿਆ ਗਿਆ ਕਿ ‘ਵਿਕਰੀ ਕੇਂਦਰ ਨੂੰ ਕਿੰਨਾ ਲਾਭ ਜਾਂ ਹਾਨੀ ਹੋਈ?’। ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/05.Letter-of-Sh-K-S-Aujla-Dt.-5.12.15.pdf

 ਪ੍ਰਬੰਧਕਾਂ ਵੱਲੋਂ (ਮਿਤੀ 17.12.2015 ਨੂੰ) ਦਿੱਤੇ ਗਏ ਜਵਾਬ ਵਿਚ ਜਾਣ ਬੁੱਝ ਕੇ ਇਸ ਪ੍ਰਸ਼ਨ ਦਾ ਉੱਤਰ ਗੋਲ ਕਰ ਦਿੱਤਾ ਗਿਆ। ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/06.-Reply-to-Aujla-17-12-15-IMP.-SALE-DEPO.pdf

ਕਰੀਬ 5 ਸਾਲ ਵੱਡੇ ਵਿੱਤੀ ਘਾਟੇ ਵਿਚ ਚੱਲ ਕੇ, ਅਕਾਦਮੀ ਨੂੰ ਕਰੀਬ 6 ਲੱਖ ਰੁਪਏ ਦਾ ਨੁਕਸਾਨ ਪਹੁੰਚਾ ਕੇ, ਅਕਾਡਮੀ ਦੇ ਇਕ ਹੋਰ ਤੁਗਲਕੀ ਫੈਸਲੇ ਕਾਰਨ ਇਹ ਵਿਕਰੀ ਕੇਂਦਰ ਦਮ ਤੋੜ ਗਿਆ।

ਵਿਸ਼ੇਸ਼ ਕਥਨ: ਅਕਾਡਮੀ ਵਲੋਂ ਬਹੁਤ ਸਾਰੇ ਲੇਖਕਾਂ ਦੀਆਂ ਨਾ ਪੁਸਤਕਾਂ ਮੋੜੀਆਂ ਹਨ ਨਾ ਸਨਮਾਨ ਸਹਿਤ ਬਣਦੀ ਰਾਸ਼ੀ ਦੀ ਅਦਿਆਦੀ ਕੀਤੀ ਗਈ ਹੈ।

ਸਾਡੇ ਵੱਲੋਂ ਤਾਜ਼ੀ ਚਿੱਠੀ ਮਿਤੀ 27.01.2021 ਰਾਹੀਂ ਇਸ ਵਿਕਰੀ ਕੇਂਦਰ ਦੇ ਬੰਦ ਹੋਣ ਦੇ ਕਾਰਨਾਂ ਆਦਿ ਦੀ ਜਾਣਕਾਰੀ ਪ੍ਰਬੰਧਕਾਂ ਕੋਲੋਂ ਮੰਗੀ ਗਈ ਹੈ। ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/07.-Letter-dated-.-27.01.21-Sale-depot.pdf

 7 ਮਹੀਨੇ ਤੋਂ ਜਵਾਬ ਦੀ ਉਡੀਕ ਹੈ।

ਅਕਾਡਮੀ ਨੂੰ ਹੋਏ ਇਸ ਵਿਤੀ ਨੁਕਸਾਨ ਲਈ ਸਿੱਧੇ ਤੌਰ ਤੇ ਪ੍ਰਬੰਧਕ ਜਿੰਮੇਵਾਰ ਹਨ। ਇਹ ਰਕਮ ਪ੍ਰਬੰਧਕਾਂ ਤੋਂ ਵਸੂਲ ਕੀਤੀ ਜਾਣੀ ਚਾਹੀਦੀ ਹੈ।

…………………….

ਨੋਟ: ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਅਕਾਡਮੀ ਨੇ ਸਾਨੂੰ ਇਸ ਮਾਮਲੇ ਨਾਲ ਸਬੰਧਤ ਤੱਥ ਅਤੇ ਅੰਕੜੇ ਉਪਲਬਧ ਨਹੀਂ ਕਰਵਾਏ। ਇਸ ਲਈ ਅਸੀਂ ਅੰਕੜੇ ਅੰਦਾਜ਼ੇ ਨਾਲ ਲਿਖੇ ਹਨ। ਅਕਾਡਮੀ ਜੇ ਚਾਹੇ ਤਾਂ ਅੰਕੜੇ ਦਰੁਸਤ ਕਰ ਸਕਦੀ ਹੈ।

———————-