September 22, 2023

Mitter Sain Meet

Novelist and Legal Consultant

ਦੂਜੀ ਸਾਹਿਤਕ ਗਦਰ ਲਹਿਰ ਦੀ ਲੋੜ ਕਿਉਂ ?

ਦੂਜੀ ਸਾਹਿਤਕ ਗਦਰ ਲਹਿਰ ਦੀ ਲੋੜ ਕਿਉਂ?

(ਸਾਡੇ ਵਲੋਂ ਪਹਿਲੀ ਗਦਰ ਲਹਿਰ, ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਐਲਾਨੇ ਗਏ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਸਮੇਂ ਹੋਈ ਧਾਂਦਲੀ ਨੂੰ ਜੱਗ ਜਾਹਰ ਕਰਨ ਲਈ ਸ਼ੁਰੂ ਕੀਤੀ ਗਈ ਸੀ। ਪਹਿਲਾਂ ਇਹ ਮਾਮਲਾ ਲੋਕ ਕਚਿਹਰੀ ਵਿਚ ਲਜਾਇਆ ਗਿਆ ਅਤੇ ਫੇਰ ਕਾਨੂੰਨ ਦੀ ਅਦਾਲਤ ਵਿਚ। ਦੋਹਾਂ ਥਾਵਾਂ ਤੇ ਸਾਨੂੰ ਵੱਡੀ ਸਫਲਤਾ ਪ੍ਰਾਪਤ ਹੋਈ।)

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੌਜੂਦਾ ਪ੍ਰਬੰਧਕ ਨਿੱਜੀ ਹਿੱਤਾਂ, ਗਰੁੱਪਬਾਜੀ ਅਤੇ ਸਿਆਸੀ ਵਿਚਾਰਧਾਰਾ ਨੂੰ ਪਹਿਲ ਦੇਣ ਵਾਲੇ ਹਨ। ਅਕਾਦਮੀ ਦੀਆਂ ਸਰਗਰਮੀਆਂ ਵਿਚੋਂ ਸਾਹਿਤਕਾਰਾਂ, ਗਾਇਕਾਂ ਅਤੇ ਰੰਗਕਰਮੀਆਂ ਨੂੰ ਮਨਫੀ ਕਰ ਦਿੱਤਾ ਗਿਆ ਹੈ। ਪੰਜਾਬੀ ਭਵਨ ਦੀ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਤੇਜੀ ਨਾਲ ਨਿੱਜੀ ਹੱਥਾਂ ਵਿੱਚ ਜਾ ਰਹੀ ਹੈ। ਅਕਾਦਮੀ ਦੇ ਪ੍ਰਬੰਧ ਨੂੰ ਮੁੜ ਯੋਗ ਪ੍ਰਬੰਧਕਾਂ ਦੇ ਹੱਥਾਂ ਵਿਚ ਦੇਣ ਅਤੇ ਇਸ ਦੀਆਂ ਸਰਗਰਮੀਆਂ ਨੂੰ ਵਪਾਰ ਦੀ ਥਾਂ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਮੁੱਖੀ ਬਨਾਉਣ ਨੂੰ ਯਕੀਨੀ ਬਣਾਉਣ ਲਈ ਦੂਜੀ ਲਹਿਰ ਸਾਹਿਤਕ ਗਦਰ ਲਹਿਰ ਸ਼ੁਰੂ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਹੈ।

  ਇਸ ਲਹਿਰ ਦਾ ਪਿਛੋਕੜ ਅਤੇ ਰੂਪ ਰੇਖਾ

ਪੰਜਾਬੀ ਭਵਨ ਲੁਧਿਆਣਾ ਦੀ 100 ਕਰੋੜ ਤੋਂ ਵੱਧ ਦੀ ਜਾਇਦਾਦ ਤੇਜ਼ੀ ਨਾਲ ਨਿੱਜੀ ਹੱਥਾਂ ਵਿੱਚ ਜਾ ਰਹੀ ਹੈ। ਤੋਂ ਰੋਕਣ ਅਤੇ ਅਕਾਦਮੀ ਦੇ ਪ੍ਰਬੰਧ ਨੂੰ ਮੁੜ ਸਾਹਿਤਕਾਰ, ਕਲਾਕਾਰ ਮੁੱਖੀ ਬਨਾਉਣ ਲਈ

1. ਸਾਡੇ ਪੁਰਖਿਆਂ ਅਤੇ ਮਾਂ ਬੋਲੀ ਪੰਜਾਬੀ ਦੇ ਅਸਲ ਸਪੂਤਾਂ ਨੇ, ਜਿੰਨ੍ਹਾਂ ਵਿੱਚ ਸਾਹਿਤਕਾਰ, ਵਿਦਵਾਨ ਅਤੇ ਉੱਚ ਸਰਕਾਰੀ ਅਧਿਕਾਰੀ ਸ਼ਾਮਲ ਸਨ, ਨੇ ਪਿਛਲੀ ਸਦੀ ਦੇ ਪੰਜਵੇਂ ਦਹਾਕੇ ਵਿਚ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਨੂੰ ਪੱਕੇ ਪੈਰੀਂ ਕਰਨ ਅਤੇ ਇਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ, ਪੰਜਾਬੀ ਸਾਹਿਤ ਅਕਾਡਮੀ ਦੀ ਸਥਾਪਨਾ ਕਰਨ ਅਤੇ ਲੁਧਿਆਣੇ ਵਿੱਚ ਵਿਸ਼ਾਲ ਪੰਜਾਬੀ ਭਵਨ ਉਸਾਰਨ ਦਾ ਸੁਪਨਾ ਲਿਆ ਸੀ। ਸੁਪਨਾ ਹੀ ਨਹੀਂ ਲਿਆ  ਸੁਪਨੇ ਨੂੰ ਸਾਕਾਰ ਕਰਨ ਲਈ ਇਨ੍ਹਾਂ ਸਖਸ਼ੀਅਤਾਂ ਨੇ ਦਿਨ ਰਾਤ ਇੱਕ ਕੀਤਾ, ਖੂਨ ਪਸੀਨਾ ਬਹਾਇਆ, ਆਪਣੇ ਨਿੱਜੀ ਰਸੂਖ ਦੀ ਵਰਤੋਂ ਕੀਤੀ,  ਇੱਕ ਇੱਕ ਰੁਪਿਆ ਇਕੱਠਾ ਕੀਤਾ। ਇਸ ਰਕਮ ਨਾਲ ਪਹਿਲਾਂ ਲੁਧਿਆਣੇ ਦੀ ਧੁੰਨੀ ਵਿਚ, 10 ਹਜ਼ਾਰ ਗਜ ਥਾਂ ਖਰੀਦੀ। ਫੇਰ ਸਭ ਸਹੂਲਤਾਂ ਨਾਲ ਸੰਪੰਨ ਪੰਜਾਬੀ ਭਵਨ ਦੀ ਉਸਾਰੀ ਕੀਤੀ। ਇਸ ਕਾਰਜ ਨੂੰ ਸਿਰੇ ਚੜ੍ਹਨ ਲਈ 30/35 ਸਾਲ ਲੱਗੇ।

 2. ਪਿਛਲੀ ਸਦੀ ਦੇ ਅਖੀਰ ਤੱਕ, ਉਮਰ ਦੇ ਤਕਾਜੇ ਕਾਰਨ, ਹੌਲੀ ਹੌਲੀ ਪਹਿਲੀ ਪੀੜ੍ਹੀ ਸਾਡੇ ਨਾਲੋਂ ਵਿਛੜ ਗਈ। ਉਨ੍ਹਾਂ  ਦੀ ਥਾਂ ਨਿੱਜੀ ਹਿੱਤਾਂ, ਗਰੁੱਪਬਾਜੀ ਅਤੇ ਸਿਆਸੀ ਵਿਚਾਰਧਾਰਾ ਨੂੰ ਪਹਿਲ ਦੇਣ ਵਾਲੀ ਪੀੜ੍ਹੀ ਅਕਾਦਮੀ ਦੀ ਸੱਤਾ ਤੇ ਕਾਬਜ ਹੋ ਗਈ। ਅਕਾਦਮੀ ਦਾ ਵਿਕਾਸ ਪਹਿਲਾਂ ਖੜੋਤ ਵਿਚ ਆਇਆ ਅਤੇ ਫੇਰ ਪੁੱਠੇ ਪੈਰੀਂ ਚੱਲ ਪਿਆ।

3. ਸਾਲ 1999 ਵਿਚ, ਨਵੀਂ ਪੀੜ੍ਹੀ ਵਲੋਂ ਅਕਾਦਮੀ ਦੀ ਜਾਇਦਾਦ ਨੂੰ ਨਿੱਜੀ ਅਦਾਰਿਆਂ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਕੁੱਝ ਅਦਾਰਿਆਂ ਨੂੰ ਮਾਮੂਲੀ ਕਰਾਏ ਤੇ, ‘ਸੇਵਾਦਾਰ ਕੁਆਟਰ’ ਅਤੇ ‘ਪਿਛਲੇ ਕਮਰੇ’ ਦੁਕਾਨਾਂ ਖੋਲ੍ਹਣ ਲਈ ਦੇ ਦਿੱਤੇ ਗਏ। ਇਕਰਾਰਨਾਮਿਆਂ ਦੀਆਂ ਸ਼ਰਤਾਂ ਅਕਾਦਮੀ ਦੀ ਥਾਂ, ਕਿਰਾਏਦਾਰਾਂ ਦੇ ਪੱਖ ਵਿੱਚ ਲਿਖੀਆਂ ਗਈਆਂ।

4. ਅਗਲੇ ਨਵੇਂ ਪ੍ਰਬੰਧਕਾਂ ਵੱਲੋਂ, ਸਵਿੰਧਾਨ ਦੇ ਨਿਯਮ ਨੰਬਰ 14 ਦੀ ਉਲੰਘਣਾ ਕਰਕੇ ਅਤੇ ਭਵਨ ਦੇ ਮੂਲ ਨਕਸ਼ੇ ਦੇ ਸਰੂਪ ਨੂੰ ਵਿਗਾੜ ਕੇ, ਸਾਲ 2009-2010 ਵਿਚ, ਅਕਾਦਮੀ ਵਿਚ ‘ਪੁਸਤਕ ਬਜ਼ਾਰ’ ਉਸਾਰਣ ਦੇ ਬਹਾਨੇ, ਪੰਜਾਬੀ ਭਵਨ ਨੂੰ ਵਪਾਰੀਆਂ ਦੇ ਹਵਾਲੇ ਕਰਨ ਦਾ ਮਾਰੂ ਫੈਸਲਾ ਕੀਤਾ ਗਿਆ।

ਇਕ ਅੰਦਾਜ਼ੇ ਅਨੁਸਾਰ, ਹੁਣ ਤੱਕ ਇਸ ਭਵਨ ਦੀ ਉਸਾਰੀ ਤੇ ਕਰੀਬ 50 ਲੱਖ ਰੁਪਏ ਖਰਚ ਹੋ ਚੁੱਕੇ ਹਨ। ਵਿਤੋਂ ਵੱਧ ਖਰਚ ਕਰਣ ਕਾਰਨ, ਅਕਾਦਮੀ ਦੀਵਾਲੀਆ ਹੋਣ ਦੀ ਕਗਾਰ ਤੇ ਪੁਹੰਚੀ ਹੋਈ ਹੈ।

5.  ਇਨ੍ਹੀ ਦਿਨੀਂ ਇਕ ‘ਅੰਤਰਾਸ਼ਟਰੀ ਕੰਪਨੀ’ ਦਾ ਮੁਕਾਮ ਹਾਸਲ ਕਰ ਚੁੱਕੇ ਅਦਾਰੇ ਨੇ ਅਕਾਦਮੀ ਦੀ ਪਾਰਕਿੰਗ ਲਈ ਰਾਖਵੀਂ ਸਾਰੀ ਥਾਂ ਦੇ ਨਾਲ ਨਾਲ ਹੋਰ ਥਾਂ ਤੇ ਨਜਾਇਜ ਕਬਜਾ ਕਰ ਲਿਆ ਹੈ। ਇਹ ਕਬਜ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪਰ ਪ੍ਰਬੰਧਕ ਮੂਕ ਦਰਸ਼ਕ ਬਣੇ ਬੈਠੇ ਹਨ।

6. ਦੂਜੇ ਪਾਸੇ ਲੇਖਕਾਂ ਨੂੰ ਆਪਣੇ ਸਮਾਗਮ ਕਰਨ ਲਈ ਵੱਡੀ ਰਕਮ ਹੀ ਨਹੀਂ ਦੇਣੀ ਪੈਂਦੀ ਸਗੋਂ ਦੋ-ਦੋ ਹਜਾਰ ਰੁਪਏ ਸਕਿਉਰਟੀ ਵੀ ਦੇਣੀ ਪੈਂਦੀ ਹੈ। ਰੰਗਕਰਮੀਆਂ ਨੂੰ ਪ੍ਰੈਕਟਿਸ ਲਈ ਘੰਟਿਆਂ ਦੇ ਹਿਸਾਬ ਨਾਲ ਕਿਰਾਇਆ ਦੇਣਾ ਪੈਂਦਾ ਹੈ। ਪੁਸਤਕ ਬਜ਼ਾਰ ਦੀਆਂ 11 ਵਿਚੋਂ 8 ਦੁਕਾਨਾਂ, ਕਿਰਾਏਦਾਰ ਹੋਣ ਦੇ ਬਾਵਜੂਦ, ਖਾਲੀ ਪਈਆਂ ਹਨ। ਵਿਕਰੀ ਕੇਂਦਰ ਬੰਦ ਕਰ ਦਿੱਤਾ ਗਿਆ ਹੈ।  ਚਾਹ ਪਾਣੀ ਦਾ ਪ੍ਰਬੰਧ ਨਹੀਂ ਹੈ। ਬਾਥਰੂਮ ਵਰਤਣਯੋਗ ਨਹੀਂ ਹਨ। ਅਕਾਦਮੀ ਦੇ ਚੁਣੇ ਹੋਏ ਆਹੁਦੇਦਾਰਾਂ ਤੱਕ ਨੂੰ ਜਰੂਰੀ ਸੂਚਨਾਵਾਂ ਉਪਲਬਧ ਨਹੀਂ ਕਰਵਾਈਆਂ ਜਾਂਦੀਆਂ। ਕਈਆਂ ਦੇ ਤਾਂ ਦਫਤਰ ਵਿਚ ਵੜਨ ਤੱਕ ਤੇ ਪਾਬੰਧੀ ਹੈ। ਦਫਤਰ ਸਕੱਤਰ ਹੋਣ ਦੇ ਬਾਵਜੂਦ ਇਕ ਵੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਜਾਂਦਾ। ਸਹੀ ਹਿਸਾਬ ਕਿਤਾਬ ਨਹੀਂ ਬਣਾਇਆ ਜਾਂਦਾ। ਆਦਿ ਆਦਿ ਆਦਿ।

7. ਅਕਾਦਮੀ ਦੇ ਅਜਿਹੇ ਕੂੜ ਪ੍ਰਬੰਧ ਨੂੰ ਧਿਆਨ ਵਿਚ ਰੱਖਦੇ ਹੋਏ, ਸਾਡੇ (ਅਕਾਦਮੀ ਦੇ ਕੁੱਝ ਮੁੱਠੀ ਭਰ ਮੈਂਬਰਾਂ) ਵਲੋਂ, ਪ੍ਰਬੰਧਕਾਂ ਦੀ ਇਸ ਧੱਕੜਸ਼ਾਹੀ ਵਿਰੁੱਧ ਜਹਾਦ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

8. ਇਸ ਲਹਿਰ ਦਾ ਉਦੇਸ਼ :

  ਪੰਜਾਬੀ ਭਵਨ ਲੁਧਿਆਣਾ ਦੀ 100 ਕਰੋੜ ਤੋਂ ਵੱਧ ਦੀ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਜਾਣ ਤੋਂ ਰੋਕਣਾ

  ਅਤੇ

 ਅਕਾਦਮੀ ਦੇ ਪ੍ਰਬੰਧ ਨੂੰ ਮੁੜ ਸਾਹਿਤਕਾਰ, ਕਲਾਕਾਰ ਮੁੱਖੀ ਬਨਾਉਣਾ ਰਹੇਗਾ।

9. ਲਹਿਰ ਦੀ ਕਾਰਜਸ਼ੈਲੀ:

(ੳ) ਪਹਿਲਾਂ ਦੁਨੀਆਂ ਭਰ ਵਿੱਚ ਬੈਠੇ ਅਕਾਦਮੀ ਦੇ ਮੈਂਬਰਾਂ ਅਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਪੰਜਾਬੀਆਂ ਨੂੰ, ਅਕਾਦਮੀ ਦੇ ਭੈੜੇ ਹਾਲਾਤਾਂ ਤੋਂ, ਤੱਥਾਂ ਤੇ ਅਧਾਰਿਤ ਛੋਟੇ ਲੇਖਾਂ ਰਾਹੀਂ, ਜਾਣੂ ਕਰਵਾਇਆ ਜਾਵੇਗੇ। ਅਤੇ ਭੈੜੇ ਹਾਲਾਤਾਂ ਲਈ ਜਿੰਮੇਵਾਰ ਪ੍ਰਬੰਧਕਾਂ ਵੱਲ ਉਂਗਲ ਵੀ ਕੀਤੀ ਜਾਵੇਗੀ।

(ਅ) ਜੇ ਫੇਰ ਵੀ ਸਥਿਤੀ ਨਾ ਸੁਧਰੀ ਤਾਂ ਮਜਬੂਰੀ ਵਸ ਅਦਾਲਤ ਦਾ ਦਰਵਾਜ਼ਾ  ਖੜਕਾਇਆ ਜਾਵੇਗਾ।

ਕਿਸੇ ਵੀ ਕੀਮਤ ਤੇ ਆਪਣੇ ਪੁਰਖਿਆਂ ਦੇ ਸੁਪਨਿਆਂ ਨੂੰ ਚਕਨਾਚੂਰ ਨਹੀਂ ਹੋਣ ਦਿਤਾ ਜਾਵੇਗਾ।