‘ਤਫ਼ਤੀਸ਼’ ਦੇ ਛਪਦਿਆ ਹੀ ਮਿੱਤਰਾਂ ਦਾ ਮਿਲਿਆ ਭਰਪੂਰ ਹੁੰਘਾਰਾ
(ਉਨਾਂ ਚਿੱਠੀਆਂ ਦੇ ਦਰਸ਼ਨ (PDF File ਦਾ ਲਿੰਕ) ਜਿਨਾਂ ਦਾ ਜਿਕਰ ਮੈਂ ਅੱਗੇ ਕਰਾਂਗਾ)
http://www.mittersainmeet.in/wp-content/uploads/2021/02/TAFTEESH-LETTERS-2.pdf
ਨਾਵਲ ਤਫਤੀਸ਼ ਪ੍ਰਕਾਸ਼ਤ ਹੁੰਦਿਆਂ ਹੀ ਮਿੱਤਰਾਂ, ਪਾਠਕਾਂ, ਲੇਖਕਾਂ ਅਤੇ ਚਿੰਤਕਾਂ ਦੇ ਪੱਤਰਾਂ ਦਾ ਜਿਵੇਂ ਹੜ ਹੀ ਆ ਗਿਆ। ਕਿਉਂਕਿ ਪ੍ਰਤੀਕ੍ਰਮ ਨਾਵਲ ਪੜਨ ਦੇ ਫੋਰੀ ਬਾਅਦ ਦਿੱਤੇ ਗਏ ਹੁੰਦੇ ਸਨ ਇਸ ਲਈ ਉਹ ਸੱਚੇ-ਸੁੱਚੇ, ਨਿਰਮਲ, ਨਿਰਸਵਾਰਥ ਅਤੇ ਨਿਰਛੱਲ ਹੁੰਦੇ ਸਨ।ਬਹੁਤੇ ਪੱਤਰ ਸਿਧਾਂਤ ਸ਼ਾਸਤਰੀਆਂ ਦੀ ਥਾਂ ਸਧਾਰਨ ਵਿਅੱਕਤੀਆਂ ਦੇ ਸਨ ਇਸ ਲਈ ਉਹਨਾਂ ਵਿੱਚ ਨਾਵਲ ਦੇ ਗੁਣਾਂ-ਔਗੁਣਾਂ ਨੂੰ ਅਨੁਭਵ ਦੇ ਆਧਾਰ ਤੇ, ਨਿੱਠ ਕੇ ਘੋਖਿਆ ਹੁੰਦਾ ਸੀ।
26 ਸਾਲ ਪਹਿਲਾਂ ਵਿਚਾਰਾਂ ਦਾ ਅਦਾਨ-ਪ੍ਰਦਾਨ ਚਿੱਠੀ-ਪੱਤਰ ਰਾਹੀਂ ਹੁੰਦਾ ਸੀ। ਆਰਥਕ ਸਾਧਨਾਂ ਦੇ ਸੀਮਤ ਹੋਣ ਕਾਰਨ ਬਹੁਤੀਆਂ ਚਿੱਠੀਆਂ ਪੋਸਟ ਕਾਰਡਾਂ ਤੇ ਲਿਖੀਆਂ ਜਾਂਦੀਆਂ ਸਨ। ਕਦੇ-ਕਦੇ 2 ਪੰਨਿਆਂ ਦੇ ਇਨਲੈਂਡ ਲੈਟਰ ਦੀ ਵੀ ਵਰਤੋਂ ਹੁੰਦੀ ਸੀ। ਸਪੇਸ ਦੀ ਘਾਟ ਕਾਰਨ ਸ਼ਬਦ ਨਪੇ-ਤੁਲੇ ਅਤੇ ਸੰਜਮ ਨਾਲ ਵਰਤੇ ਜਾਂਦੇ ਸਨ। ਇਸ ਤਰ੍ਹਾਂ ਪੱਤਰ ਵਿਚ ਦਰਜ ਅੱਖਰ-ਅੱਖਰ ਆਪਣਾ ਵੱਖਰਾ ਮਹੱਤਵ ਰੱਖਦਾ ਸੀ।
ਲੰਬੇ ਸਮੇਂ ਬਾਅਦ ਹੁਣ ਚਿੱਠੀਆਂ ਵਿੱਚ ਦਰਜ ਟਿੱਪਣੀਆਂ ਤੇ ਭਵਿਖਵਾਣੀਆਂ ਨੂੰ ਜਦੋਂ ਮੁੜ ਪੜੀਦਾ ਹੈ ਤਾਂ ਉਨ੍ਹਾਂ ਦੀ ਸਾਰਥਕਤਾ ਤੇ ਹੈਰਾਨੀ ਹੁੰਦੀ ਹੈ। ਬਾਅਦ ਵਿਚ ਨਾਵਲ ਦੇ ਸਿਧਾਂਤ ਸ਼ਾਸਤਰੀਆਂ ਨੇ ਉਨ੍ਹਾਂ ਟਿੱਪਣੀਆਂ ਨੂੰ ਹੀ ਵਿਸਥਾਰ ਦੇ ਕੇ ਇਸ ਨਾਵਲ ਨੂੰ ਪੰਜਾਬੀ ਦਾ ਕਲਾਸਿਕ ਨਾਵਲ ਹੋਣ ਦਾ ਦਰਜਾ ਦਿੱਤਾ।
ਲਿਖਤ ਲਿਖਦੇ ਸਮੇਂ ਮੇਰੀ ਸਭ ਤੋਂ ਵੱਧ ਪਹਿਲ ਰਚਨਾ ਨੂੰ ਰੋਚਕ ਬਣਾਉਣ ਦੀ ਹੁੰਦੀ ਹੈ। ਮੇਰਾ ਦ੍ਰਿੜ ਵਿਸ਼ਵਾਸ਼ ਹੈ ਕਿ ਜੇ ਰਚਨਾ ਦੀ ਪਹਿਲੀ ਸਤਰ ਹੀ ਪਾਠਕ ਨੂੰ ਕੀਲ ਲੈਣ ਦੇ ਯੋਗ ਹੋਏਗੀ ਤਾਂ ਹੀ ਨਾਵਲ ਸਫ਼ਲਤਾ ਦੀ ਪੌੜੀ ਚੜ ਸਕੇਗਾ। ਆਏ ਪੱਤਰ ਦੱਸਦੇ ਸਨ ਕਿ ਤਫ਼ਤੀਸ਼ ਇਸ ਕਸੌਟੀ ਤੇ ਪੂਰਾ ਉੱਤਰਿਆ ਸੀ। “ਗਿਆਰਾਂ ਘੰਟੇ ਲਗਾਤਾਰ ਪੜ੍ਹਨ ਬਾਅਦ ਅੱਜ ਸੁਭਾ ਹੀ ਤੇਰਾ ਨਾਵਲ ‘ਤਫ਼ਤੀਸ਼’ ਖਤਮ ਕੀਤਾ ਹੈ। ਇਹ ਨਾਵਲ ਦੀ ਖੂਬੀ ਹੈ ਕਿ ਮੇਰੇ ਜਿਹਾ ਛੋਟੀ ਸਿਨਫ ਲਿਖ-ਪੜ੍ਹ ਰਿਹਾ ਲੇਖਕ/ਪਾਠਕ ਏਡਾ ਨਾਵਲ ਇੱਕੋ ਸਾਹੇ ਪੜ੍ਹ ਗਿਆ। – (ਰਜਿੰਦਰ ਬਿਮਲ)”। “ਕਿਤਾਬ ਕੇਰਾਂ ਸ਼ੁਰੂ ਕਰਕੇ ਵਿਚਾਲਿਓ ਰੱਖਣੀ ਔਖੀ ਹੋ ਜਾਂਦੀ ਹੈ। – (ਨਿਰਮਲ ਸਿੰਘ ਛੀਨਾ)”। “ਰਾਤ ਦੇ ਦੋ ਵਜੇ ਹਨ। ਤਿੰਨ ਚਾਰ ਰਾਤਾਂ ਵਿਚ ਤੁਹਾਡਾ ਨਾਵਲ ਤਫ਼ਤੀਸ਼ ਪੜ੍ਹਿਆ। – (ਜਰਨੈਲ ਸਿੰਘ ਘੁੰਮਣ)”। “ਅੱਜ ਰਾਤ ਹੀ ਤੇਰਾ ਨਾਵਲ ‘ਤਫ਼ਤੀਸ਼’ ਪੜ੍ਹ ਕੇ ਹਟਿਆ ਹਾਂ। – (ਜੋਗਿੰਦਰ ਕੈਰੋਂ)”।
ਸਾਲ 1990 ਵਿੱਚ ਪੰਜਾਬ ਖਾਨਾ ਜੰਗੀ ਦਾ ਸ਼ਿਕਾਰ ਸੀ। ਚਾਰੇ ਪਾਸੇ ਦਹਿਸ਼ਤ ਫੈਲੀ ਹੋਈ ਸੀ। ਪੁਲਿਸ ਮੁਕਾਬਲੇ, ਮਸੂਮਾਂ ਦੇ ਕਤਲ, ਫਿਰੋਤੀਆਂ ਦੀ ਵਸੂਲੀ ਅਤੇ ਪਲਾਇਨ ਵੱਡੇ ਪੱਧਰ ਤੇ ਹੋ ਰਹੇ ਸਨ। ਆਪਣੇ ਤਜਰਬੇ ਅਤੇ ਅਧਿਐਨ ਦੇ ਆਧਾਰ ਤੇ, ਸਿੱਧੇ-ਸਾਧੇ ਅਤੇ ਸਪੱਸ਼ਟ ਢੰਗ ਨਾਲ ਮੈਂ ਇਸ ਅਰਾਜਕਤਾ ਦਾ ਵਿਸ਼ਲੇਸ਼ਣ ਨਾਵਲ ਵਿੱਚ ਕਰਨਾ ਚਾਹੁੰਦਾ ਸੀ। ਇਸ ਉਦੇਸ਼ ਦੇ ਪ੍ਰਾਪਤ ਹੋਣ ਦੀ ਝਲਕ ਇਨ੍ਹਾਂ ਚਿੱਠੀਆਂ ਤੋਂ ਮਿਲ ਗਈ ਸੀ। “ਅੱਜ ਜੋ ਹਨ੍ਹੇਰ ਫੈਲਿਆ ਹੋਇਆ ਹੈ, ਤੁਸੀਂ ਉਸਦੀਆਂ ਜੜ੍ਹਾਂ ਤੱਕ ਜਿਸ ਢੰਗ ਨਾਲ ਪਾਠਕ ਨੂੰ ਲੈ ਕੇ ਗਏ ਹੋ, ਉਸਦੀ ਦਾਦ ਦੇਣੀ ਬਣਦੀ ਹੈ। – (ਤੇਲੂ ਰਾਮ ਕੁਹਾੜਾ)”। “ਪੰਜਾਬ ਦੇ ਅਜੋਕੇ ਹਲਾਤਾਂ ਨੂੰ ਤੁਸੀਂ ਬਾਖੂਬੀ ਚਿਤਰਿਆ ਹੈ, “ਤਫ਼ਤੀਸ਼- ਅੱਜ ਦੇ ਪੰਜਾਬ ਦਾ ਸ਼ੀਸ਼ਾ ਹੋ ਨਿੱਬੜੀ ਹੈ। – (ਛੀਨਾ)”। “ਪੰਜਾਬ ਦਾ ਵਰਤਮਾਨ ਸੱਭਿਆਚਾਰਕ ਇਤਿਹਾਸ ਹੀ ਲਿਖ ਦਿੱਤਾ ਹੈ। – (ਕੈਰੋਂ)”। “(i) ਪੰਜਾਬ ਦੇ ਮੌਜੂਦਾ ਹਾਲਾਤ ਤੇ ਪੁਲੀਸ ਦਾ ਰੋਲ…. ਪੜ੍ਹ ਕੇ ਲੂੰ ਖੜੇ ਹੋ ਜਾਂਦੇ ਨੇ…. ਕਲੇਜਾ ਮੂੰਹ ਨੂੰ ਆ ਜਾਂਦਾ ਹੈ….. – (ਤਾਰਨ ਗੁਜਰਾਲ)” (ii) “ਅਸਲ ਵਿਚ ਇਹ ਨਾਵਲ ਕੁੱਟੇ ਜਾ ਰਹੇ ਪੰਜਾਬ ਦਾ ਇਤਿਹਾਸ ਹੈ। – (ਗੁਜਰਾਲ)”। “ਪੰਜਾਬ ਵਿਚ ਚੌਫੇਰੇ ਛਾਏ ਆਤੰਕਵਾਦ ਦੇ ਕਾਲੇ ਤੰਬੂ ਨੂੰ ਅਕਾਲੀ ਸਿਆਸਤ ਅਤੇ ਪੁਲਸ, ਸਨਅਤਕਾਰਾਂ- ਕਾਂਗਰਸ ਵਾਲਿਆਂ, ਖਾਸ ਕਰਕੇ ਉੱਚ ਅਧਿਕਾਰੀਆਂ ਬਾਂਸਾਂ ਦੇ ਸਹਾਰੇ ਖੜ੍ਹਾ ਦੇਖਿਆ ਜਾ ਸਕਦਾ ਹੈ। – (ਸੂਫ਼ੀ ਅਮਰਜੀਤ)”। “ਪੰਜਾਬ ਦੇ ਮੌਜਾਦ ਸੰਤਾਪ ਪ੍ਰਤੀ ਅਤੇ ਫਿਰਕੂ ਸ਼ਕਤੀਆਂ ਦੇ ਰੋਲ ਅਤੇ ਇਸ ਦੇ “ਇਨਕਲਾਬੀ ਲਹਿਰ” ਰਾਹੀਂ ਹੱਲ ਹੋਣ ਦੀ ਤਸਵੀਰ ਪਾਠਕ ਦੇ ਦਿਮਾਗ ਵਿਚ ਬਣਦੀ ਹੈ। – (ਡਾ. ਮਲਕੀਤ ਸਿੰਘ ਕਿੰਗਰਾ)”।
ਕਚਹਿਰੀਆਂ ਵਿੱਚ, ਸਰਕਾਰੀ ਵਕੀਲ ਹੋਣ ਕਾਰਨ ਮੈਂ ਪੁਲਿਸ ਦੀ ਪੈਰਵਾਈ ਕਰਦਾ ਸੀ। ਇਸ ਲਈ ਮੈਨੂੰ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਅੰਦਰਲੇ ਸੱਚ ਦਾ ਠੋਸ ਅਤੇ ਸਾਰਥਕ ਅਨੁਭਵ ਸੀ। ਅੱਜ ਹੀ ਨਹੀਂ, ਉਸ ਸਮੇਂ ਵੀ ਮੇਰੀ ਪੱਕੀ ਧਾਰਣਾ ਸੀ ਕਿ ਪੰਜਾਬ ਅੰਦਰ ਦਹਿਸ਼ਤ ਫੈਲਾਉਣ ਲਈ ਜਿੰਨੀ ਅੱਤਵਾਦੀ ਧਿਰ ਜਿੰਮੇਵਾਰ ਸੀ ਉਨੀ ਹੀ ਜਿੰਮੇਵਾਰ ਪੁਲਿਸ ਵੀ ਸੀ। ਪੁਲਿਸ ਦੇ ਲੋਕ-ਦੋਖੀ ਵਿਵਹਾਰ ਨੂੰ ਮੈਂ ਚੇਤਨ ਹੋ ਕੇ, ਬਰੀਕੀ ਨਾਲ ਚਿਤਰਨ ਦਾ ਯਤਨ ਕੀਤਾ ਸੀ। ਇਹ ਵੀ ਸਿੱਧ ਕਰਨ ਦਾ ਯਤਨ ਕੀਤਾ ਸੀ ਕਿ ਪੁਲਿਸ ਦੀ ਭੈੜੀ ਕਾਰਗੁਜ਼ਾਰੀ ਕਾਰਨ ਜੁਰਮ ਨੂੰ ਵਧਣ-ਫੁਲਣ ਦਾ ਮੌਕਾ ਮਿਲ ਰਿਹਾ ਸੀ ਅਤੇ ਕਾਨੂੰਨ ਦੇ ਖੋਖਲੇ ਹੋ ਜਾਣ ਦਾ ਅਹਿਸਾਸ ਹੋਣ ਲੱਗ ਪਿਆ ਸੀ। ਇਸ ਯਤਨ ਨੂੰ ਕਾਮਯਾਬੀ ਮਿਲੀ ਸੀ ਇਸ ਦੀ ਪੁਸ਼ਟੀ ਇਨ੍ਹਾਂ ਟਿੱਪਣੀਆਂ ਤੋਂ ਅਰਾਮ ਨਾਲ ਹੋ ਗਈ ਸੀ। “ਤੁਸੀਂ ਪੁਲੀਸ ਕਾਰਗੁਜ਼ਾਰੀ ਬਹੁਤ ਹੀ ਹੱਦੋਂ ਵੱਧ ਬਰੀਕੀ ਨਾਲ ਪੇਸ਼ ਕਰਨ “ਚ ਕਾਮਯਾਬ ਹੋਏ ਹੋ। – (ਨਾਇਬ ਲੰਢੇ ਕੇ)”।”ਪੁਲੀਸ ਦਾ ਰੋਲ….ਕਲੇਜਾ ਮੂੰਹ ਨੂੰ ਆ ਜਾਂਦਾ ਹੈ ਉਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਅਤੇ ਤਸ਼ੱਦਦ ਨੂੰ ਜਾਣ ਕੇ।-(ਤਾਰਨ ਗੁਜਰਾਲ)”। “ਮੈਂ ਇਹ ਬਿਨ੍ਹਾਂ ਕਿਸੇ ਸ਼ੱਕ ਅਤੇ ਰੱਖ ਰਖਾ ਤੋਂ ਕਹਿ ਸਕਦਾ ਹਾਂ ਕਿ ਇਸ ਵਿਸ਼ੇ ਨੂੰ ਜਿਸ ਸਫਲਤਾ, ਖੂਬਸੂਰਤੀ, ਲਗਨ, ਗੰਭੀਰਤਾ ਤੇ ਡੂੰਘਾਈ ਨਾਲ ਤੁਸੀਂ ਨਿਭਾਇਆ ਹੈ ਇਹ ਕਿਸੇ ਹੋਰ ਦੇ ਵਸ ਦਾ ਹੋਣਾ ਵੀ ਨਹੀਂ ਸੀ। – (ਸੂਫ਼ੀ) “ਜਿਸ ਨੇ ਕਨੂੰਨ ਅਤੇ ਸਮਾਜ ਦੇ ਪਹਿਲੇ ਬਣੇ ਸੰਵਿਧਾਨਾਂ ਨੂੰ ਅਲਫ ਨੰਗਾ ਕਰਕੇ ਰੱਖ ਦਿੱਤਾ ਹੈ। – (ਰਘਵੀਰ ਸਿੰਘ ਟੇਰਕਿਆਨਾ)”। “ਕਾਨੂੰਨ ਦੀ ਬੁੱਕਲ ਵਿਚ ਪਲਦੇ ਜੁਰਮਾਂ ਦੀ ਕਹਾਣੀ ਨੂੰ ਤੁਸੀਂ ਨੰਗਾ ਕੀਤਾ ਹੈ। – (ਕਮਲ ਦੇਵ ਪਾਲ)”।
ਪੁਲਸੀਏ ਪਾਤਰਾਂ ਰਾਹੀਂ ਮੈਂ ਪੁਲਿਸ ਪ੍ਰਬੰਧ ਦੀ ਅਤੇ ਪੁਲਿਸ ਪ੍ਰਬੰਧ ਰਾਹੀਂ ਰਾਜ ਸੱਤਾ ਦੀ ਪੇਸ਼ਕਾਰੀ ਕਰਨ ਦਾ ਉਦੇਸ਼ ਮਿਥਿਆ ਸੀ। ਕਹਾਣੀ ਨੂੰ ਕਿਸੇ ਇਕੇਹਰੇ ਨਾਇਕ ਜਾਂ ਖਲਨਾਇਕ ਦੇ ਦੁਆਲੇ ਘੁਮਾਉਣ ਦੀ ਥਾਂ ਮੈਂ ਪੂਰੇ ਪੁਲਸ ਪ੍ਰਬੰਧ ਨੂੰ ਇੱਕ ਪਾਤਰ ਦੇ ਰੂਪ ਵਿੱਚ ਪੇਸ਼ ਕਰਨ ਦਾ ਜ਼ੋਖਮ ਲਿਆ ਸੀ। ਕਿਸੇ ਵੀ ਪ੍ਰਬੰਧ ਦੇ ਸਾਰੇ ਪੁਰਜੇ ਚੰਗੇ ਜਾਂ ਮਾੜੇ ਨਹੀਂ ਹੁੰਦੇ। ਚੰਗਿਆਂ-ਮਾੜਿਆਂ ਦੋਹਾਂ ਨੂੰ ਪੇਸ਼ ਕਰ ਕੇ ਹੀ ਸਿਸਟਮ ਦੀ ਸੰਪੂਰਨ ਤਸਵੀਰ ਪੇਸ਼ ਹੋ ਸਕਦੀ ਹੈ। ਚਿੱਠੀਆਂ ਵਿਚਲੀਆਂ ਟਿੱਪਣੀਆਂ ਨੇ ਮੇਰੇ ਇੱਥੇ ਵੀ ਸਫਲ ਹੋਣ ਦੀ ਹਾਮੀ ਭਰੀ ਸੀ। “ਭਾਵੇਂ ਨਾਵਲ ਵਿਚ, ਕੋਈ ਨਾਇਕ ਨਹੀਂ, ਜੋ ਉੱਭਰ ਕੇ ਸਾਹਮਣੇ ਆਇਆ ਹੋਵੇ, ਪਰ ਜ਼ਰਾ ਗਹੁ ਨਾਲ ਤੱਕਿਆਂ, ਉਹ ਆਪਣੇ ਰੂਪ ਵਿਚ ਜਾਗਰੂਕ ਲੱਗਦਾ ਹੈ, ਇਸੇ ਤਰ੍ਹਾਂ ਭਾਵੇਂ ਕੋਈ ਵੀ ਖਲਨਾਇਕ ਉੱਭਰ ਕੇ ਸਾਹਮਣੇ ਨਹੀਂ ਆਇਆ, ਪਰ ਜ਼ਰਾ ਕੁ ਗਹੁ ਨਾਲ ਦੇਖਿਆਂ, ਉਹ ਆਪਣੇ ਰੂਪ ਵਿਚ ਨਾਵਲ ਦੀਆਂ ਤਹਿਆਂ ਵਿਚ ਛੁਪਿਆ, ਫਰਾਟੇ ਮਾਰਦਾ, ਸੁਣਾਈ ਦਿੰਦਾ ਹੈ, ਅਤੇ ਨਜ਼ਰੀਂ ਵੀ ਪੈਂਦਾ ਹੈ। – (ਕੁਹਾੜਾ)”। “ਭਾਵੇਂ ਨਾਵਲ “ਚ ਪਾਤਰ ਜ਼ਿਆਦਾ ਹਨ ਪਰ ਫਿਰ ਵੀ ਕੋਈ ਵੀ ਪਾਤਰ ਵਾਧੂ ਜਿਹਾ ਨਹੀਂ ਲੱਗਦਾ, ਸਾਰੇ ਪਾਤਰਾਂ ਨਾਲ ਵਧੀਆ ਇਨਸਾਫ਼ ਕੀਤਾ ਹੈ। ਕੋਈ ਵੀ ਪਾਤਰ ਬੋਰ ਨਹੀਂ ਕਰਦਾ। ਸਾਰੇ ਪਾਤਰਾਂ ਦਾ ਚਰਿੱਤਰ ਵਧੀਆ ਪੇਸ਼ ਕੀਤਾ ਹੈ। – (ਗੁਰਮੇਲ ਸ਼ਾਹ ਰਾਏਸਰ)”। “ਪੁਲਸ ਦਾ ਚਰਿੱਤਰ, ਪੱਤਰਕਾਰ ਦਰਵੇਸ਼, ਜੋਗਿੰਦਰ ਜੱਲਾਦ, ਬਾਬੂ ਜੀ, ਬਾਬਾ ਗੁਰਦਿੱਤ ਸਿੰਘ, ਵਾਲਕੱਟੀ, ਪੁਲਸ ਵਾਲਾ ਸ਼ਿਵ ਕੁਮਾਰ, ਗੁਰਮੀਤ ਸਰਕਾਰੀ ਵਕੀਲ ਦੀ ਦਲੇਰੀ, ਸਾਰੇ ਪਾਤਰ ਪਾਠਕ ਦੇ ਮਨ ਅੰਦਰ ਖੁਭਦੇ ਹਨ। – (ਰਾਏਸਰ)”। “ਕਾਂਤਾ ਦਾ ਕਹਿਣਾ- ਹੋਰ ਵਿਆਹ ਕਰਾਂਗੀ, ਮੇਰੀ ਬੱਚੀਓ। ਅਜਿਹੇ ਸ਼ਬਦ ਪਾਤਰਾਂ ਕੋਲੋਂ ਕਹਾ ਕੇ ਜਾਨ ਪਾਈ ਹੈ। – (ਰਾਏਸਰ)”।
ਪੁਲਿਸ ਤੰਤਰ ਦੀ ਸਥਾਪਨਾ ਅਮਨ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹੈ। ਪਰ ਉਸ ਸਮੇਂ ਪੁਲਿਸ ਆਪਣੇ ਫਰਜਾਂ ਦੇ ਬਿਲਕੁਲ ਉਲਟ ਕਾਰਵਾਈ ਕਰ ਰਹੀ ਸੀ। ਪੁਲਿਸ ਦੀ ਭੈੜੀ ਕਾਰਗੁਜਾਰੀ ਮਨ ਵਿੱਚ ਪੀੜ ਪੈਦਾ ਕਰਦੀ ਸੀ। ਪੁਲਿਸ ਤੇ ਖਿਜ ਆਉਂਦੀ ਸੀ। ਪੀੜਾ ਅਤੇ ਖਿਜ ਦਾ ਕਲਾਤਮਕ ਅਤੇ ਸਟੀਕ ਪ੍ਰਗਟਾਵਾ ਪੁਲਿਸ ਦੇ ਕੰਮ-ਕਾਜ ਦੇ ਢੰਗ ਤਰੀਕੇ ਤੇ ਤਨਜ ਕਰ ਕੇ ਹੀ ਕੀਤਾ ਜਾ ਸਕਦਾ ਸੀ। ਬਿਨ੍ਹਾਂ ਕਿਸੇ ਵਿਸ਼ੇਸ਼ ਯਤਨ ਦੇ ਸ਼ਾਇਦ ਸਭਾਵਿਕ ਤੌਰ ਤੇ ਹੀ ਇਹ ਪਰਗਟਾਵਾ ਮਸ਼ਕਰੀ ਵਿਦਾ ਵਿੱਚ ਪੇਸ਼ ਹੋ ਗਿਆ। ਸਬੂਤ ਇਨ੍ਹਾਂ ਟਿੱਪਣੀਆਂ ਤੋਂ ਮਿਲੇ। “ਬਿਰਤਾਂਤਕਾਰ ਸਿੱਧੇ ਗਲਪ-ਕਥਨਾਂ ਅਤੇ ਤਨਜ ਨੂੰ ਇੱਕ ਦੂਜੇ ਵਿਚ ਪੁਖਤਾ ਸਿਰਜਣਾਤਮਕ ਮੁਹਾਰਤ ਨਾਲ ਨਿਹਿਤ ਕਰਦਾ ਹੈ। ਗੰਭੀਰਤਾ ਅਤੇ ਤਨਜ ਦਾ ਇਹੋ ਜਿਹਾ ਸੂਖਮ ਮੇਲ ਪੰਜਾਬੀ ਨਾਵਲ ਵਿਚ ਬਹੁਤ ਘੱਟ ਉਪਲੱਬਧ ਹੈ।-( ਸੁਖਦੇਵ ਸਿੰਘ ਖਾਹਰਾ)”।”ਮਸ਼ਕਰੀ: ਕਟਾਖ਼ਸ਼ ਦੀਆਂ ਮਿੱਠੀਆਂ ਮਿੱਠੀਆਂ ਟਕੋਰਾਂ ਅਤੇ ਐਡੇ ਕੌੜੇ ਸੱਚ ਬਿਆਨਣ ਦੀ ਸਮਰੱਥਾ ਤੁਹਾਡੀ ਕਲਮ ਹੀ ਰੱਖ ਸਕਦੀ ਹੈ। – (ਕੁਹਾੜਾ)”। “ਕਟਾਕਸ਼ ਵਧੀਆ ਫਿਟ ਕੀਤੇ ਹਨ ਜਿਵੇਂ- ਕਾਂਤਾ ਨੂੰ ਚੈਕ ਇਸ ਢੰਗ ਨਾਲ ਦੇਣ ਲੱਗੇ ਜਿਵੇਂ ਕਿਸੇ ਜੇਤੂ ਨੂੰ ਟਰਾਫੀ ਦਿੱਤੀ ਜਾਂਦੀ ਹੋਵੇ। ਭਾਣਾ ਮਿੱਠਾ ਕਰਕੇ ਮੰਨਣ ਦੀ ਘਸੀ-ਪਿਟੀ ਸਿਖਿਆ। ਆੜਤੀਏ ਦੀ ਮਿਹਰਬਾਨੀ ਦਾ ਮੁੱਲ ਮਾਂ ਕਿਸ ਰੂਪ “ਚ ਤਾਰਦੀ ਹੈ। – (ਰਾਏਸਰ)”।
ਇਹ ਨਾਵਲ ਰਚਦੇ ਸਮੇਂ ਮੇਰੀ ਇੱਛਾ ਮਹਾਂ-ਕਾਵਿਕ ਨਾਵਲ ਰਚਨ ਦੀ ਸੀ। ਮੇਰੇ ਲਈ ਮਹਾਂ-ਕਾਵਿ ਦੀ ਪਰਿਭਾਸ਼ਾ ਸਮਾਜ ਦੇ ਹਰ ਮਹੱਤਵਪੂਰਣ ਵਰਤਾਰੇ, ਤਾਣੇ-ਬਾਣੇ ਅਤੇ ਵਿਵਸਥਾ ਨੂੰ ਅਲੋਚਨਾਤਮਕ ਦ੍ਰਿਸ਼ਟੀ ਤੋਂ ਪੇਸ਼ ਕਰਨਾ ਸੀ। ਨਾਵਲ ਦੇ ਇਸ ਪਰਿਭਾਸ਼ਾ ਦੇ ਨੇੜੇ ਤੇੜੇ ਪੁੱਜ ਜਾਣ ਦੇ ਪ੍ਰਭਾਵ ਇਨ੍ਹਾਂ ਟਿੱਪਣੀਆਂ ਤੋਂ ਮਿਲੇ ।”‘ਵਰਤਮਾਨ ਰਾਜਨੀਤਕ, ਸਮਾਜਿਕ ਤੇ ਆਰਥਿਕ ਪ੍ਰਬੰਧ ਦੇ ਖੋਖਲੇਪਣ ਨੂੰ ਦ੍ਰਿਸ਼ਟੀਗੋਚਰ ਕਰਦਾ ਇਹ ਇੱਕ ਸ਼ਾਨਦਾਰ ਨਾਵਲ ਦੇ ਰੂਪ ਵਿਚ ਕਾਰਗਾਰ ਵਿਅੰਗ ਹੈ।- (ਦਰਸ਼ਨ ਸਿੰਘ ਗਿੱਲ)”।” ਪੰਜਾਬ ਦਾ ਵਰਤਮਾਨ ਸੱਭਿਆਚਾਰਕ ਇਤਿਹਾਸ ਹੀ ਲਿਖ ਦਿੱਤਾ ਹੈ।-(ਜੋਗਿੰਦਰ ਕੈਰੋਂ)”।
ਨਾਵਲ ਲਿਖਦੇ ਸਮੇਂ ਮੈਂ ਕੇਵਲ ਇਸ ਗੱਲ ਦਾ ਧਿਆਨ ਰੱਖਿਆ ਸੀ ਕਿ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਕਹੀ ਜਾਵੇ। ਕਿਸ ਵਿਧੀ ਰਾਹੀਂ ਕਹੀ ਜਾਵੇ? ਇਸ ਬਾਰੇ ਕੁਝ ਨਹੀਂ ਸੀ ਸੋਚਿਆ। ਵਿਸ਼ੇ ਨੇ ਆਪਣਾ ਰਾਹ ਆਪ ਬਣਾਇਆ। ਪਾਠਕਾਂ ਨੇ ਨਾਵਲ ਦੀ ਪੇਸ਼ਕਾਰੀ ਨੂੰ ਕਰੂਰ ਵਿਸ਼ੇ ਦੇ ਨਿਭਾਅ ਦਾ ਸਫਲਤਾਪੂਰਵਕ ਹੋਣ, ਵਿਵਸਥਾ ਦੀਆਂ ਜੜ੍ਹਾਂ ਤੱਕ ਦੀ ਫੋਲਾ-ਫੋਲੀ ਕਰਨ ਵਾਲੀ ਮੰਨਿਆ। ਇਸ ਰਚਨਾ ਰਾਹੀਂ ਸਮਾਜ ਦੇ ਪੋਸਟਮਾਰਟਮ ਅਤੇ ਅਸਲੀਅਤ ਦੇ ਸ਼ੀਸ਼ੇ ਦੇ ਪੇਸ਼ ਹੋਣ ਦੀ ਪੁਸ਼ਟੀ ਕੀਤੀ। “ਅਸੀਂ ਇਸਨੂੰ informative novel ਕਹਿ ਲਈਏ ਤਾਂ ਉਚਿਤ ਹੋਵੇਗਾ।-(ਲੰਢੇ ਕੇ)”, “ਵਿਸ਼ੇ ਦੇ ਧੁਰ ਅੰਦਰ ਤੱਕ ਲਹਿ ਕੇ ਤੁਸਾਂ ਅੰਦਰ ਦੀਆਂ ਜੜ੍ਹਾਂ ਦੇ ਵੀ ਦਰਸ਼ਨ ਕਰਵਾ ਦਿੱਤੇ ਨੇ।-( ਗੁਜਰਾਲ)”, “ਅਜਿਹੇ ਕਰੂਰ ਵਿਸ਼ੇ ਨੂੰ ਨਿਭਾਉਣਾ ਇੱਕ ਵੱਡੇ ਜੇਰੇ ਦਾ ਕੰਮ ਹੈ।”-(ਸੂਫ਼ੀ)”, “ਅਸਲੀਅਤ ਦਾ ਸ਼ੀਸ਼ਾ ਹੈ ਤੇਰਾ ‘ਤਫ਼ਤੀਸ਼’ ਨਾਵਲ।-( ਟੇਰਕਿਆਨਾ)”, “ਸਮਾਜਕ ਢਾਂਚੇ ਦਾ ਵਧੀਆ ਪੋਸਟਮਾਰਟਮ ਹੈ।-( ਬੀ.ਐਸ. ਢਿੱਲੋਂ), “ਏਨੇ ਵੱਡੇ ਖਿਲਾਰੇ ਨੂੰ ਸਮੇਟਣਾ, ਸਾਂਭਣਾ ਤੇ ਪੇਸ਼ ਕਰਨਾ ਉਹ ਵੀ ਚੰਗੀ ਕਲਾਤਮਕ ਜੁਗਤ ਨਾਲ, ਕਿਸੇ ਵੱਡੀ ਸਮਰੱਥਾ ਵਾਲੇ ਕਲਾਕਾਰ ਦਾ ਕ੍ਰਿਸ਼ਮਾ ਹੀ ਹੈ।-(ਕੈਰੋਂ), ਯਥਾਰਥਕ ਚਿਤਰਨ :”ਯਥਾਰਥ ਨੂੰ ਬੜੇ ਹੀ ਸਾਫ ਤੇ ਸਹਿਜ ਭਾਵ ਨਾਲ ਬਿਆਨ ਕਰ ਰਿਹਾ ਹੈ।-( ਗਾਸੋ)”
ਸ਼ੈਲੀ ਅਤੇ ਬੋਲੀ ਵੀ ਸਰਾਹੀ ਗਈ। “ਬਣਤਰ ਸ਼ੈਲੀ ਵਾਕਾਂ ਦਾ ਗੁੰਦਵਾਂ ਤੇ ਲੜੀ ਨਾਲ ਲੜੀ ਜੁੜ ਕੇ ਬੱਝੇ ਕਾਂਡ, ਆਪ ਜੀ ਦੀ ਲੇਖਣੀ ਦਾ ਅਨਿੱਖੜਵਾਂ ਤੇ ਨਿਵੇਕਲਾ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ। ਕਮਾਲ ਇਹ ਹੈ ਕਿ ਗੱਲ ਨੂੰ ਤੋਰਨ ਤੇ ਚਿਤਰਨ ਵਿਚ ਅਨੋਖਾ ਕਮਾਲ ਹੈ।-(ਜਸਬੀਰ ਕਲਸੀ)? “ਤੇਰੀ ਮਿੱਠੀ ਬੋਲੀ ਨੇ ਨਜ਼ਾਰਾ ਲਿਆ ਦਿੱਤਾ।-(ਟੇਰਕਿਆਨਾ)
ਪੁਲਿਸ ਦੇ ਨਿਰਦਈਪੁਣੇ ਨੂੰ ਪਹਿਲਾਂ ਪੰਜਾਬੀ ਵਿਚ ਤਾਂ ਕੀ ਦੇਸ਼ ਦੀ ਕਿਸੇ ਹੋਰ ਭਾਸ਼ਾ ਵਿਚ ਵੀ ਇੰਨੀ ਕਰੂਰਤਾ ਨਾਲ ਪੇਸ਼ ਨਹੀਂ ਸੀ ਕੀਤਾ ਗਿਆ ਜਿੰਨਾ ਤਫ਼ਤੀਸ਼ ਵਿਚ ਕੀਤਾ ਗਿਆ ਸੀ। ਆਮ ਆਦਮੀ ਵਿਚ ਡਾਢੇ ਨੂੰ ਡਾਢਾ ਕਹਿਣ ਦੀ ਹਿੰਮਤ ਨਹੀਂ ਹੁੰਦੀ। ਪਰ ਜੇ ਕੋਈ ਹੋਰ ਉਸ ਦੇ ਮਨ ਦੀ ਗੱਲ ਕਰ ਦੇਵੇ ਤਾਂ ਉਸ ਨੂੰ ਡਾਢੀ ਖੁਸ਼ੀ ਹੁੰਦੀ ਹੈ। ਪੁਲਿਸ ਵਧੀਕੀਆਂ ਵੱਲ ਉਂਗਲ ਕਰਨ ਵਾਲੇ ਨਾਵਲਕਾਰ ਨੂੰ ਲੋਕਾਂ ਨੇ ਅੱਖਾਂ ਤੇ ਬਿਠਾ ਲਿਆ। ਦੱਬ ਕੇ ਵਡਿਆਈ ਕੀਤੀ। “ਹੁਣੇ ਹੁਣੇ ਇੱਕ ਗੱਲ ਮਨ ਵਿਚ ਆਈ ਹੈ ਕਿ ਐਨਾ ਕੁਝ ਤੁਸਾਂ ਕਿਵੇਂ ਜਾਣਿਆ ਇਸੇ ਬਿਨਾਅ ਤੇ ਤੁਹਾਡੀ ਤਫ਼ਤੀਸ਼ ਹੋਣੀ ਚਾਹੀਦੀ ਹੈ।-( ਗੁਜਰਾਲ)”। “ਤੁਹਾਡੀ ਲੋਕ-ਕਾਜ ਪ੍ਰਤੀ ਨਿਸ਼ਠਾ ਅਤੇ ਦਲੇਰੀ ਦੀ ਦਾਦ ਦਿੱਤਿਆਂ ਬਗੈਰ ਨਹੀਂ ਰਹਿ ਸਕਦਾ।-( ਸੂਫ਼ੀ)”। “ਦਿਲ ਤਾਂ ਇਹ ਵੀ ਕਰਦਾ ਸੀ ਜਿਨ੍ਹਾਂ ਹੱਥ ਨਾਲ ਇਹ ਨਾਵਲ ਲਿਖਿਆ ਗਿਆ ਹੈ ਉਨ੍ਹਾਂ ਦੇ ਪੋਟੇ ਚੁੰਮ ਲਵਾਂ। ਘੁੱਟ ਕੇ ਜੱਫੀ ਪਾ ਲਵਾਂ ਤੇ ਕਈ ਕੁਝ ਹੋਰ।-(ਪਾਲ)”।”ਤੇਰਾ ਹੱਥ ਚੁੰਮ ਲਵਾਂ- ਉਹ ਹੱਥ ਜਿਸ ਨਾਲ ਤੂੰ ਖੂਬਸੂਰਤ ਅੱਖਰ ਘੜਦਾ ਏਂ। ਉਹ ਹੱਥ ਜਿਸ ਵਿਚ ਫੜੀ ਕਲਮ ਸੁੰਦਰ ਵਾਕ ਬਣਾਉਣੇ ਜਾਣਦੀ ਹੈ। ਮੈਂ ਤੇਰੇ ਉਸ ਹੱਥ ਨੂੰ ਘੁੱਟ ਕੇ ਫੜਦਾ ਹਾਂ ਜਿਹੜਾ ਹੱਥ ਕਹਾਣੀਆਂ ਤੇ ਨਾਵਲ ਲਿਖਣੋਂ ਨਾ ਥੱਕਦਾ ਹੈ ਤੇ ਨਾ ਅੱਕਦਾ। ਮੈਂ ਤੈਨੂੰ ਪਿਆਰ ਸਤਿਕਾਰ ਨਾਲ ਗਲਵੱਕੜੀ “ਚ ਕੱਸਦਾ ਹਾਂ। ਤੈਨੂੰ ਸਾਰੇ ਦੇ ਸਾਰੇ ਮਿੱਤਰ ਸੈਨ ਮੀਤ ਨੂੰ- ਜਿਹੜਾ ਸਿਰਫ ਮੇਰਾ ਵਕੀਲ ਭਰਾ ਹੀ ਨਹੀਂ ਸਗੋਂ ਲੇਖਣੀ ਦੇ ਖੇਤਰ ਵਿਚ ਬਹੁਤ ਹੀ ਦੂਰ ਦਿਸ ਹੱਦਿਆਂ ਤੋਂ ਵੀ ਅਗਾਂਹ ਵੱਧ ਗਿਆ ਲੇਖਕ ਹੈ-( ਟੇਰਕਿਆਨਾ)”। “ਪੰਜਾਬੀ ਜਗਤ ਵਿਚ ਇਹ ਵੱਖਰੀ ਤਰ੍ਹਾਂ ਦੀ ਅਮਿੱਟ ਤੇ ਨਾ ਭੁੱਲਣਯੋਗ ਰਚਨਾ ਹੈ।-(ਘੁੰਮਣ)”। “ਤੁਸੀਂ ਦਲਿਤਾਂ ਦੇ ਲੇਖਕ ਹੋ।-( ਬੰਬੀਹਾ)”।”ਰਸ਼ਕ ਹੋਇਐ ਕਿ ਪੰਜਾਬੀ “ਚ ਏਨੀ ਸਮਰੱਥਾ ਵਾਲਾ ਲੇਖਕ ਸਾਡੇ ਸਾਹਮਣੇ ਆਇਐ।…. ਇਹੋ ਜਿਹੇ ਨਾਵਲ ਲਿਖੇ ਜਾਣਾ ਪੰਜਾਬੀ ਸਾਹਿਤ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ।-(ਬਿਮਲ)”। “ਸੂਹੀ ਸਵੇਰ ਤੱਕ ਪਹੁੰਚਣ ਦਾ ਰਸਤਾ ਦਿਖਾਉਂਦਾ ਹੈ।-( ਕਿੰਗਰਾ)”। “ਇਸ ਲਿਖਤ ਨੂੰ ਰੱਜ ਕੇ ਮਾਣਿਆ ਹੈ।-( ਨਿਰਮਲ ਸਿੰਘ ਛੀਨਾ)”
ਨਾਵਲ ਨੂੰ ਲੋਕ-ਪੱਖੀ ਰਚਨਾ ਹੋਣ ਅਤੇ ਸੂਹੀ ਸਵੇਰ ਦਾ ਰਸਤਾ ਦਿਖਾਉਣ ਵਾਲੀ ਰਚਨਾ ਮੰਨਿਆ ਗਿਆ। ਸਮਾਜ ਦੇ ਕੁਚਲੇ ਵਰਗਾਂ ਨੂੰ ਵੀ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਦੇ ਵਿਹੜੇ ਸੂਰਜ ਮਘਣ ਹੀ ਵਾਲਾ ਹੈ। “ਕਮਾਲ ਹੈ- ਗਰੀਬ, ਬੇਸਹਾਰਾ ਲੋਕਾਂ ਨੂੰ ਚਿੱਟੇ ਚਾਦਰੇ ਪੁਆ ਕੇ ਦੋਸ਼ੀ ਬਣਾਉਣਾ….. ਸਰਕਾਰੀ ਵਕੀਲ (ਜਿਸ “ਚ ਮੀਤ ਦਾ ਇਨਕਲਾਬੀ) ਜੁੱਸਾ ਬੋਲਦਾ ਹੈ – (ਗਾਸੋ)”। “ਵਰਤਮਾਨ ਰਾਜਨੀਤਕ, ਸਮਾਜਿਕ ਤੇ ਆਰਥਿਕ ਪ੍ਰਬੰਧ ਦੇ ਖੋਖਲੇਪਣ ਨੂੰ ਦ੍ਰਿਸ਼ਟੀਗੋਚਰ ਕਰਦਾ ਇਹ ਇੱਕ ਸ਼ਾਨਦਾਰ ਨਾਵਲ ਦੇ ਰੂਪ ਵਿਚ ਕਾਰਗਾਰ ਵਿਅੰਗ ਹੈ।-(ਦਰਸ਼ਨ ਸਿੰਘ ਗਿੱਲ)”। “ਨਾਵਲ ‘ਤਫ਼ਤੀਸ਼’ ਮਜ਼ਦੂਰ (ਮਿਹਨਤਕਸ਼) ਜਮਾਤ ਨੂੰ ਵਿਗਿਆਨਕ ਸੋਚ ਨਾਲ ਲੈਸ ਹੋ ਕੇ, ਕਿਰਨਾਂ ਦੇ ਕਾਫ਼ਲੇ ਰੂਪ ਪ੍ਰਨਾਏ ਹੋਏ ਨੌਜਵਾਨਾਂ ਨਾਲ ਤੋਰ ਕੇ ,ਕਾਲੀਆਂ ਰਾਤਾਂ ਚੀਰਦੇ ਹੋਏ.. ਸੂਹੀ ਸਵੇਰ ਤੱਕ ਪਹੁੰਚਣ ਦਾ ਰਸਤਾ ਦਿਖਾਉਂਦਾ ਹੈ।.. ਆਪ ਜੀ ਦੀ ਕਲਮ ਹਮੇਸ਼ਾਂ ਲਈ ਕੰਮੀਆਂ ਦੇ ਵਿਹੜੇ ਸੂਰਜ ਦੀ ਰੌਸ਼ਨੀ ਪਹੁੰਚਾਉਂਦੀ ਰਹੇਗੀ।-, ਗਲ-ਸੜ ਚੁੱਕੇ ਨਿਜ਼ਾਮ ਦੀ….. ਅਤੇ ਇਸ ਦੇ “ਇਨਕਲਾਬੀ ਲਹਿਰ” ਰਾਹੀਂ ਹੱਲ ਹੋਣ ਦੀ ਤਸਵੀਰ ਪਾਠਕ ਦੇ ਦਿਮਾਗ ਵਿਚ ਬਣਦੀ ਹੈ – ( ਕਿੰਗਰਾ)”।
ਉਤਸ਼ਾਹਿਤ ਹੋਏ ਪੰਜਾਬੀ ਪਿਆਰਿਆਂ ਨੇ ਪੰਜਾਬੀ ਨਾਵਲ ਦੇ ਉੱਜਲ ਭਵਿੱਖ ਦੀਆਂ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕੀਤੀਆਂ। “ਇਸ ਰਚਨਾ ਵਿਚੋਂ ਸਿੱਧੇ ਤੌਰ ਤੇ ਨਾਵਲਕਾਰ ਦੀ ਰਚਨਾਤਮਕ ਪ੍ਰਤਿਭਾ ਦੀਆਂ ਵਿਲੱਖਣ ਸਿਰਜਣਕਾਰੀ ਸੰਭਾਵਨਾਵਾਂ ਉਜਾਗਰ ਹੁੰਦੀਆਂ ਹਨ।-( ਖਾਹਰਾ)”। “ਨਾਵਲ ਬਾਰੇ ਗੱਲ ਤੁਰੇਗੀ: “ਪੰਜਾਬੀ ਸਾਹਿਤ ਵਿਚ ਇਸ ਨਾਵਲ ਬਾਰੇ ਜ਼ਰੂਰ ਹੀ ਗੱਲ ਤੁਰੇਗੀ।-(ਕੈਰੋਂ)”। “ਇੱਕ ਦਸਤਾਵੇਜ਼ ਹੈ, ਜੋ ਹਮੇਸ਼ਾਂ ਜਿਉਂਦਾ ਰਹੇਗਾ।-(ਗੁਜਰਾਲ), “ਭਵਿੱਖ ਵਿਚ ਇਹ ਨਾਵਲ ਅਹਿਮ ਥਾਂ ਪ੍ਰਾਪਤ ਕਰੇਗਾ।- (ਪਾਲ)”। “ਸ਼ਾਲਾ ਤੁਸੀਂ ਦਲੇਰੀ ਨਾਲ ਸਰਕਾਰ ਤੇ ਸਮਾਜ ਦੇ ਕੋਹੜਾਂ ਨੂੰ ਜੱਥੇਬੰਦਕ ਢੰਗ ਨਾਲ ਨੰਗਿਆਂ ਕਰਕੇ ਸੂਹੀ ਸਵੇਰ ਇੱਕ ਦਿਨ ਜ਼ਰੂਰ ਲਿਆਓਗੇਂ।-(ਘੁੰਮਣ)”। “ਕਲਮ ਹਮੇਸ਼ਾਂ ਲਈ ਕੰਮੀਆਂ ਦੇ ਵਿਹੜੇ ਸੂਰਜ ਦੀ ਰੌਸ਼ਨੀ ਪਹੁੰਚਾਉਂਦੀ ਰਹੇਗੀ।-(ਕਿੰਗਰਾ)”।
ਕੁਝ ਸੁਹਿਰਦ ਮਿੱਤਰ ਆਪਣਾ ਫ਼ਰਜ਼ ਵੀ ਨਿਭਾ ਰਹੇ ਸਨ। ਨਾਵਲ ਦੀਆਂ ਖਾਮੀਆਂ ਵੱਲ ਧਿਆਨ ਦਿਵਾ ਕੇ ਸੁਚੇਤ ਹੋਣ ਲਈ ਕਹਿ ਰਹੇ ਸਨ। “ਬੰਟੀ ਦੀ ਮਾਂ, ਅਧਿਆਪਕਾਵਾਂ ਦੇ ਮਾਮੂਲੀ ਹਾਂ ਪੱਖੀਂ ਜ਼ਿਕਰ ਤੋਂ ਬਿਨ੍ਹਾਂ- ਸਾਰੀਆਂ ਦੀਆਂ ਸਾਰੀਆਂ ਇਸਤਰੀ ਪਾਤਰਾਂ ਦਾ ਰੋਲ, ਉਨ੍ਹਾਂ ਉੱਪਰ ਟਿੱਪਣੀ, ਉਨ੍ਹਾਂ ਦਾ ਕਿਰਦਾਰ ਬੇਸਵਾ ਪੱਧਰ ਤੋਂ ਉੱਚਾ ਨਹੀਂ ਉੱਠਿਆ।-(ਸੂਫ਼ੀ)”। “ਅੰਤ ਨਾਲ ਮੈਂ ਸਹਿਮਤ ਨਹੀਂ। ਅੰਤ ਵਿਚ ਤਾਣਾ ਪੇਟਣ ਤੁਸੀਂ ਸਮੇਟਿਆ ਨਹੀਂ….. ਬੰਟੀ ਦੀ ਥਾਂ ਕੋਈ ਹੋਰ ਬੱਚਾ ਪੁਲੀਸ ਦੁਆਰਾ ਮਾਰਿਆ ਦਿਖਾਉਂਦੇ ਤਾਂ ਚੰਗਾ ਸੀ। ਖਾਨ ਦਾ ਅੰਤ ਵਧੀਆ ਨਹੀਂ ਦੱਸਿਆ। ਸਰਕਾਰੀ ਵਕੀਲ ਨੂੰ ਏਨਾ ਨਹੀਂ ਸੀ ਉਭਾਰਨਾ ਚਾਹੀਦਾ…..।-( ਟੇਰਕਿਆਨਾ)”। “ਰੂਪਕ ਪੱਖ ਤੋਂ ਕੁਝ ਕਮਜ਼ੋਰ ਲੱਗਦਾ ਹੈ।-(ਲੰਢੇ ਕੇ)”।
ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਾਲੇ ਨਾਵਲ ਦੇ ਵੱਧੋ-ਵੱਧ ਲੋਕਾਂ ਤੱਕ ਪੁੱਜਣ ਦੀ ਖਾਹਿਸ਼ ਹੋਣ ਲੱਗੀ। “ਇਹੋ ਜਿਹੇ ਨਾਵਲ ਲਿਖੇ ਜਾਣਾ ਪੰਜਾਬੀ ਸਾਹਿਤ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ।…. ਰਸ਼ਕ ਹੋਇਐ ਕਿ ਪੰਜਾਬੀ “ਚ ਏਨੀ ਸਮਰੱਥਾ ਵਾਲਾ ਲੇਖਕ ਸਾਡੇ ਸਾਹਮਣੇ ਆਇਐ।-(ਬਿਮਲ)”। “ਕਾਸ਼ ਇਹ ਨਾਵਲ ਵੱਧ ਤੋਂ ਵੱਧ ਲੋਕਾਂ ਨੂੰ ਪੜ੍ਹਨ ਵਾਸਤੇ ਮਿਲੇ।-(ਪਾਲ)”।
ਡਾ. ਹਰਚਰਨ ਸਿੰਘ ਵੱਡੇ ਨਾਟਕਕਾਰ ਦੇ ਨਾਲ-ਨਾਲ ਗੰਭੀਰ ਚਿੰਤਕ ਅਤੇ ਸਾਹਿਤ ਪਾਰਖੂ ਵੀ ਸਨ। ਆਪਣੀ ਇੱਕ ਚਿੱਠੀ ਵਿਚ ਜਦੋਂ ਉਨ੍ਹਾਂ ਲਿਖਿਆ “ਦੂਰਦਰਸ਼ਨ ਵਾਲੇ ਕਦਾਚਿਤ, ਇਸ ਨਾਵਲ ਦੇ ਵਿਸ਼ੇ ਨੂੰ ਸਵੀਕਾਰ ਨਹੀਂ ਕਰਨਗੇ। ਇਸ ਵਿਚ ਵਰਤਮਾਨ ਸਥਾਪਤੀ ਦੇ ਪੜਛੇ ਉਡਾਏ ਗਏ ਹਨ। ਜੇ ਕੋਈ ਛਾਂਟ ਕਰਾਂਗੇ ਤਾਂ ਵਿਸ਼ੇ ਦੀ ਜਾਨ ਮਾਰੀ ਜਾਵੇਗੀ….।-(ਡਾ ਹਰਚਰਨ ਸਿੰਘ)” ਤਾਂ ਫੁਲ ਕੇ ਮੇਰੀ ਹਿੱਕ 56 ਇੰਚ ਚੌੜੀ ਹੋ ਗਈ। ਨਾਵਲ ਰਾਹੀਂ ਜੋ ਮੈਂ ਕਹਿਣਾ ਚਾਹੁੰਦਾ ਸੀ ਉਹ ਸਫਲਤਾਪੂਰਵਕ ਕਿਹਾ ਜਾ ਚੁੱਕਾ ਸੀ ਚਿੱਠੀ ਤੋਂ ਇਸ ਦਾ ਸਰਟੀਫਿਕੇਟ ਮਿਲ ਗਿਆ ਸੀ।
ਮਿੱਤਰਾਂ ਦੀਆਂ ਇੱਛਾਵਾਂ ਤੇ ਮੈਂ ਫੁੱਲ ਚੜ੍ਹਾਏ। ਅਗਲੇ ਨਾਵਲਾਂ ਵਿਚ ਨਿਆਂ-ਪਾਲਿਕਾ ਅਤੇ ਜੇਲ੍ਹ ਪ੍ਰਬੰਧ ਦੇ ਕੋਝ ਪੇਸ਼ ਕੀਤੇ। ਸਾਰੇ ਨਾਵਲ ਵੱਧੋ-ਵੱਧ ਲੋਕਾਂ ਦੇ ਹੱਥਾਂ ਤੱਕ ਪੁੱਜ ਸਕਣ ਇਸ ਲਈ ਕੀਮਤ ਦੀ ਵੱਧੋ-ਵੱਧ ਕੀਮਤ ਤੇ ਰੋਕ ਲਾਈ ਰੱਖੀ। ਅੱਜ ਵੀ 350 ਪੰਨਿਆਂ ਦੇ ਨਾਵਲ ‘ਤਫ਼ਤੀਸ਼’ ਤੇ ਕੀਮਤ ਭਾਵੇਂ 150/- ਰੁਪਏ ਛਪੀ ਹੋਈ ਹੈ ਪਰ ਇਹ ਮਿਲ 100/- ਰੁਪਏ ਵਿਚ ਹੀ ਰਿਹਾ ਹੈ।
ਇਹ ਸਿਲਸਲਾ ਅੱਜ ਤੱਕ ਜਾਰੀ ਹੈ। ਪਾਠਕਾਂ ਦੇ ਹੁੰਘਾਰੇ ਉਸੇ ਤਰਾਂ ਆਉਂਦੇ ਹਨ। ਫਰਕ ਸਿਰਫ ਇਨਾ ਹੈ ਕਿ ਹੁਣ ਚਿੱਠੀਆਂ ਨਹੀਂ ਫੋਨ ਆਉਂਦੇ ਹਨ।
ਇਹ ਚਿੱਠੀਆਂ (ਅਤੇ ਫੋਨ) ਮੇਰਾ ਅਨਮੋਲ ਖਜ਼ਾਨਾ ਹੀ ਨਹੀਂ ਸਗੋਂ ਹੋਰ ਵਧੀਆ ਲਿਖਣ ਦਾ ਪ੍ਰੇਰਨਾ ਸ੍ਰੋਤ ਵੀ ਹਨ।
——————————————————————————————–
ਅਸਾਨੀ ਨਾਲ ਸਮਝਣ ਲਈ ਇਨਾਂ ਚਿੱਠੀਆਂ ਦੇ ਟਾਈਪਡ ਕੀਤੇ ਪਾਠ ਦਾ ਲਿੰਕ http://www.mittersainmeet.in/wp-content/uploads/2021/02/19-ਚਿੱਠੀਆਂ-ਦਾ-ਟਾਈਪ-ਪਾਠ.pdf
More Stories
ਕੌਰਵ ਸਭਾ ਦੀ ਸਿਰਜਣ ਪ੍ਰਕਿਰਿਆ
ਛਪਣ ਦੇ ਪਹਿਲੇ ਵਰ੍ਹੇ ਹੀ ਨਾਵਲ ਤਫ਼ਤੀਸ਼ ਨੇ ਮਾਰੀਆਂ ਮੱਲਾਂ
ਪੁਲਿਸ ਦੀ ਭੀੜ ਵਿਚ ਗੁਆਚੇ ਤਫ਼ਤੀਸ਼ ਨਾਵਲ ਦੇ ਮਹੱਤਵਪੂਰਨ ਪਾਤਰ- ਸੁਘੜ ਸਿਆਣੀ ਅਤੇ ਸੁਚੇਤ ਸੁਆਣੀ – ਕਾਂਤਾ