October 1, 2023

Mitter Sain Meet

Novelist and Legal Consultant

ਪੁਲਿਸ ਦੀ ਭੀੜ ਵਿਚ ਗੁਆਚੇ ਤਫ਼ਤੀਸ਼ ਨਾਵਲ ਦੇ ਮਹੱਤਵਪੂਰਨ ਪਾਤਰ- – ਦਲਿਤਾਂ ਦਾ ਦਲਿਤ ਜੋਗਿੰਦਰ

ਸਵੈ-ਖੋਜ

                          

          ( ਤਫ਼ਤੀਸ਼ ਨੂੰ ਪ੍ਰਕਾਸ਼ਿਤ ਹੋਇਆਂ 30 ਤੋਂ ਵੱਧ ਸਾਲ ਹੋ ਗਏ ਹਨ। ਪਹਿਲੇ ਸਾਲ ਤੋਂ ਸ਼ੁਰੂ ਹੋਈ ਚਰਚਾ ਹੁਣ ਤੱਕ ਜਾਰੀ ਹੈ। ਪਹਿਲੀ ਪੀੜੀ ਦੇ ਚਿੰਤਕ ਪ੍ਰੋ.ਅਤਰ ਸਿੰਘ ਤੋਂ ਲੈ ਕੇ ਨਵੀਂ ਪੀੜੀ ਦੀ ਪ੍ਰਤੀਨਿਧਤਾ ਕਰਦੀ ਡਾ.ਰਮਿੰਦਰ ਤੱਕ ਨੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਇਸਦੀ ਛਾਣਬੀਣ ਕੀਤੀ ਹੈ। ਹੁਣ ਤੱਕ ਚਾਰ ਪੀ.ਐਚ.ਡੀ ਅਤੇ ਕੁਝ ਐਮ.ਫਿਲ ਦੀਆਂ ਡਿਗਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਖੋਜ ਕਾਰਜਾਂ ਨੇ ਵੀ ਨਾਵਲ ਦੇ ਕੁਝ ਛੁਪੇ ਪੱਖ ਸਾਹਮਣੇ ਲਿਆਂਦੇ ਹਨ।

          ਪਰ ਬਹੁਤੀ ਚਰਚਾ ਨਾਵਲ ਦੇ ਕਲਾਤਮਿਕ ਪੱਖਾਂ ਜਾਂ ਪੁਲਿਸ ਸੱਭਿਆਚਾਰ ਦੀ ਯਥਾਰਥਕ ਪੇਸ਼ਕਾਰੀ ਤੇ ਹੋਈ ਹੈ।

          ਭਰਪੂਰ ਚਰਚਾ ਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਚੇਤੰਨ ਤੌਰ ਤੇ ਨਾਵਲ ਵਿਚ ਪੇਸ਼ ਕੀਤੇ ਸਮਾਜ ਦੇ ਕਈ ਹੋਰ ਮਹੱਤਵਪੂਰਨ ਸਰੋਕਾਰ ਅਤੇ ਵੱਖ ਵੱਖ ਵਰਗਾਂ ਦੀ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੇ ਬਹੁਤ ਸਾਰੇ ਪਾਤਰ ਪੁਲਿਸ ਦੀ ਭੀੜ ਵਿਚ ਗੁਆਚ ਕੇ ਰਹਿ ਗਏ ਹਨ।

ਕੁਝ ਦਾ ਜ਼ਿਕਰ ਕਰਾਂਗਾ।)

ਦਲਿਤਾਂ ਦਾ ਦਲਿਤ ਜੋਗਿੰਦਰ

          ਤਫ਼ਤੀਸ਼ ਵਿਚ ਦਲਿਤ ਸਰੋਕਾਰਾਂ ਨੂੰ ਮੈਂ ਸ਼ਿੱਦਤ ਨਾਲ ਛੋਹਿਆ ਅਤੇ ਗੰਭੀਰਤਾ ਨਾਲ ਪੇਸ਼ ਕੀਤਾ ਹੈ। ਹੋਰਾਂ ਦੇ ਨਾਲ ਨਾਲ ਦਲਿਤ ਸਮਾਜ ਦਾ ਇੱਕ ਵੱਡਾ ਦੁਖਾਂਤ ਇਹ ਹੈ ਕਿ ਇਸਦਾ ਇੱਕ ਵਰਗ ਤੇਜ਼ੀ ਨਾਲ ਤਰੱਕੀ ਕਰਕੇ ਮੱਧਵਰਗ, ਉੱਚਵਰਗ ਅਤੇ ਇਥੋਂ ਤੱਕ ਕਿ ਉੱਤਮ ਵਰਗ ਵਿਚ ਸ਼ਾਮਲ ਹੁੰਦਾ ਜਾ ਰਿਹਾ ਹੈ, ਪਰ ਦੂਜਾ ਵਰਗ ਰਾਖਵੇਂਕਰਨ ਦੇ ਲਾਭਾਂ ਤੋਂ ਵਾਂਝਾ ਅਤੇ ਅਸੰਤੁਲਿਤ ਆਰਥਿਕ ਵਿਕਾਸ ਦੇ ਦੁਸ਼ਟ ਪ੍ਰਭਾਵਾਂ ਕਾਰਨ ਗਰੀਬੀ ਦੀ ਦਲਦਲ ਵਿਚ ਹੋਰ ਡੂੰਘਾ ਧੱਸਦਾ ਜਾ ਰਿਹਾ ਹੈ। ਇਸ ਸਥਿਤੀ ਨੂੰ ਪ੍ਰਗਟਾਉਂਦਾ ਹੈ ਜੋਗਿੰਦਰ (ਕਾਂਡ ਨੰ:17 ਦਾ ਮੁੱਖ ਪਾਤਰ)।

          ਨਾਵਲ ਵਿਚ ਹੋਰ ਕਿੱਧਰੇ ਇਸ ਪਾਤਰ ਦੀ ਕੋਈ ਭੂਮਿਕਾ ਨਹੀਂ ਹੈ। ਮੁੜ ਇਸਦਾ ਨਾਂ ਤੱਕ ਨਹੀਂ ਆਇਆ। ਪਰ ਇਹ ਪੂਰਾ ਕਾਂਡ ਜੋਗਿੰਦਰ ਅਤੇ ਉਸਦੇ ਵਰਗ ਨੂੰ ਸਮੱਰਪਿਤ ਹੈ। ਇਸ ਕਾਂਡ ਨੂੰ ‘ਛੁਰੀ’ ਦਾ ਨਾਂ ਦੇ ਕੇ ਮੈਂ ਇੱਕ ਕਹਾਣੀ ਦੇ ਤੌਰ ਤੇ ਵੀ ਪੇਸ਼ ਕੀਤਾ ਸੀ। ਕਹਾਣੀ ਦੇ ਮੁੱਖ ਪਾਤਰ ਦੇ ਤੌਰ ਤੇ ਉਸਦੀ ਖੂਬ ਚਰਚਾ ਹੋਈ ਪਰ ਨਾਵਲ ਦੇ ਵੱਡੇ ਕੈਨਵਸ ਵਿਚ ਇੱਕ ਦਲਿਤ ਵਾਂਗ ਇਸਨੂੰ ਕੇਵਲ ਹਾਸ਼ੀਏ ਤੇ ਹੀ ਨਹੀਂ ਕੀਤਾ ਗਿਆ ਸਗੋਂ ਪੂਰੀ ਤਰ੍ਹਾਂ ਅਲੋਪ ਕਰ ਦਿੱਤਾ ਗਿਆ ਹੈ। ਇੱਕ ਮਾਂ ਵਾਂਗ ਮੈਂ ਜੋਗਿੰਦਰ ਦੇ ਦਰਦ ਨੂੰ ਸਮਝਦਾ ਹਾਂ। ਉਸਨੂੰ ਸਾਹਿਤਕ ਸੰਸਾਰ (ਸਮਾਜ) ਵਿਚ ਬਣਦੀ ਥਾਂ ਦਿਵਾਉਣ ਲਈ ਮੈਨੂੰ ਹੀ ਅੱਗੇ ਆਉਣਾ ਪੈ ਰਿਹਾ ਹੈ।

          ਜੋਗਿੰਦਰ ਮਜ਼ਹਬੀਆਂ ਦਾ ਮੁੰਡਾ ਹੈ। ਹਸਪਤਾਲ ਵਿਚ ਸਫ਼ਾਈ ਦਾ ਕੰਮ ਕਰਦਾ ਹੈ। (ਪਰ ਪੱਕਾ ਮੁਲਾਜ਼ਮ ਨਹੀਂ ਹੈ) ਘਰ ਦਾ ਚੁੱਲਾ ਮਘਦਾ ਰੱਖਣ ਲਈ ਉਸਨੂੰ ਦੋ ਅਤੀਘਿਰਣਿਤ ਧੰਦੇ ਕਰਨੇ ਪੈਂਦੇ ਹਨ। ਪਹਿਲਾ ਹੈ ਹਸਪਤਾਲ ਵਿਚ ਪੋਸਟਮਾਰਟਮ ਲਈ ਆਈਆਂ ਗਲੀਆਂ, ਸੜੀਆਂ ਅਤੇ ਜਲੀਆਂ ਲਾਸ਼ਾਂ ਦੀ ਚੀਰ ਫਾੜ ਕਰਕੇ ਡਾਕਟਰ ਦੀ ਸਹਾਇਤਾ ਕਰਨਾ। ਬਦਲੇ ਵਿਚ ਡਾਕਟਰ ਉਸਨੂੰ ਮ੍ਰਿਤਕਾਂ ਦੇ ਵਾਰਸਾਂ ਕੋਲੋਂ ਕੁਝ ਮਿਹਨਤਾਨਾ ਲੈਣ ਦੀ ਖੁੱਲ ਦਿੰਦੇ ਹਨ। ਉਸਦਾ ਇਹ ਕੰਮ ਡੰਗਰਾਂ ਦੀਆਂ ਖੱਲਾਂ ਲਾਹੁਣ ਨਾਲੋਂ ਵੀ ਔਖਾ ਹੈ। ਦੂਜਾ ਹੈ ਝੋਟੇ ਕੋਲੋਂ ਮੱਝਾਂ ਨੂੰ ਨਵੇਂ ਦੁੱਧ ਕਰਾਉਣਾ। ਪਹਿਲਾਂ ਹਸਪਤਾਲ ਦੀ ਹਲਟੀ ਨੂੰ ਗੇੜਨ ਲਈ ਝੋਟੇ ਦੀ ਜ਼ਰੂਰਤ ਪੈਂਦੀ ਸੀ। ਝੋਟੇ ਨੂੰ ਪਾਲਣ ਲਈ ਸਰਕਾਰ ਉਸਨੂੰ ‘ਝੋਟਾ ਭੱਤਾ’ ਦਿੰਦੀ ਸੀ। ਸਹਾਇਕ ਧੰਦੇ ਦੇ ਤੌਰ ਤੇ ਉਹ ਝੋਟੇ ਤੋਂ ਮੱਝਾਂ ਨਵੀਆਂ ਕਰਾਉਣ ਦਾ ਕੰਮ ਵੀ ਲੈਂਦਾ ਹੈ। ਇਹ ਧੰਦਾ ਵੀ ਘਰ ਦੀਆਂ ਸਵਾਣੀਆਂ ਨੂੰ ਲੋਕਾਂ ਦੇ ਵਿਅੰਗ ਦਾ ਸ਼ਿਕਾਰ ਬਣਨ ਅਤੇ ਜ਼ਲੀਲ ਹੋਣ ਲਈ ਮਜ਼ਬੂਰ ਕਰਦਾ ਹੈ। ਪਰ ਟੱਬਰ ਦੇ ਪੇਟ ਦੀ ਅੱਗ ਬੁਝਾਉਣ ਲਈ ਉਸਨੂੰ ਕੌੜਾ ਘੁੱਟ ਭਰਨਾ ਪੈਂਦਾ ਹੈ।

          ਤਕਨਾਲਜੀ ਦੇ ਵਿਕਾਸ ਦੀ ਸਭ ਤੋਂ ਵੱਧ ਮਾਰ ਉਸੇ ਤੇ ਪੈਂਦੀ ਹੈ। ਖੂਹ ਤੇ ਮੋਟਰ ਲੱਗ ਜਾਣ ਕਾਰਨ ਝੋਟਾ ਬੇਕਾਰ ਹੋ ਜਾਂਦਾ ਹੈ ਅਤੇ ਜੋਗਿੰਦਰ ਦਾ ਝੋਟਾ ਭੱਤਾ ਬੰਦ ਹੋ ਜਾਂਦਾ ਹੈ। ਤਕਨਾਲਜੀ ਦੇ ਹੋਰ ਵਿਕਾਸ ਕਾਰਨ ਲੋਕ ਉਸਦੇ ਝੋਟੇ ਕੋਲੋਂ ਮੱਝਾਂ ਨਵੇਂ ਦੁੱਧ ਕਰਾਉਣੋਂ ਹਟ ਗਏ ਹਨ। ਉਸਦੀ ਵਾਧੂ ਆਮਦਨ ਦਾ ਇੱਕੋ ਇੱਕ ਸਾਧਨ ਲਾਸ਼ਾਂ ਦੀ ਚੀਰ ਫਾੜ ਦਾ ਮਿਹਨਤਾਨਾ ਹੀ ਰਹਿ ਗਿਆ ਹੈ।

          ਜੋਗਿੰਦਰ ਨੂੰ ਆਪਣੀ ਸਮਾਜਿਕ ਹੈਸੀਅਤ ਦਾ ਪਤਾ ਹੈ। ਲੋਕਾਂ ਵੱਲੋਂ ‘ਜੱਲਾਦ’ ਆਖੇ ਅਤੇ ‘ਮੱਥੇ ਲੱਗਣ ਤੇ ਅਸ਼ੁੱਭ ਮੰਨੇ’ ਜਾਣ ਦਾ ਨਿਰਾਦਰ ਉਸ ਅੰਦਰ ਨਸੂਰ ਵਾਂਗ ਟਸ ਟਸ ਕਰਦਾ ਹੈ। ਇਸ ਸਭ ਕੁਝ ਦੇ ਬਾਵਜੂਦ ਲੋੜ ਪੈਣ ਤੇ ਉਸਨੂੰ ਆਪਣੀ ਅਣਖ ਲਈ ‘ਸਾਨ੍ਹ ਵਾਂਗ ਆਕੜਨਾ’ ਆਉਂਦਾ ਹੈ।

ਆਮ ਮਨੁੱਖਾਂ ਵਾਂਗ ਜੋਗਿੰਦਰ ਵੀ ਸੁਪਨ ਸਾਜ਼ ਹੈ। ਆਪਣੀ ਧੀ ਨੂੰ ਚੰਗੇ ਘਰ ਵਿਆਹੁਣ ਦਾ ਉਹ ਸੁਪਨਾ ਲੈਂਦਾ ਹੈ। ਉਸਦੀ ਆਪਣੀ ਕਮਾਈ ਇੰਨੀ ਨਹੀਂ ਕਿ ਉਹ ਧੀ ਦੇ ਦਾਜ ਲਈ ਕੁਝ ਬਚਾ ਸਕੇ ਅਤੇ ਉਸਨੂੰ ਕਿਸੇ ਕਮਾਊ ਮੁੰਡੇ ਦੇ ਲੜ ਲਾ ਸਕੇ। ਨਰਾਤਿਆਂ ਦੇ ਦਿਨਾਂ ਵਿਚ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ‘ਸੇਵਾ ਸੰਮਤੀ’ ਰਾਮ ਲੀਲਾ ਕਰਾਉਂਦੀ ਹੈ। ਸੀਤਾ ਸਵੰਬਰ ਵਾਲੇ ਦਿਨ ਉਹ ਇੱਕ ਦਲਿਤ ਕੁੜੀ ਦਾ ਵਿਆਹ ਕਰਦੀ ਹੈ। ਦਾਨੀ ਲੋਕ ਵਿਆਹੁਤਾ ਕੁੜੀ ਨੂੰ ਇੱਕ ਸਰਦੇ ਪੁੱਜਦੇ ਘਰ ਦੀ ਕੁੜੀ ਜਿੰਨਾ ਦਹੇਜ ਦਾਨ ਵਿਚ ਦਿੰਦੇ ਹਨ। ਸੇਵ ਸੰਮਤੀ ਵੱਲੋਂ ਅੱਖਾਂ ਦੇ ਮੁਫ਼ਤ ਆਪਰੇਸ਼ਨ ਕੈਂਪ ਵੀ ਲਗਾਏ ਜਾਂਦੇ ਹਨ। ਨਿਸ਼ਕਾਮ ਸੇਵਾ ਵਜੋਂ ਜੋਗਿੰਦਰ ਮਰੀਜ਼ਾਂ ਦੀ ਗੰਦਗੀ ਦੀ ਸਫ਼ਾਈ ਕਰਨ ਦੀ ਸੇਵਾ (ਅਸਲ ਵਿਚ ਵਗਾਰ) ਕਰਦਾ ਹੈ। ਉਸਨੂੰ ਆਸ ਹੈ ਕਿ ਖੁਸ਼ ਹੋਈ ਸੰਮਤੀ ਉਸ ਤੇ ਮੇਹਰ ਕਰੇਗੀ ਅਤੇ ਅਗਲੇ ਸੀਤਾ ਸਵੰਬਰ ਵਾਲੇ ਦਿਨ ਵਿਆਹ ਲਈ ਉਸ ਦੀ ਧੀ ਦੀ ਚੋਣ ਕਰੇਗੀ। ਇਸ ਬਾਰੇ ਉਸਨੂੰ ਭਰੋਸਾ ਵੀ ਦਿੱਤਾ ਜਾਂਦਾ ਹੈ। ਧੀ ਦੇ ਸੁਨਿਹਰੇ ਭਵਿੱਖ ਦੇ ਸੁਪਨੇ ਦੇਖਦਾ ਉਹ ਕੁੜੀ ਦਾ ਰਿਸ਼ਤਾ ਇੱਕ ਕੰਪਾਊਡਰ ਨਾਲ ਕਰ ਦਿੰਦਾ ਹੈ। ਹਸਪਤਾਲ ਦਾ ਮੁਲਾਜ਼ਮ ਹੋਣ ਕਾਰਨ ਉਸਨੂੰ ਕੰਪਾਊਡਰ ਨੂੰ ਹੋਣ ਵਾਲੀ ਚੰਗੀ ਆਮਦਨ ਬਾਰੇ ਪਤਾ ਹੈ। ਪਰ ਜਦੋਂ ਆਪਣੇ ਸੁਆਰਥੀ ਹਿਤਾਂ ਦੀ ਪੂਰਤੀ ਲਈ ਲਾਲਾ ਜੀ ਉਸਦਾ ਹੱਕ ਮਾਰ ਕੇ ਫੈਸਲਾ ਸਰਦੇ ਪੁੱਜਦੇ ਘਰ ਦੀ ਮੁੱਖ ਮੰਤਰੀ ਦੀ ਸਫ਼ਾਈ ਸੇਵਕਾ ਦੀ ਧੀ ਦੇ ਹੱਕ ਵਿਚ ਕਰ ਦਿੰਦੇ ਹਨ ਤਾਂ ਜੋਗਿੰਦਰ ਦੇ ਸੁਪਨੇ ਖੇਰੂੰ ਖੇਰੂੰ ਹੋ ਜਾਂਦੇ ਹਨ। ਰਿਸ਼ਤਾ ਟੁੱਟ ਜਾਂਦਾ ਹੈ। ਕੰਪਾਊਡਰ ਦੀ ਥਾਂ ਕੁੜੀ ਨੂੰ ਸੀਰੀ ਰਲਿਆ ਪਤੀ ਮਿਲਦਾ ਹੈ। ਉਹ ਮੁੜ ਗੋਹੇ ਕੂੜੇ ਕਰਨ ਲਈ ਮਜ਼ਬੂਰ ਹੋ ਜਾਂਦੀ ਹੈ। ਧੀ ਦੀ ਇਸ ਦੁਰਦਸ਼ਾ ਲਈ ਜੋਗਿੰਦਰ ਲਾਲਾ ਜੀ ਨੂੰ ਦੋਸ਼ੀ ਮੰਨਦਾ ਹੈ ਪਰ ਸਬਰ ਦਾ ਘੁੱਟ ਭਰੇ ਬਿਨ੍ਹਾਂ ਉਸ ਕੋਲ ਕੋਈ ਚਾਰਾ ਨਹੀਂ ਹੈ।

ਜੋਗਿੰਦਰ ਦਾ ਸੁਭਾਅ ਖੋਰ ਰੱਖਣ ਵਾਲਾ ਹੈ। ਮੌਕਾ ਮਿਲਦੇ ਹੀ ਉਹ ਆਪਣੇ ਨਾਲ ਹੋਈ ਬੇਇਨਸਾਫ਼ੀ ਦਾ ਬਦਲਾ ਲੈਂਦਾ ਹੈ ਜਾਂ ਲੈਣ ਦਾ ਯਤਨ ਕਰਦਾ ਹੈ। ਉਹ ਆਪਣੇ ਕੰਮ ਦਾ ਮਾਹਿਰ ਅਤੇ ਹੁਨਵਰਾਨ ਹੈ। ਕਦੇ ਕਦੇ ਆਪਣੇ ਹੁਨਰ ਦੀ ਵਰਤੋਂ ਉਹ ਦਿਲ ‘ਚ ਬਲਦੀ ਅੱਗ ਨੂੰ ਬੁਝਾਉਣ ਲਈ ਕਰਦਾ ਹੈ। ਇੱਕ ਵਾਰ ਇੱਕ ਕਾਮਰੇਡ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਆਏ ਸਾਥੀ ਕਾਮਰੇਡ ਜੋਗਿੰਦਰ ਦੇ ਮਿਹਨਤਾਨੇ ਨੂੰ ਰਿਸ਼ਵਤ ਸਮਝ ਕੇ ਉਸ ਵਿਰੁੱਧ ਨਾਰੇਬਾਜ਼ੀ ਕਰਦੇ ਹਨ ਤਾਂ ਉਹ ਕਾਮਰੇਡਾਂ ਦੇ ਇਸ ਮਜ਼ਦੂਰ ਵਿਰੋਧੀ ਵਿਵਹਾਰ ਤੇ ਖਿਝ ਜਾਂਦਾ ਹੈ। ਆਪਣੇ ਹੁਨਰ ਦੀ ਵਰਤੋਂ ਕਰਕੇ ਉਹ ਲਾਸ਼ ਦੀ ਸਿਲਾਈ ਇਸ ਢੰਗ ਨਾਲ ਕਰਦਾ ਹੈ ਕਿ ਲਾਸ਼ ਘਰ ਪਹੁੰਚਣ ਤੋਂ ਪਹਿਲਾਂ ਹੀ ਖੱਖੜੀ ਖੱਖੜੀ ਹੋ ਜਾਂਦੀ ਹੈ। ਕਾਮਰੇਡਾਂ ਨੂੰ ਬਿਨ੍ਹਾਂ ਕੋਈ ਹੋਰ ਰਸਮ ਨਿਭਾਏ ਲਾਸ਼ ਦਾ ਸੰਸਕਾਰ ਕਰਨਾ ਪੈਂਦਾ ਹੈ। ਕਾਮਰੇਡ ਨੂੰ ਗੱਠੜੀ ਵਾਂਗ ਬੰਨ੍ਹ ਕੇ ਸ਼ਮਸ਼ਾਨ ਘਾਟ ਲਿਜਾਂਦੇ ਸਾਥੀਆਂ ਨੂੰ ਦੇਖ ਕੇ ਜੋਗਿੰਦਰ ਦੇ ਕਾਲਜੇ ਠੰਡ ਪੈਂਦੀ ਹੈ।

ਬੰਟੀ ਦੀ ਲਾਸ਼ ਪੋਸਟਮਾਰਟਮ ਲਈ ਜਦੋਂ ਹਸਪਤਾਲ ਆਉਂਦੀ ਹੈ ਤਾਂ ਜੋਗਿੰਦਰ ਨੂੰ ਲਾਲਾ ਜੀ ਨੂੰ ਆਪਣੇ ਜੌਹਰ ਦਿਖਾਉਣ ਦਾ ਮੌਕਾ ਮਿਲਦਾ ਹੈ।

ਜੋਗਿੰਦਰ ਨੂੰ ਮਿਹਨਤਾਨਾ ਨਹੀਂ ਮਿਲਦਾ। ਰੋਸ ਵਜੋਂ ਉਹ ਚੀਰ ਫਾੜ ਦਾ ਕੰਮ ਸ਼ੁਰੂ ਨਹੀਂ ਕਰਦਾ। ਡਾਕਟਰ ਦੇ ਹੁਕਮਾਂ ਦੀ ਪਰਵਾਹ ਨਹੀਂ ਕਰਦਾ। ਉਸਦੀ ਇਸ ਢਿੱਲ ਮਿਸ ਕਾਰਨ ਪੋਸਟਮਾਰਟਮ ਦੀ ਕਾਰਵਾਈ ਦੋ ਘੰਟੇ ਲੇਟ ਹੋ ਜਾਂਦੀ ਹੈ ਅਤੇ ਕੁਵੇਲਾ ਹੋ ਜਾਂਦਾ ਹੈ। ਲਾਲਾ ਜੀ ਵੱਲੋਂ ਪਹਿਲਾਂ ਲਾਸ਼ ਨੂੰ ਕੁਝ ਘੰਟਿਆਂ ਲਈ ਗੀਤਾ ਭਵਨ ਵਿਚ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਜੋ ਲੋਕ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਭੇਂਟ ਕਰ ਸਕਣ। ਹੋਏ ਕੁਵੇਲੇ ਕਾਰਨ ਉਹ ਫੈਸਲਾ ਰੱਦ ਕਰਨਾ ਪੈਂਦਾ ਹੈ। ਇਸ ਰੱਦ ਹੋਏ ਫੈਸਲੇ ਤੇ ਜੋਗਿੰਦਰ ਨੂੰ ਕੁਝ ਰਾਹਤ ਤਾਂ ਮਿਲਦੀ ਹੈ ਪਰ ਮਨ ਪੂਰਾ ਸ਼ਾਂਤ ਨਹੀਂ ਹੁੰਦਾ। ਉਹ ਲਾਲਾ ਜੀ ਨੂੰ ਆਪਣੀ ਹੈਸੀਅਤ ਅਤੇ ਅਹਿਮੀਅਤ ਦਾ ਅਹਿਸਾਸ ਕਰਾਉਣ ਲਈ ਵਜਿੱਦ ਹੈ। ਉਹ ਆਪਣਾ ਮਿਹਨਤਾਨਾ ਲਏਗਾ ਜਾਂ ਲਾਸ਼ ਦੀ ਚੀਰ ਫਾੜ ਨਹੀਂ ਕਰੇਗਾ। ਆਪਣੀ ਅੜ ਪੁਗਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦਾ ਹੈ।

ਜੋਗਿੰਦਰ ਸੰਵੇਦਨਸ਼ੀਲ, ਰਹਿਮ ਦਿਲ ਅਤੇ ਯਾਰਾਂ ਦਾ ਯਾਰ ਹੈ। ਜਦੋਂ ਉਸਦਾ ਇੱਕ ਹਵਾਲਦਾਰ ਮਿੱਤਰ ਹਾਦਸੇ ‘ਚ ਮਰ ਜਾਂਦਾ ਹੈ ਅਤੇ ਉਸਦੀ ਲਾਸ਼ ਦੀ ਚੀਰ ਫਾੜ ਉਸਨੂੰ ਕਰਨੀ ਪੈਂਦੀ ਹੈ ਤਾਂ ਉਸਦੇ ਹੱਥਾਂ ਵਿਚ ਫੜੀ ਛੁਰੀ ਕੰਬਣ ਲੱਗ ਜਾਂਦੀ ਹੈ। ਅੱਖਾਂ ਨਮ ਹੋ ਜਾਂਦੀਆਂ ਹਨ। ਉਹ ਆਪਣਾ ਮਿਹਨਤਾਨਾ ਨਹੀਂ ਲੈਂਦਾ। ਤੱਥਾਂ ਤੋਂ ਉਲਟ ਪੋਸਟਮਾਰਟਮ ਰਿਪੋਰਟ ਤਿਆਰ ਕਰਵਾ ਕੇ ਹੌਲਦਾਰ ਦੇ ਵਾਰਿਸਾਂ ਨੂੰ ਆਰਥਿਕ ਲਾਭ ਪੁਚਾਉਣ ਵਿਚ ਸਹਾਇਕ ਸਿੱਧ ਹੁੰਦਾ ਹੈ।

ਇੱਕ ਹੋਰ ਉਦਾਹਰਣ। ਬੁੱਢਾ ਅਤੇ ਬੇਕਾਰ ਹੋ ਜਾਣ ਕਾਰਨ ਅੱਜ ਕੱਲ ਝੋਟਾ ਉਸਦੀ ਆਰਥਿਕਤਾ ਤੇ ਬੋਝ ਹੈ। ਤੰਗੀ ਤੁਰਸ਼ੀ ਦੇ ਬਾਵਜੂਦ ਜੋਗਿੰਦਰ ਝੋਟੇ ਨੂੰ ਹਿੱਕ ਨਾਲ ਲਾਈ ਰੱਖਦਾ ਹੈ। ਆਪਣਾ ਹਮਰਾਜ ਸਮਝ ਕੇ ਉਸ ਨਾਲ ਦੁੱਖ ਸਾਂਝਾ ਕਰਦਾ ਹੈ। ਮਨੁੱਖ ਨਾਲ ਕੀ ਉਹ ਪਸ਼ੂ ਨਾਲ ਵੀ ਦਗਾ ਕਰਨ ਵਾਲਾ ਨਹੀਂ।

ਜੋਗਿੰਦਰ ਨਮਕ ਹਰਾਮ ਜਾਂ ਗੱਦਾਰ ਨਹੀਂ ਹੈ। ਜੋਗਿੰਦਰ ਦਾ ਫੌਜੀ ਭਣੋਈਆ ਉੱਨੀ ਸੌ ਇਕੱਤਰ ਦੀ ਜੰਗ ਵਿਚ ਸ਼ਹੀਦ ਹੋ ਗਿਆ ਸੀ। ਸ਼ਹਿਰ ਦੇ ਸਿਆਸੀ ਆਗੂ ਬਾਬੂ ਜੀ ਨੇ ਦਿਲੋਂ ਉਸਦੀ ਮੱਦਦ ਕੀਤੀ ਸੀ। ਉਸ ਮੱਦਦ ਕਾਰਨ ਵਿਧਵਾ ਭੈਣ ਮੁੜ ਰੋਟੀ ਖਾਣ ਜੋਗੀ ਹੋ ਗਈ ਸੀ। ਜੋਗਿੰਦਰ ਬਾਬੂ ਜੀ ਦੇ ਅਹਿਸਾਨ ਹੇਠ ਦੱਬਿਆ ਹੋਇਆ ਹੈ। ਜੋਗਿੰਦਰ ਦੇ ਮਨ ਦੀ ਗੱਲ ਬੁੱਝ ਕੇ ਜਦੋਂ ਬਾਬੂ ਜੀ ਉਸਨੂੰ ਜਲਦੀ ਚੀਰ ਫਾੜ ਕਰਨ ਲਈ ਕਹਿੰਦੇ ਹਨ ਤਾਂ ਉਹ ਆਪਣਾ ਗੁੱਸਾ ਪੀ ਜਾਂਦਾ ਹੈ। ਮਿਹਨਤਾਨੇ ਦੀ ਪੇਸ਼ਕਸ਼ ਠੁਕਰਾ ਦਿੰਦਾ ਹੈ।

ਆਪਣੇ ਉਦੇਸ਼ ਵਿਚ ਅਸਫ਼ਲ ਰਿਹਾ ਜੋਗਿੰਦਰ ਜਦੋਂ ਬੁਝੇ ਮਨ ਨਾਲ ਆਪਣਾ ਫ਼ਰਜ਼ ਨਿਭਾਉਣਾ ਸ਼ੁਰੂ ਕਰਦਾ ਹੈ ਤਾਂ ਉਸਨੂੰ ਆਪਣੀ ਬੇਵਸੀ ਅਤੇ ਹਾਰ ਦਾ ਅਹਿਸਾਸ ਹੁੰਦਾ ਹੈ। ਬੰਟੀ ਦੇ ਪੇਟ ਤੇ ਛੁਰੀ ਚਲਾਉਂਦਾ ਉਹ ਬਾਬੂ ਜੀ ਨੂੰ ਕੋਸਣ ਲੱਗਦਾ ਹੈ। ਉਸਨੂੰ ਮਹਿਸੂਸ ਹੁੰਦਾ ਹੈ ਜਿਵੇਂ ਬਾਬੂ ਜੀ ਨੇ ਆਪਣੇ ਅਹਿਸਾਨ ਦਾ ਅਹਿਸਾਸ ਕਰਵਾ ਕੇ ਉਸਦੇ ਸਵੈ-ਅਭਿਮਾਨ ਅਤੇ ਉਸਦੇ ਬੱਚਿਆਂ ਦੇ ਪੇਟ ਤੇ ਲੱਤ ਮਾਰੀ ਹੈ।

ਪਰ ਅਤਿ ਨਿਮਨ ਵਰਗ ਨਾਲ ਸਬੰਧਤ ਇੱਕ ਅਦਨਾ ਇਨਸਾਨ ਕੁੜਨ ਤੋਂ ਸਿਵਾ ਭਲਾ ਹੋਰ ਕਰ ਵੀ ਸਕਦਾ ਹੈ?

ਪ੍ਰਸ਼ਨ ਉੱਠਦੇ ਹਨ ਕਿ ਕੀ ਜੋਗਿੰਦਰ ਦਾ ਕਿਰਾਦਰ ਅਤੇ ਵਿਵਹਾਰ ਉੱਕਾ ਜ਼ਿਕਰਯੋਗ ਨਹੀਂ? ਕੀ ਬਣਦੇ ਹਿੱਸੇ ਦੀ ਗੱਲ ਨਾ ਕਰਕੇ ਪੰਜਾਬੀ ਪਾਠਕ ਅਤੇ ਚਿੰਤਕ ਵੀ ਉਸ ਨਾਲ ਬਾਬੂ ਜੀ ਵਰਗੀ ਬੇਇਨਸਾਫ਼ੀ ਹੀ ਤਾਂ ਨਹੀਂ ਕਰੇ ਰਹੇ?  ਦਲਿਤ ਸਾਹਿਤ ਤੇ ਚਿੰਤਨ ਕਰਨ ਵਾਲੇ ਵਿਦਵਾਨ ਜੋਗਿੰਦਰ ਦਾ ਹੋਰ ਢਿੱਡ ਫਰੋਲਣ ਤੋਂ ਕਿਉਂ ਝਿਜਕ ਰਹੇ ਹਨ?

————-