March 31, 2023

Mitter Sain Meet

Novelist and Legal Consultant

ਪਹਿਲਾ ਅੰਤਰ ਰਾਸ਼ਟਰੀ ਪ੍ਰਵਚਨ ਅਤੇ ਸਨਮਾਨ

                ਆਪਣੀ ਸਿਰਜਣ ਪ੍ਰਕ੍ਰਿਆ ਅਤੇ ਕਾਨੂੰਨ ਦੀਆਂ ਬਰੀਕੀਆਂ ਬਾਰੇ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਬਥੇਰੇ ਪ੍ਰਵਚਨ ਕੀਤੇ ਹਨ। ਪਰ ਵਿਦੇਸ਼ ਵਿਚ ਅਤੇ ਉਹ ਵੀ ਪ੍ਰਬੁੱਧ ਪੰਜਾਬੀਆਂ ਦੇ ਵੱਡੇ ਇਕੱਠ ਨਾਲ ਰੁਬਰੂ ਹੋਣ ਦਾ ਇਹ ਪਹਿਲਾ ਮੌਕਾ ਸੀ। 10 ਜੂਨ ਨੂੰ ਸਰੀ ਵਿਚ ਹੋਏ ਪਹਿਲੇ ਵਿਸ਼ਵ ਪੰਜਾਬੀ ਸੰਮੇਲਨ ਵਿਚ ਮੈਂ ਆਪਣੇ ਪ੍ਰਵਚਨ ਵਿਚ ਹੇਠ ਲਿਖੇ ਮੁੱਦੇ ਉਠਾਏ:

1.            ਪਿੱਛਲੀ ਅੱਦੀ ਸੱਦੀ ਵਿਚ ਪੰਜਾਬ ਤੇ ਰਾਜ ਕਰਨ ਵਾਲੀ ਹਰ ਸਰਕਾਰ ਨੇ ਮਾਂ ਬੋਲੀ ਪੰਜਾਬੀ ਦੀ ਪਿੱਠ ਵਿਚ ਛੁਰਾ ਖੋਬਿਆ।

2.            ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਲਈ ‘ਪੰਜਾਬ ਰਾਜ ਭਾਸ਼ਾ ਐਕਟ 1967’ ਤਾਂ ਬਣਾਇਆ ਪਰ ਇਸ ਨੂੰ ਅੱਜ ਤੱਕ ਪੂਰੀ ਤਰਾਂ ਲਾਗੂ ਨਹੀਂ ਕੀਤਾ ਗਿਆ । ਇਹ ਕਾਨੂੰਨ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ ਹੈ।

3.            ‘ਪੰਜਾਬ ਰਾਜ ਭਾਸ਼ਾ ਐਕਟ’ ਵਿਚਲੀਆਂ “ਚੋਰ ਮੋਰੀਆਂ” ਦੀ ਸ਼ਨਾਖਤ ਕੀਤੀ।

4.            ਪੰਜਾਬੀ ਹੁਣ ਹਿੰਦੂ ਪੰਜਾਬੀਆਂ ਦੀ ਵੀ ਮਾਤ ਭਾਸ਼ਾ ਹੈ, ਇਹ ਦੱਸਣ ਲਈ ਕੇਂਦਰ ਸਰਕਾਰ ਵਲੋਂ 2001 ਦੀ ਮਰਦਮ ਸ਼ਮਾਰੀ ਦੇ ਜਾਰੀ ਕੀਤੇ ਅੰਕੜੇ, ਜਿੰਨਾਂ ਅਨੁਸਾਰ 2001 ਵਿਚ 91.7 ਫੀ ਸਦੀ ਪੰਜਾਬੀਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਦੱਸੀ, ਪੇਸ਼ ਕੀਤੇ।

5.            ਪੰਜਾਬੀ ਬੋਲੀ ਦੇ ਸ੍ਰੋਤ (ਜੋ ਪੰਜਾਬ ਹੈ) ਦੇ ਸੁੱਕ ਜਾਣ ਦਾ ਖਤਰਾ: ਸਮੁੰਦਰ ਸੁੱਕਣ ਬਾਅਦ (ਪੰਜਬੋਂ ਬਾਹਰਲੇ ਦੇਸ਼ਾਂ ਵਿਚਲੇ) ਗਲੇਸ਼ੀਅਰ ਅਤੇ ਨਦੀ ਨਾਲੇ ਵੀ ਸੱਕ ਜਾਣਗੇ। ਇਹ ਅਹਿਸਾਸ ਕਰਾਇਆ।

6.            ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਇਸਦੇ ਵੱਡੇ ਕੈਨੇਡੀਅਨ (ਸਾਰੀ ਦੁਨੀਆਂ ਵਿਚ ਵਸੇ) ਧੀਆਂ ਪੁੱਤ ਕੀ ਕਰਨ? ਇਹ ਸੁਝਾਇਆ:

(ੳ) ਜਦੋਂ ਕੋਈ ਸਿਆਸੀ ਨੇਤਾ ਕੈਨੇਡਾ ਆਵੇ ਤਾਂ ਉਸ ਤੋਂ ਪਿਆਰ ਨਾਲ ਪੁੱਛਿਆ ਜਾਵੇ ਕਿ ਉਹ ਪੰਜਾਬੀ ਨੂੰ ਲਾਗੂ ਕਰਨ ਵਾਲੇ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਲਾਗੂ ਕਿਉਂ ਨਹੀਂ ਕਰਦੇ?

(ਅ) ਜਦੋਂ ਕੋਈ ਲੇਖਕ ਜਾਂ ਆਪੇ ਬਣਿਆ ਬੁੱਧੀਜੀਵੀ ਕਿਸੇ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਹਿੱਸਾ ਲੈਣ ਇੱਧਰ ਆਵੇ ਤਾਂ ਉਸ ਤੋਂ ਪੰਜਾਬ ਵਿਚ ਪੰਜਾਬੀ ਦੀ ਹੋ ਰਹੀ ਦੁਰਦਸ਼ਾ ਦੇ ਕਾਰਨਾਂ ਬਾਰੇ ਅਤੇ ਉਨ੍ਹਾਂ ਵੱਲੋਂ ਪੰਜਾਬੀ ਦੇ ਵਿਕਾਸ ਵਿਚ ਜ਼ਮੀਨੀ ਪੱਧਰ ਤੇ ਪਾਏ ਜਾਣ ਵਾਲੇ ਯੋਗਦਾਨ ਬਾਰੇ ਖੁੱਲ੍ਹ ਕੇ ਪ੍ਰਸ਼ਨ ਪੁੱਛੇ ਜਾਣ।

(ੲ) ਪੰਜਾਬ ਸਰਕਾਰ ਨਾਲ ਲਗਾਤਾਰ ਚਿੱਠੀ ਪੱਤਰ ਕਰਕੇ ਉਸਨੂੰ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਲਈ ਮਜਬੂਰ ਕੀਤਾ ਜਾਵੇ।

(ਸ) ਪੰਜਾਬ ਵਿਚ ਸਰਗਰਮ ਹਰ ਵਿਰੋਧੀ ਸਿਆਸੀ ਪਾਰਟੀ ਨਾਲ ਚਿੱਠੀ ਪੱਤਰ ਕਰਕੇ, ਉਸਨੂੰ ਪੰਜਾਬੀ ਨੂੰ ਸਹੀ ਅੱਰਥਾਂ ਵਿਚ ਰਾਜ ਭਾਸ਼ਾਂ ਦਾ ਦਰਜ਼ਾ ਦੇਣ ਦਾ ਵਾਅਦੇ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

(ਹ) ਵਿਸ਼ਵ ਦੇ ਹਰ ਕੋਨੇ ਵਿਚ ‘ਪੰਜਾਬੀ ਵਿਸ਼ਵ ਸੰਮੇਲਨ’ ਆਯੋਜਿਤ ਕਰਕੇ, ਸਾਰੀ ਦੁਨੀਆ ਵਿਚ ਫੈਲੇ ਪੰਜਾਬੀਆਂ ਨੂੰ, ਇੱਕ ਜੁੱਟ ਹੋ ਕੇ ਪੰਜਾਬੀ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਲਈ ਲਾਮਮੰਦ ਕੀਤਾ ਜਾਵੇ।

—————-

(ਪਹਿਲਾ ਅੰਤਰ-ਰਾਸ਼ਟਰੀ ਸਨਮਾਨ)

ਵਕਾਲਤ ਮੇਰਾ ਰੋਟੀ ਕਮਾਉਣ ਦਾ ਸਾਧਨ ਹੈ ਅਤੇ ਸਾਹਿਤ ਸਿਰਜਣ ਲੋਕਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਦਾ ਜਨੂਨ। ਖੁਸ਼ੀ ਹੈ ਕਿ ਦੋਹਾਂ ਖੇਤਰਾਂ ਵਿਚ ਮੈਨੂੰ ਰਾਸ਼ਟਰੀ ਪੱਧਰ ਦੀ ਮਾਨਤਾ ਪ੍ਰਾਪਤ ਹੋਈ ਹੈ। ‘ਸੁਧਾਰ ਘਰ’ ਨਾਵਲ ਨੂੰ 2008 ਵਿਚ ਪ੍ਰਤਿਸ਼ਟਿਤ ‘ਸਾਹਿਤ ਅਕੈਡਮੀ ਪੁਰਸਕਾਰ’ ਮਿਲਿਆ। 2008 ਵਿਚ ਹੀ ਕਾਨੂੰਨ ਵਿਚ ਮਿਆਰੀ ਖੋਜ ਲਈ ਕੇਂਦਰ ਸਰਕਾਰ ਦੇ ‘Bureau of Police Research and Development’ ਵਿਭਾਗ ਨੇ ਵਿਸੇਸ਼ ‘ਪੰਡਤ ਗੋਬਿੰਦ ਬੱਲਬ ਪੰਤ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹੁਣ ਪਿਛਲੇ ਪੰਜ ਸਾਲ ਤੋਂ ਮਾਂ ਬੋਲੀ ਦੀ ਸਲਾਮਤੀ ਲਈ ਜੂਝ ਰਿਹਾ ਹਾਂ। ਇਸ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਲਈ ਵੀ ਮੇਰੀ ਝੋਲੀ ਵਿਚ ਅੰਤਰ-ਰਾਸ਼ਟਰੀ ਸਨਮਾਨ ਪਿਆ ਹੈ।

ਇਹ ਮਾਨਤਾ ਮੈਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰਫੁਲਤਾ ਲਈ ਹੋਰ ਨਿੱਠ ਕੇ ਕੰਮ ਕਰਨ ਲਈ ਹਜ਼ਾਰਾਂ ਮਣ ਊਰਜਾ ਦੇਵੇਗੀ।