May 29, 2023

Mitter Sain Meet

Novelist and Legal Consultant

ਸਾਡੇ ਮੇਜਬਾਨ

1.ਵੈਨਕੂਵਰ ਦੇ ਮੇਜਬਾਨ- ਕ੍ਰਿਪਾਲ ਸਿੰਘ ਗਰਚਾ ਅਤੇ ਉਨ੍ਹਾਂ ਦੀ ਸਾਥਣ ਨਿਰਮਲ

ਨੋਟ: ਸ ਕ੍ਰਿਪਾਲ ਸਿੰਘ ਗਰਚਾ ਜੀ ਬਾਰੇ ਜਿਕਰ ‘ਮਾਂ ਬੋਲੀ ਪੰਜਾਬੀ ਦੇ ਕਨੇਡੀਅਨ ਵਾਰਿਸ’ ਲੇਖ ਵਿਚ ਕਰਾਂਗੇ।

 – ਭੈਣ ਦੀਆਂ ਆਪਣੇ ਵੀਰ ਨੂੰ ਦੋ ਅਨਲੋਲ ਸੁਗਾਤਾਂ

ਪੰਜਾਬੀਆਂ ਦੀ ਪ੍ਰਾਹੁਣਚਾਰੀ ਸੰਸਾਰ ਪ੍ਰਸਿਧ ਹੈ। ਪੰਜਾਬੀ ਸਾਹਿਤ ਦੇ ਪਿਤਾਮਾ ਨਾਨਕ ਸਿੰਘ ਨੇ, ਆਪਣੇ ਅਮਰ ਪਾਤਰ ‘ਭੂਆ” ਰਾਹੀਂ, ਇਸ ਸਿਸ਼ਟਾਚਾਰ ਨੂੰ ਚਿਰ ਸਦੀਵੀ ਬਣਾ ਦਿੱਤਾ ਹੈ। ਕੋਈ ਕੁਝ ਵੀ ਕਹੇ ਸਾਡੇ ਹਥੋਂ ਹਾਲੇ ਇਹ ਖਾਸਾ ਖੁਸਿਆ ਨਹੀਂ ਹੈ। ਵੈਨਕੂਵਰ ਵਾਲੀ ਸਾਡੀ ਮੇਜ਼ਬਾਨ ਭੈਣ ਨਿਰਮਲ, ‘ਭੂਆ” ਦਾ ਜਿਉਂਦਾ ਜਾਗਦਾ ਰੂਪ ਹੈ। ਪੂਰੇ ਚੌਦਾਂ ਦਿਨ ਉਨਾਂ ਨੇ ਸਾਡੀ ਬੇਮਿਸਾਲ ਖਾਤਰਦਾਰੀ ਕੀਤੀ।  ਪਰ ਵਿਦਿਆਇਗੀ ਸਮੇਂ ‘ਨਿਰਮਲ’ ਨੇ ਜਦੋਂ ਸੱਜ ਵਿਆਹੀ ਕੁੜੀ ਵਾਂਗੂ ਸਾਡੇ ਲਈ ਹੁਭਕੀਂ ਹੁਬਕੀਂ ਹੰਝੂ ਵਹਾਏ ਤਾਂ ਅਨਮੋਲ ਮੋਤੀਆਂ ਨਾਲ ਭਰੀਆਂ ਝੋਲੀਆਂ ਵਾਲੇ  ਮਹਿਮਾਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਨਾਲ ਉਨਾਂ ਦੇ ਪਤੀ ਕ੍ਰਿਪਾਲ ਸਿੰਘ ਗਰਚਾ ਜੀ ਵੀ ਗਮਗੀਨ ਹੋ ਗਏ।

ਰੀੜ ਦੀ ਹੱਡੀ ਵਿਚ ਦਰਦ ਹੋਣ ਕਾਰਨ ਮੈਨੂੰ ਤੁਰਨ ਫਿਰਨ ਵਿਚ ਦਿੱਕਤ ਮਹਿਸੂਸ ਹੁੰਦੀ ਸੀ। ਕੁਝ ਮਿੰਟ ਖੜਨ ਤੇ ਅਸਿਹ ਦਰਦ ਸ਼ੁਰੂ ਹੋ ਜਾਂਦਾ ਸੀ। ਕਦੇ ਕਦੇ ਸਤੁੰਲਨ ਵਿਗੜ ਜਾਦਾਂ ਸੀ ਅਤੇ ਡਿੱਗਣ ਦੇ ਅਸਾਰ ਤੱਕ ਬਣ ਜਾਂਦੇ ਸਨ। ਮੇਰੀ ਇਸ ਬਿਮਾਰੀ ਨੇ ਮੇਰੇ ਹਰ ਕੰਮ ਨੂੰ ਦੁੱਬਰ ਕਰ ਰਖਿਆ ਸੀ।

ਗਰਚਾ ਸਹਿਬ ਨੇ ਆਪਣੀ ਮਾਂ ਦੀ ਬੁਡਾਪੇ ਵੇਲੇ ਦੀ ਡੰਗੋਰੀ ਨਿਸ਼ਾਨੀ ਵਜੋਂ  ਸੰਭਾਲੀ ਕੇ ਰੱਖੀ ਹੋਈ ਸੀ। ਭੈਣ ਤੋਂ ਵੀਰ ਦਾ ਦੁੱਖ ਸਹਾਰਿਆ ਨਾ ਗਿਆ। ਮੈਨੂੰ ਸਹਾਰਾ ਦੇਣ ਲਈ ਨਿਰਮਲ ਨੇ ਉਹ ਖੂੰਡੀ ਮੈਨੂੰ ਦੇ ਦਿੱਤੀ।

16 ਜੂਨ ਨੂੰ ਅਸੀਂ ਆਪਣੇ ਅਗਲੇ ਪੜਾਅ ਕੈਲਗਰੀ ਲਈ ਰਵਾਨਾ ਹੋਣਾ ਸੀ। 18 ਜੂਨ ਨੂੰ ਗਰਚਾ ਪਰਿਵਾਰ ਨੇ ਸੈਰ ਸਪਾਟੇ ਲਈ ਰੂਸ ਵੱਲ ਚਲੇ ਜਾਣਾ ਸੀ। ਮੁੜ ਅਸੀਂ ਕੈਨੇਡਾ ਵਿਚ ਨਹੀਂ ਸੀ ਮਿਲ ਸਕਨਾ। ਗਰਚਾ ਸਹਿਬ ਕਹਿੰਦੇ, ‘ ਇਹ ਖੂੰਡੀ ਤੁਸੀਂ ਪੰਜਾਬ ਲੈ ਜਾਣਾ। ਰਸਤੇ ਵਿਚ ਕੰਮ ਆਏਗੀ’। ਇਸ ਖੂੰਡੀ ਨੇ ਸੱਚ ਮੁੱਚ “ਮੇਰੀ ਬੀਬੀ” ਬਣ ਕੇ, ਪਹਿਲਾਂ ਬਾਕੀ ਦੇ ਦਿਨ ਕੈਨੇਡਾ ਵਿਚ ਅਤੇ ਫੇਰ ਪੰਜਾਬ ਤੱਕ ਦੇ ਸਫਰ ਵਿਚ, ਮੈਨੂੰ ਵਾਰ ਵਾਰ ਡਿਗਨੋ ਬਚਾਇਆ।

ਨਿਰਮਲ ਦੀ ਦਿੱਤੀ ਇਹ ਖੂੰਡੀ ਮੇਰੇ ਲਈ ‘ਰਬੜ-ਸਟੀਲ-ਅਲਮੀਨੀਅਮ’ ਦਾ ਡੰਡਾ ਨਹੀਂ ਰਹੀ। ਸਗੋਂ ਲੋੜ ਸਮੇਂ ਬਾਂਹ ਫੜਕੇ ਸਹਾਰਾ ਦੇਣ ਵਾਲੀ ‘ਭੈਣ’ ਦਾ ਰੂਪ ਧਾਰ ਗਈ ਹੈ।  ਵੈਨਕੂਵਰ ਦੇ ਮੇਜਬਾਨ-1- ਕ੍ਰਿਪਾਲ ਸਿੰਘ ਗਰਚਾ ਅਤੇ ਉਨ੍ਹਾਂ ਦੀ ਸਾਥਣ ਨਿਰਮਲ

2. ਵੈਨਕੂਵਰ ਦੇ ਮੇਜਬਾਨ – ਅੰਤਰ ਸਿੰਘ

ਅਣਛੋਹੇ ਪਹਿਲੂਆਂ ਨਾਲ ਸਾਂਝ

ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਕੱਤਰ, ਸ.ਅੰਤਰ ਸਿੰਘ ਨੇ, ਮਾਂ ਬੋਲੀ ਪੰਜਾਬੀ ਲਈ ਆਪਣੇ ਮੋਹ ਦਾ ਪਰਗਟਾਵਾ ਕਰਦੇ ਹੋਏ,  ਸਮਾਗਮ ਵਾਲਾ ਪੂਰਾ ਦਿਨ (10 ਜੂਨ) ਤਾਂ ਮਾਂ ਬੋਲੀ ਪੰਜਾਬੀ ਨੂੰ ਸਮੱਰਪਿਤ ਕੀਤਾ। 

ਨਾਲ ਹੀ ਆਪਣੇ ਰੁਝੇਵਿਆਂ ਵਿਚੋਂ ਦੋ ਦਿਨ ਵਿਸ਼ੇਸ਼ ਤੌਰ ਤੇ, ਕੈਨੇਡਾ ਅਤੇ ਅਮਰੀਕਾ ਦੇ ਕਈ ਅਣਛੋਹੇ ਪਹਿਲੂਆਂ ਤੋਂ ਸਾਨੂੰ ਜਾਣੂ ਕਰਾਉਣ ਲਈ,, ਸਾਡੇ ਲਈ ਰਾਖਵੇਂ ਰੱਖੇ। 15 ਜੂਨ ਨੂੰ  ਸਾਰਾ ਦਿਨ ਉਨ੍ਹਾਂ ਨੇ ਸਾਨੂੰ ਵੈਨਕੂਵਰ ਦੀਆਂ ਪੋਸ਼ ਕਲੋਨੀਆਂ ਅਤੇ ਸੰਸਾਰ ਪ੍ਰਸਿੱਧ- ਦਿਓਕੱਦ ਮਾਲਾਂ ਦੇ ਦਰਸ਼ਨ ਕਰਾਏ।

ਸਾਡੀ ਫਰਮਾਇਸ਼ ਤੇ, ਫੇਰ ਸਰ੍ਹੀ ਦੇ  ਪੰਜਾਹ-ਪੰਜਾਹ ਏਕੜਾਂ ਦੇ ਫਾਰਮਾਂ ਤੇ ਲਿਜਾਅ ਕੇ ਸਾਨੂੰ ਪੰਜਾਬੀ ਕਿ੍ਰਸਾਨਾਂ ਦੀਆਂ ਪ੍ਰਾਪਤੀਆਂ ਅਤੇ ਖੇਤ ਮਜ਼ਦੂਰਾਂ ਦੀਆਂ ਔਕੜਾਂ ਦਾ ਯਥਾਰਥਿਕ ਅਨੁਭਵ ਕਰਾਇਆ।

               28 ਜੂਨ ਨੂੰ ਵੈਨਕੂਵਰ ਤੋਂ ਕਰੀਬ 300 ਕਿਲੋਮੀਟਰ ਦੂਰ ਸਥਿਤ, ਅਮਰੀਕਾ ਦੇ ਸਿਆਟਲ ਸ਼ਹਿਰ ਲਿਜਾ ਕੇ, ਉਥੋਂ ਦੀਆਂ ਪ੍ਰਸਿੱਧ ਸੰਸਥਾਵਾਂ ਅਤੇ ਸਥਾਨਾਂ  ਦੇ ਨਾਲ-ਨਾਲ ਸਿਆਟਲ ਵਾਸੀਆਂ ਦੇ ਰੁਝੇਵਿਆਂ ਭਰੇ ਪਰ ਸੁਖਾਵੇਂ ਜਨ-ਜੀਵਨ ਦੀ ਝਲਕ  ਦਿਖਾਈ।

ਮਹਿੰਦਰ ਸਿੰਘ ਸੇਖੋਂ ਵਲੋਂ ‘ਮਾਣ ਮੱਤੇ ਪੰਜਾਬੀ’ ਸਨਮਾਨ ਚਿੰਨ ਭੇਂਟ ਕੀਤਾ ਗਿਆ।

3. ਕੈਲਗਰੀ ਦਾ ਮੈਜਬਾਨ- ਜਸਪਾਲ ਸਿੰਘ

ਪਹਿਲਾਂ ਜਸਪਾਲ ਸਿੰਘ ਦੇ ਮਹਿਲ ਵਰਗੇ ਘਰ ਅਤੇ ਸੁਮੁੱਚੇ ਸੁਚੱਜੇ ਪਰਵਾਰ ਦੀ ਝਲਕ

ਘਰ ਅੰਦਰਲੀ ਸ਼ਾਨ

 – ਜਸਪਾਲ ਸਿੰਘ ਦੀ ਨਟਖਟਤਾ ਦੀ ਝਲਕ

ਕੈਲਗਰੀ ਵਿਚ ਅਸੀਂ ਚਾਰ ਰਾਤਾਂ ਅਤੇ ਪੰਜ ਦਿਨ ਰਹਿਣਾ ਸੀ। ਇਸ ਵਾਰ ਪ੍ਰਾਹੁਣਚਾਰੀ ਦੀ ਜਿੰਮੇਵਾਰੀ ਸ ਕੁਲਦੀਪ ਸਿੰਘ ਦੇ ਛੋਟੇ ਭਰਾ ਸ ਜਸਪਾਲ ਸਿੰਘ ਦੇ ਸਿਰ ਸੀ। ਉਥੇ ਸੱਤ ਮਹਿਮਾਨਾਂ ਨੇ ਠਹਿਰਨਾ ਸੀ। ਸੱਤੋ ਸਠਿਆਏ ਅਤੇ ਗੰਭੀਰ ਸੁਭਾਅ ਦੇ ਸਨ। ਇਸ ਦੇ ਉੱਲਟ ਨਟਖਟਤਾ ਜਸਪਾਲ ਸਿੰਘ ਦੀਆਂ ਅੱਖਾਂ ਵਿਚੋਂ ਸਾਫ ਝੱਲਕਦੀ ਸੀ।  ਮੈਂ ਅਤੇ ਮੇਰੀ ਪਤਨੀ ਨੇ ਤਿੰਨ ਲੰਬੀਆਂ ਯਾਤਰਾਵਾਂ(ਐਡਮਿੰਟਨ,ਡਰਮ ਹੈਲ ਅਤੇ ਲੇਕ ਲੁਈਸ) ਉਸਦੀ ਗੱਡੀ ਵਿਚ ਕੀਤੀਆਂ ਸਨ।


ਖੁਲਦੇ ਖੁਲਦੇ ਅਸੀਂ ਹੱਲਕਾ ਫੁਲਕਾ ਹਾਸਾ ਠੱਠਾ ਕਰਨ ਜੋਗੇ ਹੋ ਗਏ ਸਾਂ। ਜਦੋਂ ਕਦੇ ਸਾਨੂੰ ਕੋਈ ਗੋਰੀ ਮਿਲਦੀ ਤਾਂ ਜਸਪਾਲ ਆਪਣਾ ਕੈਮਰਾ ਕੱਸ ਕੇ ਖੜ ਜਾਂਦਾ।ਕਹਿਣ ਲੱਗਦਾ,” ਗੋਰੀ ਦੇ ‘ਨੇੜੇ’ ਹੋਵੋ। ਮੈਂ ਗੋਰੀ ਨਾਲ ਤੁਹਾਡੀ ਫੋਟੋ ਖਿਚਨੀ ਹੈ।”

ਮੈਨੂੰ ਗੋਰੀਆਂ ਵਿਚ ਕੋਈ ਦਿਲਚਸਪੀ ਨਹੀਂ ਸੀ। ” ਘਰਵਾਲੀ ਨਾਲ ਹੈ। ਇਸ ਉਮਰੇ ਘਰੋਂ ਨਿਕਲਨ ਦੀ ਸਲਾਹ ਨਹੀਂ।”

ਹਲਕੇ ਫੁਲਕੇ ਅੰਦਾਜ ਦਾ ਸਹਾਰਾ ਲੈ ਕੇ ਮੈਂ ਕੈਮਰੇ ਦੀ ਰੈਂਜ ਵਿਚੋਂ ਨਿਕਲ ਜਾਂਦਾ।

” ਲੈ ਭਾਅ ਜੀ ਇਸ ਵਿਚ ਕੀ ਐ! ਜਦੋਂ ਕੋਈ ਪੰਜਾਬੋਂ ਇਧਰ ਆਉਂਦੈ ਤਾਂ ਗੋਰੀਆਂ ਨਾਲ ਚਾਂਬਲ ਚਾਂਬਲ ਫੋਟੋਆਂ ਖਿਚਵਾਉਂਦੈ। ਭੈਣ ਜੀ ਨੂੰ ਮੈਂ ਕਹਿ ਦਿੰਦੀ ਹਾਂ।” ਜਸਪਾਲ ਦੀ ਹਿਮਾਇਤ ਕਰਦੀ ਅਤੇ ਮੇਰੀ ਪਤਨੀ ਤੇ ਅਪਣਤ ਜਤਾਉਂਦੀ ਜਸਪਾਲ ਦੀ ਪਤਨੀ ਆਖਦੀ।

ਪੜਾਅ ਦੇ ਆਖਰੀ ਦਿਨ ਉਹ ਸਾਨੂੰ ਕੈਲਗਰੀ ਦਾ Down Town ਦਿਖਾਉਣ ਲੈ ਗਏ। ਕੈਲਗਰੀ ਟਾਵਰ ਘੁੰਮਣ ਬਾਅਦ ਅਸੀਂ ਆਪਣੇ ਟਿਕਾਣੇ ਤੇ ਮੁੜ ਆਉਣਾ ਸੀ ਅਤੇ ਅਗਲੇ ਦਿਨ ਪਹੁ ਫੁਟਾਲੇ ਨਾਲ ਜਹਾਜ ਚੜ ਜਾਣਾ ਸੀ।

ਜਸਪਾਲ ਆਪਣੀ ਜਿੱਦ ਪਗਾਉਣ ਦੀ ਤਾਕ ਵਿਚ ਸੀ।

ਟਾਵਰ ਤੋਂ ਹੇਠਾਂ ਉਤਰ ਕੇ ਉਸਨੇ ‘ਗਿਫਟ ਸ਼ਾਪ’ ਦੀ ਸੇਲਜਗਰਲ ਨਾਲ ਅੰਗਰੇਜੀ ਵਿਚ ਗਿੱਟ ਮਿੱਟ ਕੀਤੀ। ਫੇਰ ਉਸਨੂੰ ਮੇਰੇ ਨੇੜੇ ਹੋਣ ਦਾ ਇਸ਼ਾਰਾ ਕੀਤਾ। ਮੈਂ ਆਪਣੀ ਜਿੱਦ ਛੱਡ ਦਿੱਤੀ। ਉਸਨੇ ਝੱਟ ਸਾਡੀ ਫੋਟੋ ਖਿਚ ਲਈ। 20 ਦਿਨਾਂ ਵਿਚ ਕਿਸੇ ਗੋਰੀ ਨਾਲ ਹੋਈ ਇਹ ਮੇਰੀ ਪਹਿਲੀ ਫੋਟੋ ਸੀ। ਅਤੇ ਆਖਰੀ ਵੀ।

ਜਸਪਾਲ ਸਿੰਘ ਦੀ ਅੱਪਣਤ ਅਤੇ ਉਸਦੇ ਨਟਖਟ ਸੁਭਾਅ ਦੀ ਪ੍ਰਤੀਕ ਹੈ ਇਹ ਫੋਟੋ।

– ਮਹਿਮਾਨਾਂ ਦੇ ਸਨਮਾਨ ਵਿਚ ‘ਬਾਰ-ਬੀ-ਕਿਉ

ਪ੍ਰਵਾਸੀ ਕਹਾਣੀਕਾਰਾਂ ਵਿਚੋਂ ਮੈਨੂੰ ਹਰਪ੍ਰੀਤ ਸਿੰਘ ਸੇਖਾ ਦੀਆਂ ਕਹਾਣੀਆਂ ਸੱਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ। ਕੈਨੇਡਾ ਵਿਚ ਪ੍ਰਵਾਸ ਕਰਕੇ ਗਏ ਪੰਜਾਬੀਆਂ, ਖਾਸ ਕਰ ਔਰਤਾਂ ਦੇ ਜਨ ਜੀਵਨ ਨੂੰ ਉਹ ਬੜੀ ਬਰੀਕੀ ਨਾਲ ਚਿਤ੍ਰਦਾ ਹੈ। ਇਨਾਂ ਕਹਾਣੀਆਂ ਵਿਚ ਕਈ ਅਜਿਹੀਆਂ ਵਸਤੂਆਂ ਅਤੇ ਵਰਤਾਰਿਆਂ ਦਾ ਜ਼ਿਕਰ ਆਉਂਦਾ ਹੈ ਜੋ ਪੰਜਾਬ ਵਿਚ ਦਿਖਾਈ ਨਹੀਂ ਦਿੰਦੇ। ਜਿਵੇਂ ‘ਬਾਰ-ਬੀ-ਕਿਉ’,’ਲਿਵਿੰਗ ਏਰੀਆ’ ਅਤੇ ‘ਫੇਮਲੀ ਏਰੀਆ’ ਆਦਿ। ਮੈਂਨੂੰ ਇਨਾਂ ਵਸਤੂਆਂ ਅਤੇ ਵਰਤਾਰਿਆਂ ਬਾਰੇ ਜਾਨਣ ਦੀ ਤੀਬਰ ਇੱਛਾ ਸੀ। ਖਾਸਕਰ ‘ਬਾਰ-ਬੀ-ਕਿਉ’ ਬਾਰੇ। ਇਨ੍ਹਾਂ ਕੁ ਮੈਂਨੂੰ ਪਤਾ ਸੀ ਕਿ ਜਦੋਂ ਕਿਸੇ ਪਰਵਾਰ ਨੇ ਆਪ ਜਾਂ ਸੀਮਤ ਦੋਸਤਾਂ ਨਾਲ ਮਿਲ ਕੇ ਮੌਜ ਮੇਲਾ ਕਰਨਾ ਹੋਵੇ ਤਾਂ ਖਾਣਾ ‘ਬਾਰ-ਬੀ-ਕਿਉ’ ਤੇ ਤਿਆਰ ਕੀਤਾ ਜਾਂਦਾ ਹੈ। ਭਾਵ ਇਸ ਤੇ ਸੁਆਦੀ ਅਤੇ ਤਾਜਾ ਖਾਣਾ ਬਣਾਇਆ ਜਾਂਦਾ ਹੈ। ਕਿਸੇ ਮਹਿਮਾਨ ਦੇ ਆਉਣ ਤੇ ‘ਬਾਰ-ਬੀ-ਕਿਉ’ ਕਰਨਾ ਇਕ ਸਨਮਾਨ ਚਿੰਨ ਵੀ ਹੈ। ਮੇਰੀ ‘ਬਾਰ-ਬੀ-ਕਿਉ’ ਦੇਖਣ ਅਤੇ ਇਸ ਤੇ ਬਣਿਆ ਖਾਣਾ ਖਾਣ ਦੀ ਬਹੁਤ ਇੱਛਾ ਸੀ। ਮੇਰੀ ਇਹ ਇੱਛਾ ਜਸਪਾਲ ਸਿੰਘ ਹੋਰਾਂ ਨੇ ਪੂਰੀ ਕੀਤੀ।

ਪੱਛਮ ਵਾਲਿਆਂ ਨੇ ‘ਬਾਰ-ਬੀ-ਕਿਉ’ ਦੀ ਇਜ਼ਾਦ ਭਾਵੇਂ ਮਾਸ ਭੁੰਨਣ ਲਈ ਕੀਤੀ ਹੋਵੇ ਪਰ ਸਾਡੇ ਮੇਜ਼ਬਾਨਾਂ (ਜਸਪਾਲ ਸਿੰਘ ਅਤੇ ਉਨਾਂ ਦੇ ਵੱਡੇ ਭਰਾ  ਕੁਲਦੀਪ ਸਿੰਘ ) ਨੇ, ਆਪਣੇ ਕੁਝ ਸ਼ਾਕਾਹਾਰੀ ਮਹਿਮਾਨਾਂ ਲਈ ਇਸ ਤੇ ਆਲੂ, ਸ਼ਕਰਕੰਦੀਆਂ ਅਤੇ ਛੱਲੀਆਂ ਵੀ ਭੁੰਨੀਆਂ।

4. ਵਿਨੀਪੈਗ ਦੇ ਮੇਜਬਾਨ- ਗੁਰਸ਼ਰਨ ਸਿੰਘ ਸੰਧਾਵਾਲੀਆ

‘ਠੇਕਾ ਮਿੱਤਰਾਂ ਦਾ’ ਦਾ ਠੇਕੇਦਾਰ

ਵਿਨੀਪੈਗ ਅਸੀਂ ਛੇ ਜਣੇ ਗਏ ਸੀ। ਦੋ ਇੱਕਲੇ ਇੱਕਲੇ ਅਤੇ ਦੋ ਪਰਵਾਰ। ਛੜਿਆਂ ਦੇ ਠਹਿਰਣ ਦਾ ਪ੍ਰਬੰਧ ਡਾ ਮਹਿੰਦਰ ਸਿੰਘ ਢਿਲੋਂ ਦੇ ਘਰ ਸੀ। ਪਰਵਾਰਾਂ ਨੇ, ਸ ਗੁਰਸ਼ਰਨ ਸਿੰਘ ਸੰਧਾਵਾਲੀਆ, ਜਿਨਾਂ ਨੂੰ ਕੈਨੇਡਾ ਵਿਚ ‘ਵਾਲੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਤਿੰਨ ਏਕੜ ਵਿਚ ਬਣੇ ਮਹਿਲ ਵਿਚ ਰਹਿਨਾ ਸੀ।

‘ਸੰਧਾਵਾਲੀਆ’ ਘਰਾਨੇ ਨਾਲ ਸਬੰਧ ਰੱਖਣ ਕਾਰਨ ਉਹ ਮੌਜ ਮਸਤੀ ਕਰਨ ਵਿਚ ਵਿਸ਼ਵਾਸ਼ ਰੱਖਦੇ ਹਨ। ਪੰਜਾਬੀਆਂ ਨਾਲੋਂ ਵੱਧ ਮੇਲ ਮਿਲਾਪ ਗੋਰਿਆਂ ਨਾਲ ਹੈ। ਉੱਠਾਂ ਵਾਲਿਆਂ ਨਾਲ ਲਾਈ ਦੋਸਤੀ ਨਿਭਾਉਣ ਲਈ ਉਨਾਂ ਨੇ ਆਪਣੀ ਪੂਰੀ ਬੇਸਮੈਂਟ ਵਿਚ ‘ਬਾਰ ਅਤੇ ਡਾਂਸ ਫਲੋਰ’ ਬਣਾਇਆ ਹੋਇਆ ਹੈ।ਜ਼ਹਾਜ ਚੜਨ ਤੋਂ ਪਹਿਲਾਂ ਮੈਂ ਅਤੇ ਸੇਖੋਂ ਨੇ ਫੈਸਲਾ ਕੀਤਾ ਸੀ ਕਿ ਕੈਨੇਡਾ ਫੇਰੀ ਦੌਰਾਣ ਸ਼ਰਾਬ ਨਹੀਂ ਪੀਣੀ।

ਅਸੀਂ ਤਿੰਨ ਰਾਤਾਂ ਸੰਧਾਵਾਲੀਆ ਸਾਹਿਬ ਦੇ ਘਰ ਰਹੇ। ਹਰ ਸ਼ਾਮ ਉਹ ਮੈਨੂੰ ਬਾਰ ‘ਦੇਖਣ’ ਲਈ ਕਹਿੰਦੇ। ਆਪਣੇ ਬਚਨ ਤੇ ਪੂਰਾ ਉੱਤਰਣ ਲਈ ਮੈਂ ਬਾਰ ਜਾਣ ਤੋਂ ਟਲਦਾ ਰਿਹਾ।

ਵਾਲੀ ਸਾਹਿਬ ਦੀ ਚਾਰ ਦਿਨ ਦੀ ਬੇਮਿਸਾਲ ਪ੍ਰਾਹੁਣਚਾਰੀ ਨੇ ਅਖੀਰ  ਮੇਰੀ ਆਤਮਾ ਨੂੰ ਝੰਜੋੜਿਆ। ਮੈਨੂੰ ਸੁਵਾਰਥੀ ਗਰਦਾਨਿਆ। ਮੈਂ ਗਲਤੀ ਸੁਧਾਰੀ। ਤੀਜੀ ਰਾਤ ਮੈਂ ਉਨਾਂ ਦਾ ਕਹਿਨਾ ਮੰਨ ਲਿਆ।

ਦੁਨੀਆ ਭਰ ਦੀਆਂ ਅਤੇ ਮਹਿੰਗੀਆਂ ਤੋਂ ਮਹਿੰਗੀਆਂ ਸ਼ਰਾਬਾਂ ਨਾਲੋਂ ਵੱਧ ਮੈਨੂੰ ਉਨਾਂ ਦੀ ਅੰਗਰੇਜ਼ੀ ਤਰਜ਼ ਤੇ ਬਣੀ ਆਲੀਸ਼ਾਨ ਬਾਰ ਉੱਪਰ ਲਿਖੇ ਤਿੰਨ “ਠੇਕਾ ਮਿਤਰਾ ਦਾ” ਅੱਖਰਾਂ ਨੇ ਨਸ਼ਿਆਇਆ।

ਅੱਧੀ ਸਦੀ ਦੇ ਕੈਨੇਡਾ ਪ੍ਰਵਾਸ ਦੇ ਬਾਵਜੂਦ, ਵਾਲੀ ਸਾਹਿਬ ਨੇ ਆਪਣੇ ਵਿਰਸੇ ਦਾ ਪੱਲਾ ਨਹੀਂ ਛਡਿਆ। ਹਾਲੇ ਵੀ ਉਨਾਂ ਨੂੰ ਅੰਗਰੇਜ਼ੀ ਨਾਲੋਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਵੱਧ ਮੋਹ ਹੈ।

ਮੈਂ ਭੀਸ਼ਮ ਪਿਤਾਮਾ ਨਹੀਂ ਸੀ। ਇਕ ਸੱਚੇ ਸੁੱਚੇ ਪੰਜਾਬੀ ਦਾ ਮਾਨ ਵਧਾਉਣ ਲਈ ਅਤੇ ਉਨਾਂ ਦੀ ਪ੍ਰਾਹੁਣੀਚਾਰੀ ਦੀ ਬਾਕੀ ਰਹਿੰਦੀ ਮਹੱਤਵਪੂਰਣ  ਰਸਮ ਨਿਭਾਅ ਲਈ, ਆਪਣਾ ਬਚਨ ਭੰਗ ਕਰਨ ਵਿਚ ਮੈਨੂੰ ਝਿਜਕ ਦੀ ਥਾਂ ਖੁਸ਼ੀ ਮਹਿਸੂਸ ਹੋਈ।

ਵਾਲੀ ਸਾਹਿਬ ਵਾਂਗ ਉਨ੍ਹਾਂ ਦੀ ਪਤਨੀ ਬੀਬੀ ਜਸਵਿੰਦਰ ਕੌਰ ਵਾਲੀ ਵੀ ਪ੍ਰਾਹੁਣਚਾਰੀ ਵਿਚ ਆਪਣੀ ਮਿਸਾਲ ਆਪ ਹੀ ਹਨ।

5. ਵੈਨਕੂਵਰ ਦੇ ਮੇਜਬਾਨ-ਕਾਮਰੇਡ  ਸੁਰਜੀਤ ਸਿੰਘ ਗਾਲਿਬ

– ਖੱਬੂ ਦਾ ਖੱਬੂ ਨੂੰ ਕੀਮਤੀ ਤੋਹਫਾ

      ਸੁਰਜੀਤ ਸਿੰਘ ਗਾਲਿਬ ਮਾਰਕਸਵਾਦੀ ਵਿਚਾਰਧਾਰਾ ਦੇ ਹਨ ਅਤੇ ਇਸ ਵਿਚਾਰਧਾਰਾ ਨਾਲ ਸਬੰਧਤ ਜੱਥੇਬੰਦੀਆਂ ਦੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇੰਨਾ ਹੀ ਨਹੀਂ, ਲੋੜ ਪੈਣ ਤੇ, ਕਿਰਤੀਆਂ ਦੇ ਹੱਕ ਵਿਚ ਭੁਗਤਣ ਵਾਲੀ ਇਸ ਵਿਚਾਰਧਾਰਾ ਨੂੰ ਅਮਲੀ ਰੂਪ ਵੀ ਦਿੰਦੇ ਹਨ। ਵੱਡਾ ਕਾਰੋਬਾਰੀ ਹੋਣ ਕਾਰਨ, ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿਚੋਂ ਕਨੇਡਾ ਆਉਣ ਵਾਲੇ ਕਾਮਿਆਂ ਨੂੰ ਵਰਕ ਪਰਮਿਟ ਲੈਣ ਲਈ ਲੋੜੀਂਦਾ ਐਲ.ਐਮ.ਓ. ਦੇਣ ਦਾ ਅਧਿਕਾਰ ਹੈ। ਹੋਰ ਸੱਜਣ ਇਸ ਸੇਵਾ ਬਦਲੇ ਪੰਜਾਹ ਪੰਜਾਹ ਹਜ਼ਾਰ ਡਾਲਰ ਤੱਕ, ਰਿਸ਼ਵਤ ਵਜੋਂ, ਵਸੂਲਦੇ ਹਨ। ਗਾਲਿਬ ਸਾਹਿਬ ਹੁਣ ਤੱਕ ਬੀਸੀਆਂ ਲੋੜਵੰਦ ਪੰਜਾਬੀਆਂ ਨੂੰ ਐਲ.ਐਮ.ਓ. ਬਿਨ੍ਹਾਂ ਧੇਲਾ ਲਏ ਦੇ ਚੁੱਕੇ ਹਨ।

ਫੇਰੀ ਦੇ ਆਖਰੀ ਹਫ਼ਤੇ ਦੀ ਰਿਹਾਇਸ਼ ਅਤੇ ਇੱਧਰ ਉੱਧਰ ਆਉਣ ਜਾਣ ਦਾ ਪ੍ਰਬੰਧ ਉਨ੍ਹਾਂ ਸਿਰ ਸੀ। ਵਿਹਲ ਸਮੇਂ  ਉਨ੍ਹਾਂ ਨਾਲ ‘ਮਾਰਕਸਵਾਦ ਦੇ ਭਵਿੱਖ’ ਬਾਰੇ ਲੰਬੀਆਂ ਬਹਿਸਾਂ ਹੋਈਆਂ। ਉਨ੍ਹਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ,’ਤਫਤੀਸ਼’ ਨਾਵਲ ਉਨ੍ਹਾਂ ਨੂੰ ਭੇਂਟ ਕਰਨ ‘ਚ ਮੈਂਨੂੰ ਡਾਢੀ ਖੁਸ਼ੀ ਹੋਈ।

      ਕਨੇਡਾ ਫੇਰੀ ਦੇ ਯਾਦਗਾਰੀ ਪਲਾਂ ਨੂੰ ਚਿਰ ਜੀਵੀ ਬਣਾਉਣ ਲਈ ਮੇਰੇ ਕੋਲ ਨਾ ਕੈਮਰਾ ਸੀ, ਨਾ ਟੈਬ ਅਤੇ ਨਾ ਹੀ ਆਧੁਨਿਕ ਮੋਬਾਇਲ ਫੋਨ। ਸਾਰੀ ਫੇਰੀ ਦੌਰਾਨ ਮੈਨੂੰ ਆਪਣੀ ਇਹ ਘਾਟ ਰੜਕਦੀ ਰਹੀ। ਇਕ ਦਿਨ ਮੈਂ ਇਕ ਟੈਬ ਖਰੀਦਣ ਦਾ ਮਨ ਬਣਾਇਆ। ਗਾਲਿਬ ਹੋਰਾਂ ਨੂੰ ਨਾਲ ਲੈ ਕੇ ਅਸੀਂ ਇਕ ਮਾਲ ਵਿਚ ਚਲੇ ਗਏ। ਇਕ ਵੀਹ ਹਜਾਰ ਰੁਪਏ ਮੁੱਲ ਵਾਲਾ ਟੈਬ ਪਸੰਦ ਤਾਂ ਆਇਆ ਪਰ ਟੈਬ ਦਾ ਮੁੱਲ ਪੰਜਾਬ ਜਿਨਾਂ ਹੀ ਲਗਿਆ। ਪੰਜਾਬ ਜਾ ਕੇ ਗਰੰਟੀ ਲਈ ਪੰਜ ਹਜਾਰ ਹੋਰ ਖਰਚਨੇ ਪੈਣੇ ਸਨ। ਮਨ ਜਕੋ ਤਕੀ ਵਿਚ ਪੈ ਗਿਆ। ਗਾਲਿਬ ਸਾਹਿਬ ਨੇ ਮੇਰੇ ਮਨ ਦੀ ਦੁਵਿੱਧਾ ਭਾਂਪ ਲਈ। ਉਨ੍ਹਾਂ ਨੇ ਟੈਬ ਮੇਰੇ ਹੱਥੋਂ ਫੜਿਆ, ਮੁੱਲ ਚੁਕਾਇਆ ਅਤੇ ਆਪਣੇ ਬੋਝੇ ਵਿਚ ਪਾ ਲਿਆ।

      ਏਅਰਪੋਰਟ ਤੇ ਵਿਦਾ ਕਰਨ ਆਏ ਗਾਲਿਬ ਸਾਹਿਬ ਨੇ ਮੈਨੂੰ  ਸਰਪ੍ਰਾਈਜ਼ ਦਿੱਤਾ। ਉਹ ਕੀਮਤੀ ਟੈਬ ਗਿਫ਼ਟ ਕਰਕੇ। ਗਿਫਟ ਮਹਿੰਗਾ ਹੋਣ ਕਾਰਨ ਮੈਂ ਨਾਂਹ-ਨੁਕਰ ਕੀਤੀ। ਜਬਰਦਸਤੀ ਗਿਫਟ ਮੈਂਨੂੰ ਫੜਾਉਂਦੇ ਕਹਿਣ ਲੱਗੇ:

‘ਇਹ ਇੱਕ ਖੱਬੂ (ਲੈਫਟ) ਦਾ ਖੱਬੂ ਨੂੰ ਗਿਫਟ ਹੈ।’

ਨਿਰਉੱਤਰ ਅਤੇ ਮਾਲੋ-ਮਾਲ ਹੋਏ ਨੇ ਮੈਂ ਗਾਲਿਬ ਸਾਹਿਬ ਨੂੰ ਯਕੀਨ ਦਿਵਾਇਆ:

“ਇਸ ਕੀਮਤੀ ਤੋਹਫੇ ਦੀ ਵਰਤੋਂ ਕੇਵਲ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਹੋਵੇਗੀ। ਕਿਸੇ ਨਿੱਜੀ ਕੰਮ ਲਈ ਨਹੀਂ।”

——-