September 29, 2023

Mitter Sain Meet

Novelist and Legal Consultant

ਦਹੇਜ ਦੀ ਸਪੁਰਦਗੀ ਦਾ ਵੱਡਾ ਸਬੂਤ-ਫੋਟੋਆਂ(Proof of entrustment of dowry)

ਦਹੇਜ ਦੀ ਸਪੁਰਦਗੀ ਦਾ ਸਭ ਤੋਂ ਵੱਡਾ ਸਬੂਤ ਵਿਆਹ ਸਮੇਂ ਲਈਆਂ ਗਈਆਂ ਫੋਟੋਆਂ ਦੀ ਸਹੀ ਵਰਤੋਂ

ਵਿਆਹ ਸਮੇਂ ਦੋਹਾਂ ਧਿਰਾਂ ਵੱਲੋਂ ਵਿਆਹ ਦੀਆਂ ਰਸਮਾਂ ਦੀਆਂ ਫੋਟੋਆਂ ਲੈਣ ਲਈ ਫੋਟੋਗਰਾਫ਼ਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਾਰੀਆਂ ਰਸਮਾਂ ਦੀ ਵੀਡੀਓ ਰੀਕਾਰਡਿੰਗ ਵੀ ਕੀਤੀ ਜਾਂਦੀ ਹੈ।

ਫੋਟੋਆਂ ਸਬੰਧੀ ਤਫ਼ਤੀਸ਼ ਦੀ ਮੌਜੂਦਾ ਸਥਿਤੀ

ਤਫ਼ਤੀਸ਼ ਦੌਰਾਨ ਕੇਵਲ ਫ਼ੋਟੋਗਰਾਫ਼ਰ ਦਾ ਬਿਆਨ ਲਿਖ ਲਿਆ ਜਾਂਦਾ ਜਿਸ ਵਿੱਚ ਵਿਆਹ ਦੀ ਮਿਤੀ, ਖਿੱਚੀਆਂ ਗਈਆਂ ਫੋਟੋਆਂ ਦੀ ਗਿਣਤੀ ਅਤੇ ਲਏ ਗਏ ਮਿਹਨਤਾਨੇ ਦਾ ਹੀ ਜ਼ਿਕਰ ਹੁੰਦਾ ਹੈ ਜੋ ਮਤਲਬ ਸਿੱਧ ਕਰਨ ਲਈ ਕਾਫ਼ੀ ਨਹੀਂ ਹੁੰਦਾ।
ਸਹੀ ਤਫ਼ਤੀਸ਼

ਫੋਟੋਆਂ ਅਤੇ ਵੀਡੀਓ ਰੀਕਾਰਡਿੰਗ ਦੀ ਉਚਿਤ ਵਰਤੋਂ ਕਰਕੇ ਹੇਠ ਲਿਖੇ ਤੱਥ, ਜਿਹਨਾਂ ਨੂੰ ਸਿੱਧ ਕਰਨ ਲਈ ਹੋਰ ਸਬੂਤ ਪ੍ਰਾਪਤ ਕਰਨੇ ਮੁਸ਼ਕਿਲ ਹੁੰਦੇ ਹਨ, ਸਿੱਧ ਕੀਤੇ ਜਾ ਸਕਦੇ ਹਨ।

ਵਿਆਹ ਦਾ ਪੱਧਰ

ਆਮ ਤੌਰ ਉੱਤੇ ਦੋਸ਼ੀ ਧਿਰ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਵਿਆਹ ਸਧਾਰਨ ਕਿਸਮ ਦਾ ਸੀ ਅਤੇ ਉਸ ਵਿੱਚ ਕੋਈ ਲੈਣ-ਦੇਣ ਨਹੀਂ ਹੋਇਆ। ਵਿਆਹ ਸਮੇਂ ਲਈਆਂ ਫੋਟੋਆਂ ਰਾਹੀਂ ਇਸ ਤੱਥ ਨੂੰ ਝੁਠਲਾਇਆ ਜਾ ਸਕਦਾ ਹੈ।

(ੳ) ਦੋਸ਼ੀ ਧਿਰ ਨੂੰ ਤੋਹਫ਼ਿਆਂ ਦੀ ਸਪੁਰਦਗੀ

ਪੀੜਤ ਲੜਕੀ ਦੇ ਪਤੀ, ਸਹੁਰਾ, ਸੱਸ ਜਾਂ ਹੋਰ ਰਿਸ਼ਤੇਦਾਰਾਂ ਨੂੰ ਜਦੋਂ ਰਸਮੀ ਤੋਹਫ਼ੇ ਦਿੱਤੇ ਜਾਂਦੇ ਹਨ ਤਾਂ ਉਹਨਾਂ ਦੀਆਂ ਫੋਟੋਆਂ ਲਈਆਂ ਜਾਂਦੀਆਂ ਹਨ। ਇਹਨਾਂ ਫੋਟੋਆਂ ਵਿੱਚ ਦਿੱਤੇ ਜਾ ਰਹੇ ਤੋਹਫ਼ਿਆਂ ਉੱਪਰ ਕੈਮਰਾ ਫੋਕਸ ਕਰਕੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਦਿਖਾਇਆ ਗਿਆ ਹੁੰਦਾ ਹੈ। ਜਿਵੇਂ ਕਿ ਸੱਸ ਨੂੰ ਦਿੱਤਾ ਜਾ ਰਿਹਾ ਸੋਨੇ ਦਾ ਸੈਟ ਫੋਟੋ ਵਿੱਚ ਸਾਫ਼ ਦਿਖਾਈ ਦੇ ਰਿਹਾ ਹੁੰਦਾ ਹੈ। ਅਜਿਹੀਆਂ ਫੋਟੋਆਂ ਰਾਹੀਂ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਜੇ ਦੁਲਹਨ ਦੇ ਸਹੁਰੇ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰ ਨੂੰ ਕੀਮਤੀ ਤੋਹਫ਼ੇ ਦਿੱਤੇ ਗਏ ਹਨ ਤਾਂ ਦੁਲਹਨ ਨੂੰ ਵੀ ਭਾਰੀ ਮਾਤਰਾ ਵਿੱਚ ਦਹੇਜ ਦਿੱਤਾ ਗਿਆ ਹੋਵੇਗਾ।

() ਦੋਸ਼ੀਆਂ ਨੂੰ ਦਹੇਜ ਦੀ ਸਪੁਰਦਗੀ

ਦਹੇਜ ਵਿੱਚ ਦਿੱਤੀਆਂ ਗਈਆਂ ਵਸਤੂਆਂ ਦੀ ਇੱਕ ਸ਼੍ਰੇਣੀ ਉਹ ਵੀ ਹੁੰਦੀ ਹੈ ਜਿਹਨਾਂ ਦਾ ਕੋਈ ਬਿਲ ਆਦਿ ਨਹੀਂ ਹੁੰਦਾ, ਕਿਉਂ ਕਿ ਕਈ ਵਾਰ ਅਜਿਹੀਆਂ ਵਸਤੂਆਂ ਘਰੋਂ ਹੀ ਦੇ ਦਿੱਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਗਹਿਣੇ, ਬਿਸਤਰੇ, ਬਰਤਨ ਆਦਿ। ਅਜਿਹੀਆਂ ਚੀਜ਼ਾਂ ਨੂੰ ਦਹੇਜ ਵਿੱਚ ਦਿੱਤਾ ਗਿਆ ਸਿੱਧ ਕਰਨ ਲਈ ਇਹਨਾਂ ਫੋਟੋਆਂ ਦੀ ਉਚਿਤ ਵਰਤੋਂ ਕੀਤੀ ਜਾ ਸਕਦੀ ਹੈ। ਵਿਆਹ ਦੀਆਂ ਪ੍ਰਚੱਲਤ ਰਸਮਾਂ ਵਿੱਚੋਂ ਇੱਕ ਮਹੱਤਵਪੂਰਨ ਰਸਮ ਇਹ ਹੈ ਕਿ ਦੁਲਹਨ ਨੂੰ ਦਿੱਤੇ ਜਾਣ ਵਾਲੇ ਦਹੇਜ ਨੂੰ ਟਰੰਕਾਂ ਅਤੇ ਪੇਟੀਆਂ ਵਿੱਚ ਪਾ ਕੇ ਜਿੰਦੇ ਲਗਾ ਦਿੱਤੇ ਜਾਂਦੇ ਹਨ। ਉਹਨਾਂ ਜਿੰਦਿਆਂ ਦੀਆਂ ਚਾਬੀਆਂ ਸਹੁਰੇ ਪਰਿਵਾਰ ਦੇ ਕਿਸੇ ਮੁੱਖ ਵਿਅਕਤੀ ਦੇ ਸਪੁਰਦ ਕਰ ਦਿੱਤੀਆਂ ਜਾਂਦੀਆਂ ਹਨ। ਸਹੁਰੇ ਘਰ ਪੁੱਜ ਕੇ ਉਸ ਮੁਖੀ ਵੱਲੋਂ ਉਹ ਚਾਬੀਆਂ ਦੁਲਹਨ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਦੁਲਹਨ ਉਸ ਦਹੇਜ ਉੱਪਰ ਕਾਬਜ਼ ਹੋ ਜਾਂਦੀ ਹੈ।

ਪਰਿਵਾਰ ਦੇ ਮੁਖੀ ਨੂੰ ਚਾਬੀਆਂ ਦਿੱਤੇ ਜਾਣ ਦੀ ਰਸਮ ਦੀਆਂ ਫੋਟੋਆਂ ਦਹੇਜ ਦੀ ਸਪੁਰਦਾਰੀ ਨੂੰ ਸਿੱਧ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।
ਫੋਟੋਆਂ ਨੂੰ ਸਿੱਧ ਕਰਨ ਦਾ ਕਾਨੂੰਨੀ ਢੰਗ

ਵਿਆਹ ਸਮੇਂ ਲਈਆਂ ਗਈਆਂ ਫੋਟੋਆਂ ਜਾਂ ਵੀਡੀਓ ਰਿਕਾਰਡਿੰਗ ਨੂੰ ਹੇਠ ਲਿਖੇ ਢੰਗ ਨਾਲ ਸਿੱਧ ਕੀਤਾ ਜਾਣਾ ਚਾਹੀਦਾ ਹੈ:
1. ਸਬੰਧਤ ਫੋਟੋਗਰਾਫ਼ਰ ਦਾ ਬਿਆਨ ਲਿਖ ਕੇ

2. ਫ਼ੋਟੋ ਵਿਚ ਨਜ਼ਰ ਆ ਰਹੇ ਕਿਸੇ ਵਿਅਕਤੀ ਦਾ ਬਿਆਨ ਲਿਖ ਕੇ

ਕਈ ਵਾਰ ਫੋਟੋਗਰਾਫ਼ਰ ਉਪਲੱਬਧ ਨਹੀਂ ਹੁੰਦਾ। ਕਈ ਵਾਰ ਉਪਲੱਬਧ ਹੋਣ ਦੇ ਬਾਵਜੂਦ ਵੀ ਉਸ ਨੂੰ ਫੋਟੋਆਂ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਦੀ ਪਹਿਚਾਣ ਨਹੀਂ ਹੁੰਦੀ। ਇਸ ਕਠਿਨਾਈ ਨੂੰ ਦੂਰ ਕਰਨ ਲਈ ਫੋਟੋ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਦੇ ਬਿਆਨ ਲਿਖ ਕੇ, ਫੋਟੋ ਵਿੱਚ ਨਜ਼ਰ ਆਉਂਦੇ ਤੱਥਾਂ ਨੂੰ ਸਿੱਧ ਕੀਤਾ ਜਾਣਾ ਚਾਹੀਦਾ ਹੈ। ਇਹ ਬਿਆਨ ਲਿਖਦੇ ਸਮੇਂ ਗਵਾਹ ਤੋਂ ਸਪੱਸ਼ਟ ਕਰਵਾ ਲੈਣਾ ਚਾਹੀਦਾ ਹੈ ਕਿ ਫੋਟੋ ਵਿੱਚ ਤੋਹਫ਼ੇ ਭੇਂਟ ਕਰਦਾ ਦਿਖਾਈ ਦੇ ਰਿਹਾ ਵਿਅਕਤੀ ਕੌਣ ਹੈ ਅਤੇ ਤੋਹਫ਼ੇ ਪ੍ਰਾਪਤ ਕਰਨ ਵਾਲਾ ਵਿਅਕਤੀ ਕੌਣ ਹੈ ਤਾਂ ਜੋ ਦਹੇਜ ਨੂੰ ਸਪੁਰਦ ਕਰਨ ਵਾਲੇ ਅਤੇ ਦਹੇਜ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਹੋ ਸਕੇ। ਅਜਿਹੇ ਗਵਾਹਾਂ ਤੋਂ ਫੋਟੋਆਂ ਵਿੱਚ ਨਜ਼ਰ ਆ ਰਹੀਆਂ ਵਸਤੂਆਂ ਦਾ ਵਰਨਣ ਵੀ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਦਹੇਜ ਵਿੱਚ ਦਿੱਤੀ ਗਈ ਵਸਤੂ ਦੀ ਕੀਮਤ ਕਿੰਨੀ ਹੈ। ਉਦਾਹਰਣ ਲਈ ਫੋਟੋ ਵਿੱਚ ਜੇ ਪੀੜਤ ਲੜਕੀ ਦੇ ਮਾਪਿਆਂ ਵੱਲੋਂ ਕਿਸੇ ਗਹਿਣੇ ਨੂੰ ਦਿੱਤਾ ਜਾ ਰਿਹਾ ਦਿਖਾਈ ਦੇ ਰਿਹਾ ਹੈ ਤਾਂ ਗਵਾਹ ਤੋਂ ਇਹ ਸਪੱਸ਼ਟ ਕਰਵਾ ਦੇਣਾ ਚਾਹੀਦਾ ਹੈ ਕਿ ਉਹ ਵਸਤੂ ਸੋਨੇ ਦੀ ਹੈ ਜਾਂ ਚਾਂਦੀ ਦੀ ਅਤੇ ਉਸ ਦਾ ਵਜ਼ਨ ਅਤੇ ਕੀਮਤ ਕਿੰਨੀ ਕੁ ਹੈ ਆਦਿ।