September 29, 2023

Mitter Sain Meet

Novelist and Legal Consultant

ਵਿਦਵਾਨਾਂ ਦੀ ਪ੍ਰਤੀਕ੍ਰਿਆ

ਮਿੱਤਰ ਸੈਨ ਮੀਤ ਬਾਰੇ ਵਿਦਵਾਨਾਂ ਦੀ ਪ੍ਰਤੀਕ੍ਰਿਆ

–ਡਾ ਹਰਿਭਜਨ ਸਿੰਘ ਭਾਟੀਆ

ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਤਫ਼ਤੀਸ਼ ਨਾਵਲ ਪੰਜਾਬੀ ਨਾਵਲ ਦੀ ਮੁੱਖ ਧਾਰਾ ਨੂੰ ਇੱਕ ਨਵੀਂ ਦਿਸ਼ਾ ਵੱਲ ਮੋੜਦਾ ਹੈ, ਉਚੇਚੇ ਮਨੋਰਥਵਾਦ ਦੀ ਥਾਂ ਮਾਨਵਵਾਦੀ ਸੰਵੇਦਨਾ ਵੱਲ, ਨਾਅਰੇਬਾਜ਼ੀ ਦੀ ਥਾਂ ਮਨੁੱਖੀ ਸੋਚ ਦੀ ਪਛਾਣ ਅਤੇ ਇਸ ਦੇ ਘੋਰ ਦੁਖਾਂਤ ਵੱਲ। ਵੈਸੇ ਤਾਂ ਪੰਜਾਬੀ ਨਾਵਲ ਦੇ ਖੇਤਰ ਵਿਚ ਗੁਰਦਿਆਲ ਸਿੰਘ ਤੋਂ ਪਿੱਛੋਂ ਕਈ ਕੁਸ਼ਲ ਨਾਵਲਕਾਰਾਂ ਨੇ ਇਸ ਨੂੰ ਨਵੇਂ ਵਿਸਥਾਰ ਤੇ ਪਾਸਾਰ ਪ੍ਰਦਾਨ ਕੀਤੇ ਹਨ। ਖ਼ਾਸ ਤੌਰ ‘ਤੇ ਕਰਮਜੀਤ ਕੁੱਸਾ, ਨਿੰਦਰ ਗਿੱਲ, ਗੁਰਮੁਖ ਸਿੰਘ ਸਹਿਲ, ਸ.ਸੋਜ਼ ਨੇ। ਪਰ ਤਫ਼ਤੀਸ਼ ਲਈ ਜੋ ਸਥਾਨ ਨਿਸ਼ਚਿਤ ਹੋਇਆ ਹੈ, ਉਹ ਅਲੌਕਿਕ ਅਤੇ ਬੇਮਿਸਾਲ ਹੈ। ਇੱਕ ਨਾਵਲੀ ਕਿਰਤ ਵਜੋਂ ਤਫ਼ਤੀਸ਼ ਦੀ ਇੱਕ ਵਡਿਆਈ ਇਹ ਵੀ ਹੈ ਕਿ ਇਹ ਨਾਵਲ ਤਤਕਾਲੀ ਉਤੇਜਨਾ ਨੂੰ ਸਰਬਕਾਲੀ ਪ੍ਰਸੰਗ ਪ੍ਰਦਾਨ ਕਰਦਾ ਹੈ। ਇਸ ਦੀ ਘਟਨਾ ਦਾ ਸਬੰਧ ਸਮਕਾਲੀ ਪੰਜਾਬ ਦੇ ਮਹਾਂ-ਰੁਦਨ ਦੇ ਸੱਚ ਨਾਲ ਹੈ ਪਰ ਨਾਵਲ ਦਾ ਅਰਥ ਸਮੁੱਚੇ ਭਾਰਤ ਦੇ ਹੀ ਨਹੀਂ ਸਗੋਂ ਜਿੱਥੇ ਵੀ ਕੋਈ ਮਨੁੱਖ ਵੱਸਿਆ ਹੈ ਜਾਂ ਵੱਸਦਾ ਹੈ, ਉੱਥੇ ਰਾਜ ਤੇ ਵਿਅਕਤੀ ਦੀ ਅਨਿਵਾਰੀ ਟੱਕਰ ਦਾ ਮਾਰਮਿਕ ਬਣ ਗਿਆ ਹੈ। ਅਪਰਾਧ ਤੇ ਦੰਡ, ਨਿਆਂ ਤੇ ਅਨਿਆਂ, ਰਾਜ ਤੇ ਵਿਅਕਤੀਗਤ ਸੁਤੰਤਰਤਾ, ਕਰਤੱਵ ਤੇ ਕਿਰਦਾਰ,  ਸੰਵੇਦਨਸ਼ੀਲ ਵਿਅਕਤੀ ਦੀ ਇਕੱਲਤਾ ਤੇ ਸਮੂਹਿਕ ਭੀੜ ਦੀ ਨਿਰਵਿਸ਼ੇਸ਼ਤਾ ਦੇ ਦਵੰਦਾਂ ਨੂੰ ਲੇਖਕ ਨੇ ਇਸ ਕਲਾਕਾਰੀ ਨਾਲ ਉਸਾਰਿਆ ਹੈ ਕਿ ਕਿਤੇ ਵੀ ਕੋਈ ਵਿਰਲ ਜਾਂ ਵਿਕਾਰ ਨਜ਼ਰ ਨਹੀਂ ਆਉਂਦਾ।

ਨਿਰੋਲ ਪਾਠਕ ਦੇ ਪੱਖ ਤੋਂ ਇਹ ਰਚਨਾ ਇਤਨੀ ਰੌਚਿਕ ਅਤੇ ਜਗਿਆਸਾ ਭਰਪੂਰ ਹੈ ਕਿ ਇੱਕ ਵਾਰੀ ਸ਼ੁਰੂ ਕਰਕੇ ਨਾਵਲ ਅੰਤ ਤੱਕ ਪੜ੍ਹੇ ਬਿਨਾ ਚੈਨ ਨਹੀਂ ਆਉਂਦਾ। ਤੇ ਮੁਕਾ ਕੇ ਵੀ ਕਿਹੜਾ ਚੈਨ ਆਉਂਦਾ ਹੈ। ਪਾਲਾ ਤੇ ਮੀਤਾ ਤੇ ਗੁਰਮੀਤ ਅਤੇ ਬਾਬਾ ਗੁਰਦਿੱਤ ਸਿੰਘ ਦਾ ਸੰਤਾਪ ਹੋਰ ਅਨੇਕ ਮਨੁੱਖੀ ਪ੍ਰਸ਼ਨਾਂ ਨੂੰ ਨਿਰਾਰਥਕ ਬਣਾ ਕੇ ਪਾਠਕ ਨੂੰ ਆਪਣੀ ਸੱਚ ਦੀ ਘੜੀ ਦੇ ਪੇਸ਼ ਹੋਣ ਨੂੰ ਟੁੰਬਦਾ ਹੈ ਜਾਂ ਘੱਟੋ-ਘੱਟ ਉਹ ਆਪਣੀ ਕੱਜਹੀਣ ਕਾਇਰਤਾ ਦੇ ਰੁਬਰੂ ਹੋ ਸਕੇ।

-ਪ੍ਰੋ. ਅਤਰ ਸਿੰਘ, ‘ਤਫ਼ਤੀਸ਼: ਨਵੀਂ ਦਿਸ਼ਾ ਦਾ ਸੂਚਕ’

———–

ਮਿੱਤਰ ਸੈਨ ਮੀਤ ਦੇ ਨਾਵਲ ਸਾਫ਼ ਤੌਰ ‘ਤੇ ਐਲਾਨ ਕਰਦੇ ਹਨ ਕਿ ਨਿੱਜੀ ਜਾਇਦਾਦ ਰਹਿਤ ਸਮਾਜ ਦੀ ਸਿਰਜਣਾ ਲਈ ਸੰਗਠਿਤ ਅਤੇ ਚੇਤਨ ਕੋਸ਼ਿਸ਼ ਦੀ ਲੋੜ ਹੈ ਅਤੇ ਇਸ ਕ੍ਰਾਂਤੀ ਵਿਚ ਥੋੜੀ ਜਾਇਦਾਦ ਵਾਲਿਆਂ ਨੂੰ ਵੀ ਨਾਲ ਰਲਾਉਣ ਦੀ ਲੋੜ ਹੈ। ਵਰਗ ਸਮਾਜ ਤੋਂ ਵਰਗ ਰਹਿਤ ਸਮਾਜ ਸਿਰਜਣਾ ਇੱਕ ਵੱਡਾ ਕੰਮ ਹੈ ਅਤੇ ਇਸ ਲਈ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ ਪਰ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਫਿਰ ਇਸ ਦੇ ਨਤੀਜੇ ਹੋਰ ਵੀ ਖ਼ਤਰਨਾਕ ਹੋਣਗੇ। ਅੱਜ ਦੀ ਮਾਨਵ ਜਾਤੀ ਨੂੰ ਸਮਾਜਵਾਦ ਜਾਂ ਜੰਗਲ ਰਾਜ ਵਿਚੋਂ ਇੱਕ ਨੂੰ ਚੁਣਨਾ ਹੀ ਪਵੇਗਾ। ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।

ਪੂੰਜੀਵਾਦੀ ਸਟੇਟ ਦਾ ਘਿਨਾਉਣਾ ਚਿਹਰਾ ਕੌਰਵ ਸਭਾ ਨਾਵਲ ਵਿਚ ਬਹੁਤ ਹੀ ਡੂੰਘੀ, ਵਿਆਖਿਆਤਮਕ ਅਤੇ ਨਿਯਮਬੱਧ ਤਰੀਕੇ ਨਾਲ ਨੰਗਾ ਕੀਤਾ ਗਿਆ ਹੈ। ਨਾਵਲ ਦਾ ਸਿਰਲੇਖ ਮਹਾਂਭਾਰਤ ਦੇ ਸਮੇਂ ਦਾਸ ਸਮਾਜ ਦੇ ਅਨਿਆਂ ਅਤੇ ਕਾਨੂੰਨ ਵਿਰੋਧੀ ਹੋਣ ਦਾ ਪ੍ਰਤੀਕ ਹੈ। ਕੌਰਵਾਂ ਅਤੇ ਪਾਂਡਵਾਂ ਨੇ ਗਰੀਬ ਲੋਕਾਂ ਦਾ ਸ਼ੋਸ਼ਣ ਕਰਕੇ ਹਸਤਿਨਾਪੁਰ ਰਾਜ ਬਣਾਇਆ। ਉਨ੍ਹਾਂ ਨੇ ਕਬੀਲਿਆਂ ਦੇ ਲੋਕਤੰਤਰ ਦਾ ਦਮਨ ਕਰਕੇ ਚੱਕਰਵਰਤੀ ਰਾਜ ਦੀ ਸਥਾਪਨਾ ਕੀਤੀ। ਪਰ ਜਦੋਂ ਇਸ ਲੁੱਟ ਨੂੰ ਵੰਡਣ ਦਾ ਸਵਾਲ ਉੱਠਿਆ ਤਾਂ ਦੋਵੇਂ ਪਰਿਵਾਰਾਂ ਵਿਚ ਲੜਾਈ ਛਿੜ ਗਈ ਅਤੇ ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਇਸ ਵਿਚ ਮਾਰੇ ਗਏ। ਅੰਤ ਵਿਚ ਪਾਂਡਵਾਂ ਨੇ ਲੜਾਈ ਜਿੱਤੀ ਅਤੇ ਵੱਡੇ ਇਲਾਕੇ ਵਿਚ ਦਾਸ ਸਮਾਜ ਦੀ ਸਥਾਪਨਾ ਕੀਤੀ, ਜਿਸ ਦਾ ਨਾਮ ‘ਭਾਰਤ’ ਪਿਆ।

ਲੇਖਕ ਕੌਰਵ ਸਭਾ ਵਿਚ ਪੁਰਾਣੀ ਮਿੱਥ ਤੋਂ ਕੁਝ ਅੰਸ਼ ਲੈ ਕੇ ਆਧੁਨਿਕ ਸਮਾਜ ਦਾ ਮਹਾਂ-ਕਾਵਿ ਸਿਰਜਦਾ ਹੈ। ਇਸ ਨਾਵਲ ਵਿਚ ‘ਮਾਇਆ ਨਗਰ’ ਨਾਮ ਦੀ ਸਟੇਟ ਦਾ ਵਰਣਨ ਹੈ, ਜਿਸ ਦਾ ਅਰਥ ਹੈ ਪੈਸਾ ਹੀ ਸਮਾਜ ਨੂੰ ਚਲਾਉਂਦਾ ਹੈ।

ਨਾਵਲਕਾਰ ਸਟੇਟ ਅਤੇ ਪੈਸੇ ਦੇ ਅੰਦਰੂਨੀ ਸਬੰਧਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੈ।

-ਡਾ. ਟੀ.ਆਰ. ਵਿਨੋਦ,

‘ਸਵੈ, ਸਾਹਿਤ ਅਤੇ ਸਮਾਜ ਦੀ ਇਕਸੁਰਤਾ: ਮਿੱਤਰ ਸੈਨ ਮੀਤ’

ਕੌਰਵ ਸਭਾਵੱਖਰੀ ਪ੍ਰਕਾਰ ਦਾ ਨਾਵਲ ਹੈ। ਇਹ ਪੰਜਾਬੀ ਨਾਵਲ ਵਿਚ ਆਪਣੀ ਹੀ ਕਿਸਮ ਦੀ ਕੋਟੀ ਹੈ। ਇਸ ਵਿਚ ਕੋਈ ਐਸਾ ਕੇਂਦਰੀ ਪਾਤਰ ਨਹੀਂ, ਜਿਸ ਨੂੰ ਕਿਸੇ ਇੱਕ ਜਾਂ ਦੂਜੀ ਵੰਨਗੀ ਦੇ ਨਾਇਕ ਦਾ ਰੁਤਬਾ ਦਿੱਤਾ ਜਾ ਸਕੇ।

ਦੂਸਰੇ ਸ਼ਬਦਾਂ ਵਿਚ, ਇਸ ਵਿਚ ਕੋਈ ਸੁਪਨਹਾਰ ਕਿਰਦਾਰ ਨਹੀਂ। ਬਾਕੀ ਜਿਸ ਚੀਜ਼ ਨੂੰ ਅਸੀਂ ‘ਨਾਵਲੀ’ ਕਹਿੰਦੇ ਹਾਂ, ਉਹ ਸਭ ਕੁਝ ਇਸ ਵਿਚ ਪ੍ਰਾਪਤ ਹੈ।

ਸੁਪਨਹਾਰ ਪਾਤਰ ਨਿਪਟ ਮਾਨਵਵਾਦੀ ਕੋਟੀ ਦਾ ਹੋਵੇ ਜਾਂ ਦੁਖਾਂਤ ਮਾਨਵਵਾਦੀ ਕੋਟੀ ਦਾ, ਉਹ ਨਾਇਕ ਦਾ ਹੀ ਇੱਕ ਜਾਂ ਦੂਜੀ ਕਿਸਮ ਦਾ ਪਰਿਆਇ ਹੁੰਦਾ ਹੈ। ਪ੍ਰੰਤੂ ਜੇ ਇਹ ਪਰਿਆਏ ਕਿਸੇ ਨਾਵਲ ਸਮਝੇ ਜਾਂਦੇ ਬਿਰਤਾਂਤ ਵਿਚ ਪ੍ਰਾਪਤ ਨਹੀਂ ਕਿ ਉਹ ਬਿਰਤਾਂਤ ਰਚਨਾ ਨਾਵਲ ਨਹੀਂ ਰਹਿੰਦੀ। ਇਹ ਬੱਸ ਸੰਜੋਗ ਦੀ ਗੱਲ ਹੈ ਕਿ ਨਾਵਲ  ਵਿਚ ਬਾਕੀ ਸਭ ਪਾਤਰਾਂ ਉਚੇਰੀ ਸੁਚੇਤਨਾ ਤੇ ਪ੍ਰਤਿਬੱਧਤਾ ਨਾਲ ਸਬੰਧਤ ਪਾਤਰ, ਬਿਰਤਾਂਤਕ ਵਾਰਤਾ ਦਾ ਕੇਂਦਰੀ ਸੂਤਰ ਸਮਝਿਆ ਜਾਣ ਲੱਗਦਾ ਹੈ। ਵੈਸੇ ਜੋ ਚੀਜ਼ ਨਾਵਲੀ ਬਿਰਤਾਂਤ ਨੂੰ ਕੇਂਦਰੀ ਸੂਤਰ ਵਿਚ ਬੰਨ੍ਹਦੀ ਹੈ, ਉਹ ਨਾਇਕਾ ਜਾਂ ਪ੍ਰਮੁੱਖ ਪਾਤਰ ਨਹੀਂ ਹੁੰਦਾ, ਕੇਂਦਰੀ ਸਮੱਸਿਆ ਹੁੰਦੀ ਹੈ। ਇਸ ਨਾਵਲ ਦੀ ਕੇਂਦਰੀ ਸਮੱਸਿਆ ‘ਫ਼ੌਜਦਾਰੀ ਨਿਆਂ-ਪ੍ਰਣਾਲੀ’ ਹੈ। ਨਾਇਕੀ ਕਿਰਦਾਰ ਦੀ ਥਾਂ, ਕੇਂਦਰੀ ਸਮੱਸਿਆ ਦਾ ਸੰਗਠਨਕਾਰੀ ਸੂਤਰ ਹੋ ਨਿਬੜਨਾ ਪੰਜਾਬੀ ਨਾਵਲ ਵਿਚ ਨਵੀਂ ਕਿਸਮ ਦੀ ਸ਼ਿਲਪਕਾਰੀ ਦੀ ਸ਼ੁਰੂਆਤ ਹੈ। ਪਰਮਜੀਤ ਜੱਜ ਦਾ ਤ੍ਰਕਾਲਾਂ ਵੀ ਇਸ ਵੰਨਗੀ ਦਾ ਹੀ ਨਾਵਲ ਹੈ। ਬਹੁਤ ਸਮਾਂ ਪਹਿਲਾਂ ਲਿਖਿਆ ਗਿਆ ਸੁਰਜੀਤ ਸਿੰਘ ਸੇਠੀ ਦਾ ਨਾਵਲ ਆਬਰਾ ਕਦਾਬਰਾ ਇਨ੍ਹਾਂ ਦਾ ਪੂਰਵਜ ਹੋ ਸਕਦਾ ਹੈ।

ਕੌਰਵ ਸਭਾ ਦਾ ਸ਼ਕਤੀਸ਼ਾਲੀ ਸ਼ਾਸਤਰ ਇਸ ਦੇ ਤੱਥ ਹਨ ਜੋ ਏਨੇ ਵਿਵਿਧ ਤੇ ਪ੍ਰਮਾਣਕ ਹਨ ਕਿ ਹੋਰ ਜੁਗਤਾਂ ਦੀ ਅਹਿਮੀਅਤ ਦੁਜੈਲੀ ਹੋ ਨਿਬੜਦੀ ਹੈ। ਨਾਵਲ ਦਾ ਮੁੱਖ ਸਰੋਕਾਰ ਹੁਣ ਤੱਕ ਦੇ ਆਜ਼ਾਦ ਭਾਰਤ ਵਿਚ ਰਾਜ-ਪ੍ਰਣਾਲੀ, ਸਮਾਜਤੰਤਰ ਤੇ ਮਨੁੱਖੀ ਰਿਸ਼ਤਿਆਂ ਦੀ ਅਮਾਨਵੀਅਤਾ ਨੂੰ ਸਾਹਿਤਕ ਟੇਕ ਦੀ ਪੂਰੀ ਸ਼ਿੱਦਤ ਨਾਲ ਚਿਤਰਨਾ ਹੈ ਤੇ ਇਹ ਕਾਰਜ ਨਾਵਲਕਾਰ ਨੇ ਤੱਥਾਂ ਦੇ ਪੁਨਰਗਠਨ ਰਾਹੀਂ ਇੰਝ ਨਿਭਾਇਆ ਹੈ ਕਿ ਜਿਸ ਦਾ ਸਿੱਟਾ ਨਾਵਲ ਵਿਚ ਜਗਿਆਸਾ ਨੂੰ ਸਾਣ ਉੱਤੇ ਲਾਉਣ ਵਾਲੇ ਗਾਲਪਨਿਕ ਰਹੱਸ ਵਿਭਿੰਨ ਪੈਂਤੜਿਆਂ ਵਿਚ ਉਸਰਦੇ ਵੀ ਹਨ ਤੇ ਟੁੱਟਦੇ ਵੀ, ਨਾਵਲ ਦੀ ਪਕੜ ਦੇ ਹਿਤ ਵਿਚ।

 

-ਡਾ. ਜੋਗਿੰਦਰ ਸਿੰਘ ਰਾਹੀ, ‘ਕੌਰਵ ਸਭਾ ਦੀ ਸ਼ਿਲਪਕਾਰੀ’

ਮਿੱਤਰ ਸੈਨ ਮੀਤ ਦਾ ਨਵਾਂ ਨਾਵਲ ਕੌਰਵ ਸਭਾ ਭਾਵੇਂ ਇਸ ਤੋਂ ਪਹਿਲੇ ਦੋ ਨਾਵਲਾਂ ਤਫ਼ਤੀਸ਼ ਅਤੇ ਕਟਹਿਰਾ ਤੋਂ ਇੱਕ ਦਹਾਕੇ ਬਾਅਦ ਪ੍ਰਕਾਸ਼ਿਤ ਹੋਇਆ ਹੈ। ਪਰ ਪਹਿਲੇ ਦੋਹਾਂ ਵਾਂਗ ਇਸ ਦਾ ਵਸਤੂ-ਖੇਤਰ ਵੀ ਪੰਜਾਬ ਪੁਲਿਸ ਦੀ ਬਦਨਾਮ ਕਾਰਗੁਜ਼ਾਰੀ ਤੇ ਵਰਤਮਾਨ ਨਿਆਂ-ਕਾਨੂੰਨ ਦੀ ਭ੍ਰਿਸ਼ਟ ਸਥਿਤੀ ਨਾਲ ਸਬੰਧਤ ਹੈ…

ਕੌਰਵ ਸਭਾ ਪਹਿਲੇ ਦੋਹਾਂ ਨਾਵਲਾਂ ਨਾਲ ਵਸਤੂ-ਖੇਤਰ ਦੀ ਸਾਂਝ ਦੇ ਬਾਵਜੂਦ, ਇਸ ਪਛਾਣ ਵਿਚ ਇੱਕ ਮਹੱਤਵਪੂਰਨ ਪਾਸਾਰ ਜੋੜਦਾ ਹੈ ਕਿਉਂਕਿ ਇਹ ਕੇਵਲ ਭ੍ਰਿਸ਼ਟਾਚਾਰ ਦਾ ਬਿਰਤਾਂਤ ਹੀ ਨਹੀਂ, ਪੈਸੇ ਦੀ ਸ਼ਕਤੀ ਦਾ ਪ੍ਰਵਚਨ ਵੀ ਹੈ। ਇਹ ਨਾਵਲ ਬਿਰਤਾਂਤ ਕੈਨਵਸ ਦੀ ਵਿਸ਼ਾਲਤਾ, ਥੀਮ ਦੀ ਸੰਘਣਤਾ, ਗਲਪ-ਵਿਧੀ ਦੀ ਵਿਲੱਖਣਤਾ, ਭਾਸ਼ਾ ਸ਼ੈਲੀ ਦੀ ਠੇਠਤਾ ਤੇ ਸਥਿਤੀ ਦਾ ਸਮੱਗਰ ਸਿਰਜਣਾ ਦੇ ਪੱਖੋਂ ਪਹਿਲੇ ਦੋਹਾਂ ਨਾਵਲਾਂ ਨਾਲੋਂ ਬੇਹਤਰ ਹੋਣ ਕਰਕੇ, ਮੀਤ ਦੀ ਨਾਵਲ-ਕਲਾ ਦੇ ਵਿਕਾਸ ਦਾ ਪ੍ਰਤੱਖ ਪ੍ਰਮਾਣ ਹੈ। ਅੱਜ ਦੇ ਪੂੰਜੀ-ਪ੍ਰਧਾਨ ਸਮਾਜ ਦੀਆਂ ਸਥਾਪਤ ਸ਼ਕਤੀਆਂ ਦੇ ਸੱਚ ਨੂੰ ਕੌਰਵ ਸਭਾ ਦਾ ਸੱਚ ਦਰਸਾ ਕੇ ਮਿੱਤਰ ਸੈਨ ਮੀਤ ਇਨ੍ਹਾਂ ਸ਼ਕਤੀਆਂ ਉੱਤੇ ਕੇਵਲ ਵਿਅੰਗ ਹੀ ਨਹੀਂ ਕੱਸਦਾ, ਸਗੋਂ ਇਨ੍ਹਾਂ ਦੇ ਭ੍ਰਿਸ਼ਟ ਸੱਭਿਆਚਾਰ ਦਾ ਚੀਰ-ਹਰਨ ਵੀ ਕਰਦਾ ਹੈ। ਇਨਸਾਫ਼ ਦੀ ਓਟ ਵਿਚ ਹੋ ਰਹੀ ਬੇਇਨਸਾਫ਼ੀ ਬਾਹਰੋਂ ਆਉਂਦੇ ਪ੍ਰਬੰਧਾਂ ਦੀ ਆੜ ਵਿਚ ਨਿਰੰਕੁਸ਼ ਹਿਤਾਂ ਦੀ ਅਰਾਜਕਤਾ, ਮਨੁੱਖੀ ਹੱਕਾਂ ਦੀ ਰਾਖੀ ਦੇ ਪਰਦੇ ਹੇਠ ਹੋ ਰਹੀਆਂ ਨਿਹੱਕੀਆਂ ਨੂੰ ਇਹ ਨਾਵਲ ਅਲਫ਼ ਨੰਗਾ ਕਰਕੇ ਰੱਖ ਦਿੰਦਾ ਹੈ।

ਵਿਕਾਊ ਵਕੀਲ, ਵੱਢੀਖੋਰ ਰਾਜਨੇਤਾ, ਭਈਆ ਮਜ਼ਦੂਰਾਂ ਦੀ ਗਰੀਬੀ ਨੂੰ ਅਪਰਾਧ ਵਿਚ ਬਦਲਦੇ ਸਰਮਾਏਦਾਰ, ਮੰਡੀ ਸੱਭਿਆਚਾਰ ਵਿਚ ਰੰਗਦੇ ਵਿਚੋਲੇ ਤੇ ਦਲਾਲ ਤੇ ਇਨ੍ਹਾਂ ਸਭ ਦੀ ਹਨੇਰਗਰਦੀ ਨੂੰ ਰੋਕ ਕੇ ਮਾਨਵੀ ਮੁੱਲਾਂ ਨੂੰ ਮੁੜ ਸਥਾਪਤ ਕਰਨ ਦੀ ਕੋਸ਼ਿਸ਼ ਵਿਚ ਜੁਟੀਆਂ ਧਿਰਾਂ ਦਾ ਇੰਨਾ ਭਰਵਾਂ ਚਿਤ੍ਰ ਪੰਜਾਬੀ ਨਾਵਲ ਵਿਚ ਪਹਿਲੀ ਵਾਰ ਹੋਇਆ ਹੈ। ਇਸ ਚਿਤ੍ਰ ਦਾ ਹੋਰ ਵਿਰਾਟ ਤੇ ਮੁਕੰਮਲ ਰੂਪ ਵੇਖਣ ਲਈ ਕੌਰਵ ਸਭਾ ਨੂੰ ਤਫ਼ਤੀਸ਼ ਤੇ ਕਟਹਿਰਾ ਦੇ ਨਾਲ ਰੱਖ ਕੇ ਪੜ੍ਹਨਾ ਵਧੇਰੇ ਦਿਲਚਸਪ ਹੋ ਸਕਦਾ ਹੈ।

 

-ਡਾ.ਕੇਸਰ ਸਿੰਘ ਕੇਸਰ,

‘ਪੈਸੇ ਦੀ ਸ਼ਕਤੀ ਦਾ ਪ੍ਰਵਚਨ: ਕੌਰਵ ਸਭਾ’

ਤਫ਼ਤੀਸ਼ ਨਾਵਲ ਪੱਛੜੇ ਹੋਏ ਸਮਾਜ ਦੇ ਜੀਵਨ ਨੂੰ ਜੈੱਟ-ਯੁਗ ਦੀ ਰਫ਼ਤਾਰ ਨਾਲ ਪੇਸ਼ ਕਰਦਾ ਹੈ। ਇਸ ਵਿਚ ਵੀ ਇਸ ਦੀ ਵਾਰਤਕ ਸ਼ੈਲੀ ਪੂਰੀ ਤਰ੍ਹਾਂ ਸਹਾਈ ਹੁੰਦੀ ਹੈ। ਅਲੰਕਾਰ ਸ਼ਿੰਗਾਰ ਤੋਂ ਬਿਨਾਂ ਨਿੱਕੇ-ਨਿੱਕੇ ਵਾਕ, ਆਮ ਕਰਕੇ ਸਿੱਧਾ ਅਤੇ ਵਿਚ-ਵਿਚ ਵਾਰਤਾਲਾਪੀ ਢੰਗ, ਸੁਝਾਅ-ਪੂਰਨ ਵਕਫ਼ੇ, ਨਿੱਕੇ-ਨਿੱਕੇ ਪੈਰ੍ਹੇ ਇਹ ਸਾਰਾ ਕੁਝ ਮਿਲ ਕੇ ਵਾਰਤਕ ਵਿਚ ਇੱਕ ਤਿੱਖੀ ਰਵਾਨੀ ਲੈ ਆਉਂਦਾ ਹੈ। ਕਈ ਥਾਵਾਂ ਉੱਤੇ ਇਹ ਰਵਾਨੀ ਇੱਕ ਅਜਿਹੀ ਮਸ਼ੀਨ-ਗੰਨ ਵਾਂਗ ਲੱਗਦੀ ਹੈ, ਜਿਹੜੀ ਪਾਤਰਾਂ ਅਤੇ ਘਟਨਾਵਾਂ ਦੀ ਬੁਛਾੜ ਲਾ ਦੇਂਦੀ ਹੈ। ਏਨੇ ਜ਼ਿਆਦਾ ਪਾਤਰ ਅਤੇ ਏਨੀਆਂ ਜ਼ਿਆਦਾ ਘਟਨਾਵਾਂ ਹੁਣ ਤੱਕ ਸ਼ਾਇਦ ਹੀ ਹੈ ਕਿਸੇ ਪੰਜਾਬੀ ਨਾਵਲ ਵਿਚ ਪੇਸ਼ ਹੋਈਆਂ ਹੋਣ। ਕਈ ਥਾਵਾਂ ਉੱਤੇ ਇੱਕ ਇੱਕ ਸਫ਼ੇ ਵਿਚ ਕਈ-ਕਈ ਪਾਤਰ ਪੇਸ਼ ਹੁੰਦੇ ਹਨ ਅਤੇ ਕਈ-ਕਈ ਘਟਨਾਵਾਂ ਵਾਪਰ ਜਾਂਦੀਆਂ ਹਨ। ਇੰਝ ਲੱਗਦਾ ਹੈ ਜਿਵੇਂ ਹੱਥ ਵਿਚ ਲਏ ਖੇਤਰ ਨਾਲ ਸਬੰਧਤ ਆਪਣੀ ਸਾਰੀ ਸਮੱਗਰੀ ਲੇਖਕ ਇੱਕੋ ਨਾਵਲ ਦੀ ਸਤਹ ਉੱਤੇ ਫੈਲਾ ਦੇਣੀ ਚਾਹੁੰਦਾ ਹੈ ਜਾਂ ਵਧੇਰੇ ਠੀਕ ਹੋਵੇਗਾ, ਇੱਕੋ ਨਾਵਲ ਵਿਚ ਵਰਤ ਲੈਣੀ ਚਾਹੁੰਦਾ ਹੈ।…

ਆਪਣੀ ਵਿਸ਼ਾਲਤਾ ਅਤੇ ਡੂੰਘਾਈ ਦੇ ਪੱਖੋਂ ਤਫ਼ਤੀਸ਼ ਇੱਕ ਬੇਮਿਸਾਲ ਰਚਨਾ ਹੈ। ਬਾਵਜੂਦ ਇਸ ਤੱਥ ਦੇ ਕਿ ਇਸ ਦਾ ਕਾਰਜ-ਖੇਤਰ ਇੱਕ ਕਸਬਾ ਹੈ, ਇਸ ਵਿਚ ਅੰਕਿਤ ਕਾਰਜ ਹਰ ਥਾਂ ਇਹੋ ਜਿਹਾ ਸਰੂਪ ਹੀ ਰੱਖਣਗੇ ਨਗਰਾਂ ਅਤੇ ਮਹਾਂਨਗਰਾਂ ਵਿਚ ਵੀ। ਇਸ ਪੱਖੋਂ ਇਨ੍ਹਾਂ ਵਿਚ ਇੱਕ ਸਰਬ-ਵਿਆਪਕਤਾ ਹੈ। ਆਪਣੇ ਇਨ੍ਹਾਂ ਗੁਣਾਂ ਕਰਕੇ ਇਹ ਪ੍ਰਮਾਣਿਕ ਪਾਠ-ਪੁਸਤਕ ਬਣਨ ਦੀ ਸਮਰੱਥਾ ਰੱਖਦੀ ਹੈ। ਪੁਲਿਸ ਦੀ ਕਾਰਜ-ਵਿਧੀ ਵਿਚ ਦਿਲਚਸਪੀ ਰੱਖਦਾ ਕੋਈ ਵੀ ਰਾਜਸੀ, ਸਮਾਜਕ, ਇਨਕਲਾਬੀ ਕਾਰਜ-ਕਰਤਾ ਜਾਂ ਇਸ ਬਾਰੇ ਡੂੰਘਾਈ ਵਿਚ ਜਾਨਣ ਦਾ ਅਭਿਲਾਸ਼ੀ ਸੱਜਰਾ ਬਣਿਆ ਪੁਲਿਸ ਕਰਮਚਾਰੀ ਇਸ ਨੂੰ ਪੜ੍ਹ ਕੇ ਲਾਭ ਉਠਾ ਸਕਦਾ ਹੈ। ਇਸ ਤਰ੍ਹਾਂ ਇਹ ਇੱਕ ਮਹੱਤਵਪੂਰਨ ਸਾਹਿਤ-ਰਚਨਾ ਹੈ। ਪਰ ਗਲਪਰਚਨਾ ਵਜੋਂ ਸ਼ਾਇਦ ਇਸ ਬਾਰੇ ਇੰਝ ਨਾ ਕਿਹਾ ਜਾ ਸਕੇ।

-ਪ੍ਰੋ. ਗੁਰਬਖ਼ਸ਼ ਸਿੰਘ ਫਰੈਂਕ,

‘ਤਫ਼ਤੀਸ਼ ਅਤੇ ਗਲਪ ਵਿਧਾ ਦਾ ਮੌਜੂਦਾ ਪੜਾਅ’

ਮਿੱਤਰ ਸੈਨ ਮੀਤ ਦਾ ਨਾਵਲ ਤਫ਼ਤੀਸ਼ ਪੰਜਾਬੀ ਨਾਵਲ ਦੇ ਖੇਤਰ ਵਿਚ ਇੱਕ ਨਵਾਂ ਤਜਰਬਾ ਹੈ। ਤਫ਼ਤੀਸ਼ ਇੱਕ ਨਿੱਕੀ ਜਿਹੀ ਘਟਨਾ ਨੂੰ ਬਿੰਦੂ ਬਣਾ ਕੇ ਸਾਰੇ ਪਾਸਿਆਂ ਵੱਲ ਨਿੱਕੀਆਂ-ਨਿੱਕੀਆਂ ਘਟਨਾਵਾਂ, ਟਿੱਪਣੀਆਂ ਅਤੇ ਪਿਛਲਝਾਤੀਆਂ ਆਸਰੇ ਫੈਲਦਾ ਹੈ।

ਇਹ ਨਾਵਲ ਇਸ ਗੱਲ ਨੂੰ ਵੀ ਸਪੱਸ਼ਟ ਕਰਦਾ ਹੈ ਕਿ ਕੋਈ ਵੀ ਬਾਜ਼ਮੀਰ ਬੰਦਾ ਇਸ ਪ੍ਰਬੰਧਕੀ ਢਾਂਚੇ ਵਿਚ ਫਿਟ ਨਹੀਂ ਹੋ ਸਕਦਾ। ਪ੍ਰਬੰਧਕੀ ਢਾਂਚਾ ਮੁੱਖ ਮੰਤਰੀ ਦੇ ਦਿੱਤੇ ਵਚਨਾਂ ਨੂੰ ਨਿਭਾਣ ਲਈ ਸਾਜਿਸ਼ ਰਚਦਾ ਹੈ ਅਤੇ ਥਾਣੇਦਾਰ ਤੋਂ ਲੈ ਕੇ ਜੱਜ ਤੱਕ ਮਿਲੀਭੁਗਤ ਕਰਕੇ ਦੋ ਗ਼ਰੀਬ ਬੇਸਹਾਰਾ ਬੰਦਿਆਂ ਨੂੰ ਖ਼ਤਰਨਾਕ ਮੁਜਰਮ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਰਕਾਰੀ ਵਕੀਲ ਗੁਰਮੀਤ ਇਸ ਸਾਜ਼ਿਸ਼ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ। ਇਸ ਲਈ ਉਸ ਨੂੰ ਮਜਬੂਰਨ ਅਸਤੀਫ਼ਾ ਦੇਣਾ ਪੈਂਦਾ ਹੈ।

ਤਫ਼ਤੀਸ਼ ਵਿਚ ਲੇਖਕ ਨੇ ਭਾਵੇਂ ਨਾਵਲੀ ਚਿਤਰਪਟ ਤੇ ਸਮਾਜ ਦੀ ਤਫ਼ਤੀਸ਼ ਕੀਤੀ ਹੈ ਪਰ ਇੱਕ ਛੋਟੀ ਜਿਹੀ ਘਟਨਾ ਨੂੰ ਨਾਵਲ ਦੇ ਵਿਸ਼ੇ ਦਾ ਧੁਰਾ ਬਣਾਨ ਕਰਕੇ ਅਤੇ ਕਹਾਣੀ ਨੂੰ ਪਰੰਪਰਾਗਤ ਨਾਵਲ ਵਾਂਗ ਕਿਸੇ ਤਰਤੀਬ ਵਿਚ ਪੇਸ਼ ਨਾ ਕਰਨ ਕਰਕੇ ਇਹ ਨਾਵਲ ਜਿੱਥੇ ਪੰਜਾਬੀ ਨਾਵਲ ਦੇ ਖੇਤਰ ਵਿਚ ਇੱਕ ਨਵਾਂ ਤਜਰਬਾ ਕਰਦਾ ਹੈ, ਉੱਥੇ ਕੁਝ ਦੋਸ਼ਾਂ ਦਾ ਭਾਗ ਵੀ ਬਣਦਾ ਹੈ। ਇਸ ਨਾਵਲ ਨੂੰ ਪੜ੍ਹਦਿਆਂ ਇਹ ਗੱਲ ਅਖਰਦੀ ਹੈ ਕਿ ਨਾਵਲਕਾਰ ਘਟਨਾ ਨੂੰ ਯਥਾਰਥ ਤੋਂ ਵੱਧ ਖਿਲਾਰਾ ਦੇ ਰਿਹਾ ਹੈ।…

ਇਹ ਨਾਵਲ ਜਿੱਥੇ ਸਾਡੇ ਪ੍ਰਬੰਧਕੀ ਢਾਂਚੇ ਨੂੰ ਯਥਾਰਥਕ ਪੱਧਰ ‘ਤੇ ਪੇਸ਼ ਕਰਨ ਵਿਚ ਸਫ਼ਲ ਹੁੰਦਾ ਹੈ ਉੱਥੇ ਪਾਤਰਾਂ ਦੀ ਬਹੁਤਾਤ ਅਤੇ ਨਾਵਲ ਦੀ ਕਹਾਣੀ ਨੂੰ ਵਿਸਥਾਰ ਦੇਣ ਦੀ ਮਜਬੂਰੀ ਦਾ ਸ਼ਿਕਾਰ ਵੀ ਦਿਸਦਾ ਹੈ। ਜਦੋਂ ਸਮਾਜ ਦਾ ਯਥਾਰਥ ਸੁਭਾਵਕਤਾ ਵਿਚੋਂ ਨਾ ਉੱਘੜੇ ਤਾਂ ਨਾਵਲ ਦੀ ਕਹਾਣੀ ਨੂੰ ਕਈ ਵਾਰ ਬਨਾਵਟੀ ਮੋੜ ਦੇਣੇ ਪੈਂਦੇ ਹਨ। ਨਾਵਲ ਤਫ਼ਤੀਸ਼ ਵੀ ਇਸ ਦੋਸ਼ ਤੋਂ ਮੁਕਤ ਨਹੀਂ ਹੈ।

-ਡਾ. ਐੱਸ.ਐੱਸ. ਦੁਸਾਂਝ

‘ਤਫ਼ਤੀਸ਼: ਵਸਤੂ-ਵਿਸ਼ਲੇਸ਼ਣ ਅਤੇ ਵਿਧੀ-ਮੂਲਕ ਨੁਕਤੇ’

ਇਹ ਨਾਵਲ (ਤਫ਼ਤੀਸ਼) ਪੰਜਾਬ ਸਮੱਸਿਆ ਨੂੰ ਅਨੋਖੇ ਅੰਦਾਜ਼ ਵਿਚ ਸੰਬੋਧਿਤ ਹੁੰਦਾ ਹੈ ਅਤੇ ਨਿਕਟ-ਸਮਕਾਲ ਵਿਚ ਵਾਪਰੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਦੇ ਪਿਛੋਕੜ ਵਿਚ ਇੱਕ ਪਾਸੇ ਪ੍ਰਬੰਧਕੀ ਢਾਂਚੇ ਅਤੇ ਅਨੁਸ਼ਾਸਨ ਬਲਾਂ ਦੇ ਦਿਨੋ-ਦਿਨ ਭ੍ਰਿਸ਼ਟ ਹੋ ਰਹੇ ਕਿਰਦਾਰ ਉੱਤੇ ਕਟਾਖਸ਼ ਕਰਦਾ ਹੈ ਅਤੇ ਦੂਸਰੇ ਪਾਸੇ ਫਿਰਕੂ ਰਾਜਨੀਤੀ ਦੀਆਂ ਸ਼ਤਰੰਜੀ ਚਾਲਾਂ ਦਾ ਪਾਜ ਉਘਾੜਦਾ ਹੈ। ਤਾਂ ਵੀ ਲੇਖਕ ਨੇ ਆਪਣੇ ਗਲਪੀ ਸੰਸਾਰ ਨੂੰ ਨਿਰਾ ਅੰਧਕਾਰਮਈ ਬਣਾ ਕੇ ਪੇਸ਼ ਨਹੀਂ ਕੀਤਾ। ਇਸ ਵਿਚ ਪ੍ਰਗਤੀਵਾਦ ਚੇਤਨਾ ਅਤੇ ਮਾਨਵ ਹਿਤਕਾਰੀ ਭਾਵਨਾ ਵਾਲੇ ਉਹ ਪਾਤਰ ਵੀ ਹਨ ਜੋ ਫਿਰਕੂ ਸਿਆਸਤ ਦਾ ਪਾਜ ਉਘਾੜਨ ਦਾ ਹੀਆ ਕਰਦੇ ਹਨ ਅਤੇ ਆਪਣੀ ਇਸ ਦੀਦਾ ਦਲੇਰੀ ਲਈ ਹਰ ਕੀਮਤ ਦੇਣ ਲਈ ਵੀ ਤਤਪਰ ਰਹਿੰਦੇ ਹਨ। ਇਸ ਸੰਦਰਭ ਵਿਚ ਦੇਸ਼ ਭਗਤ ‘ਬਾਬੇ’ ਅਤੇ ਸਰਕਾਰੀ ਵਕੀਲ ‘ਗੁਰਮੀਤ’ ਦਾ ਜਾਗਿਆ ਹੋਇਆ ਅੰਤਹਕਰਣ ਖ਼ਾਸ ਤੌਰ ‘ਤੇ ਵਰਨਣਯੋਗ ਹੈ। ਇਉਂ ਥੋੜ੍ਹੇ ਜਿਹੇ ਅਕਾਊ ਦੁਹਰਾਉ ਦਾ ਸ਼ਿਕਾਰ ਹੋ ਕੇ ਵੀ ਇਹ ਨਾਵਲ ਆਪਣੀ ਨਿਵੇਕਲੀ ਭਾਂਤ  ਗਲਪ-ਸ਼ੈਲੀ ਰਾਹੀਂ ਪਾਠਕ-ਆਲੋਚਕ ਨੂੰ ਵਰਤਮਾਨ ਵਿਵਸਥਾ ਉੱਪਰ ਕੱਸੇ ਗਏ ਵਿਅੰਗ ਅਤੇ ਕਟਾਖ਼ਸ਼ ਰਾਹੀਂ ਪ੍ਰਭਾਵਿਤ ਕਰਦਾ ਹੈ ਅਤੇ ਪੰਜਾਬ ਸਮੱਸਿਆ ਨੂੰ ਵੀ ਇੱਕ ਨਿਵੇਕਲੇ ਜ਼ਾਵੀਏ ਤੋਂ ਵਿਸ਼ਲੇਸ਼ਣ ਦਾ ਆਧਾਰ ਬਣਾਉਂਦਾ ਹੈ।

-ਪ੍ਰੋ. ਜਗਬੀਰ ਸਿੰਘ

‘ਨਾਵਲ ‘ਤਫ਼ਤੀਸ਼’ ਦਾ ਬਿਰਤਾਂਤ-ਸ਼ਾਸਤਰੀ ਅਧਿਐਨ’

ਤਫ਼ਤੀਸ਼ ਮਿੱਤਰ ਸੈਨ ਮੀਤ ਦੀ ਇੱਕ ਮੁੱਲਵਾਨ ਗਲਪ-ਰਚਨਾ ਹੈ ਜਿਸ ਉੱਪਰ ਉਹ ਵਾਜਬ ਤੌਰ ‘ਤੇ ਮਾਣ ਕਰ ਸਕਦਾ ਹੈ। ਇਸ ਨਾਵਲ ਰਾਹੀਂ ਉਹ ਪ੍ਰਮਾਣਿਕ ਅਨੁਭਵ ਦੀ ਕਲਾਤਕਮ ਪੇਸ਼ਕਾਰੀ ਦਾ ਜਿਹੋ ਜਿਹਾ ਸਬੂਤ ਦਿੰਦਾ ਹੈ, ਉਸ ਸਦਕਾ ਉਹ ਪੰਜਾਬੀ ਦੇ ਪਹਿਲੀ ਸਫ਼ ਦੇ ਨਾਵਲਕਾਰਾਂ ਵਿਚ ਸ਼ਾਮਲ ਹੋਣ ਦਾ ਅਧਿਕਾਰੀ ਬਣ ਜਾਂਦਾ ਹੈ।…

ਤਫ਼ਤੀਸ਼ ਜਿੱਥੇ ਕੁਝ ਜਾਣੀਆਂ-ਪਛਾਣੀਆਂ ਰੂੜ੍ਹੀਆਂ ਦੇ ਤਿਆਗ ਦੁਆਰਾ ਪੰਜਾਬੀ ਨਾਵਲ ਰਚਨਾ ਦੇ ਨਵੇਂ ਦਿਸਹੱਦੇ ਉਜਾਗਰ ਕਰਦਾ ਹੈ, ਉੱਥੇ ਕੁਝ ਹੋਰਨਾਂ ਪੱਖਾਂ ਵਿਚ ਇਹ ਪੰਜਾਬੀ ਨਾਵਲ-ਸਾਹਿਤ ਵਿਚ ਉੱਭਰੀਆਂ ਨਵੀਆਂ ਪ੍ਰਵਿਰਤੀਆਂ ਨੂੰ ਹੋਰ ਵਿਸਤਾਰਦਾ ਤੇ ਵਿਕਸਿਤ ਕਰਦਾ ਹੈ…

ਇਸ ਨਾਵਲ ਦੇ ਵਿਸ਼ੈ-ਵਸਤੂ ਦੀ ਚੋਣ ਤੇ ਇਸ ਦੀ ਸਮੁੱਚੀ ਪੇਸ਼ਕਾਰੀ ਅਥਵਾ ਇਸ ਦੀ ਨਾਵਲੀ ਜੁਗਤ ਅਜਿਹੀ ਹੈ ਕਿ ਮੈਂ ਇਸ ਨੂੰ ਇੱਕ ਅਸਲੋਂ ਨਵੀਂ ਪ੍ਰਵਿਰਤੀ ਕਹਿਣੀ ਵਧੇਰੇ ਉਚਿਤ ਸਮਝਦਾ ਹਾਂ।

ਨਾਵਲ (ਤਫ਼ਤੀਸ਼) ਦੀ ਸਮੁੱਚੀ ਵਿਉਂਤ ਵਿਚ ਚੰਗੀ ਤਰ੍ਹਾਂ ਸੰਜੁਗਤ ਹੈ।

ਇਨ੍ਹਾਂ ਸਾਰੀਆਂ ਤੰਦਾਂ ਨੂੰ ਸੰਯੁਕਤ ਕਰਨ ਦਾ ਕਾਰਜ ਕਟਾਖ਼ਸ਼ ਤੇ ਵਿਅੰਗ ਵਾਲੀ ਉਸ ਸ਼ੈਲੀ ਨੇ ਨਿਭਾਇਆ ਹੈ ਜੋ ਨਾਵਲ ਦੀ ਸਮੁੱਚੀ ਆਤਮਾ ਵਿਚ ਰਮੀ ਹੋਈ ਹੈ।

ਇਸ ਸਮੇਂ ਕੁਝ ਸੰਸਾਰ ਪ੍ਰਸਿੱਧ ਗਲਪ-ਰਚਨਾਵਾਂ ਦਾ ਪ੍ਰਸੰਗਕ ਹਵਾਲਾ ਦੇਣ ਦੀ ਲਾਲਸਾ ਮੇਰੇ ਮਨ ਵਿਚ ਹੈ ਪਰ ਆਪਣੇ ਨਿਬੰਧ ਨੂੰ ਅਤਿਕਥਨੀ ਦੇ ਪ੍ਰਭਾਵ ਤੋਂ ਬਚਾਉਣ ਲਈ ਇਸ ਤਰ੍ਹਾਂ ਦੇ ਹਵਾਲੇ ਦੇਣ ਤੋਂ ਸੰਕੋਚ ਹੀ ਕਰਾਂਗਾ। ਫੇਰ ਵੀ ਏਨਾ ਤਾਂ ਕਿਹਾ ਹੀ ਜਾ ਸਕਦਾ ਹੈ ਕਿ ਅਨਿਆਈ ਸਮਾਜ-ਵਿਵਸਥਾ ਨੂੰ ਚਿਤਰਨ ਲਈ ਕਟਾਖ਼ਸ਼ ਤੇ ਵਿਅੰਗ ਦੀ ਸ਼ੈਲੀ ਇਸ ਨਾਵਲ ਨੂੰ ਬਹੁਤ ਰਾਸ ਆਈ ਹੈ। ਨਾਵਲ (ਤਫ਼ਤੀਸ਼) ਦੇ ਅੰਤ ਵਿਚ ਜੋ ਭਵਿੱਖਾਰਥੀ ਸੰਕੇਤ ਲੇਖਕ ਦੇਣਾ ਚਾਹੁੰਦਾ ਹੈ, ਮੇਰੀ ਜਾਚੇ ਉਹ ਰਵਾਇਤੀ ਪ੍ਰਗਤੀਵਾਦੀ ਵਿਧੀ ਤੋਂ ਹਟ ਕੇ ਵਧੇਰੇ ਪ੍ਰਭਾਵਕਾਰੀ ਰੂਪ ਵਿਚ ਦਿੱਤਾ ਜਾ ਸਕਦਾ ਸੀ।

ਮਿੱਤਰ ਸੈਨ ਮੀਤ ਦੇ ਇਸ ਨਾਵਲ ਦੁਆਰਾ ਯਥਾਰਥਵਾਦ ਦੀ ਵਿਧੀ ਦੇ ਕਟਾਖ਼ਸ਼, ਵਿਅੰਗ ਤੇ ਗਵਾਹੀ ਵਰਗੇ ਕੁਝ ਘੱਟ ਗੌਲੇ ਪੱਖਾਂ ਦੀ ਸਾਰਥਕਤਾ ਨੂੰ ਉਭਾਰਨ ਦਾ ਅਹਿਮ ਕਾਰਜ ਨਿਭਾਇਆ।

-ਡਾ. ਰਘਬੀਰ ਸਿੰਘ (ਸਿਰਜਣਾ)

‘ਪੰਜਾਬੀ ਨਾਵਲ- ਪਰੰਪਰਾ ਵਿਚ ਤਫ਼ਤੀਸ਼ ਦੀ ਵਿਲੱਖਣਤਾ’

ਮੀਤ ਦੇ ਦੋਵੇਂ ਮੁੱਢਲੇ ਨਾਵਲਾਂ ਵਿਚ ਹਕੀਕਤ ਦੀ ਪੇਸ਼ਕਾਰੀ, ਵਿਸ਼ੇਸ਼ ਕਰਕੇ ਜ਼ਮੀਨੀ ਰਿਸ਼ਤਿਆਂ ਦੇ ਇਰਦ-ਗਿਰਦ ਬੁਣੇ ਹੋਏ ਭਾਵ ਸੰਸਕਾਰਾਂ ਦੇ ਅੰਤਰਵਿਰੋਧਾਂ ਨੂੰ ਹਕੀਕਤ-ਪਸੰਦੀ ਦੇ ਪੈਂਤੜੇ ਤੋਂ ਚਿਤ੍ਰਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿੱਥੋਂ ਤੱਕ ਉਹ ਇਸ ਹਕੀਕਤ ਨੂੰ ਆਪਣੀ ਮਨਪਸੰਦ ਵਿਚਾਰਧਾਰਾ ਦੀ ਮੱਦਦ ਨਾਲ ਮਨੋਇੱਛਤ ਦਸ਼ਾ ਵਿਚ ਸੁਧਾਰਨ ਜਾਂ ਤਬਦੀਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਚਿਤ੍ਰਣ ਨੂੰ ਮੈਗਨੀਫ਼ਾਈ ਕਰਨ ਦੀ ਰੁਚੀ ਹਕੀਕਤ ਪਸੰਦੀ ਤੋਂ ਮੁੱਖ ਮੋੜ ਲੈਂਦੀ ਹੈ। ਇਹ ਦਵੰਦ ਉਸ ਦੇ ਦੋਵੇਂ ਮੁੱਢਲੇ ਨਾਵਲਾਂ ਵਿਚ ਮੌਜੂਦ ਹੈ। ਇਹ ਦਵੰਦ ਇਨ੍ਹਾਂ ਮੁੱਢਲੇ ਨਾਵਲਾਂ ਦੀ ਰੂਪ-ਰਚਨਾ ਦਾ ਦਵੰਦ ਵੀ ਬਣ ਜਾਂਦਾ ਹੈ। ਪਰ ਇਸ ਦੌਰ ਵਿਚ ਇਨ੍ਹਾਂ ਨਾਵਲਾਂ ਦੀ ਰਚਨਾਕਾਰੀ ਹੋਈ, ਉਸ ਸਮੇਂ ਇਹ ਦਵੰਦ ਵੇਲੇ ਦੀ ਸਥਿਤੀ ਦਾ ਕਲਾਤਮਕ ਪਰਤੌ ਹੀ ਸੀ, ਜਿਸ ਦੀ ਗ੍ਰਿਫ਼ਤ ਵਿਚ ਉਸ ਵੇਲੇ ਦੇ ਬਹੁਤੇ ਪੰਜਾਬੀ ਲੇਖਕ ਆਏ ਹੋਏ ਸਨ। ਇਸ ਦੇ ਬਾਵਜੂਦ ਅੱਗ ਦੇ ਬੀਜ ਵਿਚ ਜਿੱਥੇ ਆਤੰਕ ਦੀ ਕਲਾਤਮਕ ਧਰਾਤਲ ਉੱਪਰ ਕੀਤੀ ਗਈ ਭਾਵਪੂਰਤ ਆਰਥਿਕ ਵਿਆਖਿਆ ਵਿਦਮਾਨ ਹੈ, ਉੱਥੇ ਕਾਫ਼ਲਾ ਦਾ ਪ੍ਰਕਾਸ਼ਨ-ਸਾਲ ਇਸ ਦੇ ਮਹੱਤਵ ਨੂੰ ਇੱਕ ਹੋਰ ਪੱਖ ਤੋਂ ਵੀ ਉਜਾਗਰ ਕਰਦਾ ਹੈ। ਇਸ ਦਾ ਸੰਬੋਧਨ ਆਪਣੇ ਸਮਕਾਲ ਦੇ ਉਸ ਪਾਠਕ ਨੂੰ ਹੈ, ਜਿਸ ਨੂੰ ਦਹਿਸ਼ਤਜ਼ਦਾ ਕਰਕੇ ਧਾਰਮਿਕ-ਸੰਪਰਦਾਇਕ ਲੀਹਾਂ ਉੱਪਰ ਬਣਾਏ ਜਾ ਰਹੇ ਕਾਫ਼ਲਿਆਂ ਵਿਚ ਜਬਰੀ ਸ਼ਾਮਿਲ ਕੀਤਾ ਜਾ ਰਿਹਾ ਸੀ।

ਇਹ ਨਾਵਲ ਸਮਕਾਲੀ ਪਾਠਕ ਨੂੰ ਆਪਣੇ ਸੰਦੇਸ਼ ਵਿਚ ਇਹ ਕਹਿੰਦਾ ਜਾਪਦਾ ਹੈ ਕਿ ਜੇ ਉਸ ਨੇ ਕਿਸੇ ਕਾਫ਼ਲੇ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਉਹ ਆਰਥਿਕ ਰਾਜਨੀਤਕ ਆਧਾਰਾਂ ਉੱਪਰ ਸੰਗਠਿਤ ਹੋਣਾ ਚਾਹੀਦਾ ਹੈ। ਸਹੀ ਵਿਕਲਪ ਦੇ ਸੁਝਾਅ ਦਾ ਸਾਹਸ ਨਿਸ਼ਚੈ ਹੀ ਕਾਫ਼ਲਾ ਦੇ ਪ੍ਰਕਾਸ਼ਨ-ਸਾਲ ਦੇ ਸਮਕਾਲੀ ਸੰਬੋਧਨ ਦੇ ਸੰਦਰਭ ਵਿਚ ਮੁੱਲਵਾਨ ਤੱਥ ਹੈ।

ਉਪਰੋਕਤ ਸਿਰਜਣਾਤਮਕ ਕਸ਼ਮਕਸ਼ ਅਤੇ ਦਵੰਦ ਵਿਚੋਂ ਲੰਘ ਕੇ ਹੀ ਮਿੱਤਰ ਸੈਨ ਮੀਤ ਤਫ਼ਤੀਸ਼ ਅਤੇ ਕਟਹਿਰਾ ਦੀ ਰਚਨਾਕਾਰੀ ਤੱਕ ਅੱਪੜਿਆ ਹੈ।

-ਡਾ. ਸੁਖਦੇਵ ਸਿੰਘ ਖਾਹਰਾ