- ਵਿਨੀਪੈਗ ਦੇ ਪਰਨਿਆਂ ਅਤੇ ਕੁੜਤੇ ਪਜਾਮਿਆਂ ਵਾਲੇ ਪੰਜਾਬੀ
ਕਨੇਡਾ ਦਾ ਮੈਨਿਟੋਬਾ ਸੂਬਾ ਸਾਲ ਵਿਚ ਛੇ ਮਹੀਨੇ ਪੰਜ ਪੰਜ ਫੁੱਟ ਬਰਫ਼ ਵਿਚ ਦਬਿਆ ਰਹਿੰਦਾ ਹੈ। ਤਾਪਮਾਨ -40 ਡਿਗਰੀ ਤੋਂ -50 ਡਿਗਰੀ ਤੱਕ ਪੁੱਜ ਜਾਂਦਾ ਹੈ। ਇਸ ਦੇ ਉਲਟ ਗਰਮੀਆਂ ਵਿਚ ਤਾਪਮਾਨ 40 ਡਿਗਰੀ ਤੋਂ 45 ਡਿਗਰੀ ਤੱਕ ਹੋ ਜਾਂਦਾ ਹੈ। ਅਜਿਹੀਆਂ ਸਖਤ ਪ੍ਰਸਥਿਤੀਆਂ ਕਾਰਨ ਇਸ ਸੂਬੇ ਵਿਚ ਵਸੋਂ ਦੀ ਅਬਾਦੀ ਨਾ ਬਰਾਬਰ ਹੈ। ਸੂਬੇ ਨੂੰ ਪ੍ਰਫੁੱਲਤ ਕਰਨ ਲਈ ਮੈਨਿਟੋਬਾ ਦੀ ਸਰਕਾਰ ਨੇ, ਵਿਦੇਸ਼ੀਆਂ ਦੇ ਇੱਥੇ ਆ ਕੇ ਵਸਣ ਨੂੰ ਉਤਸ਼ਾਹਿਤ ਕਰਨ ਲਈ, ਵਰਕ ਪਰਮਿਟ ਦੇ ਨਿਯਮਾਂ ਵਿਚ ਵੱਡੀਆਂ ਛੋਟਾਂ ਦਿੱਤੀਆਂ ਹੋਈਆਂ ਹਨ।
ਇਨ੍ਹਾਂ ਰਿਆਇਤਾਂ ਦਾ ਫਾਇਦਾ ਉਠਾਉਣ ਲਈ, ਕਨੇਡਾ ਵਸਣ ਦੇ ਸੁਪਨੇ ਲੈਣ ਵਾਲੇ ਮਿਹਨਤੀ ਪੰਜਾਬੀ, ਖਾਸ ਕਰ ਸਿੱਖ, ਕੁਦਰਤ ਨਾਲ ਮੱਥਾ ਲਾਉਣ ਲਈ ਤਿਆਰ ਹੋ ਜਾਂਦੇ ਹਨ। ਇਸ ਸਮੇਂ ਵਿਨੀਪੈਗ ਵਿਚ 20 ਤੋਂ 22 ਹਜ਼ਾਰ ਤੱਕ ਸਿੱਖ ਵਸੋਂ ਹੈ। ਇਨੀਂ ਦਿਨੀਂ ਪੰਜਾਬੀਆਂ ਦੇ ਵਿਨੀਪੈਗ ਜਾਣ ਦੀ ਰਫ਼ਤਾਰ ਬਹੁਤ ਤੇਜ਼ ਹੈ।
ਕੁੜਤਾ ਪਜਾਮਾ ਪੰਜਾਬੀਆਂ ਦੀ ਮਨ ਭਾਉਂਦੀ ਪੌਸ਼ਾਕ ਹੈ। ਸਿਆਸੀ ਨੇਤਾਵਾਂ ਤੋਂ ਲੈ ਕੇ ਫ਼ਿਲਮੀ ਕਲਾਕਾਰ ਤੱਕ ਇਹ ਪਹਿਰਾਵਾ ਸ਼ੌਂਕ ਨਾਲ ਪਹਿਨਦੇ ਹਨ। ਪਰਨਾ ਡੇਢ ਮੀਟਰ ਦਾ ਸੂਤੀ ਕੱਪੜਾ ਹੁੰਦਾ ਹੈ ਜਿਸ ਵਿਚੋਂ ਹਵਾ ਅਸਾਨੀ ਨਾਲ ਆਰ-ਪਾਰ ਹੋ ਜਾਂਦੀ ਹੈ। ਗਰਮੀ ਤੋਂ ਬਚਣ ਲਈ ਕੇਸਾਧਾਰੀ ਪੰਜਾਬੀਆਂ ਵੱਲੋਂ ਸਿਰ ਤੇ ਪਰਨਾ ਬੰਨਣਾ ਇੱਕ ਆਮ ਜਿਹਾ ਵਰਤਾਰਾ ਹੈ। ਦੋ ਗੱਭਰੂਆਂ ਦਾ ਹੱਥ ਵਿਚ ਹੱਥ ਪਾ ਕੇ ਤੁਰਨਾ ਗੱਭਰੂਆਂ ਦੀ ਗੂੜ੍ਹੀ ਦੋਸਤੀ ਦਾ ਪ੍ਰਤੀਕ ਹੈ। ਬਾਹਰ ਤੇਜ਼ ਧੁੱਪ ਹੋਣ ਕਾਰਨ ਅਸੀਂ ਆਪਣੇ ਗਿੱਲੇ ਕੱਪੜੇ ਘਰਾਂ ਦੇ ਬਾਹਰ ਬੰਨੀਆਂ ਤਣੀਆਂ ਉੱਪਰ ਸੁੱਕਣੇ ਪਾਉਂਦੇ ਹਾਂ। ਜਦੋਂ ਅਸੀਂ ਜਨਤਕ ਥਾਵਾਂ ਤੇ ਮਿਲਦੇ ਹਾਂ ਤਾਂ ਅਪਣੱਤ ਕਾਰਨ, ਅਕਸਰ ਇੱਕ ਪਾਸੇ ਖੜ੍ਹ ਕੇ ਗੱਲਾਂ ਕਰਨ ਲੱਗ ਪੈਂਦੇ ਹਾਂ। ਖੇਤਾਂ ਵਿਚ ਕੰਮ ਕਰਨ ਦੀ ਆਦਤ ਹੋਣ ਕਾਰਨ, ਇੱਕ ਦੂਜੇ ਨੂੰ ਉੱਚੀ ਅਵਾਜ਼ ਵਿਚ ਹਾਕਾਂ ਮਾਰਦੇ ਹਾਂ। ਪੰਜਾਬ ਵਿਚ ਸਾਂਝੇ ਪਰਿਵਾਰਾਂ ਦਾ ਰਿਵਾਜ਼ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ।
ਦੂਜੇ ਪਾਸੇ ਕਨੇਡੀਅਨ ਸੱਭਿਆਚਾਰ ਵਿਚ ਹੱਥ ਵਿਚ ਹੱਥ ਪਾ ਕੇ ਤੁਰਨਾ ਸਮਲਿੰਗਕ ਹੋਣ ਦੀ ਅਤੇ ਕਈ-ਕਈ ਪਰਿਵਾਰਾਂ ਦਾ ਇਕੱਠੇ ਰਹਿਣਾ ਨਿੱਜੀ ਅਜ਼ਾਦੀ ਵਿਚ ਦਖਲ ਅੰਦਾਜ਼ੀ ਮੰਨਿਆ ਜਾਂਦਾ ਹੈ। ਸਲੀਕੇ ਨਾਲ ਜ਼ਿੰਦਗੀ ਜਿਊਣ ਦੇ ਆਦੀ ਹੋਣ ਕਾਰਨ ਉਨ੍ਹਾਂ ਨੂੰ ਮਾਲਾਂ ‘ਚ ਗੱਪ-ਸ਼ੱਪ ਕਰਨ ਜਾਂ ਉੱਚੀ ਆਵਾਜ਼ ‘ਚ ਹਾਕਾਂ ਮਾਰਨਾ ਵੀ ਅਸੱਭਿਆ ਲੱਗਦਾ ਹੈ।
ਬਹੁਤੇ ਪੰਜਾਬੀਆਂ ਦੇ ਪੇਂਡੂ ਪਿਛੋਕੜ ਦੇ ਹੋਣ ਕਾਰਨ ਉਨ੍ਹਾਂ ਨੂੰ ਵਿਨੀਪੈਗ ਦੇ ਰਹਿਣ-ਸਹਿਣ ਦੇ ਢੰਗ ਤਰੀਕਿਆਂ ਦਾ ਪਹਿਲਾਂ-ਪਹਿਲਾਂ ਪਤਾ ਨਹੀਂ ਹੁੰਦਾ। ਅਣਜਾਣਪੁਣੇ ਵਿਚ ਉਹ ਉੱਥੇ ਪੰਜਾਬੀ ਸੱਭਿਆਚਾਰ ਅਨੁਸਾਰ ਹੀ ਵਿਚਰਦੇ ਹਨ।
ਤੀਹ-ਚਾਲੀ ਸਾਲ ਪਹਿਲਾਂ ਵਿਨੀਪੈਗ ਜਾ ਕੇ ਵਸੇ ਅਤੇ ਉੱਥੋਂ ਦੇ ਸੱਭਿਆਚਾਰ ਨੂੰ ਕਾਫ਼ੀ ਹੱਦ ਤੱਕ ਅਪਣਾ ਚੁੱਕੇ ਪੁਰਾਣੇ ਪੰਜਾਬੀਆਂ ਨੂੰ ਨਵੇਂ ਅਨਾੜੀ ਲੱਗਦੇ ਹਨ। ਆਪਣੇ ਭਾਈਚਾਰੇ ਦੇ ਅਸੱਭਿਅਕ ਹੋਣ ਕਾਰਨ ਉਨ੍ਹਾਂ ‘ਚ ਹੀਣ ਭਾਵਨਾ ਜਾਗਦੀ ਹੈ। ਨਤੀਜਨ, ਆਪਣੀਆਂ ਮਿਲਣੀਆਂ ਦੌਰਾਨ, ਉਹ ਨਵੇਂ ਪੰਜਾਬੀਆਂ ਨੂੰ ਕੋਸਣ ਲੱਗਦੇ ਹਨ। ਇਸ ਤਰ੍ਹਾਂ ਦੀਆਂ ਕੁਝ ਟਿੱਪਣੀਆਂ ਮੈਨੂੰ ਵੀ ਸੁਣਨ ਨੂੰ ਮਿਲੀਆਂ।
ਦੂਜੇ ਪਾਸੇ ਵਿਨੀਪੈਗ ਦੇ ਪਾਰਕਾਂ ਵਿਚ ਮੈਂ ਕੁਝ ਗੌਰਿਆਂ ਨੂੰ ਕਮੀਜ਼ ਬਣੈਨ ਲਾਹ ਕੇ ਨੰਗੇ ਧੜ ਬੈਠਿਆਂ ਦੇਖਿਆ। ਪੰਜਾਬੀ ਸੱਭਿਆਚਾਰ ਅਨੁਸਾਰ ਨੰਗੇ ਧੜ ਬਜ਼ਾਰ ਵਿਚ ਘੁੰਮਣਾ ਅਸੱਭਿਅਕ ਹੈ। ਗੌਰਿਆਂ ਦੇ ਇਸ ਅਸੱਭਿਅਕ ਵਰਤਾਰੇ ਬਾਰੇ ਪੁੱਛਣ ਤੇ ਮੈਨੂੰ ਦੱਸਿਆ ਗਿਆ ਕਿ ਗੌਰਿਆਂ ਨੂੰ ਸੂਰਜ ਦੀ ਧੁੱਪ ਕਦੇ-ਕਦੇ ਨਸੀਬ ਹੁੰਦੀ ਹੈ। ਵਿਟਾਮਿਨ ਡੀ ਦੀ ਘਾਟ ਪੂਰੀ ਕਰਨ ਲਈ ਉਨ੍ਹਾਂ ਦਾ ਨੰਗੇ ਹੋ ਕੇ ਧੁੱਪ ਵਿਚ ਬੈਠਣਾ ਉਚਿਤ ਹੈ।
ਪਰਨੇ ਨਾਲੋਂ ਛੋਟੇ ਕੱਪੜੇ ‘ਹਿਜਾਬ’ ਨਾਲ ਸਿਰ ਢੱਕੀ ਫਿਰਦੀਆਂ ਅਫ਼ਰੀਕਨ ਔਰਤਾਂ ਤੇ ਨਾ ਪੰਜਾਬੀਆਂ ਨੂੰ ਕੋਈ ਇਤਰਾਜ਼ ਹੈ, ਅਤੇ ਨਾ ਅਫ਼ਰੀਕਨ ਭਾਈਚਾਰੇ ਨੂੰ।
ਹੋਰ ਘੋਖ ਕਰਨ ਤੇ ਪਤਾ ਲੱਗਿਆ ਕਿ ਨਵੇਂ ਪੰਜਾਬੀ ਆਪਣੀਆਂ ਆਦਤਾਂ ਤੇ ਵਜਿੱਦ ਨਹੀਂ ਹਨ। ਜਿਉਂ ਹੀ ਉਨ੍ਹਾਂ ਨੂੰ ਇੱਥੋਂ ਦੇ ਨਵੇਂ ਰਿਵਾਜ਼ਾਂ ਦਾ ਪਤਾ ਲੱਗਦਾ ਹੈ, ਉਹ ਝੱਟ ਉਨ੍ਹਾਂ ਨੂੰ ਅਪਣਾ ਲੈਂਦੇ ਹਨ। ਜਦੋਂ ਨਵੀਂ ਆਈ ਗੁਆਂਢਣ ਨੂੰ ਦੱਸਿਆ ਜਾਂਦਾ ਹੈ ਕਿ ਇੱਥੇ ਧੁੱਪ ਵਿਚ ਕੱਪੜੇ ਸੁਕਾਉਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਤਾਂ ਝੱਟ ਉਹ ਕੱਪੜੇ ਸਮੇਟ ਕੇ ਅੰਦਰ ਲੈ ਜਾਂਦੀ ਹੈ। ਮੁੜ ਗਲਤੀ ਨਹੀਂ ਦੁਹਰਾਉਂਦੀ। ਹੱਥ ਵਿਚ ਹੱਥ ਪਾਈ ਜਾਂਦੇ ਮੁੰਡਿਆਂ ਦੇ ਇਸ ਤਰ੍ਹਾਂ ਘੁੰਮਣ ਤੇ ਜਦੋਂ ਇਤਰਾਜ਼ ਕੀਤਾ ਜਾਂਦਾ ਹੈ ਤਾਂ ਝੱਟ ਉਹ ਇੱਕ ਦੂਜੇ ਦਾ ਹੱਥ ਛੱਡ ਦਿੰਦੇ ਹਨ। ਮੁੜ ਨਹੀਂ ਫੜਦੇ।
ਪੰਜਾਬੀਆਂ ਦੇ ਨਵੇਂ ਵਾਤਾਵਰਣ ਅਨੁਸਾਰ ਝੱਟ ਢਲਣ ਵਾਲਾ ਇਹ ਵਤੀਰਾ, ਮੈਨੂੰ ਤਾਂ ਅਸੱਭਿਅਕ ਦੀ ਥਾਂ ਉਨ੍ਹਾਂ ਦੇ ਸੱਭਿਅਕ ਹੋਣ ਦਾ ਪ੍ਰਤੀਕ ਲੱਗਿਆ। ਨਵਿਆਂ ਨਾਲੋਂ ਪੁਰਾਣੇ ਮੈਨੂੰ ਵੱਧ ਕਸੂਰਵਾਰ ਲੱਗੇ। ਪੁਰਾਣਿਆਂ ਨੂੰ ਚਾਹੀਦਾ ਹੈ ਕਿ ਉਹ ਨਵਿਆਂ ਨੂੰ ਨਿੰਦਣ ਦੀ ਥਾਂ ਉਨ੍ਹਾਂ ਦੇ ਮੱਦਦਗਰ ਬਣਨ। ਨਵਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਨਵੇਂ ਰੀਤੀ-ਰਿਵਾਜ਼ਾਂ ਤੋਂ ਜਾਣੂ ਕਰਾਉਣ। ਇਸ ਉੱਦਮ ਵਿਚ ਪਹਿਲ ਗੁਰਦੁਆਰਿਆਂ ਨੂੰ ਕਰਨੀ ਚਾਹੀਦੀ ਹੈ।
ਜੇ ਗੌਰਿਆਂ ਦਾ ਨੰਗੇ ਪਿੰਡੇ ਧੁੱਪ ਵਿਚ ਬੈਠਣਾ ਅਤੇ ਅਫਰੀਕਨ ਔਰਤਾਂ ਦਾ ਆਪਣੇ ਸਿਰ ਛੋਟੇ ਕੱਪੜਿਆਂ ਨਾਲ ਢੱਕ ਕੇ ਰੱਖਣਾ ਕਨੇਡੀਅਨ ਸੱਭਿਆਚਾਰ ਨੂੰ ਪ੍ਰਵਾਨ ਹੈ ਤਾਂ ਪੰਜਾਬੀਆਂ ਦਾ ਕੁੜਤੇ ਪਜਾਮੇ ਪਾ ਕੇ ਅਤੇ ਪਰਨੇ ਬੰਨ੍ਹ ਕੇ ਘੁੰਮਣਾ ਫਿਰਨਾ ਕਿਸੇ ਤਰ੍ਹਾਂ ਵੀ ਇਤਰਾਜ਼ ਯੋਗ ਨਹੀਂ ਹੋਣਾ ਚਾਹੀਦਾ। ਇੱਥੇ ਵੀ ਮੈਨੂੰ ਨਵਿਆਂ ਦੀ ਥਾਂ ਪੁਰਾਣੇ ਪੰਜਾਬੀ ਕਸੂਰਵਾਰ ਲੱਗੇ। ਪੁਰਾਣਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਨਵਿਆਂ ਦੀ ਹਮਾਇਤ ਕਰਨ ਨਾ ਕਿ ਗੌਰਿਆਂ ਦੇ ਸੱਭਿਆਚਾਰ ਦੀ ਹਮਾਇਤ ਵਿਚ ਆਪਣੇ ਭਾਈਚਾਰੇ ਨੂੰ ਕੋਸਣ।
ਮੈਨੂੰ ਇਹ ਵੀ ਸਮਝ ਨਹੀਂ ਆਈ ਕਿ ਜੇ ਗੌਰਿਆਂ ਦਾ ਧੁੱਪ ਵਿਚ ਨੰਗੇ ਧੜ ਅਤੇ ਅਫਰੀਕਨ ਔਰਤਾਂ ਦਾ ਹਿਜਾਬ ਪਹਿਨ ਕੇ ਜਨਤਕ ਥਾਵਾਂ ਤੇ ਬੈਠਣਾ/ਘੁੰਮਣਾ ਵਿਨੀਪੈਗ ਵਾਸੀਆਂ ਨੂੰ ਸੱਭਿਅਕ ਲੱਗਦਾ ਹੈ ਤਾਂ ਨਵੇਂ ਪੰਜਾਬੀਆਂ ਦਾ ਆਪਣੇ ਸੱਭਿਆਚਾਰ ਅਨੁਸਾਰ ਪਹਿਨਿਆ ਪਰਨਾ ਅਤੇ ਕੁੜਤਾ ਪਜਾਮਾ ਅਸੱਭਿਅਕ ਕਿਵੇਂ ਹੋਇਆ?
ਪੰਜਾਬ ਵਿਚ ਪੰਜਾਬੀਆਂ ਦੇ ਭਵਿੱਖ ਦੀ ਭਵਿੱਖਬਾਣੀ ਕਰਦੇ
-ਵਿਨੀਪੈਗ ਦੀਆਂ ਜਨਤੱਕ ਥਾਵਾਂ ਤੇ ਸ਼ਰਾਬਾਂ ਪੀਂਦੇ ‘ਤਾਏ ਕੇ’
ਵੈਨਕੂਵਰ ਵਿਚ ਮੂਲ ਨਿਵਾਸੀਆਂ (People of the first nations) ਦੀਆਂ ‘ਸੁਰਿੱਖਅਤ ਰਹਾਇਸ਼ਗਾਹਾਂ’ ਤਾਂ ਬਹੁਤ ਦੇਖੀਆਂ ਪਰ ਸੜਕਾਂ ਤੇ ਫਿਰਦਾ ਇੱਕ ਵੀ ਨਜ਼ਰ ਨਹੀਂ ਆਇਆ। ਦੂਜੇ ਪਾਸੇ ਵਿਨੀਪੈਗ ਵਿਚ, ਜਨਤਕ ਥਾਵਾਂ ਤੇ ਨਿਧੜਕ ਹੋ ਕੇ ਇਹ ਸ਼ਰਾਬਾਂ ਪੀਂਦੇ ਆਮ ਦਿਖੇ । ਪੁੱਛਣ ਤੇ ਪਤਾ ਲੱਗਿਆ ਕਿ ਕੁਝ ਮੂਲ ਨਿਵਾਸੀਆਂ ਦੇ ਮੂਲ ਨਿਵਾਸ ਸਥਾਨ ਇਥੋਂ ਨੇੜੇ ਹਨ ਅਤੇ ਕੁਝ ਨੇ ਵਿਨੀਪੈਗ ਘਰ ਬਣਾ ਲਏ ਹਨ। ਕੁਝ ਰਹਾਇਸ਼ਗਾਹਾਂ ਵਿਚੋਂ ਨਿਕਲ ਕੇ ਘੁੰਮਣ ਫਿਰਨ ਅਤੇ ਖਰੀਦੋ ਫਰੋਖਤ ਲਈ ਵੀ ਆ ਜਾਂਦੇ ਹਨ। ਸ਼ਹਿਰ ਆਏ, ਸਰਕਾਰੀ ਭੱਤਿਆ ਦੇ ਸਿਰ ਤੇ, ਮੌਜ ਮਸਤੀ ਕਰਦੇ ਹਨ। ਇੱਥੋਂ ਦੇ ਮੂਲ ਵਾਸੀ ਹੋਣ ਕਾਰਨ, ਕੁਝ ਪੰਜਾਬੀ ਸਨਮਾਨ (ਜਾਂ ਵਿੰਅਗ) ਵਜੋਂ ਇਨਾਂ ਨੂੰ ‘ਤਾਏ ਕੇ’ ਕਹਿੰਦੇ ਹਨ।
ਹੱਟੇ ਕੱਟੇ ਅਤੇ ਕਦੇ ਯੋਧੇ ਰਹੇ ‘ਤਾਏ ਕਿਆਂ’ ਦੀ ਇਸ ਤਰਸਯੋਗ ਹਾਲਤ ਨੇ ਮੈਨੂੰ ਗਮਕੀਨ ਕੀਤਾ ਅਤੇ ਇੱਧਰਲੇ ਪੰਜਾਬ ਦੇ ਭਵਿੱਖ ਬਾਰੇ ਸੋਚਣ ਲਈ ਮਜਬੂਰ।
ਹੁਣ ਇੱਹ ਗੱਲ ਜੱਗ ਜ਼ਾਹਰ ਹੈ ਕਿ ਵਿਦੇਸ਼ੀ ਹਮਲਾਵਰਾਂ ਨੇ ਕੈਨੇਡਾ ਤੇ ਆਪਣੇ ਗੈਰ-ਕਾਨੂੰਨੀ ਕਬਜੇ ਨੂੰ ਸਦਾ ਲਈ ਪੱਕਾ ਕਰਨ ਲਈ, ਮੂਲ ਨਿਵਾਸੀਆਂ ਨੂੰ ਆਪਣੀ ਭਾਸ਼ਾ,ਸਾਹਿਤ, ਸਭਿਆਤਾਰ ਅਤੇ ਧਰਮ ਨਾਲੋਂ ਪੂਰੀ ਤਰਾਂ ਤੋੜ ਦਿੱਤਾ। ਮੂਲ ਨਿਵਾਸੀ ਭਵਿੱਖ ਵਿਚ ਵੀ ਆਪਣੇ ਹੱਕਾਂ ਬਾਰੇ ਜਾਗਰੂਕ ਨਾ ਹੋ ਸਕਣ, ਇਹ ਯਕੀਨੀ ਬਣਾਉਣ ਲਈ, ਇਹ ਉਹਨਾਂ ਦੀ ਇੱਕ ਕੋਝੀ ਕੂਟਨੀਤਕ ਰਾਜਸੀ ਚਾਲ ਸੀ। ਇੱਕ ਪਾਸੇ ਉਨਾਂ ਤੋਂ ਉਨਾਂ ਦੀ ਬੋਲੀ,ਸਭਿਆਚਾਰ ਅਤੇ ਧਰਮ ਖੋਹਿਆ।
ਦੂਜੇ ਪਾਸੇ ਮੁਫਤ ਦੇ ਭੱਤੇ ਅਤੇ ਮੁਫਤ ‘ਚ ਸ਼ਰਾਬਾਂ ਦੇ ਕੇ ਉਨ੍ਹਾਂ ਨੂੰ ਨਸ਼ੈੜੀ ਬਣਾਇਆ। ਸਭ ਕੁਝ ਲੁਟਾ ਕੇ ਹੁਣ ਉਨ੍ਹਾਂ ਨੂੰ ਸੁਰਤ ਆਈ ਹੈ। ਸਮੇਂ ਦੀ ਧੂੜ ਵਿਚ ਗੁਆਚ ਚੁੱਕੀ ਆਪਣੀ ਬੋਲੀ ਦੇ ਇੱਕ-ਇੱਕ ਸ਼ਬਦ ਨੂੰ ਲੱਭ ਕੇ, ਤਿਣਕਾ-ਤਿਣਕਾ ਜੋੜ ਕੇ ਉਹ ਮੁੜ ਆਲ੍ਹਣਾ ਬਣਾਉਣ ਲਈ ਸੰਘਰਸ਼ਸ਼ੀਲ ਹਨ। ਉਨ੍ਹਾਂ ਦੇ ਆਗੂ ਆਪਣੇ ਭਾਈਚਾਰੇ ਨੂੰ ਹੁਣ ਨਸ਼ਾ-ਪੱਤਾ ਛੱਡ ਕੇ, ਸਮਾਜ ਅਤੇ ਸਰਕਾਰ ਵਿਚ ਮੁੜ ਆਪਣੀ ਸਤਿਕਾਰ ਯੋਗ ਥਾਂ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ। ਮੂਲ ਨਿਵਾਸੀ ਆਪਣੇ ਹੱਕ ਬਹਾਲ ਕਰਾਉਣ ਲਈ ਜੂਝ ਰਹੇ ਹਨ।
ਪੰਜਾਬ ਵਿਚ ਨੌਜਵਾਨ ਪੀੜ੍ਹੀ ਨੂੰ ਚਿੱਟੇ ਤੇ ਲਾ ਕੇ ਅਤੇ ਪੰਜਾਬੀ ਨੂੰ ਸਰਕਾਰ, ਵਪਾਰ, ਰੁਜ਼ਗਾਰ ਅਤੇ ਪਰਿਵਾਰ ਵਿਚੋਂ ਖ਼ਾਰਜ ਕਰਕੇ, ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਅੱਗੇ ਲਿਆ ਕੇ, ਇਓਂ ਲੱਗਦਾ ਹੈ ਜਿਵੇਂ ਕਾਲੇ ਅੰਗਰੇਜ਼ਾਂ ਨੇ ਯੋਜਨਾਬੱਧ ਢੰਗ ਨਾਲ ਪੰਜਾਬੀਆਂ ਨੂੰ ਵੀ ਪੰਜਾਬ ਵਿਚ ਹੀ ‘ਤਾਏ ਕੇ’ ਬਣਾਉਣ ਦੀ ਪੱਕੀ ਠਾਣ ਰੱਖੀ ਹੈ। ਜੇ ਅਸੀਂ ਅਮਰੀਕਾ ਕੈਨੇਡਾ ਦੇ ਆਦੀ ਵਾਸੀਆਂ ਤੋਂ ਕੁਝ ਨਾ ਸਿੱਖਿਆ ਅਤੇ ਇੰਝ ਹੀ ਘਸੇਲ ਵੱਟੀ ਰੱਖੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਆਪਣੀ ਹੀ ਮਾਤ-ਭੂਮੀ ਵਿਚ ‘ਅਧਿਕਾਰਹੀਣ ਵਿਦੇਸ਼ੀ’ ਬਣ ਜਾਣਗੇ। ਮਾਂ ਬੋਲੀ ਅਤੇ ਸਭਿਆਚਾਰ ਭੁੱਲ ਜਾਣਗੇ।
ਨਸ਼ਿਆਂ ਤੇ ਲੱਗੀ ਜਵਾਨੀ
ਸਰਕਾਰ ਅਤੇ ਸਿੱਖਿਆ ਵਿਚੋਂ ਅਲੋਪ ਹੁੰਦੀ ਪੰਜਾਬੀ
ਮੈਨੂੰ ਪੰਜਾਬੀਅਤ ਦੇ ਅਲੰਬੜਦਾਰ ਅਖਵਾਉਂਦੇ ਉਨਾਂ ‘ਬੁੱਧੀਜੀਵੀਆਂ’ ਦੀ ਸੋਚ ਤੇ ਹੈਰਾਨੀ ਹੁੰਦੀ ਹੈ ਜਿਹੜੇ ਪੰਜਾਬੀ ਦੇ ਹੋ ਰਹੇ ਇਸ ਘਾਣ ਬਾਰੇ ਸੁਚੇਤ ਤਾਂ ਹਨ ਪਰ ਇਸ ਵਰਤਾਰੇ ਨੂੰ ‘ਬ੍ਰਾਹਮਣਵਾਦੀ ਕੇਂਦਰੀ ਸਰਕਾਰ ਦੀ, ਪੰਜਾਬੀ ਨੂੰ ਖਤਮ ਕਰਕੇ, ਸਿੱਖਾਂ ਨੂੰ ਆਪਣੇ ਧਰਮ ਨਾਲੋਂ ਤੋੜਨ ਅਤੇ ਫੇਰ ਗੁਲਾਮ ਬਣਾਈ ਰੱਖਣ ਦੀ ਕੋਝੀ ਚਾਲ’ ਗਰਦਾਨ ਕੇ ਚੁੱਪ ਕਰ ਜਾਂਦੇ ਹਨ। ਕੀ ਪੰਜਾਬੀਆਂ ਦੇ ‘ਤਾਏ ਕੇ’ ਬਣ ਜਾਣ ਦੇ ਰਸਤੇ ਤੇ ਤੁਰ ਪੈਣ ਵਿਚ ਇਨ੍ਹਾਂ ਬੁੱਧੀ-ਜੀਵੀਆਂ ਦੀ ਮਹੱਤਵਪੂਰਨ ਭੂਮਿਕਾ ਨਹੀਂ? ਕੀ ਇਨਾਂ ਬੁੱਧੀ-ਜੀਵੀਆਂ ਨੂੰ ਵੀ ਪੰਜਾਬੀਆਂ ਦੇ ਪੱਕੇ ‘ਤਾਏ ਕੇ’ ਬਣ ਜਾਣ ਦਾ ਹੀ ਇੰਤਜ਼ਾਰ ਹੈ?
More Stories
ਕਨੇਡਾ ਫੇਰੀ-2018
ਲੇਖਾ-ਜੋਖਾ ਇਕੱਤਰਤਾ
ਆਖਰੀ ਹਫ਼ਤਾ: ਕਾਮੇ ਕਿਰਤੀਆਂ ਨਾਲ