July 22, 2024

Mitter Sain Meet

Novelist and Legal Consultant

ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ।

ਕੌਰਵ ਸਭਾ ਦੀ ਸਿਰਜਣ ਪ੍ਰਕਿਰਿਆ

ਕੌਰਵ ਸਭਾ ਦੀ ਸਿਰਜਣ ਪ੍ਰਕਿਰਿਆ

          ਤਫ਼ਤੀਸ਼ ਵਿਚ ਪੁਲਸ ਦੇ ਪਾਜ਼ ਉਧੇੜਨ ਕਾਰਨ ਮੈਨੂੰ ਸਰਕਾਰ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪਿਆ ਸੀ। ਬਦਲੀਆਂ ਦਾ ਦੌਰ ਸ਼ੁਰੂ ਹੋਇਆ। ਕਈ ਥਾਂ ਧੱਕੇ ਖਵਾਉਣ ਬਾਅਦ 1992 ਵਿਚ ਮੈਨੂੰ ਲੁਧਿਆਣੇ ਬਦਲ ਦਿੱਤਾ ਗਿਆ। ਲੁਧਿਆਣਾ ਪੰਜਾਬ ਦਾ ਇੱਕੋ ਇੱਕ ਮਹਾਂਨਗਰ ਹੈ, ਜਿੱਥੇ ਵਿਗੜਿਆ ਪੂੰਜੀਵਾਦ ਪੂਰੇ ਜੋਬਨ ਉੱਪਰ ਟਹਿਕ ਰਿਹਾ ਹੈ। ਮੈਨੂੰ ਲੱਗਾ ਪੂੰਜੀਵਾਦ ਨੂੰ ਸਮਝਣ ਦਾ ਇਹ ਵਧੀਆ ਮੌਕਾ ਹੈ। ਮੈਂ ਆਪਣਾ ਤੀਸਰਾ ਨੇਤਰ ਖੋਲ੍ਹ ਲਿਆ। ਥੋੜ੍ਹੇ ਜਿਹੇ ਯਤਨਾਂ ਨਾਲ ਹੀ ਪੂੰਜੀਵਾਦ ਦੇ ਭੇਤਾਂ ਦੇ ਪਟਾਰੇ ਖੁੱਲ੍ਹਣ ਲੱਗੇ। ਮੈਨੂੰ ਪੈਸੇ ਹੱਥੀਂ ਕਾਨੂੰਨ ਵਿਕਦਾ ਪ੍ਰਤੱਖ ਨਜ਼ਰ ਆਉਣ ਲੱਗਾ। ਸਾਧਨ ਸੰਪੱਨ ਲੋਕ, ਪੈਸੇ ਦੇ ਜ਼ੋਰ ‘ਤੇ ਵੱਡੇ-ਵੱਡੇ ਜੁਰਮ ਕਰਨ ਬਾਅਦ ਵੀ ਬਾਇਜ਼ਤ ਬਰੀ ਹੁੰਦੇ ਦਿਖਾਈ ਦੇਣ ਲੱਗੇ। ਅਫਸਰਸ਼ਾਹੀ, ਰਾਜਨੀਤੀ, ਧਰਮ ਸਭ ਸੰਸਥਾਵਾਂ ਇੱਕੋ ਇੱਕ ਉਦੇਸ਼ ‘ਵੱਧੋ ਵੱਧ ਧਨ ਇਕੱਠਾ ਕਰਨ’ ਦੀ ਹੋੜ ਵਿਚ ਬੇਕਿਰਕ ਬੇਇਨਸਾਫੀਆਂ ਕਰਦੀਆਂ ਨਜ਼ਰ ਆਈਆਂ। ਹੋ ਰਹੀਆਂ ਇਨ੍ਹਾਂ ਧੱਕੇਸ਼ਾਹੀਆਂ ਕਾਰਨ ਖੋਜੇ ਅਤੇ ਸਮਝੇ ਮਨ ਵਿਚ ਪੀੜਤ ਧਿਰ ਲਈ ਹਮਦਰਦੀ ਪਨਪਨ ਲੱਗੀ। ਇਹੋ ਹਮਦਰਦੀ ਕੌਰਵ ਸਭਾ ਦੇ ਬਿਰਤਾਂਤ ਦਾ ਬੀਜ ਬਣੀ। ਕਈ ਸਾਲਾਂ ਤੋਂ ਬੰਦ ਪਿਆ ਰਾਹ ਖੁੱਲ੍ਹ ਗਿਆ। ਅੰਦਰ ਉਬਲਦਾ ਲਾਵਾ ਬਾਹਰ ਨਿਕਲਣ ਲਈ ਰਾਹ ਲੱਭਣ ਲੱਗਾ।

          360 ਪੰਨਿਆਂ ਉੱਪਰ ਫੈਲੇ, ਕਰੀਬ ਡੇਢ ਸੌ ਪਾਤਰਾਂ, ਸੈਂਕੜੇ ਘਟਨਾਵਾਂ ਅਤੇ ਹਜ਼ਾਰਾਂ ਕੇਸਾਂ ਦੇ ਤੱਥਾਂ ਉੱਪਰ ਅਧਾਰਤ ਨਾਵਲ ਦੀ ਰਚਨਾ-ਪ੍ਰਕਿਰਿਆ ਬਾਰੇ ਪੰਜ ਸੱਤ ਪੰਨਿਆਂ ਉੱਪਰ ਲਿਖਣਾ ਅਸੰਭਵ ਹੈ। ਇਸ਼ਾਰੇ ਮਾਤਰ ਹੀ ਗੱਲਾਂ ਕਰਾਂਗਾ।

          ਮੈਂ ਬਿਨਾਂ ਯੋਜਨਾ ਬਣਾਏ ਲਿਖਣ ਨਹੀਂ ਬੈਠਦਾ। ਪਹਿਲਾਂ ਮੈਂ ਇਹ ਨਿਸ਼ਚਿਤ ਕਰਦਾ ਹਾਂ ਕਿ ਮੈਂ ਨਾਵਲ ਰਾਹੀਂ ਕੀ ਸੰਦੇਸ਼ ਦੇਣਾ ਹੈ। ਫਿਰ ਇਹ ਨਿਸ਼ਚਿਤ ਕਰਦਾ ਹਾਂ ਕਿ ਉਹ ਸੰਦੇਸ਼ ਕਿਸ ਤਰ੍ਹਾਂ ਦੇਣਾ ਹੈ? ਕੋਈ ਗੱਲ ਤਾਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਖੀ ਜਾ ਸਕਦੀ ਹੈ, ਜੇ ਸਾਨੂੰ ਉਸ ਗੱਲ ਦੇ ਪਿਛੋਕੜ ਅਤੇ ਉਸ ਪਿੱਛੇ ਕੰਮ ਕਰਦੇ ਸਿਧਾਂਤ ਦੀ ਪੂਰੀ ਸਮਝ ਹੋਵੇ। ਉਦਾਹਰਣ ਲਈ ਸਾਨੂੰ ਪਤਾ ਹੈ ਕਿ ਲਾਲ ਬੱਤੀ ਆਉਣ ‘ਤੇ ਅਸੀਂ ਰੁਕਣਾ ਹੈ। ਸਵਾਲ ਹੈ ਰੁਕਣ ਲਈ ਲਾਲ ਰੰਗ ਦਾ ਇਸ਼ਾਰਾ ਕਿਉਂ ਰੱਖਿਆ ਗਿਆ ਹੈ? ਸਧਾਰਨ ਵਿਅਕਤੀ ਆਖੇਗਾ ਨਿਯਮ ਬਣਾਉਣ ਵਾਲੇ ਦੀ ਮਰਜ਼ੀ। ਖੋਜੀ ਵਿਅਕਤੀ ਖੋਜ ਕਰਕੇ ਇਸ ਸਿੱਟੇ ‘ਤੇ ਪੁੱਜੇਗਾ ਕਿ ਲਾਲ ਰੰਗ ਹਰੇ ਅਤੇ ਪੀਲੇ ਨਾਲੋਂ ਪਹਿਲਾਂ ਦਿਖਾਈ ਦੇਣ ਲੱਗਦਾ ਹੈ। ਬੱਤੀਆਂ ਵਿਚ ਵਧ ਰਹੇ ਵਿਅਕਤੀ ਨੂੰ ਦੂਰੋਂ ਹੀ ਸੁਚੇਤ ਕਰਨ ਲਈ ਲਾਲ ਰੰਗ ਦੀ ਬੱਤੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਆਪਣੇ ਵਿਸ਼ੇ ਸਬੰਧੀ ਪੂਰੀ ਸਮਝ ਪ੍ਰਾਪਤ ਕਰਨ ਲਈ ਮੈਂ ਪੁਸਤਕਾਂ, ਖੋਜ-ਪੱਤਰਾਂ ਅਤੇ ਉੱਚ ਅਦਾਲਤਾਂ ਦੇ ਤਰਕ-ਸੰਗਤ ਫੈਸਲਿਆਂ ਦਾ ਅਧਿਐਨ ਕਰਦਾ ਹਾਂ। ਅਧਿਐਨ ਬਾਅਦ ਨਿਕਲੇ ਸਿੱਟਿਆਂ ਨੂੰ ਹੱਥੋਂ ਨਿਕਲੇ ਕੇਸਾਂ ਦੇ ਤੱਥਾਂ ‘ਤੇ ਪਰਖਦਾ ਹਾਂ। ਛਾਣਬੀਣ ਬਾਅਦ ਜੋ ਬਚਦਾ ਹੈ, ਉਹ ਨਾਵਲ ਦੀ ਸਮੱਗਰੀ ਬਣਦਾ ਹੈ। ਸਿਧਾਂਤ ਰੂਪ ਵਿਚ ਇਸ ਨਾਵਲ ਰਾਹੀਂ ਮੈਂ ਪੂੰਜੀਪਤੀ ਵਰਗ ਦੇ ਹੋਂਦ ਵਿਚ ਆਉਣ ਦੇ ਸਰੋਤਾਂ, ਉਨ੍ਹਾਂ ਵਿਚਲੀ ਨਿਮਨ ਵਰਗ ਨੂੰ ਹੜੱਪਣ ਦੀ ਪਰਵਿਰਤੀ, ਮਹਾਂਨਗਰੀ ਅਤੇ ਸ਼ਹਿਰੀ ਸੱਭਿਆਚਾਰਾਂ ਦੇ ਤੁਲਨਾਤਮਿਕ ਅਧਿਐਨ, ਆਰਥਿਕਤਾ ਦੇ ਅਧਾਰ ‘ਤੇ ਬਣਦੇ ਵਿਗੜਦੇ ਰਿਸ਼ਤਿਆਂ ਨੂੰ ਕੇਂਦਰ ਵਿਚ ਰੱਖਣਾ ਸੀ, ਨਾਲ ਦੀ ਨਾਲ ਕਾਨੂੰਨ ਦੀ ਤੱਕੜੀ ਦੇ ਇੱਕ ਪਲੜੇ ਦਾ ਪੈਸੇ ਦੇ ਭਾਰ ਨਾਲ ਸਾਧਨ ਸੰਪੱਨ ਲੋਕਾਂ ਵੱਲ ਝੁਕਣ ਦੇ ਰੁਝਾਨ (ਅਤੇ ਕਾਰਨਾਂ) ਨੂੰ ਵੀ ਪੇਸ਼ ਕਰਨਾ ਸੀ ਅਤੇ ਸਾਧਨਹੀਣ ਲੋਕਾਂ ਨਾਲ ਹੁੰਦੇ ਧੱਕੇ ਨੂੰ ਵੀ। ਸਾਡਾ ਕਾਨੂੰਨੀ ਢਾਂਚਾ ਮੁਲਜ਼ਮ ਪੱਖੀ ਅਤੇ ਲਚਕਦਾਰ ਹੈ। ਇਹ ਮੁਲਜ਼ਮ ਨੂੰ ਬਰੀ ਕਰਨ ਦਾ ਬਹਾਨਾ ਭਾਲਦਾ ਹੈ। ਸਰਕਾਰਾਂ, ਸਮਾਜ-ਸੇਵੀ ਸੰਸਥਾਵਾਂ ਅਤੇ ਕਾਨੂੰਨਦਾਨਾਂ ਦਾ ਸਾਰਾ ਧਿਆਨ ਕੈਦੀਆਂ (ਨਜ਼ਰਬੰਦਾਂ) ਲਈ ਵੱਧੋ-ਵੱਧ ਅਧਿਕਾਰ ਹਾਸਲ ਕਰਨ ਉੱਪਰ ਲੱਗਾ ਹੋਇਆ ਹੈ। ਇਹ ਠੀਕ ਹੈ ਕਿ ਲੰਮੇ ਸੰਘਰਸ਼ਾਂ ਬਾਅਦ ਕੈਦੀਆਂ ਨੂੰ ਜ਼ਮਾਨਤ, ਕਾਨੂੰਨੀ ਸਹਾਇਤਾ, ਸਿਹਤ ਸਹੂਲਤਾਂ, ਮਨੋਰੰਜਨ ਅਤੇ ਪੁਨਰਵਾਸ ਆਦਿ ਦੇ ਅਧਿਕਾਰ ਮਿਲੇ ਹਨ। ਮੈਂ ਇਨ੍ਹਾਂ ਅਧਿਕਾਰਾਂ ਦਾ ਵਿਰੋਧੀ ਨਹੀਂ ਹਾਂ। ਪਰ ਵੱਡਾ ਪ੍ਰਸ਼ਨ ਇਹ ਹੈ ਕਿ ਇਹ ਅਧਿਕਾਰ ਮਿਲਣੇ ਕਿਸ ਨੂੰ ਚਾਹੀਦੇ ਹਨ? ਕੀ ਪੀੜਤ ਧਿਰ ਕਿਸੇ ਅਧਿਕਾਰ ਦੀ ਹੱਕਦਾਰ ਨਹੀਂ ਹੈ। ਜੇ ਮੁਲਜ਼ਮ ਦਾ ਇਲਾਜ ਸਰਕਾਰੀ ਖਰਚੇ ‘ਤੇ ਹੋ ਸਕਦਾ ਹੈ ਤਾਂ ਕੀ ਜ਼ਖਮੀ ਧਿਰ ਨੂੰ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ? ਕੈਦ ਕੱਟ ਰਹੇ ਕੈਦੀ ਨੂੰ ਕਿੱਤਾ ਸਿਖਲਾਈ ਦੇ ਕੇ ਉਸ ਦੇ ਪੁਨਰਵਾਸ ਦਾ ਪ੍ਰਬੰਧ ਕਰਨਾ ਜੇ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਬਲਾਤਕਾਰੀ ਹੱਥੋਂ ਬਲਾਤਕਾਰ ਦਾ ਸ਼ਿਕਾਰ ਹੋ ਕੇ ਸਮਾਜ ਵਿਚ ਆਪਣੀ ਜੜ੍ਹ ਉਖੜਵਾ ਚੁੱਕੀ ਅਣਭੋਲ ਮੁਟਿਆਰ ਨੂੰ ਆਪਣੇ ਪੁਨਰਵਾਸ ਦਾ ਹੱਕ ਮੰਗਣ ਦਾ ਅਧਿਕਾਰ ਕਿਉਂ ਨਹੀਂ ਹੈ? ਜਿਸ ਪਰਿਵਾਰ ਦਾ ਇੱਕੋ ਇੱਕ ਕਮਾਊ ਪੁੱਤ ਕਤਲ ਕਰ ਦਿੱਤਾ ਗਿਆ ਹੋਵੇ, ਕੀ ਉਸ ਪਰਿਵਾਰ ਨੂੰ ਗੁਜ਼ਾਰੇ ਲਈ ਠੂਠਾ ਲੈ ਕੇ ਮੰਗਣ ਲਈ ਸਮਾਜ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਜਾਵੇ। ਮੁਲਜ਼ਮ ਨੂੰ ਸਰਕਾਰ ਉੱਚ ਕੋਟੀ ਦਾ ਵਕੀਲ ਆਪਣੇ ਖਰਚੇ ‘ਤੇ ਕਰਕੇ ਦੇਵੇ, ਪਰ ਮੁਦੱਈ ਧਿਰ ਤੋਂ ਆਪਣੇ ਖਰਚੇ ‘ਤੇ ਵਕੀਲ ਖੜਾ ਕਰਨ ਦਾ ਅਧਿਕਾਰ ਵੀ ਖੋਹ ਲਿਆ ਜਾਵੇ? ਕਿਤਾਬੀ ਰੂਪ ਵਿਚ ਮੁਲਜ਼ਮ ਧਿਰ ਨੂੰ ਪ੍ਰਾਪਤ ਹੋਏ ਇਹ ਅਧਿਕਾਰ ਚੰਗੇ ਲੱਗਦੇ ਹਨ, ਪਰ ਜਦੋਂ ਸਾਹਮਣਾ ਯਥਾਰਥ ਨਾਲ ਹੁੰਦਾ ਹੈ, ਫਿਰ ਗਿਆਨ ਹੁੰਦਾ ਹੈ ਕਿ ਇਨ੍ਹਾਂ ਅਧਿਕਾਰਾਂ ਦਾ ਫਾਇਦਾ ਇਹੋ ਧਿਰ ਉਠਾ ਸਕਦੀ ਹੈ ਜੋ ਮਹਿੰਗੇ ਰੇਟਾਂ ਵਾਲੇ ਕਾਬਲ ਵਕੀਲਾਂ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਖੜਾ ਕਰ ਸਕਦੀ ਹੈ। ਸਾਧਨਹੀਣ ਧਿਰ ਨੂੰ ਤਾਂ ਆਪਣਾ ਜ਼ਾਮਨ ਵੀ ਨਹੀਂ ਲੱਭਦਾ। ਜੇਲ੍ਹ ਵਿਚਲੇ ਹਸਪਤਾਲ ਅਮੀਰ ਲੋਕਾਂ ਨੂੰ ਮੁਸ਼ਕਤ ਤੋਂ ਬਚਾਉਣ ਦੇ ਕੰਮ ਆਉਂਦੇ ਹਨ ਨਾ ਕਿ ਬਿਮਾਰਾਂ ਦੇ ਇਲਾਜ ਲਈ। ਸ਼ੱਕ ਦਾ ਲਾਭ ਦੇ ਕੇ ਦੋਸ਼ੀ ਤਾਂ ਬਰੀ ਕਰ ਦਿਓ, ਪਰ ਜਵਾਨ ਜਹਾਨ ਪੁੱਤ ਗਵਾ ਚੁੱਕੇ ਮਾਂ-ਬਾਪਾਂ ਕੋਮਲ ਕਲੀਆਂ ਵਰਗੀਆਂ ਬਲਾਤਕਾਰੀ ਵੱਲੋਂ ਮਧੋਲ ਸੁੱਟੀਆਂ ਧੀਆਂ ਭੈਣਾਂ ਦੇ ਜ਼ਖਮਾਂ ‘ਤੇ ਮਲ੍ਹਮ ਕੌਣ ਲਾਏਗਾ?

          ਪੀੜਤ ਧਿਰ ਲਈ ਹਮਦਰਦੀ ਦਾ ਇਹ ਬੀਜ ਮੇਰੇ ਪੱਚੀ ਸਾਲ ਦੇ ਸਰਕਾਰੀ ਵਕਾਲਤ ਦੇ ਕੌੜੇ ਤਜਰਬੇ ਵਿਚੋਂ ਉਪਜਿਆ ਹੈ। ਇੱਕ ਸਰਕਾਰੀ ਵਕੀਲ ਦਾ ਫਰਜ਼ ਪੀੜਤ ਧਿਰ ਦਾ ਕਾਨੂੰਨੀ ਪੱਖ ਪੂਰਨਾ ਹੈ। ਲੱਖ ਯਤਨਾਂ ਦੇ ਬਾਵਜੂਦ ਕਾਨੂੰਨੀ ਖਾਮੀਆਂ ਕਾਰਨ ਜਦੋਂ ਦੋਸ਼ੀ ਬਰੀ ਹੋ ਜਾਂਦਾ ਹੈ ਤਾਂ ਪੀੜਤ ਧਿਰ ਦੇ ਨਾਲ-ਨਾਲ ਮੈਨੂੰ ਵੀ ਗੁੱਸਾ ਆਉਂਦਾ ਹੈ। ਇਹੋ ਪੀੜ ਅਤੇ ਗੁੱਸਾ ਪ੍ਰਗਟਾਉਣ ਲਈ ਮੈਂ ਇਹ ਨਾਵਲ ਸਿਰਜਿਆ ਹੈ। ਕੌੜੇ ਤਜਰਬੇ ਵਿਚੋਂ ‘ਪੀੜਤ ਧਿਰ ਦਾ ਦਰਦ’ ਪ੍ਰਗਟਾਉਣ ਦਾ ਵਿਚਾਰ ਬੀਜ ਰੂਪ ਵਿਚ ਫੁੱਟਿਆ। ਫਿਰ ਇੱਕ ਪ੍ਰਮਾਣੂ ਵਾਂਗ ਇਹ ਵਿਚਾਰ ਫਟਿਆ ਅਤੇ ਇਸ ਦੁਆਲੇ ਘਟਨਾਵਾਂ, ਪਾਤਰਾਂ ਅਤੇ ਵਿਚਾਰਾਂ ਦਾ ਬ੍ਰਹਿਮੰਡ ਉੱਸਰ ਗਿਆ।

          ਇਨ੍ਹਾਂ ਸਾਰੇ ਵਿਚਾਰਾਂ ਨੂੰ ਇੱਕੋ ਲੜੀ ਵਿਚ ਪਰੋਣ ਲਈ ਮੈਨੂੰ ਦੋ ਪਰਿਵਾਰਾਂ ਦੇ ਘਰੇਲੂ ਝਗੜੇ ਵਾਲੀ ਕਹਾਣੀ ਹੀ ਉਚਿਤ ਲੱਗੀ। ਨਤੀਜਨ ਮੋਹਨ ਅਤੇ ਵੇਦ ਦੇ ਪਰਿਵਾਰ ਹੋਂਦ ਵਿਚ ਆਏ ਅਤੇ ਇਨ੍ਹਾਂ ਦੁਆਲੇ ਕਹਾਣੀ ਉਸਰਨ ਲੱਗੀ।

          ਵੇਦ ਪਰਿਵਾਰ ਦੇ ਚਾਰ ਮੈਂਬਰਾਂ ‘ਤੇ ਅਧਾਰਤ ਹੋਣ ਦੀ ਚੋਣ ਅਚਾਨਕ ਨਹੀਂ, ਇੱਕ ਯੋਜਨਾ ਤਹਿਤ ਹੋਈ ਹੈ। ਕਤਲ, ਡਾਕਾ ਅਤੇ ਬਲਾਤਕਾਰ ਸਭ ਤੋਂ ਸੰਗੀਨ ਜੁਰਮ ਹਨ। ਸੱਟਾਂ ਫੇਟਾਂ ਮਾਰਨ ਵਾਲੇ ਜੁਰਮ ਦੂਜੇ ਨੰਬਰ ‘ਤੇ ਆਉਂਦੇ ਹਨ। ਸੱਟ ਜੇ ਦਿਮਾਗ ਵਿਚ ਲੱਗੇ ਤਾਂ ਸਿੱਟੇ ਬਹੁਤ ਭਿਆਨਕ ਹੁੰਦੇ ਹਨ। ਕੰਮ-ਕਾਜ ਕਰਨ ਵਾਲੇ ਬੰਦੇ ਦੇ ਜੇ ਹੱਥ-ਪੈਰ ਟੁੱਟ ਜਾਣ ਤਾਂ ਬਾਕੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਕਿਸੇ ਵਿਅਕਤੀ ਨੂੰ ਜੇ ਇਨ੍ਹਾਂ ਵਿਚੋਂ ਕਿਸੇ ਇੱਕ ਜੁਰਮ ਦੀ ਪੀੜ ਹੀ ਸਹਾਰਣੀ ਪੈ ਜਾਵੇ ਤਾਂ ਉਸ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਗਾਗਰ ਵਿਚ ਸਾਗਰ ਭਰਣ ਲਈ ਅਤੇ ਨਾਵਲ ਦੀ ਕਹਾਣੀ ਨੂੰ ਬਹੁ-ਪਰਤੀ ਬਣਾਉਣ ਲਈ ਮੈਂ ਇਨ੍ਹਾਂ ਸਾਰੇ ਜੁਰਮਾਂ ਨੂੰ ਇੱਕੋ ਸਮੇਂ ਇੱਕੋ ਪਰਿਵਾਰ ਵਿਰੁੱਧ ਹੁੰਦੇ ਚੁਣਿਆ ਹੈ। ਬਿਨਾਂ ਕਸੂਰੋਂ ਜਵਾਨ ਪੁੱਤ ਗਵਾ ਲੈਣ ਬਾਅਦ ਉਸ ਦੇ ਵਾਰਿਸਾਂ, ਚੜ੍ਹਦੀ ਜਵਾਨੀ ਵਿਚ ਬਲਾਤਕਾਰ ਦਾ ਸ਼ਿਕਾਰ ਹੋ ਚੁੱਕੀ ਮੁਟਿਆਰ ਦੀ ਮਾਨਸਿਕਤਾ, ਦਿਮਾਗੀ ਸੱਟ ਖਾ ਕੇ ਸੰਤੁਲਨ ਗੁਆ ਚੁੱਕੀ ਸੋਹਣੀ ਮਨੁੱਖੀ ਔਰਤ ਦੀ ਪਸ਼ੂਆਂ ਵਰਗੀ ਬਣੀ ਦੇਹ ਅਤੇ ਅਪਾਹਜ ਹੋਣ ਬਾਅਦ ਘਰ ਦੇ ਸੁੱਖ ਲਈ ਪੈਦਾ ਹੁੰਦੀਆਂ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਨੂੰ ਦਰਸਾਉਣ ਲਈ ਮੈਂ ਕਤਲ, ਡਾਕੇ ਅਤੇ ਬਲਾਤਕਾਰ ਦੀ ਘਟਨਾ ਇੱਕੋ ਸਮੇਂ ਵਰਤਾਈ ਹੈ। ਇੱਕ ਪਾਸੇ ਅਜਿਹੇ ਪਰਿਵਾਰ ਦੀ ਆਰਥਿਕ ਦਸ਼ਾ ਦਿਵਾਲੀਏਪਣ ਤੱਕ ਅਤੇ ਮਾਨਸਿਕ ਦਸ਼ਾ ਆਤਮ-ਹੱਤਿਆ ਕਰਨ ਤੱਕ ਪੁੱਜ ਜਾਂਦੀ ਹੈ, ਪਰ ਦੂਜੇ ਪਾਸੇ ਕਾਨੂੰਨ ਅਤੇ ਕਾਨੂੰਨ ਦੇ ਰਾਖੇ ਅਜਿਹੇ ਸੰਗੀਨ ਜੁਰਮ ਕਰਨ ਵਾਲੇ ਮੁਲਜ਼ਮ ਨੂੰ ਬਚਾਉਣ ਲਈ ਸਿਰਤੋੜ ਯਤਨ ਕਰਦੇ ਹਨ। ਸਾਡਾ ਨਿਆਂ ਪ੍ਰਬੰਧ ਕਿਹੋ ਜਿਹੇ ਫਰਜ਼ ਨਿਭਾਅ ਰਿਹਾ ਹੈ। ਇਹ ਦਰਸਾਉਣ ਲਈ ਇਹੋ ਕਹਾਣੀ ਉਚਿਤ ਰਹਿਣੀ ਸੀ।

          ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਆਖੀ ਜਾ ਸਕੇ ਇਸ ਲਈ ਪਾਤਰਾਂ ਦੀ ਚੋਣ ਸੋਚ-ਸਮਝ ਦੇ ਕਰਨੀ ਪੈਂਦੀ ਹੈ। ਰਾਮ ਨਾਥ ਇਸ ਨਾਵਲ ਦਾ ਕੇਂਦਰੀ ਪਾਤਰ ਹੈ। ਪਹਿਲੀ ਸਤਰ ਤੋਂ ਲੈ ਕੇ ਨਾਵਲ ਦੀ ਆਖਰੀ ਸਤਰ ਤੱਕ ਕਹਜਾਣੀ ਅੱਗੇ ਤੋਰਨ ਵਿਚ ਉਹ ਅਹਿਮ ਭੂਮਿਕਾ ਨਿਭਾਉਂਦਾ ਹੈ। ਉਸ ਨੂੰ ਕਿੱਤੇ ਵਜੋਂ ਡਾਕਟਰ ਜਾਂ ਪ੍ਰੋਫੈਸਰ ਵੀ ਦਿਖਾਇਆ ਜਾ ਸਕਦਾ ਸੀ, ਪਰ ਜਾਣਬੁੱਝ ਕੇ ਮੈਂ ਉਸ ਨੂੰ ਵਕੀਲ ਦਿਖਾਇਆ ਹੈ। ਇਸ ਤਰ੍ਹਾਂ ਕਰਨ ਨਾਲ ਮੇਰੇ ਕਈ ਮਸਲੇ ਹੱਲ ਹੋਏ ਹਨ। ਕਲਾਤਮਕ ਪੱਖੋਂ ਇਹ ਫਾਇਦਾ ਰਿਹਾ ਕਿ ਕਾਨੂੰਨੀ ਬਾਰੀਕੀਆਂ ਅਸਾਨੀ ਨਾਲ ਪੇਸ਼ ਹੋ ਗਈਆਂ। ਵਕੀਲ ਹੋਣ ਕਾਰਨ ਉਸ ਨੂੰ ਕਾਨੂੰਨੀ ਕਲਾਬਾਜ਼ੀਆਂ ਦਾ ਪਹਿਲਾਂ ਹੀ ਪਤਾ ਸੀ। ਬ੍ਰਿਤਾਂਤਕਾਰ ਨੂੰ ਦਖਲ ਦੇਣ ਦੀ ਜ਼ਰੂਰਤ ਘੱਟ ਪਈ। ਸਿਧਾਂਤਕ ਤੌਰ ‘ਤੇ ਇਸ ਪਾਤਰ ਰਾਹੀਂ ਮੈਂ ਇਹ ਸਿੱਧ ਕਰਨਾ ਚਾਹਿਆ ਹੈ ਕਿ ਜੇ ਗਲਤ ਢੰਗ-ਤਰੀਕੇ ਵਰਤ ਕੇ ਅਸੀਂ ਅਸਲੀ ਮੁਜਰਮਾਂ ਨੂੰ ਸਜ਼ਾ ਤੋਂ ਬਚਾਵਾਂਗੇ ਤਾਂ ਇੱਕ ਦਿਨ ਸਥਿਤੀ ਇੰਨੀ ਬੱਦਤਰ ਹੋ ਜਾਵੇਗੀ ਕਿ ਉਹੋ ਮੁਲਜ਼ਮ ਉਨ੍ਹਾਂ ਵਕੀਲਾਂ ਨੂੰ ਹੀ ਹੱਥ ਪਾਉਣ ਲੱਗਣਗੇ। ਸਾਰਾ ਸਮਾਜ ਅਸੁਰੱਖਿਅਤ ਹੋ ਜਾਵੇਗਾ। ਰਾਮ ਨਾਥ ਨੂੰ ਨਿਘਰ ਚੁੱਕੇ ਕਾਨੂੰਨੀ ਢਾਂਚੇ ਦੀ ਸਮਝ ਉਸ ਸਮੇਂ ਹੀ ਆਉਂਦੀ ਹੈ, ਜਦੋਂ ਉਸ ਨੂੰ ਖੁਦ ਇੱਕ ਪੀੜਤ ਧਿਰ ਦੀ ਪੀੜ ਹੰਢਾਉਣੀ ਪੈਂਦੀ ਹੈ। ਫਿਰ ਹੀ ਉਹ ਆਤਮ ਚਿੰਤਨ ਕਰਦਾ ਹੈ ਅਤੇ ਸਹੀ ਰਾਹ ਤੁਰਨ ਲਈ ਪ੍ਰੇਰਿਤ ਹੁੰਦਾ ਹੈ। ਇਸੇ ਤਰ੍ਹਾਂ ਸਿੰਗਲੇ ਵਕੀਲ ਨੂੰ ਬਾਬੂ ਨੰਦ ਲਾਲ ਦਾ ਚੇਲਾ ਜਾਣ-ਬੁੱਝ ਕੇ ਬਣਾਇਆ ਹੈ। ਨੰਦ ਲਾਲ ਨੂੰ ਜੇ ਆਪਣੇ ਕੀਤੇ ‘ਤੇ ਇੱਕ ਪਲ ਲਈ ਆਤਮ ਗਿਲਾਨੀ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਬੁਰੀ ਧਿਰ ਦਾ ਖਾਤਮਾ ਹੋ ਗਿਆ ਹੈ। ਸਿੰਗਲੇ ਵਰਗੇ ਚੁਸਤ ਚਲਾਕ ਚੇਲੇ ਭੈੜ ਦੀ ਵਿਰਾਸਤ ਸੰਭਾਲਣ ਲਈ ਤਿਆਰ ਖੜੇ ਹਨ ਆਦਿ।

          ਸਾਡਾ ਕਾਨੂੰਨੀ ਢਾਂਚਾ ਅੰਗਰੇਜ਼ਾਂ ਨੇ ਖੜਾ ਕੀਤਾ ਸੀ। ਯੂਰਪੀ ਕਾਨੂੰਨ ਸਾਡੇ ਉੱਪਰ ਲਾਗੂ ਕੀਤਾ ਗਿਆ ਸੀ। ਇਸ ਲਈ ਭਾਸ਼ਾ ਅਤੇ ਤਕਨੀਕੀ ਸ਼ਬਦਾਵਲੀ ਵੀ ਬਦੇਸ਼ੀ ਰਹੀ। ਉਸ ਸਮੇਂ ਜੱਜ ਅਤੇ ਉੱਚ ਕੋਟੀ ਦੇ ਵਕੀਲ ਅੰਗਰੇਜ਼ ਹੋਇਆ ਕਰਦੇ ਸਨ। ਗੱਲ ਅਸਾਨੀ ਨਾਲ ਸਮਝ ਆ ਸਕੇ ਇਸ ਲਈ ਕਾਨੂੰਨ ਅੰਗਰੇਜ਼ੀ ਵਿਚ ਲਿਖਿਆ, ਬੋਲਿਆ ਅਤੇ ਪੜ੍ਹਿਆ ਜਾਂਦਾ ਸੀ। ਅਸੀਂ ਅੱਜ ਤੱਕ ਲਕੀਰ ਦੇ ਫਕੀਰ ਬਣੇ ਹੋਏ ਹਾਂ। ਉਹੋ ਪੱਦਤੀ ਅਪਣਾ ਰੱਖੀ ਹੈ। ਕਾਨੂੰਨ ਵੈਸੇ ਵੀ ਨੀਰਸ ਵਿਸ਼ਾ ਹੈ। ਨੀਰਸ ਅਤੇ ਅੰਗਰੇਜ਼ੀ ਭਾਸ਼ਾ ਉੱਪਰ ਅਧਾਰਤ ਵਿਸ਼ੇ ਨੂੰ ਸੌਖੀ ਭਾਸ਼ਾ ਵਿਚ ਬਿਆਨਣਾ ਚੁਣੌਤੀ ਭਰਿਆ ਕੰਮ ਸੀ। ਵਿਗਿਆਨ ਦੇ ਹੋਰ ਵਿਸ਼ਿਆਂ ਵਾਂਗ ਕਾਨੂੰਨੀ ਭਾਸ਼ਾ ਵਿਚ ਵੀ ਕਈ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਬਦਲਵੇਂ ਪੰਜਾਬੀ ਵਿਚ ਉਚਿਤ ਸ਼ਬਦ ਮੌਜੂਦ ਨਹੀਂ ਹਨ। ਉਚਿਤ ਸ਼ਬਦ ਲੱਭਣ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ। ਔਖੇ ਸ਼ਬਦਾਂ ਦੇ ਪਹਿਲਾਂ ਡਿਕਸ਼ਨਰੀਆਂ ਵਿਚ ਦਰਜ ਸ਼ਬਦ ਨੋਟ ਕੀਤੇ। ਉਨ੍ਹਾਂ ਸ਼ਬਦਾਂ ਨੂੰ ਆਮ ਲੋਕਾਂ ਵੱਲੋਂ ਵਰਤੇ ਜਾਂਦੇ ਬਦਲਵੇਂ ਸ਼ਬਦਾਂ ਵਿਚ ਬਦਲਿਆ ਤਾਂ ਜਾ ਕੇ ਨੀਰਸ ਭਾਸ਼ਾ ਕਹਾਣੀ ਕਹਿਣ ਜੋਗੀ ਹੋਈ। ਉਦਾਹਰਣ ਲਈ Anticipatory Bail ਦਾ ਡਿਕਸ਼ਨਰੀ ਅਨੁਸਾਰ ਅਨੁਵਾਦ ‘ਅਗਾਊਂ ਜ਼ਮਾਨਤ’ ਹੈ। ਅਗਾਓਂ ਸ਼ਬਦ ਨਾਵਲੀ ਭਾਸ਼ਾ ਲਈ ਭਾਰੀ ਹੈ। ਖੋਜ-ਖੋਜ ਕੇ ਇਸ ਦੀ ਥਾਂ ‘ਪੇਸ਼ਗੀ’ ਸ਼ਬਦ ਲੱਭਿਆ। Evidence ਦੇ ਡਿਕਸ਼ਨਰੀ ਵਿਚ ਅਰਥ ‘ਸ਼ਹਾਦਤ’ ਹਨ। ਇਸ ਦੀ ਥਾਂ ਮੈਂ ਗਵਾਹੀ ਸ਼ਬਦ ਵਰਤ ਕੇ ਕਹਾਣੀ ਨੂੰ ਆਮ ਲੋਕਾਂ ਦੀ ਸਮਝ ਦੇ ਪੱਧਰ ਤੱਕ ਲਿਆਂਦਾ।

          ਦੁਨੀਆ ਵਿਚ ਸਭ ਤੋਂ ਵੱਧ ਸਾਹਿਤ ਭਾਰਤ ਵਿਚ ਰਚਿਆ ਹੋਇਆ ਹੈ। ਭਾਰਤੀ ਪ੍ਰੰਪਰਾ ਅਨੁਸਾਰ ਸਾਹਿਤ ਮਨੁੱਖ ਦੁਆਰਾ ਕੇਵਲ ਇੱਕ ਵਧੀਆ ਮਾਧਿਅਮ ਬਣ ਕੇ ਰਚਿਆ ਜਾਂਦਾ ਹੈ। ਅਸਲ ਵਿਚ ਇਹ ‘ਧੁਰ ਦੀ ਬਾਣੀ’ ਹੁੰਦਾ ਹੈ। ਉਂਝ ਇਹ ਗੱਲ ਓਪਰੀ ਲੱਗਦੀ ਹੈ, ਪਰ ਮੈਨੂੰ ਇਸ ਕਥਿਨ ਵਿਚ ਵਿਗਿਆਨਕ ਸੱਚਾਈ ਨਜ਼ਰ ਆਉਂਦੀ ਹੈ। ਕੋਈ ਰਚਨਾ ਤਦ ਹੀ ਪ੍ਰਮਾਣਿਕ ਬਣਦੀ ਹੈ, ਜਦੋਂ ਉਸ ਦਾ ਰਚਨਹਾਰਾ ਆਪਣੀ ਕਹਾਣੀ ਦੇ ਸੰਸਾਰ ਦਾ ਇੱਕ ਪਾਤਰ ਬਣ ਕੇ ਉਸ ਨਾਲ ਰਚ ਮਿਚ ਜਾਂਦਾ ਹੈ। ਇਸ ਅਵਸਥਾ ਤੱਕ ਪਹੁੰਚਣ ਲਈ ਸਮਾਧੀ ਲਾਉਣ ਵਾਲਿਆਂ ਵਾਂਗ ਕਰੜੀ ਸਾਧਨਾ ਕਰਨੀ ਪੈਂਦੀ ਹੈ। ਆਪਣੇ ਰਚਨਾ ਸੰਸਾਰ ਵਿਚ ਪ੍ਰਵੇਸ਼ ਕਰਨ ਲਈ ਮੈਨੂੰ ਕਈ ਕਈ ਹਫਤੇ ਇੰਤਜ਼ਾਰ ਕਰਨਾ ਪੈਂਦਾ ਹੈ। ਪਹਿਲਾਂ ਪਹਿਲ ਜਦੋਂ ਕਲਮ ਲੈ ਕੇ ਬੈਠੀਦਾ ਹੈ ਤਾਂ ਦੋ ਚਾਰ ਸਤਰਾਂ ਤੋਂ ਵੱਧ ਨਹੀਂ ਲਿਖ ਹੁੰਦਾ। ਲੜੀ ਨਾਲ ਲੜੀ ਨਹੀਂ ਜੁੜਦੀ। ਕਈ-ਕਈ ਘੰਟੇ ਮਗਜ਼ ਖਪਾਈ ਕਰਕੇ ਖਾਲੀ ਹੱਥ ਉੱਠ ਖੜੋਈਦਾ ਹੈ। ਪਹਿਲਾਂ ਮਨ ਉਚਾਟ ਹੋ ਜਾਂਦਾ ਸੀ। ਕਈ ਵਾਰ ਰਚਨਾ ਅਧੂਰੀ ਛੱਡ ਦੇਈਦੀ ਸੀ, ਪਰ ਹੁਣ ਅਨੁਭਵ ਹੋ ਚੁੱਕਾ ਹੈ। ਪਤਾ ਹੈ ਕਿ ਧਿਆਨ ਨੇ ਹੌਲੀ-ਹੌਲੀ ਕੇਂਦਰਿਤ ਹੋਣਾ ਹੈ। ਸਿਰੜ ਨਾਲ ਹਰ ਰੋਜ਼ ਕਲਮ ਲੈ ਕੇ ਮੇਜ਼ ‘ਤੇ ਬੈਠੀਦਾ ਹੈ। ਹੌਲੀ-ਹੌਲੀ ਘਟਨਾਵਾਂ ਜ਼ਿਹਨ ਵਿਚ ਸੁਰਜੀਤ ਹੋਣ ਲੱਗਦੀਆਂ ਹਨ। ਪਾਤਰਾਂ ਨਾਲ ਸਾਂਝ ਪੈਣ ਲੱਗਦੀ ਹੈ। ਬਾਹਰਲੀ ਦੁਨੀਆਂ ਨਾਲੋਂ ਸੰਪਰਕ ਟੁੱਟਣ ਅਤੇ ਅੰਦਰਲੀ ਨਾਲ ਜੁੜਨ ਲੱਗਦਾ ਹੈ। ਇੱਕ ਅਵਸਥਾ ਅਜਿਹੀ ਆ ਜਾਂਦੀ ਹੈ, ਜਦੋਂ ਗੱਡੀ ਦੇ ਗੇਅਰ ਬਦਲਣ ਵਾਂਗ ਬਾਹਰਲੀ ਜ਼ਿੰਦਗੀ ਆਪਣੇ ਆਪ ਜੀਵੀ ਜਾ ਰਹੀ ਹੁੰਦੀ ਹੈ। ਨਸ਼ੱਈ ਵਿਅਕਤੀ ਵਾਂਗ ਘਰ ਵੀ ਪੁੱਜ ਜਾਈਦਾ ਹੈ ਅਤੇ ਪਤਾ ਵੀ ਨਹੀਂ ਲੱਗਦਾ ਕਦੋਂ ਬੱਸ ਚੜ੍ਹੇ, ਜਦੋਂ ਰਿਕਸ਼ਾ ਫੜਿਆ ਅਤੇ ਕਦੋਂ ਪੈਦਲ ਚੱਲੇ। ਅਜਿਹੀ ਅਵਸਥਾ ਆਉਣ ‘ਤੇ ਹੀ ਤੱਥਾਂ ਅਤੇ ਵਿਚਾਰਾਂ ਦੀਆਂ ਲੜੀਆਂ ਫੁਆਰੇ ਵਾਂਗ ਫੁੱਟਦੀਆਂ ਹਨ। ਫਿਰ ਕਈ ਗੱਲਾਂ ਅਜਿਹੀਆਂ ਲਿਖ ਹੋ ਜਾਂਦੀਆਂ ਹਨ, ਜਿਨ੍ਹਾਂ ਬਾਰੇ ਨਾ ਪਹਿਲਾਂ ਕਦੇ ਪੜ੍ਹਿਆ ਹੁੰਦਾ ਹੈ ਨਾ ਜਾਣਿਆ ਹੁੰਦਾ ਹੈ। ਇਹੋ ਜਿਹਾ ਪੜ੍ਹ ਕੇ ਹੀ ਰਚਨਾਕਾਰ ਨੂੰ ਲੱਗਦਾ ਹੈ ਜਿਵੇਂ ਕਿਸੇ ਸਰਬ-ਗਿਆਤਾ ਨੇ ਉਸ ਤੋਂ ਰਚਨਾ ਕਰਵਾਈ ਹੈ, ਨਹੀਂ ਤਾਂ ਇਹ ਅਨੋਖੇ ਵਿਚਾਰ ਕਿੱਥੋਂ ਆਏ। (ਅਸਲ ਵਿਚ ਇਹ ਉਹ ਅਵਸਥਾ ਹੁੰਦੀ ਹੈ ਜਦੋਂ ਮਨੁੱਖ ਸਿਰਜਕ ਬਣ ਚੁੱਕਾ ਹੁੰਦਾ ਹੈ ਅਤੇ ਕੁਦਰਤੀ ਸ਼ਕਤੀ ਦੇ ਆਧਾਰ ‘ਤੇ ਉਸ ਕੋਲੋਂ ਨਵੀਂ ਸਿਰਜਣਾ ਹੋ ਰਹੀ ਹੁੰਦੀ ਹੈ) ਰਚਨਾ ਮੁਕੰਮਲ ਹੋਣ ਬਾਅਦ ਕੁਝ ਦਿਨ ਮਹਿਸੂਸ ਹੁੰਦਾ ਰਹਿੰਦਾ ਹੈ, ਜਿਵੇਂ ਸੰਗੀ ਸਾਥੀਆਂ ਕੋਲੋਂ ਵਿੱਛੜ ਗਏ ਹੋਈਏ। ਪਾਤਰਾਂ ਦੀ ਯਾਦ ਆਉਂਦੀ ਹੈ, ਉਨ੍ਹਾਂ ਦੇ ਨੇੜੇ-ਤੇੜੇ ਹੋਣ ਦੇ ਭੁਲੇਖੇ ਪੈਂਦੇ ਹਨ। ਹੌਲੀ-ਹੌਲੀ ਧਿਆਨ ਦੀ ਅਵਸਥਾ ਭੰਗ ਹੋ ਜਾਂਦੀ ਹੈ। ਕਾਲਪਨਿਕ ਸੰਸਾਰ ਤੋਂ ਬਾਹਰ ਆਈਦਾ ਹੈ ਅਤੇ ਸਧਾਰਨ ਜ਼ਿੰਦਗੀ ਜਿਊਣ ਲੱਗੀਦਾ ਹੈ। ਇਸ ਵਾਰ ਮੇਰੀ ਇਹ ਧਿਆਨ ਅਵਸਥਾ ਛੇ-ਸੱਤ ਮਹੀਨੇ ਚੱਲੀ ਹੈ। ਨਾਵਲ ਦੀ ਸਿਰਜਣਾ ਮੁਕੰਮਲ ਹੋਣ ਤੱਕ।

          ਨਾਵਲ ਨੂੰ ਅੰਤਮ ਛੋਹਾਂ ਦੇਣ ਤੱਕ ਹੋਰ ਕਿਨ੍ਹਾਂ-ਕਿਨ੍ਹਾਂ ਪੜਾਵਾਂ ਥਾਈਂ ਲੰਘਣਾ ਪਿਆ। ਇਸ ਬਾਰੇ ਵੱਡ ਅਕਾਰੀ ਪੁਸਤਕ ਲਿਖੀ ਜਾ ਸਕਦੀ ਹੈ। ਤਰਸੇਮ ਨੇ ਸਖਤ ਮਿਹਨਤ ਕਰਨ ਬਾਅਦ ਇਸ ਨਾਵਲ ਸਬੰਧੀ ਇੱਕ ਲੰਮੀ ਪ੍ਰਸ਼ਨਾਵਲੀ ਤਿਆਰ ਕੀਤੀ ਹੈ। ਨਾਵਲ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਉਸ ਇੰਟਰਵਿਊ ਨੂੰ ਇਸ ਰਚਨਾ ਦੇ ਇੱਕ ਭਾਗ ਦੇ ਤੌਰ ‘ਤੇ ਪੜ੍ਹਿਆ ਜਾ ਸਕਦਾ ਹੈ।

          ਨਾਵਲ ਸਾਲ ਛੇ ਮਹੀਨੇ ਵਿਚ ਲਿਖੀ ਜਾਣ ਵਾਲੀ ਵਿਧਾ ਨਹੀਂ ਹੈ। ਇਹ ਨਿਰੰਤਰ ਖੋਜ ਅਤੇ ਕਰੜੀ ਸਾਧਨਾ ਦੀ ਮੰਗ ਕਰਦੀ ਹੈ। ਘੱਟੋ-ਘੱਟ ਮੈਂ ਇਸ ਵਿਚਾਰ ਦਾ ਪੱਕਾ ਧਾਰਨੀ ਹਾਂ।

ਨਵਾਂ ਜ਼ਮਾਨਾ (ਜਲੰਧਰ) ਐਤਵਾਰ 14 ਮਾਰਚ, 2004